ਮਾਂ ਬੋਲੀ ਲਈ ਮਹਾਮਾਰਚ

ਇਕ ਹੋਰ ਕੌਮਾਂਤਰੀ ਮਾਂ ਬੋਲੀ ਦਿਵਸ ਲੰਘ ਗਿਆ ਹੈ। ਉਂਜ ਐਤਕੀਂ ਇਹ ਦਿਵਸ ਪਿਛਲੇ ਸਾਰੇ ਸਾਲਾਂ ਨਾਲੋਂ ਰਤਾ ਕੁ ਵੱਖਰਾ ਸੀ। ਅਜਿਹੇ ਦਿਵਸ ਭਾਵੇਂ ਬਹੁਤ ਹੱਦ ਤੱਕ ਰਸਮ ਜਿਹੀ ਬਣ ਕੇ ਰਹਿ ਜਾਂਦੇ ਹਨ, ਪਰ ਇਸ ਵਾਰ ਪੰਜਾਬ ਵਿਚ ਹਰ ਪੱਧਰ ਉਤੇ ਮਾਂ ਬੋਲੀ ਪੰਜਾਬੀ ਬਾਰੇ ਚੇਤਨਾ ਦਾ ਪਾਸਾਰ ਹੁੰਦਾ ਨਜ਼ਰੀਂ ਆਇਆ। ਅਸਲ ਵਿਚ ਚੇਤਨਾ ਹੀ ਉਹ ਮੋੜ ਹੈ ਜੋ ਹਰ ਸੰਕਟ ਜਾਂ ਔਕੜ ਨੂੰ ਵੱਢ ਸੁੱਟਣ ਦੀ ਤਾਕਤ ਰੱਖਦਾ ਹੈ। ਮਾਂ ਬੋਲੀ ਬਾਰੇ ਚੇਤਨਾ ਦੀ ਇਹ ਲਹਿਰ ਹਰ ਸੰਕਟ ਵੱਢਣ ਲਈ ਤੂਫਾਨ ਬਣੇਗੀ, ਅਜਿਹੀ ਆਸ ਕਰਨੀ ਚਾਹੀਦੀ ਹੈ। ਅਜਿਹਾ ਇਸ ਕਰ ਕੇ ਵੀ ਜ਼ਰੂਰੀ ਹੈ ਕਿਉਂਕਿ ਹਰ ਪਾਸੇ ਵਿਰੋਧੀ ਹਾਲਾਤ ਹਨ। ਆਲੇ-ਦੁਆਲੇ ਵਿਚ ਅੰਗਰੇਜ਼ੀ ਅਤੇ ਹਿੰਦੀ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਅਸਲ ਪੰਜਾਬੀ ਲਗਾਤਾਰ ਹਾਸ਼ੀਏ ਉਤੇ ਜਾ ਰਹੀ ਹੈ। ਹਰ ਦੌਰ ਦਾ ਭਾਵੇਂ ਆਪਣਾ ਇਕ ਮੁਹਾਵਰਾ ਹੁੰਦਾ ਹੈ, ਪਰ ਅੱਜਕੱਲ੍ਹ ਸੰਚਾਰ ਦੇ ਸਾਧਨਾਂ ਨੇ ਕਈ ਮਾਮਲਿਆਂ ਵਿਚ ਪੰਜਾਬੀਆਂ ਨੂੰ ਨਿਹੱਥੇ ਕਰ ਦਿੱਤਾ ਹੈ। ਕੰਪਿਊਟਰ ਅਤੇ ਤਕਨੀਕੀ ਪਾਸਾਰ ਨੇ ਤਾਂ ਸਗੋਂ ਅੰਗਰੇਜ਼ੀ ਉਤੇ ਨਿਰਭਰਤਾ ਪਹਿਲਾਂ ਨਾਲੋਂ ਕਈ ਗੁਣਾ ਵਧਾ ਦਿੱਤੀ ਹੈ। ਗਿਆਨ ਦੇ ਸਰੋਤ ਇੰਟਰਨੈਟ ਨਾਲ ਜੁੜ ਕੇ ਇਸ ਖਾਸ ਭਾਸ਼ਾ ਤੱਕ ਸਿਮਟ ਗਏ ਹਨ। ਅਜਿਹੇ ਹਾਲਾਤ ਵਿਚ ਮਾਂ ਬੋਲੀ ਲਈ ਉਚੇਚੇ ਤਰੱਦਦ ਦੀ ਲੋੜ ਪੈਂਦੀ ਹੈ ਤਾਂ ਕਿ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਦੇ ਹਾਣ ਮੁਤਾਬਕ ਵਰ ਮੇਚਿਆ ਜਾ ਸਕੇ। ਇਥੋਂ ਹੀ ਪੰਜਾਬੀ ਦੀ ਤਰਾਸਦੀ ਆਰੰਭ ਹੁੰਦੀ ਹੈ। ਕੰਪਿਊਟਰ ਅਤੇ ਤਕਨੀਕ ਦੇ ਪੱਖ ਤੋਂ ਭਾਵੇਂ ਇਸ ਖੇਤਰ ਦੇ ਕਾਮਿਆਂ ਨੇ ਬਥੇਰੀਆਂ ਮੱਲਾਂ ਮਾਰੀਆਂ ਹਨ ਪਰ ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਇਕ ਗੱਲ ਹੋਰ, ਪੰਜਾਬੀ ਨਾਲ ਹੋ ਰਹੀ ਵਧੀਕੀ ਦਾ ਕਾਰਨ ਇਕੱਲੀਆਂ ਅਜਿਹੀਆਂ ਤਕਨੀਕਾਂ ਆਦਿ ਹੀ ਨਹੀਂ, ਕੁਝ ਹੋਰ ਕਾਰਨ ਵੀ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਲਈ ਬਹੁਤੇ ਪੰਜਾਬੀ ਅਜੇ ਤੱਕ ਤਿਆਰ ਨਹੀਂ ਹਨ। ਸਿਆਸਤ ਹੁਣ ਕਿਉਂਕਿ ਨਿਰੋਲ ਵਪਾਰ ਦਾ ਜਰੀਆ ਬਣ ਗਈ ਹੈ, ਇਸ ਲਈ ਸਿਆਸੀ ਆਗੂਆਂ ਦੇ ਏਜੰਡੇ ਉਤੇ ਮਾਂ ਬੋਲੀ ਦਾ ਪਾਸਾਰ ਬਿਲਕੁਲ ਨਹੀਂ ਹੈ। ਨਹੀਂ ਤਾਂ ਜੱਗ-ਜਹਾਨ ਨੂੰ ਪਤਾ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਹੀ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ; ਹੋਰ ਤਾਂ ਹੋਰ ਕਈ ਸਕੂਲਾਂ ਵਿਚ ਪੰਜਾਬੀ ਬੋਲਣ ‘ਤੇ ਬੱਚੇ ਨੂੰ ਸਜ਼ਾ ਤੱਕ ਦਿੱਤੀ ਜਾਂਦੀ ਹੈ, ਤੇ ਇਸ ਮਸਲੇ ਉਤੇ ਸਰਕਾਰ ਦੇ ਕੰਨ ‘ਤੇ ਕਦੀ ਜੂੰ ਤੱਕ ਨਹੀਂ ਸਰਕਦੀ। ਬਾਕੀ ਰਹਿ ਜਾਂਦੀਆਂ ਹਨ ਪੰਜਾਬੀ ਨੂੰ ਸਮਰਪਿਤ ਸੰਸਥਾਵਾਂ ਜਾਂ ਜਥੇਬੰਦੀਆਂ; ਇਨ੍ਹਾਂ ਦਾ ਹਾਲ ਇਹ ਹੈ ਕਿ ਇਸ ਕਾਜ ਲਈ ਇਹ ਅਜੇ ਤੱਕ ਜਥੇਬੰਦ ਹੀ ਨਹੀਂ ਹੋ ਸਕੀਆਂ। ਕੇਂਦਰੀ ਲੇਖਕ ਸਭਾ ਨੇ ਇਸ ਮਸਲੇ ਨੂੰ ਲੈ ਕੇ ਪਹਿਲਾਂ ਕਈ ਵਾਰ ਹੰਭਲਾ ਮਾਰਿਆ, ਪਰ ਹਰ ਵਾਰ ਸਰਕਾਰੀ ਭਰੋਸੇ ਤੋਂ ਬਾਅਦ ਪਿੱਛੇ ਮੁੜਦੇ ਰਹੇ। ਇਸ ਵਾਰ ਇਸ ਦੀ ਅਗਵਾਈ ਹੇਠ ਪੰਜਾਬੀ ਦੇ ਵਡੇ ਮੁੱਦਈ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਪਿੰਡ ਚੂਹੜ ਚੱਕ ਤੋਂ ਚੇਤਨਾ ਮਾਰਚ ਕੀਤਾ ਗਿਆ, ਪਰ ਮੁੱਦਾ ਹੁਣ ਇਹ ਹੈ ਕਿ ਅਜਿਹੇ ਕਾਰਜਾਂ ਦੀ ਲਗਾਤਾਰਤਾ ਬਹੁਤੀ ਦੇਰ ਨਹੀਂ ਰਹਿੰਦੀ। ਸਿੱਟੇ ਵਜੋਂ ਕੁਝ ਚਿਰ ਦੀ ਸਰਗਰਮੀ ਤੋਂ ਬਾਅਦ ਮਸਲਾ ਠੱਪ ਹੋ ਜਾਂਦਾ ਹੈ। ਅਗਲੇ ਸਾਲ ਫਿਰ ਉਹੀ ਗੱਲਾਂ, ਉਹੀ ਬਾਤਾਂ!
ਇਸ ਅਹਿਮ ਮਸਲੇ ਬਾਬਤ ਰਤਾ ਕੁ ਨੀਝ ਨਾਲ ਘੋਖ ਕਰਦਿਆਂ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਇਸ ਬਾਰੇ ਉਕਾ ਹੀ ਅਵੇਸਲੀ ਹੈ, ਸਗੋਂ ਕਹਿਣਾ ਚਾਹੀਦਾ ਹੈ ਕਿ ਇਹ ਮਾਂ ਬੋਲੀ ਲਈ ਫਿਕਰਮੰਦ ਹੀ ਨਹੀਂ ਹੈ। ਹੁਣ ਢਾਂਚਾ ਵੀ ਇੱਦਾਂ ਦਾ ਬਣਾ ਦਿੱਤਾ ਗਿਆ ਹੈ ਕਿ ਲੇਖਕਾਂ ਨੂੰ ਪਤਿਆਉਣ-ਵਰਾਉਣ ਨੂੰ ਹੀ ਮਾਂ ਬੋਲੀ ਦੀ ਸੇਵਾ ਮੰਨ ਲਿਆ ਗਿਆ ਹੈ। ਇਸ ਤੋਂ ਵੱਧ ਪੰਜਾਬ ਵਿਚ ਬਣੀ ਕੋਈ ਸਰਕਾਰ ਵੀ ਕੁਝ ਕਰ ਕੇ ਰਾਜ਼ੀ ਨਹੀਂ ਅਤੇ ਲੇਖਕਾਂ ਦਾ ਦਾਈਆ ਵੀ ਇੱਥੋਂ ਤੱਕ ਹੀ ਸੀਮਤ ਰਿਹਾ ਹੈ। ਵਿੱਦਿਆ ਦੇ ਉਚ ਕੇਂਦਰਾਂ ਯੂਨੀਵਰਸਿਟੀਆਂ ਦੇ ਵਿਦਵਾਨ ਲੋਕਾਂ ਦੇ ਕਹਿਣੇ ਹੀ ਕੀ! ਇਨ੍ਹਾਂ ਦੀ ਬਦੌਲਤ ਹੁਣ ਪੰਜਾਬੀ ਦੀ ਵੱਖਰੀ ਵੰਨਗੀ ਵੀ ਬਣ ਗਈ ਹੈ। ਆਪਣੀ ਵਿਦਵਤਾ ਦੀ ਨੁਮਾਇਸ਼ ਲਈ ਇਹ ਆਪਣੀਆਂ ਲਿਖਤਾਂ ਹੋਰ ਭਾਸ਼ਾਵਾਂ ਦੇ ਭਾਰੇ-ਗੌਰੇ ਸ਼ਬਦਾਂ ਨਾਲ ਸ਼ਿੰਗਾਰਦੇ ਹਨ। ਅੰਗਰੇਜ਼ੀ ਦੀ ਨਕਲ ਮਾਰਦਿਆਂ ਵਾਕ ਬਣਤਰ ਇੰਨੀ ਮਸ਼ੀਨੀ ਬਣਾ ਦਿੱਤੀ ਗਈ ਹੈ ਕਿ ਲਿਖਤ ਪੜ੍ਹਦਿਆਂ ਪਾਠਕ ਦਾ ਸਾਹ ਅੱਧ-ਵਾਟੇ ਹੀ ਟੁੱਟ ਜਾਂਦਾ ਹੈ। ਅਸਲ ਵਿਚ ਪੰਜਾਬੀ ਨਾਲ ਹਾਦਸਾ-ਦਰ-ਹਾਦਸਾ ਹੋਇਆ। ਸਭ ਤੋਂ ਵੱਡਾ ਹਾਦਸਾ ਪੰਜਾਬ ਦੀ ਵੰਡ ਸੀ। ਇਸ ਵੰਡ ਨੇ ਭਾਸ਼ਾ ਨੂੰ ਧਰਮ ਵੱਲ ਧੱਕ ਦਿੱਤਾ। ਸੁੱਤੇ-ਸਿੱਧ ਹੀ ਉਰਦੂ ਮੁਸਲਮਾਨਾਂ ਅਤੇ ਪੰਜਾਬੀ ਸਿੱਖਾਂ ਨਾਲ ਜੁੜ ਗਈ। ਇਸੇ ਤਰ੍ਹਾਂ ਹਿੰਦੂ, ਹਿੰਦੀ ਵੱਲ ਖਿੱਚੇ ਗਏ। ਇਹ ਲਕੀਰਾਂ ਅਜੇ ਤੱਕ ਮੇਟੀਆਂ ਨਹੀਂ ਜਾ ਸਕੀਆਂ। ਵੰਡ ਦਾ ਇਹ ਕਹਿਰ ਸਦਾ ਹੀ ਪੰਜਾਬੀ ਦੇ ਨਾਲ-ਨਾਲ ਚੱਲਿਆ ਹੈ। ਇਸ ਕੁਹਜ ਦੇ ਮਾਰੂ ਨਤੀਜੇ ਹੁਣ ਪੰਜਾਬੀ ਦੇ ਲਗਾਤਾਰ ਵਿਗਾੜ ਅਤੇ ਨਿਘਾਰ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ। ਨਿੱਤ ਦਿਨ ਪੰਜਾਬੀ ਦਾ ਠੁੱਕਦਾਰ ਮੁਹਾਵਰਾ ਬੀਤੇ ਦੀਆਂ ਬਾਤਾਂ ਬਣ ਰਿਹਾ ਹੈ। ਸਿਤਮਜ਼ਰੀਫੀ ਇਹ ਕਿ ਇਸ ਨੂੰ ਠੱਲ੍ਹ ਪਾਉਣ ਲਈ ਕੋਈ ਜਥੇਬੰਦ ਉਪਰਾਲਾ ਕਿਸੇ ਪਾਸੇ ਦਿਖਾਈ ਨਹੀਂ ਦੇ ਰਿਹਾ। ਨਵੀਂ ਪੀੜ੍ਹੀ ਰੁਜ਼ਗਾਰ ਅਤੇ ਕਿੱਤਿਆਂ ਦੇ ਬਹਾਨੇ ਇਸ ਤੋਂ ਮੂੰਹ ਮੋੜ ਰਹੀ ਹੈ। ਅੱਜ ਹਰ ਮਹਿਫਿਲ ਵਿਚ ਅਖੌਤੀ ਪੰਜਾਬੀ ਗੀਤ-ਸੰਗੀਤ, ਲਿਬਾਸ, ਖਾਣਿਆਂ ਆਦਿ ਦਾ ਬੋਲ-ਬਾਲਾ ਹੁੰਦਾ ਹੈ, ਪਰ ਕੀ ਕਾਰਨ ਹਨ ਕਿ ਇਸ ਸਭ ਦੇ ਬਵਜੂਦ ਮਾਂ ਬੋਲੀ ਪੰਜਾਬੀ ਪਛੜ ਰਹੀ ਹੈ? ਜਿੰਨਾ ਚਿਰ ਅਸੀਂ ਇਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਨਹੀਂ ਕਰਦੇ, ਉਨਾ ਚਿਰ ਅਸੀਂ ਬੱਸ ਇਕ-ਦੂਜੇ ਨੂੰ ਉਲਾਂਭੇ ਦਿੰਦੇ ਰਹਾਂਗੇ। ਪਰਦੇਸਾਂ ਵਿਚ ਵੀ ਅਸੀਂ ਪੰਜਾਬੀ ਦਾ ਫਿਕਰ ਤਾਂ ਕਰਦੇ ਹਾਂ ਪਰ ਬੱਚਿਆਂ ਨਾਲ ਗੱਲ ਅੰਗਰੇਜ਼ੀ ਵਿਚ ਹੀ ਕਰਦੇ ਹਾਂ। ਨਿੱਗਰ ਕੰਮ ਉਦੋਂ ਹੀ ਸੰਭਵ ਬਣ ਸਕੇਗਾ ਜਦੋਂ ਤੇਜ਼ੀ ਨਾਲ ਆ ਰਹੇ ਨਿਘਾਰ ਦੀ ਜੜ੍ਹ ਫੜ ਲਈ। ਸਾਡੇ ਸਾਰਿਆਂ ਸਿਰ ਮਾਂ ਬੋਲੀ ਦਾ ਕਰਜ਼ਾ ਹੈ ਜਿਸ ਨੂੰ ਹਰ ਹੀਲੇ ਉਤਾਰਨ ਲਈ ਟਿੱਲ ਲਾਉਣਾ ਚਾਹੀਦਾ ਹੈ। ਇਸ ਦੇ ਲਈ ਕੀਤੀ ਕੋਈ ਵੀ ਕੁਰਬਾਨੀ ਅਤੇ ਤਾਰੀ ਗਈ ਕੋਈ ਵੀ ਕੀਮਤ ਛੋਟੀ ਹੀ ਹੋਵੇਗੀ।

Be the first to comment

Leave a Reply

Your email address will not be published.