ਪਰਬਤੀ ਪਰਿਕਰਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਵਰਤਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ।

ਪਿਛਲੇ ਲੇਖ ਵਿਚ ਉਨ੍ਹਾਂ ਧੁੱਪ (ਚਾਨਣ) ਦੀਆਂ ਬਰਕਤਾਂ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਧੁੱਪ ਹੀ ਹੁੰਦੀ ਜੋ ਹਨੇਰੇ ਪਲਾਂ ਦੀ ਕੁੱਖ ਵਿਚ ਚਾਨਣ ਬੀਜਦੀ ਅਤੇ ਹਨੇਰੀਆਂ ਰਾਤਾਂ ਨੂੰ ਦਿਨਾਂ ਦਾ ਵਰਦਾਨ ਦਿੰਦੀ।” ਹਥਲੇ ਲੇਖ ਵਿਚ ਉਨ੍ਹਾਂ ਪਰਬਤਾਂ ਦੀਆਂ ਉਚਾਣਾਂ ਅਤੇ ਉਨ੍ਹਾਂ ਦੀ ਪਾਕੀਜ਼ਗੀ ਦੀ ਗੱਲ ਕਰਦਿਆਂ ਕਿਹਾ ਹੈ, “ਪਰਬਤ ਏ ਤਾਂ ਬਾਰਸ਼ ਏ, ਪਹਾੜੀ ਜੀਵ ਸੰਸਾਰ ਏ, ਦਰਿਆਵਾਂ ਦੀ ਰਵਾਨਗੀ ਏ, ਝਰਨਿਆਂ ਦੀ ਕਲਕਲ ਹੈ ਅਤੇ ਵਿੰਗ-ਵਲੇਵੇਂ ਰਾਹਾਂ ਦੀ ਛੂਹ ਦਾ ਜਾਦੂਮਈ ਪ੍ਰਭਾਵ ਏ।…ਪਰਬਤ, ਪਾਕੀਜ਼ਗੀ ਅਤੇ ਪਹਿਲਕਦਮੀ ਦਾ ਸੁੱਚਾ ਨਾਮ। ਪਰ ਪਰਬਤਾਂ ‘ਤੇ ਮਨੁੱਖੀ ਹੋਂਦ ਨੇ ਇਸ ਦੇ ਬਿਰਖਾਂ, ਵਾਦੀਆਂ, ਝਾੜੀਆਂ ਅਤੇ ਪਰਬਤ-ਪਿੰਡੇ ਨੂੰ ਪ੍ਰਦੂਸ਼ਤ ਕਰਕੇ ਪਰਬਤੀ-ਨੈਣਾਂ ਵਿਚ ਹਿੰਝ ਭਰੀ।” ਨਾਲ ਹੀ ਅਫਸੋਸ ਜ਼ਾਹਰ ਕੀਤਾ ਹੈ, “ਹੋਛਾ ਮਨੁੱਖ ਤਾਂ ਜਰਾ ਕੁ ਉਡਾਣ ਭਰੇ ਤਾਂ ਆਪਣੇ ਪੈਰ ਧਰਤ ਤੋਂ ਚੁੱਕ ਲੈਂਦਾ। ਬਹੁਤ ਘੱਟ ਲੋਕ ਪਰਬਤੀ ਬੁਲੰਦੀ ਹੁੰਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਪਰਬਤ, ਨਵੀਆਂ ਤੇ ਅਣਛੋਹੀਆਂ ਰਾਹਾਂ ਦੇ ਦਿਸਹੱਦੇ, ਸਿਖਰ ਵੰਨੀਂ ਜਾਣ ਦੀ ਚਾਹਨਾ ਅਤੇ ਪਾਕ-ਪਰਿਕਰਮਾ ਦੀ ਸਾਰਥਕਤਾ।
ਪਰਬਤ, ਬੱਦਲਾਂ ਨਾਲ ਸਾਂਝ ਦੀਆਂ ਮਜਬੂਤ ਤੰਦਾਂ, ਬਾਰਸ਼ ਦਾ ਸਬੱਬ, ਮੀਂਹ ‘ਚ ਭਿੱਜ ਕੇ ਨਿਖਰਿਆ ਰੂਪ ਅਤੇ ਅੰਬਰੀਂ ਪਰਵਾਜ਼ ਦਾ ਨਾਮਕਰਨ।
ਪਰਬਤ, ਉਚੀਆਂ ਟੀਸੀਆਂ, ਮਾਣਮੱਤੀਆਂ ਪਗਡੰਡੀਆਂ, ਦੂਰ ਦੂਰ ਤੀਕ ਜੰਗਲਾਂ ਦੀ ਵਿੱਛੀ ਹੋਈ ਹਰੀ-ਕਚੂਰ ਸਫ ਰੂਪੀ ਹਰਿਆਵਲਾ ਲਿਬਾਸ, ਜੋ ਬਣਦਾ ਜੀਵਨ ਦੀ ਤਰੰਗ।
ਪਰਬਤ, ਕੁਦਰਤ ਦਾ ਸਭ ਤੋਂ ਅਜ਼ੀਮ ਖਜਾਨਾ, ਕੁਦਰਤੀ ਸਰੋਤਾਂ ਦੀ ਸੁੱਚੀ ਧਰਾਤਲ, ਅਛੋਹ ਕੁਦਰਤ ਦੇ ਦੀਦਾਰੇ, ਪਰਿੰਦਿਆਂ ਦੇ ਬੋਲ, ਜਾਨਵਰਾਂ ਦੀ ਪੈੜਚਾਲ ਅਤੇ ਖੁਦ ਦੀ ਤਲਾਸ਼ ਨੂੰ ਸਮਰਪਿਤ ਮਨੁੱਖ।
ਪਰਬਤ, ਬਰਫ ਨਾਲ ਲਿੱਪੀਆਂ ਸਿਖਰਾਂ, ਅੱਖਾਂ ਚੁੰਧਿਆਉਂਦੀਆਂ ਧੁੱਪਾਂ, ਲਿਸ਼ਕੋਰਦੀਆਂ ਕਿਰਨਾਂ ਅਤੇ ਧੁਪੀਲੇ ਪਹਿਰਾਂ ਦਾ ਸਿਰਨਾਵਾਂ ਬਣੇ ਪਰਬਤ ਦੇਵਤੇ।
ਪਰਬਤ, ਕੁਦਰਤ ਦਾ ਪਾਕ ਰੈਣ-ਬਸੇਰਾ। ਦੁਨਿਆਵੀ ਦੌੜ-ਭੱਜ ਤੋਂ ਨਿਰਲੇਪ। ਜੀਵਨ ਦੀ ਸਮੁੱਚਤਾ ਵਿਚ ਸੰਜੋਈ ਹਰ ਵਸਤ ਅਤੇ ਇਸ ਵਿਚੋਂ ਹੀ ਵਿਗਸ ਰਿਹਾ ਕਾਇਨਾਤੀ ਪਸਾਰਾ।
ਪਰਬਤ, ਵਾਦੀਆਂ ਦੀ ਸੁੰਦਰਤਾ ਦਾ ਪਹਿਰੇਦਾਰ। ਹੁਸੀਨ ਚੌਗਿਰਦੇ ਵਿਚ ਹੁਸੀਨ ਚਿਹਰਿਆਂ ਸੰਗ ਬਿਤਾਏ ਹੁਸੀਨ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾਉਣ ਲਈ, ਬਾਕਮਾਲ ਪਰਬਤੀ ਓਹਲਾ।
ਪਰਬਤ, ਰਿਸ਼ੀਆਂ-ਮੁੰਨੀਆਂ, ਦੇਵੀ-ਦੇਵਤਿਆਂ ਦਾ ਸਭ ਤੋਂ ਰਮਣੀਕ ਟਿਕਾਣਾ। ਤਾਹੀਂਉਂ ਤਾਂ ਹਰ ਧਰਮ ਦੇ ਪੈਗੰਬਰਾਂ ਅਤੇ ਧਾਰਮਿਕ ਰਹਿਬਰਾਂ ਦੇ ਜ਼ਿਆਦਾਤਰ ਅਕੀਦਤਯੋਗ ਅਸਥਾਨ ਪਹਾੜਾਂ ‘ਚ ਸਥਿੱਤ। ਇਹ ਯੋਗੀਆਂ ਲਈ ਤੱਪ-ਅਸਥਾਨ, ਜਗਿਆਸੂਆਂ ਲਈ ਖੁਦ ਨਾਲ ਇਕਸੁਰ ਹੋਣ ਲਈ ਇਕਾਂਤ।
ਪਰਬਤ, ਮਨੁੱਖ ਲਈ ਸੁਖਨ ਅਤੇ ਸਕੂਨ ਦਾ ਸਭ ਤੋਂ ਬਿਹਤਰੀਨ ਸਬੱਬ। ਤਾਹੀਉਂ ਤਾਂ ਭੱਜ-ਦੌੜ ਤੋਂ ਅੱਕਿਆ ਤੇ ਥੱਕਿਆ ਮਨੁੱਖ, ਕੁਝ ਦਿਨ ਪਹਾੜਾਂ ਦੀ ਸੰਗਤ ਮਾਣਨ ਅਤੇ ਪਾਕ ਫਿਜ਼ਾਵਾਂ ਵਿਚ ਬਿਤਾਉਣ ਲਈ ਪਰਬਤਾਂ ਵੰਨੀਂ ਮੁਹਾਣ ਮੋੜਦਾ।
ਪਰਬਤ, ਕਾਰਗਾਰ ਇਲਾਜ ਦਾ ਕੁਦਰਤੀ ਹਸਪਤਾਲ। ਕੁਝ ਦਿਨ ਪਹਾੜਾਂ ਵਿਚ ਬਿਤਾ, ਕੁਦਰਤ ਦੀ ਸੰਗਤ ਮਾਣ, ਨਵਾਂ ਨਰੋਇਆ ਹੋ, ਮਨੁੱਖ ਫਿਰ ਜੀਵਨ-ਜੰਗ ਵਿਚ ਨਵੇਂ ਜੋਸ਼ ਤੇ ਉਦਮ ਨਾਲ ਨਿੱਤਰਦਾ।
ਪਰਬਤ, ਮਨੁੱਖ ਲਈ ਪਰਖ ਦੀ ਘੜੀ, ਹਿੰਮਤ ਤੇ ਸਿਰੜ ਦਾ ਪੈਮਾਨਾ ਅਤੇ ਜ਼ਿੰਦਾਦਿਲੀ ਦਾ ਪ੍ਰਮਾਣ। ਸਿਰਫ ਕੁਝ ਕੁ ਹੀ ਲੋਕ ਹੁੰਦੇ ਜੋ ਪਹਾੜਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰ, ਇਸ ਨੂੰ ਜਿੱਤਦੇ, ਇਸ ਦੀ ਟੀਸੀ ‘ਤੇ ਆਪਣਾ ਆਲ੍ਹਣਾ ਬਣਾਉਂਦੇ।
ਪਰਬਤ, ਦਰਿਆਵਾਂ, ਨਦੀਆਂ, ਤਲਾਬਾਂ, ਝੀਲਾਂ ਤੇ ਝਰਨਿਆਂ ਦੇ ਮੂਲ-ਸਰੋਤ। ਸ਼ਫਾਫ ਪਾਣੀ, ਪਿਆਸੀ ਧਰਤ ਵੰਨੀਂ ਤੋਰਦੇ। ਪਰ ਮੈਦਾਨ ਵਿਚ ਪਹੁੰਚਦਿਆਂ ਹੀ ਮਨੁੱਖੀ ਕਮੀਨਗੀ ਨਾਲ ਪਾਲੀਤ ਹੋ ਜਾਂਦੇ। ਮੈਦਾਨੀ ਇਲਾਕਿਆਂ ਵਿਚ ਵੱਗਦੇ ਦਰਿਆਵਾਂ ਨੂੰ ਪਾਕੀਜ਼ਗੀ ਦਾ ਨਾਮ ਦੇਣ ਲੱਗਿਆਂ ਸਿਰ ਨਮੋਸ਼ੀ ‘ਚ ਝੁਕਦਾ।
ਪਰਬਤ, ਪਾਕੀਜ਼ਗੀ ਅਤੇ ਪਹਿਲਕਦਮੀ ਦਾ ਸੁੱਚਾ ਨਾਮ। ਪਰ ਪਰਬਤਾਂ ‘ਤੇ ਮਨੁੱਖੀ ਹੋਂਦ ਨੇ ਇਸ ਦੇ ਬਿਰਖਾਂ, ਵਾਦੀਆਂ, ਝਾੜੀਆਂ ਅਤੇ ਪਰਬਤ-ਪਿੰਡੇ ਨੂੰ ਪ੍ਰਦੂਸ਼ਤ ਕਰਕੇ ਪਰਬਤੀ-ਨੈਣਾਂ ਵਿਚ ਹਿੰਝ ਭਰੀ।
ਪਰਬਤ ਵਰਗਾ ਬਣਨ ਲਈ ਪਰਬਤ ਵਰਗੀ ਸੋਚ, ਸਾਧਨਾ, ਸਮਰਪਣ ਅਤੇ ਸਾਦਗੀ ਨੂੰ ਜੀਵਨ ਦੇ ਨਾਮ ਕਰਨਾ ਪੈਂਦਾ। ਉਚੇ ਦਿਸਹੱਦਿਆਂ ਨੂੰ ਮੱਥੇ ਵਿਚ ਧਰ, ਟੀਸੀਆਂ ਦੇ ਅਣਛੋਹੇ ਰੂਪ ਨੂੰ ਨਿਹਾਰਨਾ ਪੈਂਦਾ। ਅੰਬਰ ਸੰਗ ਆੜੀ ਪਾ ਕੇ ਵੀ ਧਰਤ ਨਾਲ ਸਦੀਵੀ ਸਾਂਝ ਕਾਇਮ ਰੱਖਣੀ ਪੈਂਦੀ। ਹੋਛਾ ਮਨੁੱਖ ਤਾਂ ਜਰਾ ਕੁ ਉਡਾਣ ਭਰੇ ਤਾਂ ਆਪਣੇ ਪੈਰ ਧਰਤ ਤੋਂ ਚੁੱਕ ਲੈਂਦਾ। ਬਹੁਤ ਘੱਟ ਲੋਕ ਪਰਬਤੀ ਬੁਲੰਦੀ ਹੁੰਦੇ। ਅਡੋਲ, ਨਿਰਭੈ, ਪਾਕ, ਅਹਿਲ ਅਤੇ ਅਤੋਲਵੇਂ। ਬਾਹਰੋਂ ਸਖਤ, ਅੰਦਰੋਂ ਮੁਲਾਇਮ।
ਪਰਬਤ, ਮਨੁੱਖ ਅਤੇ ਜੀਵਾਂ ਲਈ ਰੈਣ-ਬਸੇਰਾ। ਘੁਰਨਿਆਂ, ਕੰਦਕਾਂ ਅਤੇ ਗੁਫਾਵਾਂ ਵਿਚ ਰਹਿੰਦਾ ਜੀਵ-ਸੰਸਾਰ, ਬਰਫੀਲੇ ਮੌਸਮਾਂ ਵਿਚ ਵੀ ਨਿੱਘ ਮਾਣਦਾ, ਪਰਬਤ ਦਾ ਸ਼ੁਕਰਗੁਜ਼ਾਰ।
ਪਰਬਤ ਦਾ ਪਿੰਡਾ ਜਦ ਛੈਣੀਆਂ ਅਤੇ ਤੇਸੀਆਂ ਨਾਲ ਛਿੱਲਿਆ ਜਾਂਦਾ ਤਾਂ ਪਰਬਤੀ ਅਕਾਰ ਵਿਚੋਂ ਕਦੇ ਬੁੱਧ ਦੀ ਸਿਰਜਣਾ, ਕਦੇ ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ, ਮਨੁੱਖੀ ਕਾਰੀਗਰੀ ਤੇ ਕਲਾ ਦਾ ਸੁਮੇਲ ਸਿਰਜ, ਅਜੋਕੇ ਮਨੁੱਖ ਲਈ ਅਜੂਬਾ ਬਣ ਜਾਂਦੇ। ਪਰ ਕੇਹੀ ‘ਵਾ ਵੱਗੀ ਕਿ ਬੁੱਧ ਦੇ ਬੁੱਤਾਂ ਨੂੰ ਬੰਬਾਂ ਨਾਲ ਉਡਾਉਣ ਸਮੇਂ ਆਹ ਵੀ ਦਮ ਘੁੱਟਦੀ। ਪੂਰਵਜਾਂ ਦੀਆਂ ਪਰਬਤੀ ਕਲਾ-ਕਿਰਤਾਂ ਨੂੰ ਮਿਟਾ ਕੇ ਕਿਹੜੀ ਸਭਿਅਤਾ ਸਿਰਜਣਾ ਚਾਹੁੰਦੇ ਹਾਂ ਅਸੀਂ? ਕਿਥੇ ਮਨੁੱਖੀ ਤੰਦਦਿਲੀ ਅਤੇ ਕਿਥੇ ਪਰਬਤੀ ਫਰਾਖਦਿਲੀ!
ਪਰਬਤ ਦੇ ਰੁੱਖ-ਰੂਪੀ ਗਹਿਣੇ, ਸੁੰਦਰਤਾ ਵਿਚ ਵਾਧਾ, ਸਰੂਪ ਵਿਚ ਨਰੋਇਆਪਣ। ਪਰਬਤ ਤੇ ਬਿਰਖ ਦੀ ਉਮਰਾਂ ਦੀ ਸਾਂਝ। ਨਿਜੀ ਮੁਫਾਦ ਲਈ ਰੁੱਖਾਂ ਦੀ ਬੇਤਹਾਸ਼ਾ ਅਤੇ ਬੇਲੋੜੀ ਕਟਾਈ, ਪਰਬਤ ਦਾ ਚੀਰਹਰਨ ਅਤੇ ਪਰਬਤੀ ਨਿਆਮਤਾਂ ਤੋਂ ਵਿਰਵਾਪਣ। ਸਿਰਫ ‘ਚਿਪਕੋ’ ਲਹਿਰ ਹੀ ਬਿਰਖਾਂ ਦਾ ਦਰਦ ਜਾਣਦੀ ਅਤੇ ਇਨ੍ਹਾਂ ਦੀ ਚਿਰ-ਸਦੀਵੀ ਸਲਾਮਤੀ ਲਈ ਬਿਰਖ ਨੂੰ ਗਲਵਕੜੀ ‘ਚ ਲੈਂਦੀ।
ਪਰਬਤੀ ਟੀਸੀ, ਦੂਰ ਤੀਕ ਨਿਹਾਰਨਾ, ਮੈਦਾਨਾਂ ਦੀ ਵਿਸ਼ਾਲਤਾ ਨੂੰ ਅੰਤਰੀਵ ਵਿਚ ਉਤਾਰਨਾ, ਬੱਦਲਾਂ ਸੰਗ ਲੁੱਕਣਮੀਟੀ ਅਤੇ ਜਲਵਾਸ਼ਪਾਂ ਸੰਗ ਸੰਵਾਦ।
ਪਰਬਤੀ ਸੰਗ, ਖੁਦ ਸੰਗ ਖੁਦ ਦੀ ਗੁਫਤਗੂ, ਖੁਦ ਵਿਚੋਂ ਖੁਦ ਨੂੰ ਨਿਹਾਰਨਾ, ਕਮੀਆਂ ਤੇ ਕਮੀਨਗੀਆਂ ਨੂੰ ਚਿਤਾਰਨਾ ਅਤੇ ਖੁਦ ਦਾ ਸੰਵਰਨਾ ਤੇ ਖੁਦ ਨੂੰ ਸੰਵਾਰਨਾ। ਖੁਦ ਵਿਚੋਂ ਖੁਦ ਦੀ ਪਾਕੀਜ਼ਗੀ ਦੇ ਝਲਕਾਰੇ ਅਤੇ ਖੁਦ ਦੇ ਖੁਦ ਸੰਗ ਅਲਹਾਮੀ ਨਜ਼ਾਰੇ।
ਪਰਬਤ ਇਕ ਵੰਗਾਰ, ਮਨੁੱਖੀ ਹੌਂਸਲੇ ਲਈ ਲਲਕਾਰ, ਮਨੁੱਖੀ ਮਨ ਦੀ ਤਰਲਤਾ ਨੂੰ ਸਵਾਲ ਅਤੇ ਮਨੁੱਖੀ ਸੋਚ ਵਿਚਲੀ ਨਿਜਤਾ ਤੀਕ ਸੀਮਤਾ ਲਈ ਉਬਾਲ। ਸਵੈ ਤੋਂ ਸਰਬਮੁਖਤਾ ਤੀਕ ਦੇ ਸਫਰ ਦਾ ਹਮਰੁਬਾ ਬਣਨਾ, ਪਰਬਤੀ ਸੰਦੇਸ਼।
ਪਰਬਤ, ਕੁਦਰਤੀ ਖਣਿਜਾਂ, ਅਨਮੋਲ ਧਾਤਾਂ, ਕੀਮਤੀ ਲੱਕੜ ਬੇਸ਼ਕੀਮਤੀ ਪੱਥਰ ਅਤੇ ਜਲ-ਸਰੋਤਾਂ ਦਾ ਅਸੀਮ ਖਜ਼ਾਨਾ। ਪਰ ਮਨੁੱਖੀ ਲਾਲਚ ਕਾਰਨ ਅੱਜ ਕੱਲ ਧਾਹੀਂ ਰੋਂਦੀਆਂ ਨੇ, ਇਹ ਕੁਦਰਤੀ ਨਿਆਮਤਾਂ।
ਪਰਬਤ, ਧਰਤ ਦਾ ਉਭਰਵਾਂ ਹਿੱਸਾ। ਜੰਗਲਾਂ, ਪਹਾੜਾਂ, ਨਦੀਆਂ ਝਰਨਿਆਂ, ਤਲਾਵਾਂ, ਝੀਲਾਂ, ਮੈਦਾਨਾਂ, ਰੇਗਿਸਤਾਨਾਂ ਅਤੇ ਸਮੁੰਦਰ ਵਿਚੋਂ ਸਭ ਤੋਂ ਸਿਖਰ ‘ਤੇ। ਧਰਤ-ਕਲਗੀ। ਪਰ ਸਭ ਦੀ ਸ਼ਮੂਲੀਅਤ ਤੇ ਸਮੁੱਚ ਹੀ ਧਰਤ ਨੂੰ ਸੁਹੱਪਣ ਤੇ ਸਦੀਵੀ ਸੁੰਦਰਤਾ ਬਖਸ਼ਦੀ।
ਪਰਬਤ, ਮੂਕ ਅਰਾਧਨਾ, ਅੱਧ-ਅੰਬਰ ਵਿਚ ਗੂੰਜਦੀ ਅਜ਼ਾਨ, ਸੰਖ ਦੀ ਸੰਮੋਹਿਤ ਆਵਾਜ਼, ਸਰਬੱਤ ਦੇ ਭਲੇ ਦੀ ਅਰਦਾਸ ਅਤੇ ਹਰੇਕ ਤਲੀ ‘ਤੇ ਯੁੱਗ ਜਿਉਣ ਦੀ ਆਸ।
ਪਰਬਤ, ਅਟੁੱਟ ਵਿਸ਼ਵਾਸ, ਝੱਖੜਾਂ ਤੇ ਤੁਫਾਨਾਂ ਸਾਹਵੇਂ ਹਿੱਕ ਡਾਹ ਕੇ ਖੜ੍ਹੀ ਕਾਇਨਾਤ ਅਤੇ ਇਸ ਵਿਚੋਂ ਹੀ ਪ੍ਰਫੁਲਿਤ ਹੁੰਦੀ ਮਨੁੱਖੀ ਆਸ ਤੇ ਹੁਲਾਸ।
ਪਰਬਤ, ਨਿੱਗਰਤਾ ਦਾ ਪ੍ਰਮਾਣ, ਸਥੂਲਤਾ ਦਾ ਸਬੂਤ ਅਤੇ ਸਿਰੜ ਤੇ ਸੰਤੋਖ ਵਿਚੋਂ ਸਿਰਜੀ ਨਿਵੇਕਲੀ ਪਛਾਣ।
ਪਰਬਤ, ਦੇਵਤਾ ਸਰੂਪ। ਵੱਖ-ਵੱਖ ਆਕਾਰਾਂ ਅਤੇ ਉਚਾਈਆਂ ਵਿਚ ਬਿਖਰੀਆਂ ਕਲਾ-ਕਿਰਤਾਂ। ਇਨ੍ਹਾਂ ਵਿਚੋਂ ਉਦੈ ਹੁੰਦੀਆਂ ਸੂਖਮ ਸਾਧਨਾਵਾਂ ਅਤੇ ਸਿਰਜਣਾਵਾਂ ਦੀ ਸੰਪਾਦਕੀ। ਬਹੁਤ ਸਾਰੇ ਧਾਰਮਿਕ ਗ੍ਰੰਥ, ਕਲਾ-ਕਿਰਤਾਂ, ਅਜ਼ੀਮ ਸਾਹਿਤਕ ਕਿਰਤਾਂ, ਪਹਾੜਾਂ ਦੀ ਖਾਮੋਸ਼ੀ, ਤਪੱਸਵੀ ਇਕੱਲਪੁਣੇ ਅਤੇ ਸਾਧਵੀ-ਸੰਗਤ ਵਿਚੋਂ ਹੀ ਉਪਜੀਆਂ।
ਪਰਬਤੀ ਭਰਮਣ ਵਿਚੋਂ ਹੀ ਕਈ ਯੋਗੀ ਅਤੇ ਤਪੱਸਵੀ ਅੰਤਰੀਵ ਚਾਨਣ ‘ਚ ਰੰਗੇ ਗਏ। ਅਤੇ ਉਨ੍ਹਾਂ ਦੀ ਸਾਧਨਾ ਬਣ ਗਈ ਸੰਜੀਵਨੀ ਸਫਰ ਦੀ ਸ਼ੁਰੂਆਤ।
ਪਰਬਤ, ਆਪਣੀ ਨਿੱਗਰਤਾ ਅਤੇ ਤਾਸੀਰ ਆਪਣੇ ਬਾਸ਼ਿੰਦਿਆਂ ‘ਚ ਵਰਤਾਉਂਦਾ। ਤਹੀਉਂ ਤਾਂ ਪਹਾੜਾਂ ਵਿਚ ਰਹਿਣ ਵਾਲੇ ਲੋਕ ਰਿਸ਼ਟ-ਪੁਸ਼ਟ ਅਤੇ ਅਰੋਗ ਹੁੰਦੇ। ਉਹ ਮਿਹਨਤੀ ਸੁਭਾਅ ਵਿਚੋਂ ਖੁਦ ਦਾ ਸਿਰਜਣਾ-ਸਰੂਪ।
ਪਰਬਤ, ਪਗਡੰਡੀਆਂ ਨੂੰ ਰਾਹ ਦਿੰਦਾ। ਪਰਬਤ ਹੀ ਸਮਝਦਾ ਬਾਰੂਦੀ ਦਰਦ ਨੂੰ ਜਦ ਇਸ ਦੀ ਹਿੱਕ ਚੀਰ ਕੇ ਲੰਘਦੀ ਸੁਰੰਗ, ਕੁਦਰਤੀ ਅਸੰਤੁਲਨ ਬਣਦੀ।
ਪਰਬਤ, ਇਕ ਵੰਗਾਰ। ਮਜਨੂੰ ਨੇ ਲੈਲਾ ਖਾਤਰ ਪਰਬਤ ਨਾਲ ਮੱਥਾ ਲਾਇਆ। ਅਜੋਕੇ ਸਮੇਂ ਵਿਚ ਸਿਹਤ ਸਹੂਲਤਾਂ ਲਈ ਤਰਸਦੀ ਪਤਨੀ ਦੀ ਮੌਤ ਦੇ ਵਿਯੋਗ ਵਿਚ ਬਿਹਾਰ ਦਾ ਸਿਰੜੀ ਦਸ਼ਰਥ ਮਾਂਝੀ 300 ਫੁੱਟ ਉਚੇ ਪਰਬਤ ਨੂੰ ਕੱਟ ਕੇ 60 ਪਿੰਡਾਂ ਲਈ ਰਾਹ ਬਣਾਉਣ ਵਿਚ ਕਾਮਯਾਬ ਹੋਇਆ ਤਾਂ ਕਿ ਉਸ ਦੇ ਪਿੰਡ ਦਾ ਕੋਈ ਵੀ ਵਿਅਕਤੀ ਮੁਢਲੀਆਂ ਸਹੂਲਤਾਂ ਨੂੰ ਤਰਸਦਾ, ਬਿਖੜੇ ਤੇ ਲੰਮੇਰੇ ਪੈਂਡਿਆਂ ਕਾਰਨ ਮੌਤ ਦਾ ਵਣਜ ਨਾ ਕਰੇ।
ਪਰਬਤ ਦੇ ਪਿੰਡੇ ‘ਤੇ ਨਕਸ਼ ਉਤਾਰਨ ਵਾਲੇ, ਇਸ ਦੀ ਜੂਹ ਵਿਚ ਘਰ ਬਣਾਉਣ ਵਾਲੇ ਅਤੇ ਇਸ ਦੀ ਪਰਿਕਰਮਾ ਵਿਚੋਂ ਅਸੀਸਾਂ ਤੇ ਦੁਆਵਾਂ ਪ੍ਰਾਪਤ ਕਰਨ ਵਾਲੇ, ਪਰਬਤੀ-ਹਾਸਲ।
ਪਰਬਤ ਏ ਤਾਂ ਬਾਰਸ਼ ਏ, ਪਹਾੜੀ ਜੀਵ ਸੰਸਾਰ ਏ, ਦਰਿਆਵਾਂ ਦੀ ਰਵਾਨਗੀ ਏ, ਝਰਨਿਆਂ ਦੀ ਕਲਕਲ ਹੈ ਅਤੇ ਵਿੰਗ-ਵਲੇਵੇਂ ਰਾਹਾਂ ਦੀ ਛੂਹ ਦਾ ਜਾਦੂਮਈ ਪ੍ਰਭਾਵ ਏ।
ਪਰਬਤ ਦੀ ਟੀਸੀ ਨੂੰ ਹੱਥ ਲਾਉਣ ਲਈ ਵਲੇਵੇਂਦਾਰ ਰਾਹ ਸਭ ਤੋਂ ਉਚਿੱਤ। ਸਿੱਧੇ ਰਾਹ, ਜਾਨ ਦਾ ਖੌਹ। ਸਿੱਧੀ ਸਫਲਤਾ ਸਿਰ ਨੂੰ ਚੜ੍ਹਦੀ ਜਦ ਕਿ ਮੁਸ਼ਕਿਲਾਂ ਤੇ ਮਿਹਨਤਾਂ ਵਿਚ ਰਮੀ ਸਫਲਤਾ ਜੀਵਨ-ਗਹਿਣਾ ਤੇ ਧਰਤ ‘ਤੇ ਰਹਿਣਾ।
ਪਰਬਤ ਦੇ ਪਿੰਡੇ ‘ਤੇ ਪਾੜ ਪੈਂਦਾ ਤਾਂ ਰਾਹ ਬਣਦੇ, ਪਗਡੰਡੀਆਂ ਪੈਰਾਂ ਦੀ ਕਦਮ-ਚਾਪ ਮਾਣਦੀਆਂ ਅਤੇ ਕਦਮ-ਤਾਲ ਦਾ ਸੰਗੀਤ, ਪਰਬਤੀ ਫਿਜ਼ਾ ਵਿਚ ਦੂਰ ਦੂਰ ਤੀਕ ਸੁਣਦਾ।
ਪਰਬਤ, ਰੌਲੇ-ਰੱਪੇ ਤੋਂ ਰਹਿਤ, ਪ੍ਰਦੂਸ਼ਣ ਤੋਂ ਮੁਕਤ। ਸਾਫ ਹਵਾ ਅਤੇ ਸੁ.ਧ ਪਾਣੀ, ਚੰਗੇਰੇ ਅਤੇ ਸਿਹਤਮੰਦ ਜੀਵਨ ਦੇ ਜਾਮਨ। ਨਿੱਕੀਆਂ ਜਿਹੀਆਂ ਤਰੰਗਾਂ ਦੀ ਰੁਮਕਣੀ ਦੂਰ ਦੂਰ ਤੀਕ ਪਰਬਤੀ ਵਿਸ਼ਾਲਤਾ ਵਿਚ ਰਸ ਘੋਲਦੀ। ਮਨੁੱਖ ਕੁਦਰਤ ਦੇ ਸਭ ਤੋਂ ਕਰੀਬ ਅਤੇ ਸਭ ਤੋਂ ਅਮੀਰ। ਦੁਨਿਆਵੀ ਸੁੱਖ ਕਿਵੇਂ ਕਰ ਸਕਦੇ ਨੇ ਕੁਦਰਤੀ ਨਿਆਮਤਾਂ ਦਾ ਮੁਕਾਬਲਾ।
ਪਰਬਤ, ਸਭ ਦੇ ਸਾਂਝੇ। ਮਨੁੱਖ ਵਲੋਂ ਪਾਈਆਂ ਪਰਬਤੀ ਵੰਡੀਆਂ ਜਾਂ ਇਸ ਦੀ ਹਿੱਕ ‘ਤੇ ਉਗੀਆਂ ਦੀਵਾਰਾਂ, ਜੰਗ ਦੀ ਪਰਿਭਾਸ਼ਾ। ਨਫਰਤੀ ਲਲਕਾਰੇ ਅਤੇ ਡੁੱਲਿਆ ਖੂਨ, ਪਰਬਤ ਦੀ ਹਿੱਕ ਵਿਚ ਸੁੰਨ ਬੀਜਦੇ ਅਤੇ ਪਰਬਤ ਗੁੰਮਸੁੰਮ ਹੋ ਜਾਂਦਾ।
ਪਰਬਤ, ਕੁਦਰਤੀ ਸੁੰਦਰਤਾ ਦਾ ਆਦਿ ਵੀ ਅਤੇ ਅੰਤ ਵੀ। ਇਹ ਤਾਂ ਮਨੁੱਖ ਨੇ ਸੋਚਣਾ ਕਿ ਇਸ ਨੂੰ ਸਦੀਵ ਰੱਖਣਾ ਜਾਂ ਇਸ ਦੇ ਸਰਬਨਾਸ਼ ਦਾ ਮੁੱਢ ਬੰਨਣਾ ਏ।
ਪਰਬਤ-ਟੀਸੀ ਇਸ ਲਈ ਸਭ ਤੋਂ ਉਚੀ ਨਹੀਂ ਹੁੰਦੀ ਕਿ ਸਮੁੱਚੀ ਕੁਦਰਤ ਉਸ ਨੂੰ ਦੇਖ ਸਕੇ ਸਗੋਂ ਇਸ ਲਈ ਉਚੀ ਹੁੰਦੀ ਹੈ ਕਿ ਉਹ ਕੁਦਰਤੀ ਸੁੰਦਰਤਾ ਅਤੇ ਅਸੀਮਤਾ ਨੂੰ ਚੰਗੀ ਤਰ੍ਹਾਂ ਨਿਹਾਰ ਸਕੇ।
ਪਰਬਤ, ਮਨੁੱਖੀ ਸਾਂਝ ਅਤੇ ਯਾਦਾਂ ਦੀ ਸਭ ਤੋਂ ਨਰੋਈ ਧਰਾਤਲ। ਹਨੀਮੂਨ ਜਾਂ ਸੈਰ-ਸਪਾਟੇ ਦੌਰਾਨ ਪਹਾੜਾਂ ਦਾ ਮਾਣਿਆ ਸਾਥ, ਸੁੰਦਰਤਾ ਨਾਲ ਪਾਈ ਸਾਂਝ ਅਤੇ ਇਸ ਦੀ ਅਪਣੱਤ ਵਿਚ ਮਾਣੇ ਪਲ, ਸਾਡੀਆਂ ਯਾਦਾਂ ਦਾ ਸਦੀਵੀ ਸਰਮਾਇਆ।
ਪਰਬਤ, ਜਿੰ.ਦਗੀ ਦੀ ਪੂਰਨ ਪਰਿਭਾਸ਼ਾ। ‘ਕੇਰਾਂ ਟੀਸੀ ‘ਤੇ ਪਹੁੰਚਣਾ ਕਠਿਨ। ਪਰ ਟੀਸੀ ‘ਤੇ ਜਾ ਕੇ ਹੀ ਤੁਸੀਂ ਸਫਲਤਾ ਦੀ ਸਿਖਰ ਹੁੰਦੇ। ਕੁਝ ਪ੍ਰਾਪਤੀ ਲਈ ਮਿਹਨਤ ਰੂਪੀ ਇਵਜ਼ਾਨਾ ਤਾਂ ਦੇਣਾ ਹੀ ਪਵੇਗਾ।
ਪਰਬਤੀ ਟੀਸੀ ‘ਤੇ ਆਪਣੀ ਬੁਲੰਦੀ ਦਾ ਝੰਡਾ ਲਹਿਰਾਉਣ ਵਾਲੇ, ਸਿਰਫ ਪਰਬਤਾਂ ਨੂੰ ਹੀ ਸਰ ਨਹੀਂ ਕਰਦੇ, ਦਰਅਸਲ ਇਹ ਖੁਦ ਦੇ ਇਮਤਿਹਾਨ ਵਿਚੋਂ ਬਾਖੂਬੀ ਪਾਸ ਹੁੰਦੇ।
ਪਰਬਤੀ ਅਵਾਰਗੀ ਦੌਰਾਨ ਜਦ ਮਨੁੱਖ ਬਿਰਖਾਂ ਨਾਲ ਸੰਵਾਦ ਰਚਾਉਂਦਾ, ਜੰਗਲੀ ਬੂਟੀਆਂ ਦੀ ਤਾਸੀਰ ਪਰਖਦਾ, ਕੁਦਰਤ ਦਾ ਆਗੋਸ਼ ਮਾਣਦੇ ਜਾਨਵਰਾਂ ਦੀ ਜੀਵਨੀ-ਝਾਤ ਨੂੰ ਅੰਤਰੀਵ ਵਿਚ ਉਤਾਰਦਾ ਅਤੇ ਕੁਦਰਤੀ ਵਿਸ਼ਾਲਤਾ ਦੇ ਸਨਮੁਖ, ਖੁਦ ਦੇ ਬੌਣੇਪਣ ਦੀ ਤੁਲਨਾ ਕਰਦਾ ਤਾਂ ਮਨੁੱਖ, ਜੀਵਨੀ ਸੱਚ ਦੇ ਸਭ ਤੋਂ ਕਰੀਬ ਹੁੰਦਾ।
ਪਰਬਤ ਦੀ ਸਿਖਰ ‘ਤੇ ਪਹੁੰਚਣਾ ਕੁਝ ਹੱਦ ਤੀਕ ਸਹਿਲ ਪਰ ਸਿਖਰ ‘ਤੇ ਆਪਣੀ ਸਦੀਵ ਸਥਾਪਤੀ ਦਾ ਪਰਚਮ ਲਹਿਰਾਉਣਾ, ਸਭ ਤੋਂ ਕਠਿਨ। ਤੇਜ ਹਵਾਵਾਂ, ਬਰਫੀਲੇ ਮੌਸਮ ਅਤੇ ਨਾਸਾਜ਼ਗਾਰ ਹਾਲਾਤ, ਮਨੁੱਖੀ ਫਿਤਰਤ ਦਾ ਸਭ ਤੋਂ ਕਰੜਾ ਇਮਤਿਹਾਨ।
ਪਰਬਤੀ ਸਿਖਰ ਨੂੰ ਰਸਤਾ ਜਰੂਰ ਜਾਂਦਾ। ਹੋ ਸਕਦਾ ਕਈ ਵਾਰ ਸਾਨੂੰ ਦਿਖਾਈ ਨਾ ਦੇਵੇ ਪਰ ਰਸਤੇ ਦੀ ਸੂਹ ਕੱਢਣ ਵਾਲੇ ਹੀ ਬਿੱਖੜੇ ਪੈਂਡਿਆਂ ਦੇ ਸ਼ਾਹ-ਅਸਵਾਰ।
ਪਰਬਤ ਨੂੰ ਸਰ ਕਰਨ ਲਈ ਸਭ ਤੋਂ ਪਹਿਲਾਂ ਨਿੱਕੇ ਨਿੱਕੇ ਰੋੜਿਆਂ ਨੂੰ ਰਾਹਾਂ ‘ਚੋਂ ਹਟਾਓ। ਤੁਹਾਡੇ ਪੈਰਾਂ ਨੂੰ ਸਫਲ ਰਾਹਾਂ ਦਾ ਮਾਰਗ-ਦਰਸ਼ਨ ਪ੍ਰਾਪਤ ਹੋਵੇਗਾ।
ਪਰਬਤ ਨੂੰ ਸਿਜ਼ਦਾ ਕਰੋ ਕਿਉਂ ਪਰਬਤ ਅਚੇਤ ਰੂਪ ਵਿਚ ਬਹੁਤ ਕੁਝ ਸਾਡੀ ਸੋਚ-ਜੂਹੇ ਧਰਦੇ, ਜਿਸ ਦੀ ਤੰਦ ਫੜ੍ਹ ਕੇ ਅਸੀਂ ਜੀਵਨ-ਮਾਰਗ ਦੇ ਨਾਮ, ਨਵੇਂ ਦਿਸਹੱਦੇ ਅਤੇ ਨਵੇਂ ਕੀਰਤੀਮਾਨ ਕਰ ਸਕਦੇ ਹਾਂ।
ਪਰਬਤੀ ਸੰਵਾਦ, ਤੁਹਾਡੀ ਦਿੱਭ ਦ੍ਰਿਸ਼ਟੀ ਅਤੇ ਅੰਬਰੀਂ ਉਡਾਣ ਦਾ ਪਲੇਠਾ ਸਬਕ। ਕਦੇ ਕਦਾਈਂ ਪਰਬਤਾਂ ਸੰਗ ਸੰਵਾਦ ਰਚਾਉਂਦੇ ਰਿਹਾ ਕਰੋ। ਨਵੇਂ ਸੁਪਨੇ, ਨਵੀਆਂ ਸੰਭਾਵਨਾਵਾਂ ਅਤੇ ਨਿਵੇਕਲੀਆਂ ਸਫਲਤਾਵਾਂ ਤੁਹਾਡਾ ਹਾਸਲ ਬਣਨਗੀਆਂ।