ਜਪੁਜੀ ਦਾ ਰੱਬ (ਕਿਸ਼ਤ 8)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਜੂਨੀ ਦਾ ਅਰਥ ਹੈ, ਜੂਨ ਮੁਕਤ ਭਾਵ ਜੰਮਣ-ਮਰਨ ਦੇ ਸਿਲਸਿਲੇ ਤੋਂ ਬਾਹਰ। ਅਰਥਾਤ ਪਰਮ-ਸਤਿ ਜੋ ਬ੍ਰਹਿਮੰਡ ਦਾ ਕਰਤਾ ਪੁਰਖੁ ਹੈ, ਜੰਮਣ-ਮਰਨ ਦੇ ਚੱਕਰ ਵਿਚ ਨਹੀਂ ਪੈਂਦਾ। ਜੀਵ ਕਾਲ ਦੇ ਨਿਯਮਾਂ ਵਿਚ ਬੱਧੇ ਹੁੰਦੇ ਹਨ, ਇਸ ਲਈ ਉਹ ਜੀਵ ਰੂਪੀ ਨਹੀਂ ਹੈ। ਇਹ ਗੱਲ ਤਾਂ ਉਦੋਂ ਹੀ ਸਿੱਧ ਹੋ ਗਈ ਸੀ, ਜਦੋਂ ਗੁਰੂ ਸਾਹਿਬ ਨੇ ਉਸ ਨੂੰ ḔਅਕਾਲḔ ਕਿਹਾ ਸੀ। ਪਰ ਇੱਥੇ ਅਜੂਨੀ ਨੂੰ ਉਸ ਦੀ ਖਾਸ ਵੱਖਰੀ ਵਿਸ਼ੇਸ਼ਤਾਈ ਦੱਸਣ ਵਿਚ ਮਨੋਰਥ ਹੋਰ ਜਾਪਦਾ ਹੈ। ਗੁਰੂ ਸਾਹਿਬ ਨਹੀਂ ਚਾਹੁੰਦੇ, ਉਸ ਦੇ ਸਿੱਖ ਪਰਮ-ਸਤਿ ਨੂੰ ਮਨੁੱਖ ਜਾਂ ਕਿਸੇ ਹੋਰ ਜੀਵ ਵਰਗੀ ਜਿਉਂਦੀ ਜਾਗਦੀ ਸ਼ਖਸੀਅਤ ਸਮਝਣ। ਉਹ ਜੀਵ ਰੂਪੀ ਹੈ ਹੀ ਨਹੀਂ ਹੈ।

ਗੁਰੂ ਜੀ ਅਨੁਸਾਰ ਪਰਮ-ਸਤਿ ਜੋ ਅਕਾਲ ਮੂਰਤਿ ਹੈ, ਉਹ ਅਜਾਨ ਭਾਵ ਨਿਰਜਿੰਦ ਵੀ ਹੈ। ਮਨੁੱਖ ਤਾਂ ਮਨੁੱਖ, ਉਹ ਕਿਸੇ ਵੀ ਜਿਉਂਦੀ ਜਾਗਦੀ ਕਿਸਮ ਦਾ ਨਹੀਂ ਹੈ। ਨਾ ਉਸ ਨੇ ਕਿਸੇ ਮਾਂ ਦੇ ਪੇਟ ‘ਚੋਂ ਜਨਮ ਲਿਆ ਤੇ ਨਾ ਹੀ ਉਹ ਅੰਡੇ ਤੋਂ ਪੈਦਾ ਹੋਇਆ। ਉਸ ਦੀ ਮੁੜ੍ਹਕੇ ਜਾਂ ਬੀਜ ਤੋਂ ਵੀ ਉਤਪਤੀ ਨਹੀਂ ਹੋਈ। ਉਹ ਜੰਮਣ-ਮਰਨ ਦੀ ਪ੍ਰਕ੍ਰਿਆ ਤੋਂ ਬਾਹਰ ਹੈ। ਆਵਾਗਮਨ ਦੇ ਚੱਕਰ ਤੋਂ ਬਾਹਰ ਹੋਣ ਕਰਕੇ ਉਹ ਜੀਵ-ਜਾਤ ਤੇ ਬਨਸਪਤੀ ਵਿਚ ਸ਼ਾਮਲ ਨਹੀਂ। ਇਸ ਦਾ ਸਿੱਧਾ ਭਾਵ ਇਹ ਹੈ ਕਿ ਉਹ ਨਾ ਤਾਂ ਮਨੁੱਖ, ਪਸੂ, ਪੰਛੀ ਜਾਂ ਕੀੜੇ-ਮਕੌੜੇ ਆਦਿ ਵਾਂਗ ਜਾਨਦਾਰ ਹੈ ਤੇ ਨਾ ਹੀ ਪੇੜ-ਪੌਦੇ ਤੇ ਘਾਹ ਵਾਂਗ ਅਰਧ-ਜਾਨਦਾਰ ਹੈ। ਉਹ ਪੱਥਰ, ਕੰਕਰ, ਪਾਣੀ, ਹਵਾ, ਧਰਤੀ ਤੇ ਪਹਾੜ ਵਾਂਗ ਨਿਰਜੀਵ ਹੈ। ਉਸ ਵਿਚ ਨਿਰਜਿੰਦ ਵਸਤਾਂ ਵਾਲੇ ਸਾਰੇ ਗੁਣ ਹਨ ਤੇ ਜਾਨਦਾਰ ਜੀਵਾਂ ਵਾਲਾ ਇਕ ਗੁਣ ਵੀ ਨਹੀਂ। ਇੰਨਾ ਹੁੰਦੇ ਹੋਏ ਵੀ ਉਹ ਜੀਵ ਵਰਗ ਦੀ ਉਤਪਤੀ ਕਰਦਾ ਹੈ ਜਿਵੇਂ ਧਰਤੀ ਤੇ ਖਾਦ ਨਿਰਜਾਨ ਹੋ ਕੇ ਵੀ ਬਨਸਪਤੀ ਦਾ ਪਾਲਣ ਪੋਸਣ ਕਰਦੇ ਹਨ ਅਤੇ ਭੋਜਨ ਪਾਣੀ ਜੀਵਾਂ ਦਾ ਉਪਹਾਰ ਬਣਦੇ ਹਨ। ਪਰ ਅਜਿਹੀ ਹੀ ਉਤਪਤੀ ਉਹ ਸੰਸਾਰ ਦੇ ਨਿਰਜੀਵ ਵਰਗ ਦੀ ਵੀ ਕਰਦਾ ਹੈ ਕਿਉਂਕਿ ਸਰਬ ਸ੍ਰਿਸ਼ਟੀ ਦਾ ਕਰਤਾ ਪੁਰਖ ਉਹੀ ਹੈ। ਇਸ ਲਈ ਉਹ ਜੀਵਤ ਤੇ ਨਿਰਜੀਵ ਸਭ ਵਸਤਾਂ ਵਿਚ ਸਮਾਇਆ ਹੋਇਆ ਹੈ ਪਰ ਜੀਵਾਂ ਵਾਂਗ ਆਪ ਜੀਵ ਅਵਸਥਾ ਵਿਚ ਨਹੀਂ ਪੈਂਦਾ। ਅਰਥਾਤ ਸੰਸਾਰ ਦੇ ਸਭ ਪਦਾਰਥ ਉਸ ਤੋਂ ਹਨ ਤੇ ਉਹ ਇਨ੍ਹਾਂ ਕਿਸੇ ਤੋਂ ਨਹੀਂ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਹਿੰਦੁਸਤਾਨੀ ਚਿੰਤਕ ਨੇ ਇਸ ਗੱਲ ਨੂੰ ਗਹੁ ਨਾਲ ਨਹੀਂ ਵਿਚਾਰਿਆ। ਕਹਿੰਦੇ ਸਾਰੇ ਇਹੀ ਰਹੇ ਕਿ ਉਹ ਕਣ-ਕਣ ਵਿਚ ਵਸਦਾ ਹੈ ਪਰ ਮੰਨਦੇ ਸਾਰੇ ਹੀ ਉਸ ਨੂੰ ਮਾਨਵ ਰੂਪ ਵਿਚ ਰਹੇ। ਉਨ੍ਹਾਂ ਨੂੰ ਹਮੇਸ਼ਾ ਇਹ ਭਰਮ ਰਿਹਾ ਕਿ ਪਤਾ ਨਹੀਂ ਉਹ ਕਦੋਂ ਬੰਦਾ ਬਣ ਕੇ ਸਾਹਮਣੇ ਆ ਜਾਵੇਗਾ ਤੇ ਦਰਸ਼ਨ ਦੇ ਕੇ ਉਨ੍ਹਾਂ ਦੇ ਵਾਰੇ ਨਿਆਰੇ ਕਰ ਜਾਵੇਗਾ। ਸੋਚਦੇ ਸੋਚਦੇ ਉਨ੍ਹਾਂ ਦਾ ਭਰਮ ਵਿਸ਼ਵਾਸ ਬਣ ਗਿਆ। ਉਹ ਯਕੀਨ ਕਰਨ ਲੱਗੇ ਕਿ ਜਦੋਂ ਵੀ ਇਹ ਅਚੰਭਾ ਹੋਇਆ, ਉਨ੍ਹਾਂ ਦੇ ਇਸ ਜਨਮ ਦੇ ਦੁੱਖ ਤਾਂ ਕੱਟੇ ਹੀ ਜਾਣਗੇ ਅਤੇ ਅੱਗੋਂ ਤੋਂ ਵੀ ਇਸ ਦੋਜਖ ਰੂਪੀ ਸੰਸਾਰ ਵਿਚ ਬਾਰੰਬਾਰ ਆਉਣ-ਜਾਣ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ। ਕਿਸੇ ਨੇ ਇਹ ਨਹੀਂ ਸੋਚਿਆ ਕਿ ਸੰਸਾਰ ਦੋਜਖ ਕਿਉਂ ਹੈ, ਤੇ ਜੇ ਹੈ ਤਾਂ ਇਸ ਨੂੰ ਸਵਰਗ ਕਿਵੇਂ ਬਣਾਇਆ ਜਾਵੇ? ਕਿਸੇ ਨੇ ਇਹ ਨਹੀਂ ਵਿਚਾਰਿਆ ਕਿ ਮੁਕਤੀ ਪ੍ਰਾਪਤ ਕਰ ਕੇ ਉਹ ਕਿੱਥੇ ਜਾਣਗੇ? ਇਸ ਜਨਮ ਵਿਚ ਉਨ੍ਹਾਂ ਕੋਲ ਬੁੱਧੀ ਹੈ, ਸੰਗਤ ਹੈ ਤੇ ਸਾਧਨ ਹਨ। ਬਾਕੀ ਤਾਂ ਇਸ ਸੰਸਾਰ ਵਿਚ ਪੱਥਰ, ਕੰਕਰ, ਪਾਣੀ, ਹਵਾ ਤੇ ਪਹਾੜ ਹਨ ਜਿਨ੍ਹਾਂ ਵਿਚ ਜਿੰ.ਦਗੀ ਨਹੀਂ ਹੈ। ਜੀਵ ਤੇ ਬਨਸਪਤੀ ਵਿਚ ਜ਼ਿੰਦਗੀ ਹੈ ਪਰ ਬੁੱਧੀ ਨਹੀਂ। ਜਿਸ ਜੰਮਣ ਤੇ ਮਰਨ ਨੂੰ ਉਹ ਤਸੀਹੇ ਤੇ ਗੰਦਗੀ ਕਹਿੰਦੇ ਹਨ, ਉਹ ਤਾਂ ਪਰਮ-ਸਤਿ ਦੀ ਟਕਸਾਲ ਹੈ, ਜਿੱਥੇ ਬਹਿ ਕੇ ਉਹ ਜੀਵ-ਜੰਤੂਆਂ ਨੂੰ ਬਣਾਉਂਦਾ ਹੈ। ਬੇਹੀ ਰੋਟੀ, ਖੜ੍ਹਾ ਪਾਣੀ ਤੇ ਗੰਦੇ ਛੱਪੜ ਜਿਥੋਂ ਅਸੀਂ ਮੂੰਹ ‘ਤੇ ਕੱਪੜਾ ਰੱਖ ਕੇ ਲੰਘਦੇ ਹਾਂ, ਸਭ ਸੰਸਾਰ ਉਤਪਤੀ ਦੇ ਕਾਰਖਾਨੇ ਹਨ। ਸਾਫ ਥਾਂ ‘ਤੇ ਇਨਸਾਨ ਵੀ ਨਹੀਂ ਬਣਦਾ ਕਿਉਂਕਿ ਇਨਸਾਨ ਦੇ ਅੰਦਰ ਜੋ ਸਫਾਈ ਹੈ, ਉਹ ਵੀ ਜੱਗ ਜਾਹਰ ਹੈ।
ਫਿਰ ਮੁਕਤੀ ਤੋਂ ਕੀ ਭਾਵ? ਕਿਸੇ ਨੇ ਸੁਣੀਆਂ ਗੱਲਾਂ ਨੂੰ ਪਰਖਣ/ਸਮਝਣ ਦਾ ਕਸ਼ਟ ਨਹੀਂ ਕੀਤਾ। ਕਹੇ ਕਹਾਏ ਭੇਡ ਚਾਲ ਵਿਚ ਦੁਨੀਆਂ ਤੋਂ ਉਪਰਾਮ ਹੋ ਗਏ। ਇਸ ਜਨਮ ਨੂੰ ਵਿਸਾਰ ਕੇ ਲੱਗੇ ਅਗਲਾ ਜਨਮ ਸੁਧਾਰਨ। ਲੋਕ ਦੀ ਛੱਡ ਕੇ ਪਰਲੋਕ ਦੀ ਪੈ ਗਈ। ਜਿਵੇਂ ਗੋਲਡ-ਰਸ਼ ਸਮੇਂ ਕੈਲੀਫੋਰਨੀਆ ਦਾ ਬੱਚਾ ਬੱਚਾ ਤੱਸਲਾ-ਖੁਰਪੀ ਲੈ ਕੇ ਸੋਨਾ ਕੱਢਣ ਤੁਰ ਪਿਆ ਸੀ, ਉਵੇਂ ਹੀ ਭਾਰਤ ਵਿਚ ਜਣਾ-ਖਣਾ ਤਸਬੀ-ਮਾਲਾ ਚੁੱਕ ਕੇ ਪ੍ਰਭੂ-ਭਗਤੀ ਵਿਚ ਜਾ ਲੱਗਾ ਕਿ ਕੁਝ ਪ੍ਰਾਪਤ ਕਰ ਲਵੇ। ਇਹ ਨਹੀਂ ਜਾਣਿਆ ਕਿ ਦੁੱਖ-ਸੁੱਖ ਤਾਂ ਜੀਵਨ ਦੇ ਦੋ ਅਟੁੱਟ ਪਹਿਲੂ ਹਨ, ਜਿਥੇ ਜਾਓ, ਨਾਲ ਜਾਣਗੇ। ਬੱਸ ਭੱਜਣ ਦੀ ਠਾਣ ਲਈ। ਹੁਣ ਇਹੀ ਵਿਚਾਰ ਮਨ ਵਿਚ ਪੱਕਾ ਘਰ ਕਰ ਗਏ ਤੇ ਲੱਖ ਯਤਨ ਕਰਨ ‘ਤੇ ਵੀ ਮਨੋਂ ਨਹੀ ਨਿਕਲਦੇ। ਇਸ ਕਾਰਨ ਉਸ ਦੀ ਸੰਸਾਰ ਯਾਤਰਾ ਇਕ ਬੰਧੂਆ ਜੀਵਨ ਵਾਂਗ ਬਣ ਗਈ ਹੈ।
ਗੁਰੂ ਨਾਨਕ ਦੇਵ ਨੇ ਲੋਕਾਈ ਦਾ ਇਹ ਭਰਮ 15ਵੀਂ ਸਦੀ ਵਿਚ ਹੀ ਤੋੜ ਦਿੱਤਾ ਸੀ। ਉਨ੍ਹਾਂ ਨੇ ਪਰਮ-ਸਤਿ ਨੂੰ ਅਜੂਨੀ ਕਹਿ ਕੇ ਇਹ ਦੱਸ ਦਿੱਤਾ ਕਿ ਉਹ ਮਨੁੱਖੀ ਜਾਮੇ ਵਿਚ ਤਾਂ ਕੀ, ਕਿਸੇ ਹੋਰ ਜੀਵਧਾਰੀ ਅਵਸਥਾ ਵਿਚ ਵੀ ਨਹੀਂ ਪੈਂਦਾ। ਇਸ ਦਾ ਵਿਸ਼ਲੇਸ਼ਣ ਕਰਦਿਆਂ ਪਤਾ ਲਗਦਾ ਹੈ ਕਿ ਜੇ ਉਹ ਜੀਵ ਨਹੀਂ ਹੈ ਤਾਂ ਉਸ ਦੇ ਹੱਥ, ਪੈਰ, ਧੜ, ਸਿਰ, ਦਿਮਾਗ ਆਦਿ ਕੋਈ ਅੰਗ ਨਹੀਂ ਹੈ। ਜੇ ਉਸ ਕੋਲ ਦਿਮਾਗ ਨਹੀਂ ਹੈ ਤਾਂ ਉਸ ਕੋਲ ਬੁੱਧੀ, ਸੋਚ, ਵਿਚਾਰ, ਇੱਛਾ ਤੇ ਯੋਜਨਾ-ਸ਼ਕਤੀ ਨਹੀਂ ਹੈ। ਇਨ੍ਹਾਂ ਸ਼ਕਤੀਆਂ ਦੀ ਅਣਹੋਂਦ ਵਿਚ ਉਹ ਨਾ ਮਰਜੀ ਨਾਲ ਫੈਸਲਾ ਲੈ ਸਕਦਾ ਹੈ ਤੇ ਨਾ ਕਿਸੇ ਫੈਸਲੇ ਨੂੰ ਲਾਗੂ ਕਰ ਸਕਦਾ ਹੈ।
ਇਸ ਤਰ੍ਹਾਂ ਉਹ ਜੀਵ-ਧਾਰੀਆਂ ਵਾਲੇ ਹੋਰ ਕਾਰਜ, ਜਿਵੇਂ ਬੋਲਣਾ, ਸੁਣਨਾ, ਵੇਖਣਾ, ਚੱਲਣਾ, ਪਿਆਰ ਕਰਨਾ, ਤਰਸ ਕਰਨਾ, ਪੱਖ ਕਰਨਾ, ਬਖਸ਼ਿਸ਼ ਕਰਨਾ, ਇਨਾਮ ਦੇਣਾ, ਅੱਖ ਰੱਖਣਾ, ਸਰਪ੍ਰਸਤੀ ਕਰਨਾ, ਸਰਵੇਖਣ ਕਰਨਾ, ਗੁੱਸਾ ਕਰਨਾ, ਘ੍ਰਿਣਾ ਕਰਨਾ, ਬਦਲਾ ਲੈਣਾ, ਦੰਡ ਦੇਣਾ, ਤਬਾਹ ਕਰਨਾ ਆਦਿ ਵੀ ਨਹੀਂ ਕਰ ਸਕਦਾ। ਇਸ ਲਈ ਉਹ ਨਾ ਇਸ ਸੰਸਾਰ ਦਾ ਸਵੈ-ਇੱਛਕ ਰਚੈਤਾ ਹੈ, ਨਾ ਮਨ ਮਰਜੀ ਦਾ ਚਾਲਕ ਤੇ ਨਾ ਹੀ ਇਸ ਨੂੰ ਮਰਜੀ ਨਾਲ ਮਿਟਾਉਣ ਵਾਲਾ ਹੈ। ਇਹ ਕਾਰਜ ਉਸ ਦੀ ਹੋਂਦ ਤੇ ਵਿਕਾਸ ਦੇ ਤਰਕ ਵਿਚ ਗੁੱਧੇ ਨਿਰਪੱਖ ਨਿਯਮਾਂ ਭਾਵ ਹੁਕਮਾਂ ਅਨੁਸਾਰ ਆਪ ਹੀ ਵਾਪਰਦੇ ਰਹਿੰਦੇ ਹਨ। ਜੇ ਇੱਦਾਂ ਨਾ ਹੁੰਦਾ ਤਾਂ ਸੰਸਾਰ ਵੀ ਨਾ ਉਪਜ ਸਕਦਾ। ਸੰਸਾਰ ਉਤਪਤੀ ਦੇ ਕਾਰਜ ਪਰਮ-ਸਤਿ ਕਿਸੇ ਇੱਛਾ ਜਾਂ ਭਾਵਨਾ ਦੇ ਦਬਾਅ ਹੇਠ ਨਹੀਂ ਕਰਦਾ। ਜਿਵੇਂ ਮੀਂਹ, ਹੜ੍ਹ ਤੇ ਹਨੇਰੀ ਭਾਵਨਾ-ਰਹਿਤ ਤੇ ਇੱਛਾ-ਮੁਕਤ ਢੰਗ ਨਾਲ ਸਭ ਲਈ ਇਕੋ ਜਿਹੇ ਵਿਚਰਦੇ ਹਨ, ਤਿਵੇਂ ਹੀ ਉਸ ਦੀ ਕ੍ਰਿਆ ਵੀ ਨਿਰਲੇਪ ਤੇ ਨਿਰਪੱਖ ਸੁਭਾਅ ਦੀ ਹੈ।
ਪਰਮ-ਸਤਿ ਦੀ ਇਹ ਵਿਸ਼ੇਸ਼ਤਾਈ ਇਸ ਦੇ ਦੂਜੇ ਗੁਣਾਂ ਨਾਲ ਮੇਲ ਖਾਂਦੀ ਹੈ। ਇਸ ਦੇ ਅਜੂਨੀ ਹੋਣ ਕਰਕੇ ਹੀ ਇਹ ਨਿਰਭਉ ਤੇ ਨਿਰਵੈਰ ਹੈ। ਭਾਵਨਾਤਮਕ ਪ੍ਰਤਿਕਰਮ ਤਾਂ ਜੀਵ ਜਾਤੀਆਂ ਵਿਚ ਪ੍ਰਗਟ ਹੁੰਦੇ ਹਨ, ਜੋ ਜੰਮਦੇ-ਮਰਦੇ ਹਨ। ਇਹ ਵਿਚਾਰ ਗੁਰੂ ਨਾਨਕ ਦੇਵ ਦੀ ਤੀਖਣ ਵਿਗਿਆਨਕ ਸੂਝ-ਬੂਝ ਦਾ ਸਬੂਤ ਹਨ। ਆਧੁਨਿਕ ਵਿਗਿਆਨ ਵੀ ਸੰਸਾਰ ਉਤਪਤੀ ਦਾ ਮੂਲ ਸ੍ਰੋਤ ਲੱਭਦਿਆਂ ਪਦਾਰਥ ਦੀਆਂ ਉਨ੍ਹਾਂ ਗਹਿਰਾਈਆਂ ਤੀਕ ਜਾ ਪੁੱਜਾ ਹੈ, ਜਿੱਥੇ ਸਭ ਕੁਝ ਨਿਰਜਿੰਦ ਹੈ। ਮਾਦੇ ਦੇ ਇਹ ਰੂਪ ਨਿਰਜਾਨ ਹੋ ਕੇ ਵੀ ਕ੍ਰਿਆਸ਼ੀਲ ਹਨ ਤੇ ਅੱਟਲ ਨਿਯਮਾਂ ਦੀ ਪਾਲਣਾ ਕਰਦੇ ਹਨ। ਪਰ ਗੁਰੂ ਸਾਹਿਬ ਨੇ ਵਿਗਿਆਨਕ ਸੋਚ ਰਾਹੀਂ ਇਹ ਗੱਲ ਉਦੋਂ ਹੀ ਭਾਂਪ ਲਈ ਸੀ, ਜਦੋਂ ਬਾਕੀ ਦੇਸ਼ ਭਗਤੀ ਭਾਵ ਦੇ ਵਹਿਣ ਵਿਚ ਖੁੱਭਦਾ ਜਾ ਰਿਹਾ ਸੀ।
ਪਰ ਬਹੁਤੇ ਸਿੱਖ ਸ਼ਰਧਾਲੂ ਤੇ ਸਿੱਖ ਵਿਦਵਾਨ ਗੁਰੂ ਸਾਹਿਬ ਦੇ ਇਨ੍ਹਾਂ ਵਿਚਾਰਾਂ ਨੂੰ ਹੁਣ ਵੀ ਸਵੀਕਾਰ ਕਰਦੇ ਦਿਖਾਈ ਨਹੀਂ ਦਿੰਦੇ। ਇਨ੍ਹਾਂ ਵਿਚੋਂ ਬਹੁਤੇ ਤਾਂ ਸਿੱਖਿਆ, ਸਮੇਂ ਤੇ ਸਾਧਨਾਂ ਦੀ ਘਾਟ ਕਾਰਨ ਗੁਰੂ ਸਾਹਿਬ ਦੇ ਵਿਚਾਰਾਂ ਦੀ ਤਹਿ ਤੀਕ ਜਾਂਦੇ ਹੀ ਨਹੀਂ। ਉਹ ਸਵਾਰਥੀ ਸੰਤਾਂ, ਪ੍ਰਚਾਰਕਾਂ ਤੇ ਟੀਕਾਕਾਰਾਂ ਦੀਆਂ ਰਵਾਇਤੀ ਤੇ ਸਤਹੀ ਵਿਆਖਿਆਵਾਂ ਵਿਚ ਫਸ ਕੇ ਉਹੀ ਕਰਦੇ ਹਨ ਜੋ ਉਨ੍ਹਾਂ ਨੂੰ ਪ੍ਰਚਾਰਿਆ ਜਾਂਦਾ ਹੈ। ਉਧਰ ਪ੍ਰਚਾਰ ਕਰਨ ਵਾਲਿਆਂ ਨੇ ਗੁਰੂ ਦੀ ਬਾਣੀ ਦੇ ਪ੍ਰਚਾਰ ਨੂੰ ਇਕ ਲਾਹੇਵੰਦ ਧੰਦਾ ਬਣਾ ਲਿਆ ਹੈ। ਇਸ ਲਈ ਸਹੀ/ਗਲਤ ਦਾ ਵਿਚਾਰ ਛੱਡ, ਉਹ ਓਹੀ ਕਰਦੇ ਹਨ ਜਿਸ ਵਿਚ ਉਨ੍ਹਾਂ ਦੇ ਧੰਦੇ ਦਾ ਤੇ ਉਨ੍ਹਾਂ ਦਾ ਆਪਣਾ ਲਾਭ ਹੁੰਦਾ ਹੈ। ਗੁਰੂ ਜੀ ਦੇ ਕਹੇ ਸਪਸ਼ਟ ḔਅਜੂਨੀḔ ਸ਼ਬਦ ਦੇ ਬਾਵਜੂਦ ਉਹ ਕਰਤਾ ਪੁਰਖੁ ਨੂੰ ਵਿਰਾਟ ਸ਼ਕਤੀਆਂ ਵਾਲਾ ਇਕ ਸਰਬ-ਵਿਆਪਕ ਅੰਤਰਜਾਮੀ ਦੇਹ-ਧਾਰੀ ਪੁਰਸ਼ ਹੀ ਮੰਨਦੇ ਹਨ, ਜਿਸ ਦੀਆਂ ਬਖਸ਼ਿਸ਼ਾਂ ਉਸ ਦੀ ਸਵੈ-ਇੱਛਾ ‘ਤੇ ਨਿਰਭਰ ਕਰਦੀਆਂ ਹਨ।
ਪਰਮ-ਸਤਿ ਦਾ ਅਗਲਾ ਮੁੱਖ ਗੁਣ ਸੈਭੰ ਭਾਵ ਖੁਦ-ਰੌਸ਼ਨ ਹੈ। ਭਾਈ ਕਾਹਨ ਸਿੰਘ ਨਾਭਾ ਨੇ ਆਪਣੇ ਮਹਾਨਕੋਸ਼ ਵਿਚ ਇਸ ਦੇ ਅਰਥ Ḕਆਪਣੇ ਆਪ ਤੋਂ ਹੋਣ ਵਾਲਾḔ ਭਾਵ ਜੋ ਕਿਸੇ ਤੋਂ ਨਹੀਂ ਬਣਿਆ, ਕੀਤੇ ਹਨ। ਸੋ ਗੁਰੂ ਸਾਹਿਬ ਅਨੁਸਾਰ ਇਹ ਉਹ ਹੋਂਦ ਹੈ, ਜੋ ਅਰੰਭ ਤੋਂ ਈ ਚਲੀ ਆ ਰਹੀ ਹੈ, ਕਦੇ ਬਣੀ ਨਹੀਂ! ਇਸ ਦੀ ਹੋਂਦ ਹਮੇਸ਼ਾ ਤੋਂ ਹੋਂਦ ਵਿਚ ਹੈ, ਇਹ ਹੋਂਦ ਵਿਚ ਕਦੇ ਆਈ ਹੀ ਨਹੀਂ। ਇਸ ਲਈ ਹੋਂਦ ਵਿਚ ਆਉਣ ਦੀ ਕ੍ਰਿਆ ਇਸ ਉਤੇ ਲਾਗੂ ਨਹੀਂ ਹੁੰਦੀ। ਇਹ ਤਾਂ ਸਭ ਹੋਂਦਾਂ ਦਾ ਮੂਲ ਹੈ ਤੇ ਕਾਲ ਦੀਆਂ ਸੀਮਾਵਾਂ ਤੋਂ ਬਾਹਰ ਹੈ। ਇਸ ਲਈ ਇਹ ਹਮੇਸ਼ਾ ਤੋਂ ਹੈ ਤੇ ਇਵੇਂ ਈ ਚਲਦੀ ਆ ਰਹੀ ਹੈ, ਭਾਵ ਕਦੇ ਬਣੀ ਨਹੀਂ।
ਇਹ ਸੰਕਲਪ ਜ਼ਰਾ ਟੇਢਾ ਹੈ, ਇਸ ਲਈ ਸਮਝ ਵਿਚ ਆਉਣਾ ਮੁਸ਼ਕਿਲ ਹੈ। ਕੋਈ ਵੀ ਹੋਂਦ ਕਾਲ ਤੋਂ ਬਾਹਰ ਕਿਵੇਂ ਹੋ ਸਕਦੀ ਹੈ ਤੇ ਕਿਸੇ ਦੇ ਬਣਾਏ ਤੋਂ ਬਿਨਾ ਬਣ ਕਿਵੇਂ ਸਕਦੀ ਹੈ? ਇਹ ਸੋਚ ਕੇ ਵੀ ਸੋਚਿਆ ਨਹੀਂ ਜਾ ਸਕਦਾ ਕਿਉਂਕਿ ਕਾਲ ਦੀਆਂ ਸੀਮਾਵਾਂ ਵਿਚ ਰਹਿਣ ਵਾਲਿਆਂ ਲਈ ਅਕਾਲ ਨੂੰ ਸੋਚਣਾ ਵੀ ਕਠਿਨ ਹੈ। ਜਿਸ ਚੌਗਿਰਦੇ ਵਿਚ ਮਨੁੱਖ ਰਹਿੰਦਾ ਹੈ, ਉਸ ਵਿਚ ਸਭ ਵਸਤਾਂ ਕਿਸੇ ਨਾ ਕਿਸੇ ਨੇ ਕਦੇ ਨਾ ਕਦੇ ਬਣਾਈਆਂ ਹਨ। ਕੋਈ ਅਜਿਹੀ ਚੀਜ਼ ਦਿਖਾਈ ਦੇਣੀ ਤਾਂ ਕੀ, ਕਲਪਨਾ ਵਿਚ ਵੀ ਨਹੀਂ ਆਉਂਦੀ ਜਿਸ ਦਾ ਕਿਸੇ ਨੇ ਨਿਰਮਾਣ ਨਾ ਕੀਤਾ ਹੋਵੇ। ਮੇਜ, ਕੁਰਸੀ ਤੇ ਘਰ ਮਨੁੱਖ ਨੇ ਖੁਦ ਬਣਾਏ ਹਨ। ਖੁੱਡ, ਆਲ੍ਹਣਾ ਤੇ ਛੱਤਾ ਦੂਜੇ ਜੀਵਾਂ ਨੇ ਬਣਾਏ ਹਨ। ਚਾਰੇ ਪਾਸੇ ਕੋਈ ਚੀਜ਼ ਨਿਰਮਾਣ ਬਿਨਾ ਬਣੀ ਦਿਖਾਈ ਨਹੀਂ ਦਿੰਦੀ। ਕੋਈ ਚੀਜ਼ ਸਥਾਈ ਨਹੀਂ ਦਿਸਦੀ। ਸਭ ਚੀਜ਼ਾਂ ਸਮਾਂ ਪਾ ਕੇ ਪੁਰਾਣੀਆਂ ਹੋ ਜਾਂਦੀਆਂ ਹਨ ਤੇ ਖਤਮ ਹੋ ਜਾਂਦੀਆਂ ਹਨ। ਨਵੀਆਂ ਚੀਜ਼ਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਜਾਂ ਬਣਾਈਆਂ ਜਾਂਦੀਆਂ ਹਨ। ਇਥੋਂ ਤੀਕ ਕਿ ਚੰਦ, ਸੂਰਜ, ਤਾਰੇ, ਗ੍ਰਹਿ ਤੇ ਗਲੈਕਸੀਆਂ ਵੀ ਖਰਬਾਂ ਸਾਲ ਪਹਿਲਾਂ ਸੁਪਰ-ਨੋਵਾ ਨਾਂ ਦੇ ਬੱਦਲ ਦੇ ਵਿਸਫੋਟ ਤੋਂ ਬਣੇ ਸਨ। ਇਹ ਸਭ ਲਗਾਤਾਰ ਗਰਦਿਸ਼ ਵਿਚ ਹਨ, ਠੰਡੇ ਹੋ ਰਹੇ ਹਨ, ਪਲ ਪਲ ਬਦਲ ਰਹੇ ਹਨ ਤੇ ਕਿਸੇ ਦਿਨ ਸਿਮਟ ਜਾਣਗੇ। ਪੂਰੇ ਬ੍ਰਹਿਮੰਡ ਵਿਚ ਇਕ ਵੀ ਚੀਜ਼ ਅਜਿਹੀ ਨਹੀਂ ਜਿਸ ਦੀ ਉਤਪਤੀ ਨਹੀਂ ਹੋਈ ਤੇ ਜੋ ਖਤਮ ਨਹੀਂ ਹੋਈ।
ਕੁਦਰਤੀ ਵਰਤਾਰਿਆਂ ਦੇ ਅਜਿਹੇ ਝੁਰਮਟ ਵਿਚ ਵਾਸ ਕਰਦਿਆਂ ਕਾਲ ਤੇ ਅਕਾਲ ਵਿਚਕਾਰ ਇਕ ਸੰਘਣਾ ਪਰ ਅਦਿੱਖ ਪਰਦਾ ਬਣਿਆ ਹੋਇਆ ਹੈ। ਇਸ ਲਈ ਮਨੁੱਖ ਲਈ ਸਵੈ-ਪ੍ਰਗਟਾਵੇ ਤੇ ਸਦੀਵੀ ਰਹਿਤ ਵਾਲੀ ਹੋਂਦ ਦੀ ਕਲਪਨਾ ਕਰਨਾ ਅਸੰਭਵ ਵਾਂਗ ਹੈ। ਇਸ ਤਰ੍ਹਾਂ ਦੀ ਧਾਰਨਾ ਨੂੰ ਲੰਮੇ ਵਿਗਿਆਨਕ ਅਧਿਐਨ ਤੇ ਡੂੰਘੀ ਦਿਮਾਗੀ ਇਕਾਗਰਤਾ ਨਾਲ ਹੀ ਮਨ ਵਿਚ ਧਾਰਿਆ ਜਾ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਸਭ ਵਿਸ਼ੇਸ਼ਤਾਈਆਂ ਦੇ ਵਰਣਨ ਤੋਂ ਬਾਅਦ ਜਪੁ ਸ਼ਬਦ ਲਿਖ ਕੇ ਮਨੁੱਖ ਨੂੰ ਇਨ੍ਹਾਂ ਦਾ ਦਿਮਾਗ ਵਿਚ ਅਧਿਐਨ ਕਰਨ ਦੀ ਤਾਕੀਦ ਕੀਤੀ ਹੈ।
ਗੁਰੂ ਸਾਹਿਬ ਦੇ ਪਰਮ-ਸਤਿ ਦੇ ਪ੍ਰਤੀਬਿੰਬ ਨੂੰ ਮਨ ਵਿਚ ਧਾਰਨ ਕਰਨ ਵਿਚ ਵਿਗਿਆਨ ਇਕੱਲਾ ਹੀ ਸਮਰੱਥ ਨਹੀਂ ਹੈ। ਇਸ ਕੰਮ ਲਈ ਗਿਆਨ, ਤਰਕ ਤੇ ਅਨੁਭਵ ਦੀ ਵੀ ਓਨੀ ਹੀ ਜਰੂਰਤ ਹੈ, ਜਿੰਨੀ ਵਿਗਿਆਨਕ ਅਧਿਐਨ ਦੀ। ਇਸ ਲਈ ਜੋ ਵਿਦਵਾਨ ਕੇਵਲ ਕੱਚ-ਘਰੜ ਵਿਗਿਆਨ ਦੇ ਰਸਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਉਹ ਵੀ ਗਲਤੀ ਕਰ ਬੈਠਦੇ ਹਨ। ਉਹ ਆਪਣੇ ਰੋਜ਼ਾਨਾ ਅਨੁਭਵ ਤੋਂ ਇਹ ਲੱਖਣ ਲਾਉਂਦੇ ਹਨ ਕਿ ਸੰਸਾਰ ਵਿਚ ਯੋਜਨਾ ਤੇ ਨਮੂਨਾਕਾਰੀ ਤੋਂ ਬਿਨਾ ਕਿਸੇ ਵਸਤੂ ਦਾ ਨਿਰਮਾਣ ਸੰਭਵ ਨਹੀਂ। ਯੋਜਨਾ ਤੇ ਨਮੂਨਾਕਾਰੀ ਪ੍ਰੌੜ ਮਨੁੱਖੀ ਬੁੱਧੀ ਦੀ ਉਪਜ ਹਨ। ਇਸ ਤਰਕ ਨੂੰ ਖਿੱਚ ਕੇ ਵਧਾਉਂਦਿਆਂ ਉਹ ਸੋਚਦੇ ਹਨ ਕਿ ਬ੍ਰਹਿਮੰਡ ਵੀ ਕਿਸੇ ਮਹਾਂ-ਬੌਧਿਕ ਪੁਰਸ਼ ਦੀ ਹੀ ਸਿਰਜਣਾ ਹੈ। ਇਹ ਮਹਾਂ-ਬੁੱਧੀ ਉਨ੍ਹਾਂ ਅਨੁਸਾਰ ਅਸਮਾਨ ਜਾਂ ਵਾਯੂਮੰਡਲ ਵਿਚ ਕਿਤੇ ਛੁਪੀ ਹੋਈ ਹੈ। ਇਸ ਲਈ ਉਹ ਇਸ ਅਦ੍ਰਿਸ਼ਟ ਪੁਰਸ਼ ਦੀ ਭਾਲ ਵਿਚ ਜੁਟ ਜਾਂਦੇ ਹਨ। ਮਿਲਣ ਦੀ ਆਸ ਵਿਚ ਉਸ ਦੀ ਪੂਜਾ-ਪ੍ਰਸ਼ੰਸਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਹ ਖੁਸ਼ ਹੋ ਕੇ ਉਨ੍ਹਾਂ ‘ਤੇ ਦਾਤਾਂ ਦਾ ਮੀਂਹ ਬਰਸਾਉਣ ਲੱਗੇ।
ਦੇਖਣ ਨੂੰ ਤਾਂ ਉਨ੍ਹਾਂ ਦਾ ਇਹ ਤਰਕ ਉਨ੍ਹਾਂ ਨੂੰ ਜਾਇਜ਼ ਲਗਦਾ ਹੈ ਪਰ ਅਸਲ ਵਿਚ ਹੈ ਨਹੀਂ। ਅਸੀਂ ਹਰ ਰੋਜ਼ ਸੂਰਜ ਨੂੰ ਪੂਰਬ ਵਿਚੋਂ ਚੜ੍ਹਦਾ ਤੇ ਪੱਛਮ ਵਿਚ ਢਲਦਾ ਦੇਖਦੇ ਹਾਂ। ਜੇ ਜੁਗਾਂ ਪੁਰਾਣੇ ਇਸ ਵਿਗਿਆਨਕ ਸਰਵੇਖਣ ਤੋਂ ਕੋਈ ਇਹ ਨਤੀਜਾ ਕੱਢ ਲਵੇ ਕਿ ਸੂਰਜ ਹਮੇਸ਼ਾ ਲਈ ਇਵੇਂ ਹੀ ਚੜ੍ਹਦਾ-ਉਤਰਦਾ ਰਹੇਗਾ ਤਾਂ ਇਹ ਸੱਚ ਨਹੀਂ ਹੋਵੇਗਾ। ਕਿਉਂਕਿ ਵਿਗਿਆਨ ਹੀ ਦੱਸਦਾ ਹੈ ਕਿ ਇਹ ਸਿਤਾਰਾ ਜਲ ਜਲ ਕੇ ਹਰ ਸਾਲ ਭਾਰੀ ਮਾਤਰਾ ਵਿਚ ਖੁਰ ਰਿਹਾ ਹੈ ਤੇ ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਇਹ ਆਮ ਵਾਂਗ ਦਿਖਾਈ ਨਹੀਂ ਦੇਵੇਗਾ। ਜੋ ਪੁਲਾੜ ਵਿਚ ਦੂਜਿਆਂ ਨਾਲ ਵਾਪਰ ਚੁਕਾ ਹੈ, ਉਹ ਇਸ ਗੱਲ ਦਾ ਪ੍ਰਮਾਣ ਹੈ।
ਇਸ ਲਈ ਵਿਗਿਆਨ ਨੂੰ ਟੋਟਕਿਆਂ ਦੇ ਰੂਪ ਵਿਚ ਵਰਤਣਾ ਵਿਗਿਆਨ ਨਹੀਂ ਹੈ। ਸਮੁੱਚੀ ਵਿਗਿਆਨਕ ਵਿਧੀ ਤੇ ਪਰਖ ਨੂੰ ਨਾਲ ਲੈ ਕੇ ਚਲਣਾ ਹੀ ਅਸਲੀ ਵਿਗਿਆਨ ਹੈ। ਗੁਰੂ ਨਾਨਕ ਦੇ ਦੱਸੇ ਗੁਣ ਸੈਭੰ ਦੀ ਸੱਚਾਈ ਦੀ ਵਿਗਿਆਨ ਵਿਚ ਅਕਥ ਮਹਾਨਤਾ ਹੈ। ਵਿਗਿਆਨ ਦਾ ਸਭ ਤੋਂ ਵੱਡਾ ਤੇ ਪੁਰਾਣਾ ਨਿਯਮ ਕਿ ਪਦਾਰਥ ਦੀ ਆਪਣੀ ਪੱਕੀ ਹੋਂਦ ਹੈ ਭਾਵ ਇਹ ਕਿਸੇ ਬਣਾਇਆ ਨਹੀਂ, ਇਸੇ ਗੁਣ ਨੂੰ ਸਵੀਕਾਰ ਕਰਦਾ ਹੈ। ਇਸੇ ਵਿਗਿਆਨਕ ਨਿਯਮ ਦਾ ਸੋਧਿਆ ਰੂਪ ਕਿ Ḕਪਦਾਰਥ ਨਾ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਖਤਮ ਕੀਤਾ ਜਾ ਸਕਦਾ ਹੈḔ ਵੀ ਪਰਮ-ਸਤਿ ਦੇ ਇਸੇ ਗੁਣ ‘ਤੇ ਹੀ ਆਧਾਰਤ ਹੈ। ਆਧੁਨਿਕ ਵਿਗਿਆਨ ਦੀਆਂ ਖੋਜਾਂ ਨੇ ਇਨ੍ਹਾਂ ਨਿਯਮਾਂ ਦੀ ਵਾਰ ਵਾਰ ਪ੍ਰੋੜਤਾ ਕੀਤੀ ਹੈ। ਭਾਵੇਂ ਕੋਈ ਪਰਮ-ਸਤਿ ਤੇ ਪਦਾਰਥ ਦੀ ਨੇੜਤਾ ਨੂੰ ਇਕ-ਰੂਪ ਸਮਝੇ ਜਾਂ ਨਾ ਸਮਝੇ ਪਰ ਗੁਰੂ ਸਾਹਿਬ ਨੇ ਤਾਂ ਇਸ ਨੂੰ ਆਪਣੇ ਵਲੋਂ ਸਮਝਾਉਣ ਦੀ ਕੋਈ ਕਸਰ ਨਹੀਂ ਛੱਡੀ।
(ਚਲਦਾ)