ਮਾਰਕਸ ਤੇ ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਦਾ ਅਜੋਕਾ ਪ੍ਰਸੰਗ

ਗੁਰਬਚਨ ਸਿੰਘ
ਫੋਨ: 91-98156-98451
ਦੁਨੀਆਂ ਭਰ ਦੇ ਦੇਸ਼ ਤੇ ਇਨ੍ਹਾਂ ਦੇਸ਼ਾਂ ਵਿਚ ਵਸਦੀ ਸਮੁੱਚੀ ਮਨੁੱਖ ਜਾਤੀ ਉਥਲ-ਪੁਥਲ ਦੇ ਜਿਸ ਦੌਰ ਵਿਚੋਂ ਗੁਜਰ ਰਹੀ ਹੈ, ਉਸ ਨੇ ਇਕ ਵਾਰ ਫਿਰ ਕਾਰਲ ਮਾਰਕਸ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਹ ਵਰ੍ਹਾ, 5 ਮਈ 1818 ਨੂੰ ਜਨਮੇ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਮਾਰਕਸ ਨੇ ਮਨੁੱਖੀ ਸਮਾਜ ਨੂੰ ਹੋਰ ਉਚੇਰੇ ਪੱਧਰ ਉਤੇ ਨਵੇਂ ਸਿਰਿਓਂ ਮੁੜ ਜਥੇਬੰਦ ਕਰਨ ਲਈ ਇਕ ਨਵੀਂ ਦਿਸ਼ਾ ਦਿੱਤੀ, ਜਿਸ ਉਤੇ ਚੱਲ ਕੇ ਇਕ ਸਦੀ ਪਹਿਲਾਂ ਵਲਾਦੀਮੀਰ ਇਲਿਅਚ ਲੈਨਿਨ ਦੀ ਅਗਵਾਈ ਹੇਠ ਰੂਸ ਦੀ ਕਮਿਊਨਿਸਟ ਪਾਰਟੀ ਨੇ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਰਜਵਾੜਿਆਂ ਤੇ ਸਾਮਰਾਜੀਆਂ ਦੀ ਹਕੂਮਤ ਉਲਟਾ ਕੇ ਮਜਦੂਰਾਂ ਦਾ ਰਾਜ ਕਾਇਮ ਕੀਤਾ, ਜਿਸ ਦਾ ਨਿਸ਼ਾਨਾ ਸਮਾਜਵਾਦੀ ਸਮਾਜ ਦੀ ਉਸਾਰੀ ਕਰਦਿਆਂ ਮਾਰਕਸ ਦੇ ਕਿਆਸੇ ਕਮਿਊਨਿਸਟ ਸਮਾਜ ਦੀ ਸਿਰਜਣਾ ਕਰਨਾ ਸੀ।

ਭਾਵੇਂ ਹੁਣ ਕਿਹਾ ਜਾ ਸਕਦਾ ਹੈ ਕਿ ਮਾਰਕਸ ਦਾ ਕਿਆਸਿਆ ਇਹ ਨਿਸ਼ਾਨਾ ਪੂਰਾ ਨਹੀਂ ਹੋ ਸਕਿਆ, ਪਰ ਕਿਰਤੀ ਵਰਗ ਵਲੋਂ ਸਾਮਰਾਜੀ ਹਕੂਮਤ ਨੂੰ ਉਲਟਾਉਣ ਦਾ ਪਹਿਲਾ ਸਫਲ ਤਜਰਬਾ ਹੋਣ ਕਰਕੇ ਇਸ ਦੇ ਸਬਕ ਬਹੁਤ ਕੀਮਤੀ ਹਨ। ਇਸ ਇਨਕਲਾਬ ਤੋਂ ਪ੍ਰੇਰਨਾ ਲੈ ਕੇ ਹੀ ਪੋਲੈਂਡ, ਹੰਗਰੀ, ਚੈਕੋਸਲੋਵਾਕੀਆ, ਯੂਗੋਸਲਾਵੀਆ, ਕਿਊਬਾ, ਅਲਬਾਨੀਆ, ਚੀਨ, ਵੀਅਤਨਾਮ, ਭਾਵ ਲਗਭਗ ਅੱਧੀ ਦੁਨੀਆਂ ਵਿਚ ਸਮਾਜਵਾਦੀ ਸਮਾਜ ਦੀ ਉਸਾਰੀ ਦੇ ਯਤਨ ਹੋਏ। ਸਦੀ ਦੇ ਅੰਤ ਤਕ ਪਹੁੰਚਦਿਆਂ-ਪਹੁੰਚਦਿਆਂ ਭਾਵੇਂ ਇਹ ਸਾਰੇ ਯਤਨ ਕਮਿਊਨਿਸਟ ਸਮਾਜ ਦੀ ਉਸਾਰੀ ਦੇ ਸੁਪਨੇ ਨੂੰ ਸਾਕਾਰ ਨਾ ਕਰ ਸਕੇ ਅਤੇ ਜਿਨ੍ਹਾਂ ਦੇਸ਼ਾਂ ‘ਚ ਇਹ ਯਤਨ ਹੋਏ ਵੀ, ਉਨ੍ਹਾਂ ਦੀਆਂ ਸਰਕਾਰਾਂ ਉਤੇ ਕਾਬਜ ਵਰਗ ਮੁੜ ਤੋਂ ਸਾਮਰਾਜੀ ਪੂੰਜੀਵਾਦੀ ਰਿਸ਼ਤਿਆਂ ਵਿਚ ਹੀ ਉਲਝ ਗਏ, ਪਰ ਇਸ ਦੇ ਬਾਵਜੂਦ ਅੱਧੀ ਦੁਨੀਆਂ ਦੇ ਦੇਸ਼ਾਂ ‘ਚ ਸਮਾਜਵਾਦੀ ਸਮਾਜ ਦੀ ਸਿਰਜਣਾ ਦੇ ਕੀਤੇ ਗਏ ਇਹ ਯਤਨ ਮਨੁਖ ਜਾਤੀ ਦੀ ਚੇਤਨਾ ਦਾ ਹਿੱਸਾ ਹਨ।
ਸੰਸਾਰ ਭਰ ਦੇ ਬੌਧਿਕ, ਸਭਿਆਚਾਰਕ ਅਤੇ ਸਿਆਸੀ ਹਲਕਿਆਂ ਵਿਚ ਹੁਣ ਤੱਕ ਛਾਈ ਰਹੀ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਉਵੇਂ ਹੀ ਬਾਦਸਤੂਰ ਜਾਰੀ ਹੈ। ਇਸ ਦਾ ਸਬੂਤ ਵੱਖ ਵੱਖ ਪੱਧਰਾਂ ਦੇ ਇਸ ਦੇ ਕਰੋੜਾਂ ਹਮਾਇਤੀ ਨਹੀਂ ਸਗੋਂ ਇਸ ਦੇ ਵਿਰੋਧੀ ਹਨ, ਜੋ ਇਕ ਪਾਸੇ ਇਹ ਪ੍ਰਚਾਰਦੇ ਹਨ ਕਿ ਰੂਸ ਅਤੇ ਚੀਨ ਸਮੇਤ ਅਨੇਕਾਂ ਦੇਸ਼ਾਂ ਵਿਚ ਹੋਏ ਇਨਕਲਾਬ ਆਪਣੇ ਕਿਆਸੇ ਨਿਸ਼ਾਨੇ ਨੂੰ ਪੂਰਾ ਨਹੀਂ ਕਰ ਸਕੇ ਅਤੇ ਮਾਰਕਸਵਾਦੀ ਵਿਚਾਰਧਾਰਾ ਅਸਫਲ ਹੋ ਗਈ ਹੈ, ਪਰ ਦੂਜੇ ਪਾਸੇ ਇਸ ਵਿਚਾਰਧਾਰਾ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਇਹ ਇਸ ਗੱਲ ਦਾ ਸਬੂਤ ਹੈ ਕਿ ਰੂਸ ਤੇ ਚੀਨ ਸਮੇਤ ਅਨੇਕਾਂ ਦੇਸ਼ਾਂ ਵਿਚ ਹੋਏ ਸਮਾਜਵਾਦੀ ਇਨਕਲਾਬ ਦੇ ਕੁਰਾਹੇ ਪੈ ਜਾਣ ਦੇ ਬਾਵਜੂਦ ਕਿਸੇ ਨਾ ਕਿਸੇ ਰੂਪ ਵਿਚ ਮਾਰਕਸਵਾਦੀ ਵਿਚਾਰਧਾਰਾ ਜਿਉਂਦੀ ਹੈ।
ਪਿਛਲੀ ਸਾਰੀ ਸਦੀ ਦੁਨੀਆਂ ਭਰ ਦੇ ਗਰੀਬ ਕਿਰਤੀ ਤੇ ਨੀਮ ਮੱਧ ਵਰਗ ਦੇ ਚੇਤੰਨ ਲੋਕ ਆਪਣੇ ਮਨਾਂ ਵਿਚ ਸਮਾਜਕ ਬਰਾਬਰੀ, ਭੌਤਿਕ ਖੁਸ਼ਹਾਲੀ ਅਤੇ ਆਤਮਕ ਆਜ਼ਾਦੀ ਆਧਾਰਤ ਸਮਾਜਵਾਦੀ ਤੇ ਕਮਿਊਨਿਸਟ ਸਮਾਜ ਦੀ ਸਿਰਜਣਾ ਦਾ ਸੁਪਨਾ ਲੈ ਕੇ ਜਿਉਂਦੇ ਰਹੇ। ਉਹ ਆਪਣੀਆਂ ਸਾਰੀਆਂ ਸਮਸਿਆਵਾਂ ਦਾ ਹੱਲ ਕਮਿਊਨਿਜ਼ਮ ਤਕ ਪਹੁੰਚਣ ਵਾਲੇ ਸਮਾਜਵਾਦੀ ਸਮਾਜ ਦੀ ਸਿਰਜਣਾ ਵਿਚ ਲੱਭਦੇ ਰਹੇ। ਲੱਖਾਂ ਨਹੀਂ ਸਗੋਂ ਕਰੋੜਾਂ ਚੇਤੰਨ ਹੋਏ ਲੋਕਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅਸਹਿ ਤੇ ਅਕਹਿ ਕਸ਼ਟ ਸਹਾਰੇ ਅਤੇ ਬੇਮਿਸਾਲ ਕੁਰਬਾਨੀਆਂ ਕੀਤੀਆਂ। ਆਦਮ ਜਾਤੀ ਦੇ ਲੱਖਾਂ ਸਾਲ ਦੇ ਨਿਰੰਤਰ ਪ੍ਰਵਾਹ ਵਿਚ, ਭਾਵੇਂ ਇਹ ਕੁਰਬਾਨੀਆਂ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀਆਂ ਪਰ ਫਿਰ ਵੀ ਇਹ ਕਰੋੜਾਂ ਲੋਕ ਮਨੁੱਖਤਾ ਦੇ ਉਸ ਨਰੋਏ ਅੰਗ ਦਾ ਹਿੱਸਾ ਹਨ, ਜਿਸ ਦੀ ਬਦੌਲਤ ਆਦਮ ਜਾਤੀ ਸਮਾਜੀ ਅਤੇ ਸਭਿਆਚਾਰਕ ਵਿਕਾਸ ਦੇ ਅਜੋਕੇ ਪੜਾਅ ‘ਤੇ ਪਹੁੰਚੀ ਹੈ। ਇਸ ਤਜਰਬੇ ਦੇ ਹਾਂ ਪੱਖੀ ਸਬਕਾਂ ਨੂੰ ਅਪਨਾਉਂਦਿਆਂ ਅਤੇ ਨਾਂਹ ਪੱਖੀ ਸਬਕਾਂ ਨੂੰ ਨਕਾਰਦਿਆਂ ਹੀ, ਮਨੁੱਖ ਜਾਤੀ ਹੋਰ ਅੱਗੇ ਵਿਕਾਸ ਕਰ ਸਕਦੀ ਹੈ।
ਕਮਿਊਨਿਜ਼ਮ ਸ਼ਬਦ ਭਾਵੇਂ ਕਾਫੀ ਸਮਾਂ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਅਤੇ ਅਨੇਕਾਂ ਧਿਰਾਂ ਵਿਚਕਾਰ ਬਹਿਸ ਦਾ ਵਿਸ਼ਾ ਬਣਿਆ ਹੋਇਆ ਸੀ, ਪਰ ਕਮਿਊਨਿਸਟ ਲਹਿਰ ਆਪਣੇ ਜਥੇਬੰਦਕ ਰੂਪ ਵਿਚ ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਦੇ ਜਾਰੀ ਹੋਣ ਨਾਲ ਅਰੰਭ ਹੋਈ। ‘ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ’ ਦਾ ਖਰੜਾ ਕਾਰਲ ਮਾਰਕਸ ਤੇ ਫਰੈਡ੍ਰਿਕ ਏਂਗਲਜ ਨੇ ਮਿਲ ਕੇ ਤਿਆਰ ਕੀਤਾ ਸੀ, ਜਿਸ ਨੂੰ ਵੱਖੋ-ਵੱਖ ਕੌਮਾਂ ਦੇ ਕਮਿਊਨਿਸਟਾਂ ਨੇ 1848 ਵਿਚ ਲੰਡਨ ਵਿਖੇ ਇਕੱਠੇ ਹੋ ਕੇ ਅੰਤਿਮ ਰੂਪ ਦਿੱਤਾ ਅਤੇ ਜਿਸ ਨੂੰ ਇਕੋ ਵੇਲੇ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਫਲੇਮਿਸ਼ ਤੇ ਡੈਨਿਸ਼ ਬੋਲੀਆਂ ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਸ ਮੈਨੀਫੈਸਟੋ ਦੇ ਅਰੰਭ ਵਿਚ ਦਰਜ ਹੈ, “ਯੂਰਪ ਨੂੰ ਇਕ ਦੈਂਤ ਡਰਾ ਰਿਹਾ ਹੈ ਅਤੇ ਇਹ ਦੈਂਤ ਕਮਿਊਨਿਜ਼ਮ ਦਾ ਹੈ। ਪੁਰਾਣੇ ਯੂਰਪ ਦੀਆਂ ਸਾਰੀਆਂ ਤਾਕਤਾਂ-ਪੋਪ ਤੇ ਜਾਰ, ਮੈਟਰਨਿਖ ਤੇ ਗੁਜੋਂ, ਫਰਾਂਸੀਸੀ ਗਰਮਦਲੀਏ ਤੇ ਜਰਮਨ ਖੁਫੀਆ ਪੁਲਿਸ, ਸਭ ਨੇ ਇਸ ਦੈਂਤ ਨੂੰ ਖਤਮ ਕਰਨ ਲਈ ਇਕ ਗਠਜੋੜ ਬਣਾ ਲਿਆ ਹੈ। ਕਿਹੜੀ ਵਿਰੋਧੀ ਪਾਰਟੀ ਹੈ, ਜਿਸ ਉਤੇ ਸਰਕਾਰੀ ਧਿਰਾਂ ਨੇ ਕਮਿਊਨਿਸਟ ਹੋਣ ਦਾ ਦੋਸ਼ ਨਾ ਲਾਇਆ ਹੋਵੇ? ਕਿਹੜੀ ਵਿਰੋਧੀ ਪਾਰਟੀ ਹੈ, ਜਿਸ ਨੇ ਮੋੜਵੇਂ ਰੂਪ ਵਿਚ ਆਪਣੇ ਤੋਂ ਵਧ ਅਗਾਂਹਵਧੂ ਪਾਰਟੀਆਂ ਤੇ ਆਪਣੇ ਪਿਛਾਂਹ-ਖਿੱਚੂ ਵਿਰੋਧੀਆਂ ਨੂੰ ਕਮਿਊਨਿਜ਼ਮ ਦਾ ਮਿਹਣਾ ਨਾ ਮਾਰਿਆ ਹੋਵੇ?
ਇਸ ਤੱਥ ਤੋਂ ਦੋ ਸਿੱਟੇ ਨਿਕਲਦੇ ਹਨ-ਪਹਿਲਾ, ਸਾਰੀਆਂ ਯੂਰਪੀਅਨ ਤਾਕਤਾਂ ਵਲੋਂ ਪਹਿਲਾਂ ਹੀ ਮਾਨਤਾ ਪ੍ਰਾਪਤ ਕਰ ਚੁਕਾ ਕਮਿਊਨਿਜ਼ਮ, ਆਪਣੇ-ਆਪ ਵਿਚ ਇਕ ਤਾਕਤ ਹੈ ਅਤੇ ਦੂਜਾ, ਇਹੀ ਯੋਗ ਸਮਾਂ ਹੈ ਜਦੋਂ ਕਮਿਊਨਿਸਟ ਸਾਰੇ ਸੰਸਾਰ ਸਾਹਮਣੇ ਸ਼ੱਰ੍ਹੇਆਮ ਆਪਣਾ ਦ੍ਰਿਸ਼ਟੀਕੋਣ, ਆਪਣੇ ਨਿਸ਼ਾਨਿਆਂ, ਆਪਣੇ ਝੁਕਾਵਾਂ (ਦਿਸ਼ਾ) ਦਾ ਐਲਾਨ ਕਰਨ ਤੇ ਇਸ ਕਮਿਊਨਿਜ਼ਮ ਦੇ ਦੈਂਤ ਬਾਰੇ ਫੈਲਾਈਆਂ ਜਾ ਰਹੀਆਂ ਮਨਘੜਤ ਕਹਾਣੀਆਂ ਦਾ ਜੁਆਬ ਆਪਣੀ ਪਾਰਟੀ ਦੇ ਮੈਨੀਫੈਸਟੋ ਨਾਲ ਦੇਣ।
ਆਪਣੇ ਵੇਲੇ ਦੇ ਯੂਰਪ ਦੀ ਬਾਹਰਮੁਖੀ ਸਮਾਜੀ ਤੇ ਰਾਜਸੀ ਹਾਲਤ ਦਾ ਬਿਆਨ ਕਰਦੀਆਂ, ਉਕਤ ਧਾਰਨਾਵਾਂ ਨੂੰ ਹੁਣ ਜਦੋਂ ਅਸੀਂ ਕਰੀਬ 170 ਸਾਲ ਬਾਅਦ ਪੜ੍ਹਦੇ ਹਾਂ ਅਤੇ ਆਲਮੀ ਕਮਿਊਨਿਸਟ ਲਹਿਰ ਦੇ ਇਤਿਹਾਸ ਉਤੇ ਇਕ ਮੋੜਵੀਂ ਝਾਤ ਮਾਰਦੇ ਹਾਂ, ਤਾਂ ਮਨ ਵਿਚ ਸ਼ੰਕਾ ਪੈਦਾ ਹੋਣਾ ਸੁਭਾਵਕ ਹੈ ਕਿ ਸ਼ਾਇਦ ਮਾਰਕਸ-ਏਂਗਲਜ਼ ਨੇ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਲਿਖਣ ਵੇਲੇ ਆਪਣੇ ਸਮਿਆਂ ਵਿਚ ਕਮਿਊਨਿਸਟ ਲਹਿਰ ਦੀਆਂ ਬਾਹਰਮੁਖੀ ਹਾਲਤਾਂ ਨੂੰ ਠੋਸ ਹਕੀਕਤ ਨਾਲੋਂ ਵਧਾ ਕੇ ਵੇਖਿਆ ਹੈ, ਪਰ ਇਹ ਧਾਰਨਾ ਸਹੀ ਨਹੀਂ ਜਾਪਦੀ, ਕਿਉਂਕਿ 20 ਜਨਵਰੀ 1845 ਨੂੰ ਪੈਰਿਸ ਵਿਚ ਰਹਿੰਦੇ ਮਾਰਕਸ ਨੂੰ ਲਿਖੀ ਆਪਣੀ ਇਕ ਚਿੱਠੀ ਵਿਚ ਏਂਗਲਜ਼ ਦਾ ਜਰਮਨੀ ‘ਚ ਬੜੀ ਤੇਜ਼ੀ ਨਾਲ ਫੈਲ ਰਹੀ ਕਮਿਊਨਿਸਟ ਲਹਿਰ ਬਾਰੇ ਦਿੱਤਾ ਗਿਆ ਇਕ ਹਵਾਲਾ, ‘ਕਮਿਊਨਿਸਟ ਮੈਨੀਫੈਸਟੋ’ ਦੇ ਇਨ੍ਹਾਂ ਸ਼ਬਦਾਂ ਦੀ ਪੁਸ਼ਟੀ ਕਰਦਾ ਹੈ।
ਏਂਗਲਜ਼ ਨੇ ਇਸ ਚਿੱਠੀ ਵਿਚ ਲਿਖਿਆ ਹੈ, “ਜਿਸ ਗੱਲ ਨੇ ਮੈਨੂੰ ਖਾਸ ਤੌਰ ‘ਤੇ ਪ੍ਰਸੰਨ ਕੀਤਾ ਹੈ, ਉਹ ਹੈ, ਜਰਮਨੀ ਵਿਚ ਕਮਿਊਨਿਸਟ ਸਾਹਿਤ ਦਾ ਹੋ ਰਿਹਾ ਆਮ ਪਸਾਰਾ, ਜੋ ਹੁਣ ਇਕ ਹਕੀਕਤ ਬਣ ਚੁਕਾ ਹੈ। ਇਕ ਸਾਲ ਪਹਿਲਾਂ ਇਹ ਸਾਹਿਤ ਜਰਮਨੀ ਤੋਂ ਬਾਹਰ ਪੈਰਿਸ ਵਿਚ ਫੈਲਣਾ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਨੇ ਆਮ ਜਰਮਨਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਅਖਬਾਰਾਂ, ਹਫਤਾਵਾਰੀ, ਮਾਸਿਕ, ਤ੍ਰੈਮਾਸਿਕ ਪਰਚੇ ਤੇ ਭਾਰੀ ਪ੍ਰਚਾਰ-ਤੋਪਾਂ ਦੇ ਅੱਗੇ ਵਧ ਰਹੇ ਕਾਫਲੇ, ਸਾਰਾ ਕੁਝ ਆਪਣੇ ਸਭ ਤੋਂ ਚੰਗੇ ਥਾਂ ਉਤੇ ਹਨ। ਇਹ ਸਾਰਾ ਕੁਝ ਹੈਰਾਨੀਜਨਕ ਫੁਰਤੀ ਨਾਲ ਅੱਗੇ ਆਇਆ ਹੈ। ਪ੍ਰਚਾਰ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਸਮੇਂ ਜਦੋਂ ਮੈਂ ਕੋਲੋਗਨ ਆਉਂਦਾ ਹਾਂ ਤੇ ਪਬ ਵਿਚ ਜਾਂਦਾ ਹਾਂ, ਤਾਂ ਨਵੇਂ ਬਣੇ ਕਮਿਊਨਿਸਟ ਮਿਲਦੇ ਹਨ। ਕੋਲੋਗਨ ਮੀਟਿੰਗ ਨੇ ਕਰਾਮਾਤ ਕਰ ਵਿਖਾਈ ਹੈ। ਹੌਲੀ-ਹੌਲੀ ਵਖ-ਵਖ ਕਮਿਊਨਿਸਟ ਗਰੁਪ ਹੋਂਦ ਵਿਚ ਆ ਰਹੇ ਹਨ, ਜੋ ਸਾਡੇ ਵਲੋਂ ਮਿਲੀ ਸਿੱਧੀ ਮਦਦ ਤੋਂ ਬਗੈਰ ਹੀ ਹੋਂਦ ਵਿਚ ਆਏ ਹਨ।”
ਇਹ ਇਕ ਹਕੀਕਤ ਹੈ ਕਿ 19ਵੀਂ ਸਦੀ ਦੇ ਅੱਧ ਤਕ ਸਾਰੇ ਯੂਰਪ ਵਿਚ ਕਮਿਊਨਿਸਟ ਲਹਿਰ ਬੜੀ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਤਕਰੀਬਨ ਸਾਰੇ ਯੂਰਪ ਵਿਚ ਭਵਿੱਖ ਦਾ ਕਮਿਊਨਿਸਟ ਸਮਾਜ ਕਿਹੋ ਜਿਹਾ ਹੋਵੇਗਾ, ਬਾਰੇ ਬੜੀ ਗੰਭੀਰ ਬਹਿਸ ਚੱਲ ਰਹੀ ਸੀ। ਮਾਰਕਸ-ਏਂਗਲਜ਼ ਨੇ ਜਿਥੇ ਇਸ ਬਹਿਸ ਨੂੰ ਅੱਗੇ ਤੋਰਿਆ, ਉਥੇ ਨਾਲ ਹੀ ਇਸ ਬਹਿਸ ਨੂੰ ਦਿਮਾਗੀ (ਖਿਆਲੀ) ਸੰਕਲਪਾਂ ਵਿਚੋਂ ਬਾਹਰ ਕੱਢ ਕੇ ਇਸ ਨੂੰ ਕੁਦਰਤ ਅਤੇ ਸਮਾਜੀ ਹਕੀਕਤ ਦਾ ਠੋਸ ਆਧਾਰ ਮੁਹੱਈਆ ਕੀਤਾ।
ਮਾਰਕਸ-ਏਂਗਲਜ਼ ਨੇ ਲਗਭਗ 60 ਸਾਲ (1837 ਤੋਂ ਲੈ ਕੇ 1895 ਤਕ) ਆਪਣੇ ਤੋਂ ਪਹਿਲੀ ਤੇ ਆਪਣੇ ਦੌਰ ਦੀ ਸਾਰੀ ਫਿਲਾਸਫੀ ਨੂੰ ਘੋਖਿਆ ਅਤੇ ਮਨੁੱਖ ਜਾਤੀ ਤੇ ਕੁਦਰਤ ਦੇ ਆਪਸੀ ਰਿਸ਼ਤੇ ਨੂੰ ਸਪਸ਼ਟ ਕਰਦਿਆਂ ਮਨੁੱਖ ਦੇ ਸੁਚੇਤ ਆਤਮਕ ਤੇ ਮਾਨਸਕ ਵਿਕਾਸ ਦੀ ਨਿਸ਼ਾਨਦੇਹੀ ਕੀਤੀ। ਇਸ ਪਰਖ ਵਾਸਤੇ ਉਨ੍ਹਾਂ ਦੋ ਨੇਮਾਂ ਦੀ ਵਰਤੋਂ ਕੀਤੀ: 1. ਦਵੰਦਵਾਦੀ ਭੌਤਿਕਵਾਦ (ਪਦਾਰਥਵਾਦ) ਅਤੇ 2. ਇਤਿਹਾਸਕ ਭੌਤਿਕਵਾਦ। ਇਹ ਦੋਵੇਂ ਨੇਮ ਮਨੁੱਖੀ ਚੇਤਨਾ ਵਿਚ ਵਿਕਸਿਤ ਹੋਏ ਕੁਦਰਤੀ ਅਤੇ ਸਮਾਜੀ ਨੇਮਾਂ ਨੂੰ ਪ੍ਰਗਟ ਕਰਦੇ ਹਨ। ਇਹ ਨੇਮ ਹੁਣ ਤੱਕ ਦੀ ਸਮੁੱਚੀ ਫਿਲਾਸਫੀ ਦਾ ਤਤ ਨਿਚੋੜ ਹਨ। ਇਨ੍ਹਾਂ ਦੇ ਆਧਾਰ ਉਤੇ ਹੀ ਮਾਰਕਸ ਨੇ ਕੁਦਰਤ ਤੇ ਮਨੁੱਖ ਦੇ ਆਪਸੀ ਰਿਸ਼ਤੇ ਅਤੇ ਹੁਣ ਤਕ ਦੇ ਹੋਏ ਸਮਾਜੀ ਤੇ ਮਨੁੱਖੀ ਵਿਕਾਸ ਨੂੰ ਕਲਮਬੰਦ ਕੀਤਾ। ਇਸੇ ਆਧਾਰ ਉਤੇ ਮਾਰਕਸ-ਏਂਗਲਜ਼ ਨੇ ਇਹ ਨਤੀਜਾ ਕੱਢਿਆ ਕਿ ਮਨੁੱਖ ਜਾਤੀ ਦੀ ਅਗਲੀ ਜ਼ਿੰਦਗੀ ਸਿਰਫ ਤੇ ਸਿਰਫ ਕਮਿਊਨਿਸਟ ਸਮਾਜ ਵਿਚ ਹੀ ਪ੍ਰਫੁਲਿਤ ਹੋ ਸਕਦੀ ਹੈ, ਕਿਉਂਕਿ ਸਿਰਫ ਕਮਿਊਨਿਜ਼ਮ ਹੀ ਕੁਦਰਤ ਅਤੇ ਮਨੁੱਖ ਦੇ ਹਕੀਕੀ ਰਿਸ਼ਤੇ ਨੂੰ ਆਪਣਾ ਆਧਾਰ ਬਣਾ ਕੇ ਮਨੁੱਖ ਦੇ ਪਦਾਰਥਕ ਤੇ ਜਜ਼ਬਾਤੀ-ਦੋਵੇਂ ਤਰ੍ਹਾਂ ਦੇ ਵਿਕਾਸ ਨੂੰ ਯਕੀਨੀ ਬਣਾ ਸਕਦਾ ਹੈ। ਇਸ ਤੋਂ ਬਿਨਾ ਮਨੁੱਖ ਜਾਤੀ ਸਾਹਮਣੇ ਵਿਕਾਸ ਦਾ ਹੋਰ ਕੋਈ ਰਾਹ ਨਹੀਂ ਤੇ ਯਕੀਨਨ ਹੀ ਪੂੰਜੀਵਾਦ ਦਾ ਰਾਹ ਮਨੁੱਖੀ ਵਿਨਾਸ਼ ਦਾ ਰਾਹ ਹੈ।
ਅਜੋਕੀਆਂ ਸੰਸਾਰ ਹਾਲਤਾਂ ਕਾਰਲ ਮਾਰਕਸ ਦੀ ਇਸ ਭਵਿੱਖਵਾਣੀ ਦੀ ਪੁਸ਼ਟੀ ਕਰ ਰਹੀਆਂ ਹਨ। ਬਾਰੂਦ ਦੇ ਢੇਰ ਉਤੇ ਬੈਠੀ ਦੁਨੀਆਂ ਕੁਦਰਤ ਤੋਂ ਦੂਰ ਹੁੰਦੀ-ਹੁੰਦੀ ਆਪਣੇ ਆਪ ਤੋਂ ਵੀ ਦੂਰ ਹੋ ਗਈ ਹੈ। ਮਨੁੱਖ ਆਪਣੀ ਅਸਲੀ ਮਨੁੱਖੀ ਹੋਂਦ ਭੁੱਲ ਕੇ ਬੇਲੋੜੀ ਖਪਤਕਾਰੀ ਦੀ ਅਜਿਹੀ ਦਲਦਲ ਵਿਚ ਫਸ ਗਿਆ ਹੈ ਕਿ ਉਹ ਹਜ਼ਾਰਾਂ ਸਾਲਾਂ ਵਿਚ ਵਿਕਸਿਤ ਹੋਏ ਮਨੁੱਖੀ, ਪਰਿਵਾਰਕ ਤੇ ਸਮਾਜੀ ਰਿਸ਼ਤਿਆਂ ਨੂੰ ਵੀ ਤਿਲਾਂਜਲੀ ਦੇਈ ਜਾ ਰਿਹਾ ਹੈ। ਮਨੁੱਖ ਆਪਣੀਆਂ ਬੁਨਿਆਦੀ ਲੋੜਾਂ-ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ ਭੋਜਨ ਦੀ ਕੀਮਤ ਉਤੇ ਵਿਖਾਵੇ ਤੇ ਕਲਪਿਤ ਸਹੂਲਤਾਂ ਦੇ ਭਰਮਜਾਲ ਵਿਚ ਫਸ ਗਿਆ ਹੈ। ਸਿੱਟੇ ਵਜੋਂ ਮਨੁੱਖੀ ਸੰਵੇਦਨਸ਼ੀਲਤਾ ਮਰ ਰਹੀ ਹੈ। ਇਸ ਤੋਂ ਪਹਿਲਾਂ ਕਿ ਕੋਈ ਸਿਰਫਿਰਿਆ ਅੱਧੀ ਦੁਨੀਆਂ ਨੂੰ ਤਬਾਹ ਕਰ ਦੇਵੇ, ਮਨੁੱਖਤਾ ਨੂੰ ਜਾਗਣਾ ਚਾਹੀਦਾ ਹੈ।
‘ਕਮਿਊਨਿਸਟ ਮੈਨੀਫੈਸਟੋ’ ਦੀ ਇਹ ਧਾਰਨਾ ਮੁੜ ਚੇਤੇ ਕਰਨੀ ਚਾਹੀਦੀ ਹੈ ਕਿ ਮੁਨਾਫੇ ਦੀ ਹਾਬੜ, ਸਾਮਰਾਜੀਆਂ ਵਿਚਲੀ ਘੋਰ ਦੁਸ਼ਮਣੀ ਅਤੇ ਪੈਦਾਵਾਰ ਵਿਚ ਅਰਾਜਕਤਾ ਆਧਾਰਤ ‘ਆਜ਼ਾਦ ਮੰਡੀ’ ਕਦੀ ਵੀ ਮਨੁੱਖ ਜਾਤੀ ਦਾ ਬੇੜਾ ਪਾਰ ਨਹੀਂ ਲਾ ਸਕਦੀ। ‘ਆਜ਼ਾਦ ਮੰਡੀ’ ਦੇ ਇਸ ਭਰਮਜਾਲ ‘ਚੋਂ ਬਾਹਰ ਨਿਕਲਣ ਦੀ ਲੋੜ ਹੈ।