ਲੱਗ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ

ਬਲਜੀਤ ਬਾਸੀ
ਸ਼ੇਕਸਪੀਅਰ ਦੇ ਨਾਟਕ ‘ਮਰਚੈਂਟ ਆਫ ਵੀਨਿਸ’ ਦਾ ਇਕ ਪਾਤਰ ਬਸੈਨੀਓ ਕਿਸੇ ਪ੍ਰਸੰਗ ਵਿਚ ਐਨਟੋਨਿਓ ਨਾਲ ਆਪਣਾ ਇਕ ਅਨੁਭਵ ਸਾਂਝਾ ਕਰਦਾ ਹੈ, “ਸਕੂਲ ਦੇ ਦਿਨਾਂ ਵਿਚ ਜੇ ਕਦੇ ਮੇਰਾ ਤੀਰ ਗੁਆਚ ਜਾਣਾ ਤਾਂ ਮੈਂ ਉਸੇ ਦਿਸ਼ਾ ਵਿਚ ਇਕ ਹੋਰ ਤੀਰ ਮਾਰ ਕੇ ਉਸ ਨੂੰ ਹਥਿਆਉਣ ਦੀ ਕੋਸ਼ਿਸ਼ ਕਰਦਾ ਸਾਂ। ਦੂਜੇ ਤੀਰ ਨੂੰ ਮੈਂ ਵਧੇਰੇ ਚੌਕਸੀ ਨਾਲ ਮਾਰਦਾ ਸਾਂ। ਇਸ ਤਰ੍ਹਾਂ ਦੋਨੋਂ ਤੀਰਾਂ ਦੀ ਬਾਜ਼ੀ ਲਾ ਕੇ ਮੈਂ ਅਕਸਰ ਦੋਨੋਂ ਹੀ ਪਾ ਲੈਂਦਾ।”

ਨਾਟਕ ਦੀਆਂ ਇਹ ਸਤਰਾਂ ਪੜ੍ਹਨ ਪਿਛੋਂ ਮੈਂ ਸੋਚਿਆ ਕਿ ‘ਲੱਗ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ’ ਕਹਾਵਤ ਦੀ ਕੁੰਜੀ ਮੇਰੇ ਹੱਥ ਆ ਗਈ ਹੈ। ਮੇਰਾ ਵਿਚਾਰ ਬਣਿਆ ਕਿ ਗੱਲ ਇਸ ਤਰ੍ਹਾਂ ਹੋਈ ਹੋਵੇਗੀ ਕਿ ਬਸੈਨੀਓ ਦਾ ਪਹਿਲਾ ਗਵਾਚਾ ਤੀਰ ਅਵੱਸ਼ ਹੀ ਕਿਸੇ ਸੰਘਣੇ ਦਰਖਤ ਦੀਆਂ ਟਹਿਣੀਆਂ ਵਿਚ ਫਸ ਕੇ ਅਦਿੱਖ ਹੋ ਗਿਆ ਹੋਵੇਗਾ। ਸੋ ਐਨ ਉਸੇ ਦਿਸ਼ਾ ਵਿਚ ਇਕ ਹੋਰ ਤੀਰ ਦਾਗਣ ਨਾਲ ਇਹ ਤੀਰ ਪਹਿਲੇ ਤੀਰ ਨੂੰ ਫੁੰਡਦਾ ਹੋਇਆ ਉਸ ਨੂੰ ਵੀ ਸੁੱਟ ਦਿੰਦਾ ਹੋਵੇਗਾ ਤੇ ਆਪ ਵੀ ਆਣ ਡਿਗਦਾ ਹੋਵੇਗਾ।
ਇਸ ਨਿਸ਼ਕਰਸ਼ ਨੂੰ ਉਪਰੋਕਤ ਕਹਾਵਤ ਸਮਝਣ ਦੇ ਵਿਚਾਰ ਨਾਲ ਮੈਂ ਲੱਖਣ ਲਾਇਆ ਕਿ ਜੇ ਕਿਸੇ ਦਾ ਤੀਰ ਕਿੱਕਰ ‘ਤੇ ਟੰਗਿਆ ਜਾਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਇਸ ਨੂੰ ਉਤਾਰਨ ਲਈ ਪਹਿਲੀ ਦਿਸ਼ਾ ਵੱਲ ਇਕ ਹੋਰ ਤੀਰ ਮਾਰੇ। ਇਸ ਨਾਲ ਜੇ ਗੁਆਚਾ ਤੀਰ ਨਾ ਵੀ ਡਿਗੇ ਤਾਂ ਘੱਟੋ ਘੱਟ ਕਿੱਕਰ ਤੋਂ ਟੁੱਟ ਕੇ ਇਕ ਤੁੱਕਾ ਤਾਂ ਹੱਥ ਲੱਗ ਹੀ ਸਕਦਾ ਹੈ! ਹੈ ਨਾ ਕਹਾਵਤ ਦੀ ਕੁਝ ਅਟਪਟੀ ਜਿਹੀ ਵਿਆਖਿਆ! ਦਰਅਸਲ ਸ਼ਬਦਾਂ ਅਤੇ ਮੁਹਾਵਰਿਆਂ ਆਦਿ ਦੀ ਮਨਘੜਤ ਵਿਉਤਪਤੀ ਦਾ ਅਰੰਭ ਇਸੇ ਤਰ੍ਹਾਂ ਹੁੰਦਾ ਹੈ।
ਪਿਛਲੇ ਸਾਲ ਆਪਣੇ ਇਕ ਦੋਸਤ ਨਾਲ ਮੈਂ ਰਾਜਸਥਾਨ ਦੀ ਸੈਰ ਕਰਨ ਗਿਆ ਤਾਂ ਬੀਕਾਨੇਰ ਦੇ ਇਕ ਮਹਿਲ ਦੇ ਦਰਸ਼ਨ ਕੀਤੇ। ਇਸ ਵਿਚ ਰਾਜਿਆਂ ਵਲੋਂ ਵਰਤੇ ਜਾਂਦੇ ਕਈ ਤਰ੍ਹਾਂ ਦੇ ਹਥਿਆਰਾਂ ਦੀ ਗੈਲਰੀ ਵਿਚ ਇਕ ਪਾਸੇ ਸ਼ੀਸੇ. ਵਿਚ ਜੜੇ ਕਈ ਤਰ੍ਹਾਂ ਦੇ ਤੀਰ ਦੇਖਣ ਨੂੰ ਮਿਲੇ। ਇਹ ਤੀਰ ਮੋਰ ਦੇ ਖੰਭਾਂ ਵਾਂਗ ਉਪਰ ਨੂੰ ਫੈਲਾਏ ਹੋਏ ਸਨ। ਗਾਈਡ ਨੇ ਇਕ ਛੋਟੇ ਤੀਰ ਵੱਲ ਉਂਗਲੀ ਕਰਦਿਆਂ ਦੱਸਿਆ, ‘ਯੇ ਹੈ ਤੁੱਕਾ, ਲੱਗ ਗਯਾ ਤੋ ਤੀਰ ਨਹੀਂ ਤੋ ਤੁੱਕਾ ਵਾਲਾ।’ ਮੈਂ ਦੇਖਿਆ ਇਸ ਤੁੱਕੇ ਦੀ ਨੋਕ ਤੀਰ ਵਾਂਗ ਤਿੱਖੀ ਨਹੀਂ ਬਲਕਿ ਉਪਰੋਂ ਖੁੰਡੀ ਜਿਹੀ ਤੇ ਹੇਠਾਂ ਵੱਲ ਨੂੰ ਮੁੜਦੀ ਘੁੰਡੀ ਵਾਲੀ ਸੀ। ਮੈਂ ਫੋਟੋ ਖਿੱਚਣੀ ਚਾਹੁੰਦਾ ਸਾਂ ਪਰ ਮੇਰੇ ਦੋਸਤ ਨੇ ਮੈਨੂੰ ਹੀ ਖਿੱਚ ਲਿਆ, “ਏਦਾਂ ਤੀਰਾਂ ਤੁੱਕਿਆਂ ਦੀਆਂ ਵੀ ਫੋਟੋਆਂ ਖਿੱਚਣ ਲੱਗਿਆ ਤਾਂ ਸਾਰਾ ਦਿਨ ਏਥੇ ਹੀ ਲੱਗ ਜਾਣਾ ਹੈ, ਅੱਜ ਆਪਾਂ ਵਾਪਸ ਪੰਜਾਬ ਵੀ ਮੁੜਨਾ ਹੈ।”
ਖੈਰ, ਮੇਰਾ ਧਿਆਨ ਇਕ ਦਮ ਤੁੱਕਾ ਸ਼ਬਦ ਵੱਲ ਗਿਆ ਜਿਸ ਦੇ ਇਸ ਤੀਸਰੇ ਅਰਥ ਦਾ ਮੈਨੂੰ ਪਹਿਲੀ ਵਾਰ ਇਲਮ ਹੋਇਆ। ਮੈਂ ਤਾਂ ਤੁੱਕੇ ਨੂੰ ਦੋ ਚੀਜ਼ਾਂ ਦੇ ਨਾਂ ਵਜੋਂ ਹੀ ਜਾਣਦਾ ਸਾਂ ਜਿਨ੍ਹਾਂ ਵਿਚੋਂ ਪਹਿਲੇ ਯਾਨਿ ਕਿੱਕਰ ਦੀ ਫਲੀ ਦਾ ਵਾਹ ਨਿਆਣਪੁਣੇ ਤੋਂ ਹੀ ਹੋ ਗਿਆ ਸੀ। ਦੂਜੇ ਬਾਰੇ ਗਿਆਨ ਜ਼ਰਾ ਵੱਡੀ ਉਮਰ ਵਿਚ ਉਦੋਂ ਹੋਇਆ ਜਦ ਹੁਸ਼ਿਆਰਪੁਰ ਜ਼ਿਲੇ ਦੇ ਇਕ ਪਿੰਡ ਵਿਚ ਰਹਿੰਦਾ ਮੇਰਾ ਹਾਣੀ ਮਾਸੀ ਦਾ ਮੁੰਡਾ ਸਾਡੇ ਪਿੰਡ ਆਇਆ। ਚੁੱਲ੍ਹੇ ਅੱਗੇ ਮੇਰੇ ਨਾਲ ਬੈਠ ਕੇ ਰੋਟੀ ਖਾਂਦਾ ਉਹ ਚੁੱਲ੍ਹੇ ਵਿਚ ਡਾਹੇ ਜਾ ਰਹੇ ਛੱਲੀਆਂ ਦੇ ਗੁੱਲਾਂ ਨੂੰ ਤੁੱਕੇ ਕਹੀ ਜਾਂਦਾ ਸੀ। ਬਾਅਦ ਵਿਚ ਪਤਾ ਲੱਗਾ ਕਿ ਕਈ ਹੋਰ ਇਲਾਕਿਆਂ ਦੇ ਲੋਕਾਂ ਲਈ ਵੀ ਛੱਲੀਆਂ ਦੇ ਗੁੱਲ ਤੁੱਕੇ ਹਨ।
‘ਲੱਗ ਗਿਆ ਤਾਂ ਤੀਰ, ਨਹੀਂ ਤਾਂ ਤੁੱਕਾ’ ਕਹਾਵਤ ਦਾ ਆਮ ਤੌਰ ‘ਤੇ ਲਿਆ ਜਾਂਦਾ ਅਰਥ ਹੈ ਕਿ ਕਿਸੇ ਆਸ਼ੇ ਲਈ ਕੀਤੀ ਜਾਂਦੀ ਕੋਸ਼ਿਸ਼ ਫਲੀਭੂਤ ਹੋ ਗਈ ਤਾਂ ਹਰੀ ਵਾਹਵਾ ਨਹੀਂ ਤਾਂ ਕੋਈ ਗੱਲ ਨਹੀਂ। ਇੱਕ ਸ੍ਰੋਤ ਅਨੁਸਾਰ ਕਾਰਜਸਿਧੀ ‘ਤੇ ਹੀ ਸਾਧਨ ਦੀ ਉਪਯੋਗਤਾ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਤੁੱਕਾ ਇਕ ਖੁੰਡੀ ਜਿਹੀ ਅਣੀ ਵਾਲਾ ਮੁਕਾਬਲਤਨ ਛੋਟਾ ਤੀਰ ਹੁੰਦਾ ਹੈ ਜੋ ਆਮ ਤੌਰ ‘ਤੇ ਤੀਰਅੰਦਾਜ਼ੀ ਵਿਚ ਅਭਿਆਸ ਵਜੋਂ ਵਰਤਿਆ ਜਾਂਦਾ ਹੈ। ਕਿਸੇ ਦੇ ਨਾਜ਼ੁਕ ਅੰਗ ‘ਤੇ ਲੱਗ ਵੀ ਜਾਵੇ ਤਾਂ ਇਹ ਬਹੁਤਾ ਘਾਤਕ ਨਹੀਂ ਹੁੰਦਾ। ਇਹ ਤੀਰ ਦਾ ਮੁਕਾਬਲਾ ਨਹੀਂ ਕਰ ਸਕਦਾ, ਜੋ ਗਾਲਿਬ ਦੇ ਲਹੂ ਵਰਗਾ ਹੁੰਦਾ ਹੈ, ‘ਜੋ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ।’ ਅਭਿਆਸੀ ਦੇ ਤੁੱਕੇ ਪਹਿਲਾਂ ਪਹਿਲਾਂ ਨਿਸ਼ਾਨੇ ‘ਤੇ ਨਹੀਂ ਲਗਦੇ। ਜਿਉਂ ਹੀ ਲੱਗਣੇ ਸ਼ੁਰੂ ਹੋ ਗਏ, ਸਮਝੋ ਅਭਿਆਸੀ ਤੀਰ ਚਲਾਉਣ ਦੇ ਕਾਬਲ ਹੋ ਗਿਆ। ਇਸ ਸੂਰਤ ਵਿਚ ਤਾਂ ਉਸ ਦੇ ਤੁੱਕੇ ਵੀ ਤੀਰ ਹੋ ਜਾਂਦੇ ਹਨ।
‘ਤੀਰ ਤੁੱਕੇ ਲਾਉਣਾ’ ਦੇ ਰੂਪ ਵਿਚ ਕਹਾਵਤ ਸੁੰਗੜ ਕੇ ਮੁਹਾਵਰੇ ਦਾ ਰੂਪ ਧਾਰ ਗਈ ਲਗਦੀ ਹੈ ਪਰ ਇਥੇ ਅਰਥ ਕੁਝ ਵੱਖਰੇ ਹੋ ਗਏ ਹਨ ਅਰਥਾਤ ਅਟਸਟਾ ਲਾਉਣਾ, ਕਿਆਸ ਲਾਉਣਾ। ਇਕ ਕੋਸ਼ ਅਨੁਸਾਰ ਇਸ ਦਾ ਅਰਥ Ḕਮਾੜਾ ਮੋਟਾ ਕੰਮ ਕਰਨਾḔ ਵੀ ਹੈ। ਭਾਸ਼ਾ ਵਿਭਾਗ ਦੇ ਪੰਜਾਬੀ ਕੋਸ਼ ਨੇ ‘ਤੀਰ ਤੁੱਕੇ ਹੋ ਕੇ ਰਹਿ ਜਾਣਾ’ ਮੁਹਾਵਰੇ ਦਾ ਅਰਥਾਪਣ ਕੀਤਾ ਹੈ, ‘ਤੀਰ ਦਾ ਇਤਨਾ ਅਸਰ ਵੀ ਨਾ ਹੋ ਸਕਣਾ ਜਿੰਨਾ ਛੱਲੀ ਦਾ ਤੁੱਕਾ ਮਾਰਿਆਂ ਹੋ ਸਕਦਾ ਹੈ।’ ਕਿਹਾ ਜਾ ਸਕਦਾ ਹੈ ਕਿ ਇਥੇ ਤੁੱਕਾ ਤੋਂ ਮੁਰਾਦ ਛੱਲੀ ਦਾ ਤੁੱਕਾ (ਗੁੱਲ) ਨਹੀਂ ਬਲਕਿ ਇਸ ਦਾ ਸਿਰਨਾਵੀਆਂ ਤੀਰ ਦਾ ਛੋਟਾ ਤੇ ਅਪਾਹਜ ਭਰਾ ਤੁੱਕਾ ਹੈ। ਉਂਜ ਤੁੱਕਾ ਰਾਮ ਵਿਅਕਤੀ ਨਾਂ ਵੀ ਹੁੰਦੇ ਹਨ। ਮਹਾਰਾਸ਼ਟਰ ਦੇ ਸੰਤ ਤੁੱਕਾ ਰਾਮ ਬਾਰੇ ਤਾਂ ਬਥੇਰੇ ਜਾਣਦੇ ਹੋਣਗੇ।
‘ਤੀਰ-ਤੁੱਕਾ’ ਦਰੁਕਤੀ ਦੇ ਰੂਪ ਵਿਚ ਵਿਚਾਰਾ ਤੀਰ ਤੁੱਕੇ ਦੇ ਨਾਲ ਲੱਗ ਕੇ ਉਸੇ ਦਾ ਹਾਣੀ ਹੋ ਗਿਆ ਹੈ। ਹੋਰ ਤਾਂ ਹੋਰ, ਇਸ ਮੁਹਾਵਰੇ ਤੋਂ ਤੀਰ ਵੀ ਝੜ ਗਿਆ ਤੇ ਰਹਿ ਗਿਆ ਨਿਰਾ ‘ਤੁੱਕੇ ਲਾਉਣਾ’ ਮਤਲਬ ਮੋਟੇ ਅਨੁਮਾਨ ਲਾਉਣਾ, ਟਰਪੱਲੀਆਂ ਮਾਰਨਾ, ਉਘ ਦੀਆਂ ਪਤਾਲ ਲਾਉਣਾ। ਇਸ ਮੁਹਾਵਰੇ ਦੇ ਸਹੀ ਅਤੇ ਵਿਹਾਰਕ ਅਰਥ ਤਾਂ ਨਾਲਾਇਕ ਪਰ ਜੁਗਤੀ ਤੇ ਤਿਕੜਮਬਾਜ਼ ਵਿਦਿਆਰਥੀ ਹੀ ਸਮਝਦੇ ਹਨ ਜੋ ਇਮਤਿਹਾਨੀ ਪਰਚਿਆਂ ਵਿਚ ਤੁੱਕੇ ਮਾਰ ਕੇ ਹੀ ਮਾਅਰਕਾ ਮਾਰਨ ਦਾ ਯਤਨ ਕਰਦੇ ਹਨ। ਇਸ ਕਰਮ ਨੂੰ ਉਹ ਗੱਪਾਂ ਮਾਰਨੀਆਂ ਵੀ ਕਹਿੰਦੇ ਹਨ। ਸਿਤਮ ਦੀ ਗੱਲ ਹੈ ਕਿ ‘ਤੁੱਕਾ ਲਾਉਣਾ’ ਤਾਂ ਹਵਾਈ ਕਿਲੇ ਉਸਾਰਨਾ ਹੀ ਹੈ ਜਦਕਿ ਤੁੱਕਾ ਲੱਗ ਜਾਣਾ ਦੇ ਰੂਪ ਵਿਚ ਸੱਚ ਮੁੱਚ ਕਿਲਾ ਉਸਰ ਜਾਂਦਾ ਹੈ। ਦਿਲਚਸਪ ਹੈ ਕਿ ਇਕੱਲੇ ਤੁੱਕੇ ਦਾ ਅਰਥ ਵੀ ਅਨੁਮਾਨ ਆਦਿ ਬਣ ਗਿਆ ਹੈ ਜਿਵੇਂ ਤੇਰਾ ਤੁੱਕਾ ਠੀਕ ਨਿਕਲਿਆ। ਆਦਤਨ ਤੁੱਕੇ ਮਾਰਨ ਵਾਲੇ ਨੂੰ ਤੁੱਕੇਬਾਜ਼ ਕਿਹਾ ਜਾਂਦਾ ਹੈ।
ਤੁੱਕਾ ਸ਼ਬਦ ਦੀ ਇਹ ਜਹੀ ਦੀ ਤਹੀ ਸਮਝਣ ਲਈ ਅਸੀਂ ਆਪਣੇ ਸ਼ੇਕਸਪੀਅਰ ਯਾਨਿ ਵਾਰਿਸ ਸ਼ਾਹ ਦੀ ਇਕ ਕਲੀ ਦਾ ਸਹਾਰਾ ਲੈਂਦੇ ਹਾਂ। ਇਹ ਸਹਿਤੀ ਦੇ ਬੋਲ ਹਨ:
ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ,
ਅੰਨ ਆਬੇ ਹਿਆਤ ਹੈ ਭੁਖਿਆਂ ਨੂੰ।
ਬੁੱਢਾ ਹੋਵਸੇਂ ਲਿੰਗ ਜਾ ਰਹਿਨ ਟੁਰਨੋਂ,
ਫਿਰੇਂ ਖੂੰਡਦਾ ਟੁੱਕਰਾਂ ਰੁੱਖਿਆਂ ਨੂੰ।
ਕਿਤੇ ਰੰਨ ਘਰ ਬਾਰ ਅੱਡਿਆ ਈ,
ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ।
ਵਾਰਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ,
ਓਹਨਾਂ ਲੁੰਡਿਆਂ ਭੁਖਿਆਂ ਸੁੱਕਿਆਂ ਨੂੰ।
ਉਪਰੋਕਤ ਰੰਨ ਅਤੇ ਤੁੱਕੇ ਦੇ ਪ੍ਰਸੰਗ ਨੂੰ ਕਿਸੇ ਟੀਕਾਕਾਰ ਨੇ ਕੁਝ ਇਸ ਤਰ੍ਹਾਂ ਜੋੜਿਆ ਹੈ:
ਕਿਸੇ ਪਿੰਡ ਵਿਚ ਇੱਕ ਭੋਲਾ ਪੁਰਸ਼ ਰਹਿੰਦਾ ਸੀ। ਉਹਦੇ ਘਰ ਵਾਲੀ ਨੇ ਉਹਨੂੰ ਕਮਾਈ ਕਰਨ ਲਈ ਪਰਦੇਸ ਭੇਜ ਦਿੱਤਾ ਅਤੇ ਪਿੱਛੋਂ ਆਪ ਇਕ ਬਦਚਲਨ ਨਾਲ ਫਸ ਗਈ। ਉਹ ਪੁਰਸ਼ ਕੁੱਝ ਸਮੇ ਪਿੱਛੋਂ ਘਰ ਆਇਆ। ਉਹ ਬਹੁਤਾ ਸਮਾਂ ਘਰ ਹੀ ਰਹਿੰਦਾ ਜਿਸ ਕਰਕੇ ਘਰ ਵਾਲੀ ਬਹੁਤ ਤੰਗ ਸੀ। ਅਖੀਰ ਘਰਵਾਲੀ ਦੇ ਯਾਰ ਨੇ ਉਹਦੇ ਪਤੀ ਨਾਲ ਦੋਸਤੀ ਪਾ ਲਈ। ਪਤੀ ਨੂੰ ਤੀਰਅੰਦਾਜ਼ੀ ਦੀ ਕਲਾ ਸਿੱਖਣ ਲਈ ਮਨਾਇਆ ਅਤੇ ਆਪਣਾ ਸ਼ਾਗਿਰਦ ਥਾਪ ਲਿਆ। ਜਦੋਂ ਘਰਵਾਲੀ ਦਾ ਮਾਲਕ ਤੁੱਕੇ ਚਲਾਉਂਦਾ ਤਾਂ ਆਸ਼ਕ ਚੱਕ ਕੇ ਲਿਆਉਂਦਾ ਅਤੇ ਫਿਰ ਆਸ਼ਕ ਦੀ ਵਾਰੀ ਆ ਜਾਂਦੀ। ਆਸ਼ਕ ਦੇ ਤੁੱਕੇ ਦਿਨੋ ਦਿਨ ਦੂਰ ਜਾਣ ਲੱਗੇ। ਕਈ ਵਾਰੀ ਤੁੱਕੇ ਚੁਕ ਕੇ ਲਿਆਉਣ ਵਿਚ ਅੱਧਾ ਪੌਣਾ ਘੰਟਾ ਲੱਗ ਜਾਂਦਾ। ਓਨੀ ਦੇਰ ਵਿਚ ਆਸ਼ਕ ਉਹਦੀ ਘਰ ਵਾਲੀ ਨਾਲ ਮੌਜਾਂ ਕਰਦਾ। ਇੱਕ ਵਾਰ ਘਰ ਵਾਲਾ ਸ਼ੱਕ ਕਾਰਨ ਤੁੱਕੇ ਚੁੱਕਣ ਗਿਆ ਰਸਤੇ ਵਿਚੋਂ ਦੋ ਚਾਰ ਮਿੰਟ ਵਿਚ ਹੀ ਮੁੜ ਆਇਆ ਅਤੇ ਆਪਣੀ ਪਤਨੀ ਅਤੇ ਆਸ਼ਕ ਨੂੰ ਮੌਕੇ ‘ਤੇ ਨੱਪ ਲਿਆ। ਉਸ ਨੇ ਉਹਨੂੰ ਕੁੱਟ ਕੁੱਟ ਕੇ ਪਿੰਡੋਂ ਕੱਢ ਦਿੱਤਾ। ਉਹ ਦੂਰ ਦੇ ਇੱਕ ਪਿੰਡ ਜਾ ਵਸਿਆ। ਇੱਕ ਵਾਰੀ ਇਸਤਰੀ ਦਾ ਮਾਲਕ ਉਸ ਪਿੰਡ ਇੱਕ ਜਨੇਤੇ ਗਿਆ ਉਸ ਬਦਮਾਸ਼ ਨੂੰ ਮਿਲ ਪਿਆ ਅਤੇ ਪੁੱਛਿਆ ਕਿ ਉਹਨੇ ਕਿਤੇ ਘਰ ਬਾਰ ਵਸਾ ਲਿਆ ਹੈ ਜਾਂ ਹਾਲੀਂ ਤੀਰ ਤੁੱਕੇ ਹੀ ਚਲਾਉਂਦਾ ਹੈ?
ਨਾ ਜਾਣੇ ਤੀਰ ਤੁੱਕੇ ਦਾ ਸਬੰਧ ਦਰਸਾਉਣ ਲਈ ਹੋਰ ਕਿੰਨੀਆਂ ਕਹਾਣੀਆਂ ਘੜੀਆਂ ਗਈਆਂ ਹੋਣਗੀਆਂ। ਆਪਾਂ ਤੁੱਕੇ ‘ਤੇ ਆਈਏ। ਇਹ ਸ਼ਬਦ ਮੁਢਲੇ ਤੌਰ ‘ਤੇ ਫਾਰਸੀ ਦਾ ਹੈ ਤੇ ਇਸ ਜ਼ਬਾਨ ਵਿਚ ਇਸ ਦਾ ਰੂਪ ਹੈ, ਤੁਕਹ। ਫਾਰਸੀ ਵਿਚ ਇਸ ਲਈ ਤੁਗਮਰ ਜਾਂ ਤੁਕਮਰ ਸ਼ਬਦ ਵੀ ਹਨ। ਖੁੰਡੇ ਤੀਰ ਲਈ ਹੋਰ ਵੀ ਬਹੁਤ ਸ਼ਬਦ ਹਨ ਪਰ ਅਜੇ ਆਪਾਂ ਉਨ੍ਹਾਂ ਤੋਂ ਕੀ ਲੈਣਾ। ਤੁੱਕਾ ਸ਼ਬਦ ਦੇ ਸਾਰੇ ਅਰਥਾਂ ਦਾ ਕੀ ਆਪੋ ਵਿਚ ਕੋਈ ਸਾਕਾਦਾਰੀ ਸਬੰਧ ਹੈ? ਇਹ ਗੱਲ ਫਿਰ ਕਦੀ ਵਿਚਾਰਾਂਗੇ।