ਫਰਾਂਸ ਵਿਚ ਹੋਇਆ ਸੀ 16ਵਾਂ ਫੀਫਾ ਟੂਰਨਾਮੈਂਟ

ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫੀਫਾ ਫੁੱਟਬਾਲ ਟੂਰਨਾਮੈਂਟ ਅੱਜ ਇਕ ਵੱਕਾਰੀ ਖੇਡ ਮੇਲਾ ਹੈ। 21ਵਾਂ ਫੀਫਾ ਟੂਰਨਾਮੈਂਟ ਇਸ ਸਾਲ ਰੂਸ ਵਿਚ ਹੋਵੇਗਾ। ਇਸ ਲੇਖ ਲੜੀ ਵਿਚ ਸੈਨ ਹੋਜੇ (ਕੈਲੀਫੋਰਨੀਆ) ਵਸਦੇ ਲੇਖਕ ਪਰਦੀਪ ਨੇ ਫੀਫਾ ਮੁਕਾਬਲਿਆਂ ਦਾ ਇਤਿਹਾਸ ਫਰੋਲਿਆ ਹੈ। ਇਸ ਲੇਖ ਵਿਚ ਪਰਦੀਪ ਨੇ 16ਵੇਂ ਤੋਂ 20ਵੇਂ ਫੀਫਾ ਕੱਪ ਦਾ ਵੇਰਵਾ ਦਿੱਤਾ ਹੈ।

-ਸੰਪਾਦਕ

ਪਰਦੀਪ, ਸੈਨ ਹੋਜੇ
ਫੋਨ: 408-540-4547

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
16ਵਾਂ ਫੀਫਾ ਕੱਪ ਫਰਾਂਸ ਵਿਚ 10 ਜੂਨ ਤੋਂ 12 ਜੁਲਾਈ 1998 ਤਕ ਹੋਇਆ। ਇਹ ਫਰਾਂਸ ਵਿਚ ਹੋਇਆ ਦੂਜਾ ਵਿਸ਼ਵ ਕੱਪ ਟੂਰਨਾਮੈਂਟ ਸੀ। ਇਸ ਵਿਚ ਪਹਿਲੀ ਵਾਰ 24 ਟੀਮਾਂ ਤੋਂ ਵਧਾ ਕੇ 32 ਟੀਮਾਂ ਸ਼ਾਮਿਲ ਕੀਤੀਆਂ ਗਈਆਂ। ਦੋ ਖਿਡਾਰੀ ਬਦਲਣ ਦਾ ਨਿਯਮ ਵੀ ਬਦਲ ਕੇ ਤਿੰਨ ਕਰ ਦਿੱਤਾ ਗਿਆ। ਯੂਗੋਸਲਾਵੀਆ ਤੋਂ ਅੱਡ ਹੋ ਕੇ ਕਰੋਸ਼ੀਆ ਨੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਵਿਚ ਹਿੱਸਾ ਲਿਆ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਰਨਮੈਂਟ ਤੋਂ ਪਹਿਲਾਂ ਫਰਾਂਸ ਅਤੇ ਬੈਲਜ਼ੀਅਮ ਵਿਚੋਂ ਅਲਕਾਇਦਾ ਦੇ ਕਈ ਅਤਿਵਾਦੀ ਗ੍ਰਿਫਤਾਰ ਕੀਤੇ ਗਏ, ਜੋ ਇਸ ਟੂਰਨਾਮੈਂਟ ਨੂੰ ਮਾਤਮ ਵਿਚ ਬਦਲਣਾ ਚਾਹੁੰਦੇ ਸਨ।
ਇੰਗਲੈਂਡ ਅਤੇ ਅਰਜਨਟਾਈਨਾ ਵਿਚਾਲੇ ਹੋਏ ਮੈਚ ਵਿਚ ਇੰਗਲੈਂਡ ਦੇ ਡੇਵਿਡ ਬੈਕਮ ਨੂੰ ਰੈਡ ਕਾਰਡ ਮਿਲਣ ਕਰਕੇ ਉਸ ਨੂੰ ਬਾਹਰ ਜਾਣਾ ਪਿਆ। ਬਾਅਦ ਵਿਚ ਇੰਗਲੈਂਡ ਪੈਨਲਟੀ ਕਿੱਕ ਨਾਲ ਹੋਏ ਫੈਸਲੇ ਵਿਚ ਹਾਰ ਕੇ ਬਾਹਰ ਹੋ ਗਿਆ। ਇੰਗਲੈਂਡ ਦੇ ਕਈ ਲੋਕ ਡੇਵਿਡ ਨੂੰ ਇਸ ਹਾਰ ਲਈ ਕਸੂਰਵਾਰ ਸਮਝਦੇ ਸਨ। ਡੇਵਿਡ ਨੇ ਆਪਣੀ ਆਟੋਬਾਇਓਗਰਾਫੀ ‘ਭੋਟਹ ਾਂeeਟ ੌਨ ਠਹe ਘਰੁਨਦḔ ਵਿਚ ਲਿਖਿਆ ਹੈ ਕਿ ਇਕ ਦਿਨ ਉਸ ਨੂੰ ਇਕ ਲਿਫਾਫਾ ਮਿਲਿਆ, ਜਿਸ ਵਿਚ ਦੋ ਬੁਲਟ ਸਨ। ਇਕ ਚਿੱਠੀ ‘ਤੇ ਚਿਤਾਵਨੀ ਸੀ, “ਤੇਰੇ ਅਤੇ ਤੇਰੀ ਹੋਣ ਵਾਲੀ ਪਤਨੀ ਲਈ।” ਉਸ ਨੂੰ ਕਈ ਸਮੇਂ ਤਕ ਪੁਲਿਸ ਦੀ ਸੁਰੱਖਿਆ ਵਿਚ ਰਹਿਣਾ ਪਿਆ ਸੀ। ਫਰਾਂਸ ਨੇ ਫਾਈਨਲ ਵਿਚ ਬ੍ਰਾਜ਼ੀਲ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਇਹ ਕੱਪ ਜਿਤਿਆ। ਜ਼ਿਦਾਨ ਨੇ ਇਸ ਮੈਚ ਵਿਚ ਹੈਡ ਨਾਲ ਦੋ ਗੋਲ ਕੀਤੇ।
17ਵਾਂ ਫੀਫਾ ਕੱਪ: ਇਹ ਵਿਸ਼ਵ ਕੱਪ ਟੂਰਨਾਮੈਂਟ 31 ਮਈ ਤੋਂ 30 ਜੂਨ 2002 ਤਕ ਜਪਾਨ ਤੇ ਦੱਖਣੀ ਕੋਰੀਆ ਵਿਚ ਹੋਇਆ। ਪਹਿਲੀ ਵਾਰ ਇਹ ਕੱਪ ਏਸ਼ੀਆ ਵਿਚ ਹੋਇਆ ਸੀ ਅਤੇ ਪਹਿਲੀ ਵਾਰੀ ਹੀ ਦੋ ਦੇਸ਼ਾਂ ਨੇ ਮਿਲ ਕੇ ਕਰਵਾਇਆ ਸੀ। ਇਸ ਦੇ ਫਾਈਨਲ ਮੈਚ ਵਿਚ ਬ੍ਰਾਜ਼ੀਲ ਨੇ ਜਰਮਨੀ ਨੂੰ 2-0 ਨਾਲ ਹਰਾ ਕੇ ਪੰਜਵੀਂ ਵਾਰ ਜਿੱਤ ਹਾਸਲ ਕੀਤੀ। ਦੱਖਣੀ ਕੋਰੀਆ ਸੈਮੀ ਫਾਈਨਲ ਵਿਚ ਜਾਣ ਵਾਲਾ ਪਹਿਲਾ ਏਸ਼ੀਅਨ ਦੇਸ਼ ਬਣਿਆ। ਬ੍ਰਾਜ਼ੀਲ ਦਾ ਰੋਨਾਲਡੋ ਇਸ ਵਿਚ 8 ਗੋਲ ਕਰਕੇ ਟੂਰਨਾਮੈਂਟ ਦਾ ਬੈਹਤਰੀਨ ਫੁਟਬਾਲਰ ਬਣਿਆ। ਬ੍ਰਾਜ਼ੀਲ ਪਹਿਲੀ ਟੀਮ ਬਣੀ ਜੋ ਦੱਖਣੀ ਅਮਰੀਕਾ, ਉਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਵਿਚ ਜਿੱਤੀ। ਇਸ ਟੀਮ ਵਿਚ ਕਈ ਮਹਾਨ ਖਿਡਾਰੀ ਸਨ-ਕਾਫੂ, ਰੋਨਾਲਡੋ, ਰੌਬਰਟੋ ਕਾਰਲੋਜ਼, ਕਾਕਾ, ਰੌਨਾਲਡੀਨੀਓ, ਰੋਵਾਲਡੋ, ਡੀਡਾ ਅਤੇ ਲੂਸੀਓ।
18ਵਾਂ ਫੀਫਾ ਕੱਪ: 9 ਜੂਨ ਤੋਂ 9 ਜੁਲਾਈ 2006 ਤਕ ਹੋਇਆ ਇਹ ਫੀਫਾ ਵਿਸ਼ਵ ਕੱਪ ਟੂਰਨਾਮੈਂਟ ਦੂਜਾ ਮੌਕਾ ਸੀ ਜਦੋਂ ਜਰਮਨੀ ਮੇਜ਼ਬਾਨ ਬਣਿਆ। ਇਸ ਵਾਰ ਸੈਮੀ ਫਾਈਨਲ ਮੈਚ ਵਿਚ ਪਹੁੰਚਣ ਵਾਲੀਆਂ ਚਾਰੇ ਟੀਮਾਂ-ਫਰਾਂਸ, ਜਰਮਨੀ, ਪੁਰਤਗਾਲ ਅਤੇ ਇਟਲੀ ਯੂਰਪ ਦੀਆਂ ਸਨ। ਇਸ ਦਾ ਫਾਈਨਲ ਮੈਚ ਇਟਲੀ ਅਤੇ ਫਰਾਂਸ ਵਿਚਾਲੇ ਸੀ। ਮੈਚ ਦੇ ਵਾਧੂ ਸਮੇਂ ਵਿਚ ਇਟਲੀ ਦੇ ਮਾਰਕੋ ਮੈਟਰਾਜ਼ੀ ਨੇ ਫਰਾਂਸ ਦੇ ਜ਼ਿਦਾਨ ਨੂੰ ਕੋਈ ਗੰਦੀ ਗਾਲ੍ਹ ਕੱਢੀ, ਜਿਸ ਤੋਂ ਗੁੱਸੇ ਵਿਚ ਆ ਕੇ ਜ਼ਿਦਾਨ ਨੇ ਉਸ ਦੀ ਛਾਤੀ ਵਿਚ ਸਿਰ ਮਾਰ ਕੇ ਉਸ ਨੂੰ ਧਰਤੀ ਉਤੇ ਸੁੱਟ ਦਿੱਤਾ। ਰੈਫਰੀ ਨੇ ਜ਼ਿਦਾਨ ਨੂੰ ਰੈਡ ਕਾਰਡ ਦੇ ਕੇ ਬਾਹਰ ਕੱਢ ਦਿੱਤਾ। ਬਾਅਦ ਵਿਚ ਫਰਾਂਸ ਪੈਨਲਟੀ ਕਿੱਕ ਵਿਚ ਇਹ ਟੂਰਨਾਮੈਂਟ ਹਾਰ ਗਿਆ, ਪਰ ਹਾਰ ਕੇ ਵਾਪਸ ਗਈ ਟੀਮ ਅਤੇ ਜ਼ਿਦਾਨ ਦਾ ਫਰਾਂਸ ਦੇ ਰਾਸ਼ਟਰਪਤੀ ਜੈਕ ਸ਼ਿਰਾਕ ਨੇ ਨਿੱਘਾ ਸੁਆਗਤ ਕੀਤਾ।
19ਵਾਂ ਫੀਫਾ ਕੱਪ: ਇਹ ਕੱਪ ਦੱਖਣੀ ਅਫਰੀਕਾ ਵਿਚ 11 ਜੂਨ ਤੋਂ 11 ਜੁਲਾਈ 2010 ਤਕ ਹੋਇਆ। ਇਹ ਕੱਪ ਉਸ ਲਈ ਪਹਿਲਾ ਮੌਕਾ ਸੀ। ਇਥੇ ਟੂਰਨਾਮੈਂਟ ਕਰਵਾਉਣ ਲਈ ਫੀਫਾ ਨੂੰ ਰਿਸ਼ਵਤ ਦੇ ਇਲਜ਼ਾਮ ਦਾ ਸਾਹਮਣਾ ਕਰਨਾ ਪਿਆ। ਅੱਗੇ ਚੱਲ ਕੇ ਇਸ ਦੇ ਕਈ ਅਹੁਦੇਦਾਰਾਂ ਨੂੰ ਅਸਤੀਫੇ ਦੇਣੇ ਪਏ ਅਤੇ ਜੇਲ੍ਹ ਵੀ ਜਾਣਾ ਪਿਆ। ਇਸ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਸਪੇਨ ਦੇ ਆਂਡਰੇ ਇਨਆਸਟਾ ਨੇ ਨੀਦਰਲੈਂਡ ਸਿਰ ਖੂਬਸੂਰਤ ਗੋਲ ਕਰਕੇ ਆਪਣੇ ਦੇਸ਼ ਨੂੰ ਪਹਿਲੀ ਵਾਰ ਚੈਂਪੀਅਨ ਬਣਾਇਆ। ਸਪੇਨ ਦੀ ਟੀਮ ਨੇ ਆਪਣੀ ਟਿਕੀ-ਟਿਕਾ ਖੇਡ ਸ਼ੈਲੀ ਨਾਲ ਲੋਕਾਂ ਦੇ ਮਨ ਜਿੱਤ ਲਏ।
20ਵਾਂ ਫੀਫਾ ਵਿਸ਼ਵ ਕੱਪ 12 ਜੂਨ ਤੋਂ 13 ਜੁਲਾਈ 2014 ਤੱਕ ਬ੍ਰਾਜ਼ੀਲ ਵਿਚ ਹੋਇਆ। ਇਹ ਬ੍ਰਾਜ਼ੀਲ ਵਿਚ 1950 ਤੋਂ ਬਾਅਦ ਹੋਣ ਵਾਲਾ ਦੂਜਾ ਟੂਰਨਾਮੈਂਟ ਸੀ। ਬ੍ਰਾਜ਼ੀਲ ਹੀ ਇਕੋ-ਇਕ ਟੀਮ ਹੈ ਜੋ ਹੁਣ ਤਕ ਸਾਰੇ ਵਿਸ਼ਵ ਕੱਪ ਖੇਡੀ ਹੈ। 19ਵੇਂ ਵਿਸ਼ਵ ਕੱਪ ਦੀ ਜੇਤੂ ਸਪੇਨ ਦੀ ਟੀਮ ਬਹੁਤ ਹੀ ਘਟੀਆ ਪ੍ਰਦਰਸ਼ਨ ਕਰਕੇ ਗਰੁਪ ‘ਚੋਂ ਹੀ ਅੱਗੇ ਨਾ ਜਾ ਸਕੀ। ਬ੍ਰਾਜ਼ੀਲ ਦੀ ਟੀਮ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਘਰੇਲੂ ਮੈਦਾਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਫਾਈਨਲ ਮੈਚ ਜਰਮਨੀ ਅਤੇ ਮੈਸੀ ਦੀ ਅਰਜਨਟਾਈਨਾ ਵਿਚਾਲੇ ਸੀ। ਜਰਮਨੀ ਨੇ ਜਿੱਤ ਪ੍ਰਾਪਤ ਕਰਕੇ ਚੌਥੀ ਵਾਰ ਇਸ ਕੱਪ ‘ਤੇ ਕਬਜ਼ਾ ਕੀਤਾ। ਇਸ ਟੂਰਨਾਮੈਂਟ ਵਿਚ ਯੁਰੂਗਵੇ ਦੇ ਲੂਈਸ ਸਵਾਰਿਸ ਨੇ ਇਟਲੀ ਦੇ ਖਿਡਾਰੀ ਜੌਰਜ਼ੀਓ ਚਲੀਨੀ ਦੇ ਦੰਦੀ ਵੱਡੀ ਸੀ, ਜਿਸ ਕਰਕੇ ਸਵਾਰਿਸ ਨੂੰ ਫੀਫਾ ਨੇ ਚਾਰ ਮਹੀਨੇ ਲਈ ਬਰਖਾਸਤ ਕੀਤਾ।
(ਸਮਾਪਤ)