ਆਵਾਜ਼ ਦੇ ਕਹਾਂ ਹੈ…

ਆਕਾਸ਼ਵਾਣੀ ਦੀ ਪੰਜਾਬੀ ਪ੍ਰਸਾਰਨ ਸੇਵਾ ਦਾ ਕਿਥੇ ਗਿਆ ਪੁਰਾਣਾ ਰਸ?
ਕੋਈ ਵੇਲਾ ਸੀ ਜਦੋਂ ਰੇਡੀਓ ਦੀ ਬੜੀ ਚੜ੍ਹਤ ਸੀ। ਉਸ ਵੇਲੇ ਆਕਾਸ਼ਬਾਣੀ ਜਲੰਧਰ ਦੀਆਂ ਚਾਰੇ ਪਾਸੇ ਧੁੰਮਾਂ ਸਨ। ਬਹੁਤ ਸਾਰੇ ਕਾਰਨਾਂ ਕਰ ਕੇ ਬਹੁਤ ਕੁਝ ਬਦਲ ਗਿਆ ਹੈ। ਹੁਣ ਰੇਡੀਓ ਤਾਂ ਵੱਜਦਾ ਹੈ, ਪਰ ਇਸ ਵਿਚ ਜ਼ਮੀਨ-ਆਸਮਾਨ ਦਾ ਫਰਕ ਆ ਗਿਆ ਹੈ। ਇਸ ਫਰਕ ਬਾਰੇ ਚਰਚਾ ਰਾਮੇਸ਼ਵਰ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ ਜੋ ਅਸੀਂ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

-ਸੰਪਾਦਕ

ਰਾਮੇਸ਼ਵਰ ਸਿੰਘ
ਫੋਨ: 91-90565-10390

ਆਕਾਸ਼ਵਾਣੀ ਵਲੋਂ ਪੰਜਾਬੀ ਪ੍ਰਸਾਰਨ ਸੇਵਾ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਸ਼ੁਰੂ ਕੀਤੀ ਗਈ। ਸ਼ੁਰੂਆਤੀ ਦੌਰ ਵਿਚ ਖੇਤੀਬਾੜੀ, ਖ਼ਬਰਾਂ ਅਤੇ ਮਨੋਰੰਜਨ ਇਸ ਦਾ ਮੁੱਖ ਮਨੋਰਥ ਸੀ। ਇਹ ਪ੍ਰਸਾਰਨ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਸੀ। ਪਹਿਲੀ ਸਭਾ ਧਾਰਮਿਕ ਸ਼ਬਦ ਅਤੇ ਭਜਨਾਂ ਨਾਲ ਸ਼ੁਰੂ ਹੁੰਦੀ ਸੀ। ਪੰਜ ਮਿੰਟ ਖੇਤੀਬਾੜੀ ਖ਼ਬਰਾਂ ਫਿਰ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੇ ਸਮਾਚਾਰ ਅਤੇ ਬਾਅਦ ਵਿਚ ਕੁਝ ਸਾਹਿਤਕ ਵੰਨਗੀਆਂ ਤੇ ਅੱਧਾ ਘੰਟਾ ਸ਼ਾਸਤਰੀ ਸੰਗੀਤ ਪੇਸ਼ ਕਰ ਕੇ ਪਹਿਲੀ ਸਭਾ ਖ਼ਤਮ ਹੋ ਜਾਂਦੀ ਸੀ। ਦੂਸਰੀ ਸਭਾ 12 ਵਜੇ ਸ਼ੁਰੂ ਹੁੰਦੀ ਸੀ, ਜਿਸ ਵਿਚ ਤਿੰਨ ਦਿਨ ਭੈਣਾਂ ਲਈ ਵੱਖ ਵੱਖ ਨਾਵਾਂ ਨਾਲ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸਨ। ਹਿੰਦੀ ਅੰਗਰੇਜ਼ੀ ਖ਼ਬਰਾਂ ਤੋਂ ਬਾਅਦ ਹਿੰਦੀ ਗੀਤਾਂ ਦਾ ਪ੍ਰਸਾਰਨ ‘ਫ਼ੌਜੀ ਵੀਰਾਂ ਲਈ’ ਹਰ ਰੋਜ਼ ਪੇਸ਼ ਹੁੰਦਾ ਸੀ। ਹਰ ਰੋਜ਼ 10 ਮਿੰਟ ਦਾ ਖੇਤੀਬਾੜੀ ਪ੍ਰੋਗਰਾਮ, ਹਰ ਰੋਜ਼ ਪੰਦਰਾਂ ਮਿੰਟ ਲੋਕ ਗੀਤ ਅਤੇ ਲੋਕ ਗਾਥਾਵਾਂ ਤਕ ਹੀ ਪ੍ਰੋਗਰਾਮ ਸੀਮਤ ਸਨ।
ਤੀਸਰੀ ਸਭਾ ਸ਼ਾਮ 4.30 ਵਜੇ ਗੀਤ-ਸੰਗੀਤ ਲੋਕ ਹਿੱਤ ਤੇ ਜਾਣਕਾਰੀ ਵਾਰਤਾਵਾਂ, ਕਵੀ ਦਰਬਾਰ ਤੇ ਗੀਤਾਂ ਨਾਲ ਪ੍ਰੋਗਰਾਮ ‘ਮੌਲੀ ਧਰਤੀ’ ਪੇਸ਼ ਹੁੰਦਾ ਸੀ। ਉਸ ਤੋਂ ਤੁਰੰਤ ਬਾਅਦ ਅੱਧੇ ਘੰਟੇ ਦਾ ‘ਖੇਤੀ ਖਲਵਾੜਾ’ ਪ੍ਰੋਗਰਾਮ ਖੇਤੀਬਾੜੀ ਸਬੰਧੀ ਜਾਣਕਾਰੀ ਮੁਹੱਈਆ ਕਰਦਾ ਸੀ। ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖ ਕੇ ਇਹ ਦੋਵੇਂ ਪ੍ਰੋਗਰਾਮ ਮਿਲਾ ਕੇ ‘ਦਿਹਾਤੀ ਪ੍ਰੋਗਰਾਮ’ ਨਾਮ ਦੇ ਦਿੱਤਾ। ਇਹ ਬਹੁਤ ਮਕਬੂਲ ਪ੍ਰੋਗਰਾਮ ਰਿਹਾ ਜੋ ਹੁਣ ਵੀ ਚਾਲੂ ਹੈ। ਧਾਰਮਿਕ ਪ੍ਰੋਗਰਾਮ 5.30 ਵਜੇ ਸ਼ਾਮ ਨੂੰ 70ਵੇਂ ਦਹਾਕੇ ਵਿਚ ਚਾਲੂ ਹੋਇਆ। ਇਸ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ। ਇਹ ਹੁਣ ਵੀ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਹੈ। ਖ਼ਬਰਾਂ ਤੋਂ ਬਾਅਦ ਕਦੇ ਨਾਟਕ ਤੇ ਕੁਝ ਪ੍ਰਸਾਰਨ ਦਿੱਲੀ ਕੇਂਦਰ ਤੋਂ ਪ੍ਰਸਾਰਤ ਹੁੰਦੇ ਸਨ। ਸ਼ਾਸਤਰੀ ਸੰਗੀਤ ਨਾਲ ਰਾਤ ਦਸ ਵਜੇ ਪ੍ਰਸਾਰਨ ਬੰਦ ਹੋ ਜਾਂਦਾ ਸੀ। ਐਤਵਾਰ ਨੂੰ ਮਨੋਰੰਜਨ ਪ੍ਰੋਗਰਾਮ ਅਲੱਗ ਅਲੱਗ ਰੂਪ ਵਿਚ ਪੇਸ਼ ਹੁੰਦੇ ਸਨ।
1970ਵਿਆਂ ਵਿਚ ਵਿਦੇਸ਼ੀ ਪ੍ਰੋਗਰਾਮ, ਜਿਸ ਦਾ ਮੁੱਖ ਮਨੋਰਥ ਪੰਜਾਬੀ ਪ੍ਰਸਾਰਨ ਨੂੰ ਗੁਆਂਢੀ ਮੁਲਕ ਦੇ ਪੰਜਾਬੀਆਂ ਵਿਚ ਮਕਬੂਲ ਕਰਨਾ ਸੀ, ‘ਦੇਸ਼ ਪੰਜਾਬ’ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਵਿਵਿਧ ਭਾਰਤੀ (ਹਿੰਦੀ ਪ੍ਰਸਾਰਨ) ਸੇਵਾ ਸ਼ੁਰੂ ਹੋਈ, ਜਿਸ ਲਈ ਪ੍ਰੋਗਰਾਮ ਮੁੰਬਈ ਤੋਂ ਬਣ ਕੇ ਆਉਂਦੇ ਸਨ। ਫਿਰ ਸਾਡੇ ਦੇਸ਼ ਵਿਚ ਡੀ.ਟੀ.ਐਚ. ਸੇਵਾ ਸ਼ੁਰੂ ਹੋਈ, ਜਲੰਧਰ ਆਕਾਸ਼ਵਾਣੀ ਕੇਂਦਰ ਵੀ ਇਸ ਸੇਵਾ ਨਾਲ ਜੁੜਿਆ। ਐਫ਼ਐਮ. ਤਕਨੀਕ ਨਾਲ ਪ੍ਰੋਗਰਾਮ ਦੂਰ ਤਕ ਅਤੇ ਸਾਫ਼ ਪਹੁੰਚਣੇ ਸ਼ੁਰੂ ਹੋਏ। ਇਹ ਸੇਵਾ 24 ਘੰਟੇ ਚਾਲੂ ਹੋਈ। ਸਮਾਂ ਵਧਣ ਨਾਲ ਗੀਤ-ਸੰਗੀਤ ਦੇ ਪ੍ਰੋਗਰਾਮ ਵਧ ਗਏ। ਪ੍ਰਸਾਰ ਭਾਰਤੀ ਕਾਰਪੋਰੇਸ਼ਨ ਅਦਾਰਾ ਆਉਣ ਕਾਰਨ ਇਹ ਅਦਾਰਾ ਅਰਧ ਸਰਕਾਰੀ ਬਣ ਗਿਆ। ਇਸ ਵਿਚ ਮੁੱਖ ਅਧਿਕਾਰੀ ਹੀ ਪੱਕੇ ਮੁਲਾਜ਼ਮ ਹਨ, ਐਂਕਰ ਦਿਹਾੜੀਨੁਮਾ ਬਣ ਜਾਣ ਕਰ ਕੇ ਪ੍ਰਸਾਰ ਦਾ ਪੱਧਰ ਥੋੜ੍ਹਾ ਥੱਲੇ ਆ ਗਿਆ। ਇਸ ਸਮੇਂ ਦੌਰਾਨ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਐਫ਼ਐਮ. ਨਵੇਂ ਕੇਂਦਰ ਵੀ ਚਾਲੂ ਹੋਏ, ਜੋ ਕੁਝ ਦਿੱਲੀ ਤੋਂ ਪ੍ਰਸਾਰਨ ਅਤੇ ਕੁਝ ਵਿਵਿਧ ਭਾਰਤੀ ਨੂੰ ਵੱਧ ਸਮਾਂ ਦਿੰਦੇ ਸਨ, ਪਰ ਪੰਜਾਬੀ ਲਈ ਕੁਝ ਘੰਟੇ ਹੀ ਸੀਮਤ ਸਨ। ਡੀ.ਟੀ.ਐਚ. ਸੇਵਾ ਚਾਲੂ ਹੋਣ ਨਾਲ ਇਹ ਚੈਨਲ ਵੀ ਪੂਰਨ ਰੂਪ ਵਿਚ ਪੰਜਾਬੀ ਬਣ ਗਏ।
ਹੁਣ ਪ੍ਰਸਾਰ ਭਾਰਤੀ ਨੇ ਐਫ਼ਐਮ. ਨਾਲ ਆਕਾਸ਼ਵਾਣੀ ਜਲੰਧਰ ਦਾ ਦਾਇਰਾ ਵਧਾਉਣ ਲਈ ਦੋ ਟਰਾਂਸਮੀਟਰ ਕਸੌਲੀ ਤੇ ਫਾਜ਼ਿਲਕਾ ਵਿਚ ਚਾਲੂ ਕਰ ਦਿੱਤੇ। ਰੇਡੀਓ ਦੇ ਨਾਲ ਇਹ ਪ੍ਰਸਾਰਨ ਮੋਬਾਈਲ ਫੋਨ ‘ਤੇ ਵੀ ਸੁਣਿਆ ਜਾ ਸਕਦਾ ਹੈ। ਤਕਨੀਕੀ ਸ਼ਬਦ ਏ.ਆਈ.ਆਰ., ਪੰਜਾਬੀ ਹੋਣ ਕਰ ਕੇ ਆਕਾਸ਼ਵਾਣੀ ਜਲੰਧਰ ਵਾਲੇ ਆਪਣੇ ਚੈਨਲ ਦਾ ਨਾਂ ਭੁੱਲ ਕੇ ਹੁਣ ਏ.ਆਰ. ਪੰਜਾਬੀ ਬੋਲਣ ਲੱਗ ਪਏ। ਪਤਾ ਨਹੀਂ, ਇਹ ਪ੍ਰਸਾਰ ਭਾਰਤੀ ਦਾ ਹੁਕਮ ਹੈ ਜਾਂ ਐਂਕਰ ਆਪਣੇ ਪੰਜਾਬੀ ਚੈਨਲ ਦਾ ਨਾਂ ਹੀ ਭੁੱਲ ਗਏ।
ਐਫ਼ਐਮ. 100.8 ਫਾਜ਼ਿਲਕਾ, 100.9 ਕਸੌਲੀ ਮੀਡੀਅਮ ਵੇਵ ‘ਤੇ ਸਵੇਰੇ 4 ਵਜੇ ਤੋਂ ਲਗਾਤਾਰ ਰਾਤ 11.10 ਵਜੇ ਤਕ ਚੱਲਦਾ ਹੈ। ਸਵੇਰੇ 4 ਵਜੇ ਤੋਂ 6 ਵਜੇ ਤਕ ਸਰਕਾਰੀ ਹੁਕਮ ਅਨੁਸਾਰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਹੁੰਦਾ ਹੈ। ਉਸ ਤੋਂ ਬਾਅਦ ਜਲੰਧਰ ਕੇਂਦਰ ਵਾਲੇ ਆਪਣੇ ਪ੍ਰੋਗਰਾਮ ਪੇਸ਼ ਕਰਦੇ ਹਨ। ਸਵੇਰੇ 9 ਵਜੇ ਤਕ ਪਹਿਲਾਂ ਵਾਲੇ ਪ੍ਰੋਗਰਾਮ, ਜੋ ਸਭ ਚੰਗੇ ਹਨ, ਓਹੀ ਚੱਲ ਰਹੇ ਹਨ। ਉਸ ਤੋਂ ਬਾਅਦ 12 ਵਜੇ ਤਕ ਸਾਰੇ ਗੀਤਾਂ ਦੇ ਪ੍ਰੋਗਰਾਮ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਹਿੰਦੀ ਫ਼ਿਲਮੀ ਗੀਤ ਤੇ ਪੰਜਾਬੀ ਗੀਤ ਚੱਲਦੇ ਹਨ। ਜ਼ਿਆਦਾ ਫਰਮਾਇਸ਼ੀ ਪ੍ਰੋਗਰਾਮ ਹਨ। ਸਾਰੇ ਪ੍ਰੋਗਰਾਮਾਂ ਵਿਚ ਗੀਤਾਂ ਦਾ ਪੱਧਰ ਸਲਾਹੁਣਯੋਗ ਹੈ। ਪਰ ਐਫ਼ਐਮ. ‘ਤੇ ਬੋਲਣ ਦਾ ਤਰੀਕਾ ਬਹੁਤ ਬਦਲ ਗਿਆ।
ਸ਼ਾਮ ਨੂੰ ਉਹੀ ਪ੍ਰੋਗਰਾਮ ਚਲਦੇ ਹਨ ਜਿਨ੍ਹਾਂ ਦਾ ਮੈਂ ਵਰਨਣ ਕਰ ਚੁੱਕਿਆਂ, ਸਭ ਵਧੀਆ ਪ੍ਰੋਗਰਾਮ ਹਨ, ਪਰ ਪ੍ਰਾਈਵੇਟ ਚੈਨਲ ਦੀ ਪਾਣ ਜ਼ਰੂਰ ਚੜ੍ਹ ਗਈ। ਗਾਇਕ ਤੇ ਗਾਇਕਾਵਾਂ ਤੋਂ ਚੈਨਲ ਦੀ ਮਸ਼ਹੂਰੀ ਕਰਵਾਉਂਦੇ ਹਨ। ਰਾਤ 9 ਵਜੇ ਪਤਾ ਨਹੀਂ ਮੁੱਖ ਚੈਨਲ ਵਾਲੇ ਥੱਕ ਜਾਂਦੇ ਹਨ। ਉਸ ਸਮੇਂ ਇਕ ਸਥਾਨਕ ਚੈਨਲ ਰੇਨਬੋਅ ਦੇ ਪ੍ਰੋਗਰਾਮ ਸਾਰੇ ਚੈਨਲਾਂ ‘ਤੇ ਚਾਲੂ ਹੋ ਜਾਂਦੇ ਹਨ। ਦਿਨ ਵੇਲੇ ਦਾ ਸ਼ਬਦ ‘ਮੈਂ ਆਕਾਸ਼ਵਾਣੀ ਜਲੰਧਰ’ ਜਾਂ ‘ਆਕਾਸ਼ਵਾਣੀ ਸੇਵਾ’ ਤੋਂ ਬੋਲ ਰਹੀ/ਬੋਲ ਰਿਹਾ ਹਾਂ, ਨੂੰ ਬਦਲ ਕੇ ਬੋਲਿਆ ਜਾਂਦਾ ਹੈ, ਮੈਂ ਆਰ.ਜੇ. ਫਲਾਣਾ ਜਾਂ ਫਲਾਣੀ ਬੋਲਦੀ ਹਾਂ। ਅਜਿਹੀ ਤਬਦੀਲੀ ਕਿਉਂ?
ਇਨ੍ਹਾਂ ਪ੍ਰੋਗਰਾਮਾਂ ਵਿਚ ਸਰੋਤੇ ਦੇ ਫੋਨ ਕਰਨ ‘ਤੇ ਉਹ ਆਪਣਾ ਨਾਮ ਤੇ ਸ਼ਹਿਰ ਤੇ ਪਿੰਡ ਦਾ ਨਾਮ ਵੀ ਦੱਸਦਾ ਹੈ। ਇਸ ਦੌਰਾਨ ਕਈ ਨਿੱਜੀ ਸਵਾਲ, ਜੋ ਬਹੁਤ ਵਾਰ ਸਰੋਤੇ ਦਾ ਮਜ਼ਾਕ ਬਣ ਜਾਂਦੇ ਹਨ, ਪੁੱਛੇ ਜਾਂਦੇ ਹਨ। ਜੇ ਕੋਈ ਸਰੋਤਾ ਧਾਰਮਿਕ ਗੀਤ ਦੀ ਫਰਮਾਇਸ਼ ਕਰ ਦੇਵੇ ਤਾਂ ਜਵਾਬ, ‘ਇਹ ਸਮਾਂ ਧਾਰਮਿਕ ਗੀਤ ਦਾ ਨਹੀਂ, ਕੋਈ ਗਰਮਾ-ਗਰਮ ਗੀਤ ਦੱਸੋ।’ ਇਹ ਸਭ ਸੁਣਨਾ ਚੰਗਾ ਨਹੀਂ ਲੱਗਦਾ।
ਰਾਤ 9 ਤੋਂ 10 ਵਜੇ ‘ਤੂੰ ਪੀਂਘ ਤੇ ਪਰਛਾਵਾਂ’ ਪ੍ਰੋਗਰਾਮ ਹੁੰਦਾ ਹੈ। ਪ੍ਰੋਗਰਾਮ ਸਮੇਂ ਨਾਲ ਮੇਲ ਨਹੀਂ ਖਾਂਦਾ। ਦੂਸਰੇ ਪ੍ਰੋਗਰਾਮ ਦਾ ਨਾਮ ‘ਇਕ ਮੇਰੀ ਅੱਖ ਕਾਸ਼ਨੀ’। ਕੋਈ ਨਾਮ ਕਿਤੋਂ ਨਹੀਂ ਮਿਲਿਆ ਤਾਂ ਸੁਰਿੰਦਰ ਕੌਰ ਦੇ ਗਾਏ ਗੀਤ ਨੂੰ ਵਰਤ ਲਿਆ। ਕੁਝ ਸਾਲ ਪਹਿਲਾਂ ਤਕ ਉਹ ਗੀਤ ਹੀ ਵੱਜਦੇ ਸਨ। ਜਿਨ੍ਹਾਂ ਦਾ ਗਾਇਕ ਜਾਂ ਗਾਇਕਾ ਆਕਾਸ਼ਣਵਾਣੀ ਦਾ ਇਮਤਿਹਾਨ ਪਾਸ ਕਰੇ। ਇਕ ਕਮੇਟੀ ਗੀਤ ਸੁਣਦੀ ਸੀ। ਫਿਰ ਗੀਤ ਵੱਜਦਾ ਸੀ। ਗੀਤ ਪਾਸ ਹੋਣ ਲਈ ਸੂਈ ਦੇ ਨੱਕੇ ਵਿਚੋਂ ਨਿਕਲਣਾ ਪੈਂਦਾ ਸੀ। ਅੱਜ ਕੱਲ੍ਹ ਆਕਾਸ਼ਵਾਣੀ ਵੀ ਗਾਇਕਾਂ ਵਾਂਗ ਹੀ ਬਦਲ ਗਈ ਹੈ। ਕਿਸੇ ਗਾਇਕ ਨੇ ਆਪਣਾ ਗੀਤ ਵਜਵਾਉਣਾ ਹੈ, ਇਕ ਅਰਜ਼ੀ ਆਪਣੇ ਅਤੇ ਰਿਕਾਰਡ ਕੰਪਨੀ ਵੱਲੋਂ ਲਿਖ ਦਿਓ; ਗੀਤ ਵਜਾਓ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਖ਼ੁਦ ਹੀ ਸੋਚੋ, ਕੀ ਵੱਜਦਾ ਹੋਵੇਗਾ?
ਆਕਾਸ਼ਵਾਣੀ ਜਲੰਧਰ ਨੇ ਆਪਣੇ ਖ਼ਜ਼ਾਨੇ ਨੂੰ ਭਰਪੂਰ ਕਰਨ ਲਈ ਆਪਣੇ ਪ੍ਰਵਾਨਿਤ ਗਾਇਕਾਂ ਦੇ ਤਿੰਨ ਕੁ ਦਹਾਕੇ ਤਕ ਬਹੁਤ ਚੰਗੇ ਗੀਤ ਰਿਕਾਰਡ ਕੀਤੇ, ਇਹ ਹੁਣ ਪਤਾ ਨਹੀਂ ਕਿਥੇ ਚਲੇ ਗਏ? ਪ੍ਰੋਗਰਾਮਾਂ ਬਾਰੇ ਸਰੋਤਿਆਂ ਦੀ ਸਲਾਹ ਦਾ ਇਕ ਪ੍ਰੋਗਰਾਮ ਹੈ ‘ਤੁਹਾਡੀ ਚਿੱਠੀ ਮਿਲੀ’ ਹਫ਼ਤਾਵਾਰੀ ਪ੍ਰੋਗਰਾਮ ਹੈ, ਇਸ ਲਈ ਚਿੱਠੀ ਲਿਖੋ। ਇਨ੍ਹਾਂ ਚਿੱਠੀਆਂ ਦੇ ਜਵਾਬ ਵੀ ਕੰਮ ਚਲਾਊ ਹੁੰਦੇ ਹਨ।
ਮੇਰੀ ਬੇਨਤੀ ਹੈ ਸਰਕਾਰਾਂ, ਬੁੱਧੀਜੀਵੀਆਂ ਤੇ ਸਾਹਿਤਕਾਰਾਂ ਅੱਗੇ ਕਿ ਸਾਡੇ ਆਕਾਸ਼ਵਾਣੀ ਜਲੰਧਰ ਨੂੰ ਆਕਾਸ਼ਵਾਣੀ ਪੰਜਾਬੀ ਸੇਵਾ ਤਾਂ ਬਣਾ ਦਿੱਤਾ, ਪਰ ਜਦੋਂ ਐਂਕਰ ਹੌਸਲਾ ਨੂੰ ਹੌਸਲਾ, ਸੌ ਨੂੰ ਸੋ ਜਾਂ ਕਸੌਲੀ ਨੂੰ ਕਸੋਲੀ ਬੋਲਦੇ ਹਨ ਤਾਂ ਸੁਣ ਕੇ ਅਜੀਬ ਲੱਗਦਾ ਹੈ।