ਅਸ਼ੋਕ ਭੌਰਾ
ਯੁੱਗ ਬਦਲ ਗਏ ਨੇ ਪਰ ਕਾਂ ਦਾ ਨਾ ਰੰਗ ਬਦਲਿਆ, ਨਾ ਸੁਭਾਅ ਬਦਲਿਆ, ਨਾ ਇਸ ਨੇ ਸ਼ੈਤਾਨੀ ਛੱਡੀ ਹੈ ਤੇ ਨਾ ਵਿਚਾਰਾ ਚੰਗਾ ਖਾਣ ਦੀ ਆਦਤ ਪਾ ਸਕਿਆ ਹੈ। ਸ਼ੁੱਧ ਨਾ ਹੋਣ ਕਰਕੇ ਚੁੰਝ ਪਾਉਣ ਨਾਲ ਦੁੱਧ ਤੇ ਪਾਣੀ ਹੁਣ ਭਾਵੇਂ ਅਲੱਗ ਨਾ ਵੀ ਹੁੰਦੇ ਹੋਣ ਪਰ ਹੰਸ ਸਤਿਕਾਰ ਦੀ ਘਨ੍ਹੇੜੀ ਚੜ੍ਹਿਆ ਹੀ ਰਿਹਾ ਹੈ। ਪਰ ਜਦੋਂ ਕਵੀਸ਼ਰੀ ਵਰਗੀ ਮਹਾਨ ਕਲਾ ਦੀ ਗੱਲ ਚੱਲੇ ਤਾਂ ਝੱਟ ਦੇਣੀ ਕਹਿਣਾ ਪਏਗਾ ਕਿ ਰਣਜੀਤ ਸਿੰਘ ਸਿੱਧਵਾਂ ਨੇ ਇਸ ਕਲਾ ਨੂੰ ਅਦਬ ਨਾਲ ਮੋਢਿਆਂ ‘ਤੇ ਹੀ ਨਹੀਂ ਬਿਠਾਈ ਰੱਖਿਆ ਬਲਕਿ ਆਉਣ ਵਾਲੀਆਂ ਨਸਲਾਂ ਬਾਤਾਂ ਦੀ ਸ਼ੁਰੂਆਤ ਏਦਾਂ ਹੀ ਕਰਿਆ ਕਰਨਗੀਆਂ, Ḕਇਕ ਰਣਜੀਤ ਸਿੰਘ ਹੁੰਦਾ ਸੀ-ਸਿੱਧਵਾਂ ਵਾਲਾ ਕਵੀਸ਼ਰḔ ਤੇ ਉਹਦੀ ਸਿਫਤ ਤੇ ਵਡਿਆਈ ਵਿਚ ਸਤਿਕਾਰ ਦੀਆਂ ਚਾਰੇ ਕੰਨੀਆਂ ਆਪਣੇ-ਆਪ ਤਣ ਜਾਣਗੀਆਂ। ਚੜ੍ਹ ਭਾਵੇਂ ਜਹਾਜ ‘ਤੇ ਜਾਵੋ ਪਰ ਇਹ ਸਦੀਵੀ ਸੱਚ ਹੀ ਰਹੇਗਾ ਕਿ ਟਿਕਾਣੇ ‘ਤੇ ਪੁੱਜਣ ਲਈ ਸਫਰ ਤੈਅ ਕਰਨਾ ਹੀ ਪੈਂਦਾ ਹੈ।
ਕਈ ਆਵਾਜ਼ ਤੇ ਤਸਵੀਰ ਦੇਖ ਕੇ ਕਿਹਾ ਕਰਨਗੇ, Ḕਅੱਛਾ! ਇਹ ਸੀ ਰਣਜੀਤ ਸਿਹੁੰ!Ḕ ਪਰ ਅਸੀਂ ਉਨ੍ਹਾਂ ਖੁਸ਼ਕਿਸਮਤ ਲੋਕਾਂ Ḕਚੋਂ ਹਾਂ ਜੋ ਇਹ ਦਾਅਵਾ ਕਰਦੇ ਰਹਿਣਗੇ ਕਿ Ḕਮੈਂ ਰਣਜੀਤ ਸਿੰਘ ਨੂੰ ਦੇਖਿਆ ਹੀ ਨਹੀਂ, ਜਾਣਦਾ ਵੀ ਹਾਂ।Ḕ ਉਹਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਨਿਜ ਨਾਲ ਜੁੜੀਆਂ ਦੋ ਘਟਨਾਵਾਂ ਮੇਰੇ ਲਈ ਉਵੇਂ ਹਨ ਜਿਵੇਂ ਕੋਈ ਵੱਡਾ ਅਫਸਰ ਨਹਿਰੂ ਕੋਟ ਨਾਲ ਇੱਕ ਗੁਲਾਬ ਦਾ ਫੁੱਲ ਟੰਗ ਕੇ ਦੂਜਾ ਹੱਥ ਰੱਖੇ। ਜਦੋਂ 1988 ਵਿਚ ਪਹਿਲੀ ਵਾਰ ਮੈਂ ਉਸ ਨੂੰ ਸਿੱਧਵਾਂ ਕਾਲਜ ਵਿਖੇ ਮਿਲਣ ਗਿਆ, ਜ਼ਿੰਦਗੀ ਬਾਰੇ ਉਹਦੀ ਧਰਮ ਪਤਨੀ ਗੁਰਦੇਵ ਕੌਰ ਦੇ ਮੂੰਹੋਂ ਗੱਲਾਂ ਸੁਣੀਆਂ, ਸਤਿੰਦਰਪਾਲ ਵੀ ਘਰੇ ਸੀ, ਮਾਲਵੇ ਦੇ ਰਿਵਾਜ਼ ਮੁਤਾਬਕ ਉਹਨੇ ਕੰਬਲ ‘ਤੇ ਪੰਜਾਹ ਰੁਪਏ ਰੱਖ ਕੇ ਦਿੱਤੇ। ਮੇਰੇ ਲਈ ਇਹ ਗੱਲ ਖਾਸ ਨਹੀਂ ਸੀ, ਮਹੱਤਵਪੂਰਨ ਇਹ ਸੀ ਕਿ ਜਦੋਂ ਉਹਨੇ ਕਿਹਾ, “ਢਾਡੀਆਂ ਤੇ ਕਵੀਸ਼ਰਾਂ ਬਾਰੇ ਗੱਲਾਂ ਕਰਨ ਲੱਗਾ ਅਸ਼ੋਕ, ਸਿੱਖ ਜਗਤ ਤੈਨੂੰ ਚੇਤੇ ਕਰਿਆ ਕਰੇਗਾ।” ਤੇ ਇਹ ਉਹ ਦਿਨ ਸਨ ਜਦੋਂ ਗੁਰਦੇਵ ਕੌਰ ਤਾਂ ਅਧਿਆਪਕਾ ਵਜੋਂ ਸੇਵਾ ਮੁਕਤ ਹੋ ਗਈ ਸੀ ਪਰ ਪਰਿਵਾਰ ਹਾਲੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ।
ਤੇ ਦੂਜਾ ਫੁੱਲ ਮੇਰੇ ਹੱਥ Ḕਚ ਉਹ ਹੈ ਜਦੋਂ 1994 ਵਿਚ ਉਹਨੂੰ ਮੈਂ ਮਾਹਿਲਪੁਰ ਦੇ ਸ਼ੌਂਕੀ ਮੇਲੇ ‘ਤੇ ਲੈ ਕੇ ਆਇਆ। ਹੁਣ ਤੱਕ ਮੇਰੇ ਚਾਵਾਂ Ḕਚ ਇਹ ਗੱਲ ਵੱਸੀ ਹੋਈ ਹੈ ਕਿ ਮੁਹੱਬਤ ਦੀ ਡੋਰ ਨਾਲ ਦਿਲਬਰ ਵਾਂਗ ਮੈਂ ਵੱਡੇ ਕਵੀਸ਼ਰ ਰਣਜੀਤ ਸਿਹੁੰ ਨੂੰ ਵੀ ਖਿੱਚ ਕੇ ਮਾਹਿਲਪੁਰ ਲੈ ਆਇਆ ਸੀ। ਬੋਲ ਤਾਂ ਉਹਨੇ ਬੜੇ ਸੁਣਾਏ ਪਰ ਦਿਲ ਬਹੁਤਿਆਂ ਦੇ ਬੁਢਾਪੇ ਦੀ ਉਮਰੇ ਵੀ ਜਿੱਤ ਲਏ। ਇੱਕ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਵਾਲਾ ਬਜ਼ੁਰਗ ਭੀੜ Ḕਚੋਂ ਨਿਕਲ ਕੇ ਮੇਰੇ ਕੋਲ ਆ ਕੇ ਪੁੱਛਣ ਲੱਗਾ:
“ਜੁਆਨਾ! ਭਲਾ ਇਹ ਉਹੀ ਰਣਜੀਤ ਹੈ ਜੋ ਕਰਨੈਲ ਪਾਰਸ ਨਾਲ ਹੁੰਦਾ ਸੀ?” ਮੈਂ ਹਾਂ ਵਿਚ ਸਿਰ ਹਿਲਾਇਆ ਤਾਂ ਬੋਲਿਆ, “ਹਾਂ ਤਾਹੀਓਂ ਕਹਿੰਦੇ ਆ ਭਲਾ ਰਣਜੀਤ ਰਾਜਾ, ਰਣਜੀਤ ਨਗਾਰਾ ਤੇ ਰਣਜੀਤ ਸਿੰਘ ਸਿੱਧਵਾਂ ਅਲੱਗ ਹੀ ਪਛਾਣੇ ਜਾਂਦੇ ਰਹਿਣਗੇ।”
ਬੜਾ ਕੁਝ ਨਹੀਂ, ਸਭ ਕੁਝ ਦਿੱਤਾ ਹੈ, ਕਰਨੈਲ ਪਾਰਸ ਅਤੇ ਰਣਜੀਤ ਸਿੰਘ ਨੇ ਕਵੀਸ਼ਰੀ ਤੇ ਢਾਡੀ ਕਲਾ ਨੂੰ। ਬਲਵੰਤ ਸਿੰਘ ਰਾਮੂਵਾਲੀਏ ਨੂੰ ਰਾਜਨੀਤੀਵਾਨ ਏਸੇ ਕਲਾ ਨੇ ਚੰਗਾ ਬੁਲਾਰਾ ਹੋਣ ਕਰਕੇ ਬਣਾਇਆ ਹੈ। ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਹੁਣ ਵੀ ਸੁਣੋ ਤਾਂ ਛਾਲ ਮਾਰ ਕੇ ਉਹਦੇ ਗਲੇ ਜਾ ਲੱਗੋਗੇ। ਕਰਨੈਲ ਤੇ ਰਣਜੀਤ ਨੇ ਪੜ੍ਹੇ-ਲਿਖੇ ਪੁੱਤਰਾਂ ਨੂੰ ਵੀ ਇੱਧਰ ਲੈ ਕੇ ਆਂਦਾ ਸੀ। ਕਿਉਂਕਿ ਦੋਵੇਂ ਜਾਣਦੇ ਸਨ ਕਿ ਦਿਲ ਦੀਆਂ ਕਰੂੰਬਲਾਂ ਜਦੋਂ ਕਲਾ ਨਾਲ ਫੁੱਟਦੀਆਂ ਹਨ ਫੇਰ ਪਤਾ ਲੱਗਦਾ ਹੈ ਕਿ Ḕਲੋਕਾਂ ਦੇ ਮਨਾਂ ‘ਤੇ ਰਾਜ ਕਿਵੇਂ ਹੁੰਦੈ?Ḕ Ḕਤੇਰੇ ਭਾਣੇ ਦਾਤਿਆ ਸੁਖੀ ਵਸੇ ਸਰਬੱਤḔ ਜਾਂ Ḕਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾḔ ਜ਼ਿੰਦਗੀ ਦੇ ਮਨੋਰਥ ਤੇ ਯਥਾਰਥ ਦੀਆਂ ਗੱਲਾਂ ਦੂਜਿਆਂ ਨਾਲ ਗਲਵੱਕੜੀ ਪਾਉਣ ਲਈ ਕਾਹਲੀਆਂ ਕਾਹਲੀਆਂ ਕਿਵੇਂ ਹੁੰਦੀਆਂ ਹਨ?
ਰਣਜੀਤ ਸਿਹੁੰ ਪਾਰਸ ਨਾਲ ਵਿਆਹ ਸ਼ਾਦੀਆਂ ਦੀਆਂ ਸਟੇਜਾਂ ਵੀ ਕਰਦਾ ਰਿਹਾ ਹੈ। ਕਿਉਂਕਿ ਸਿਹਤਮੰਦ ਮਨੋਰੰਜਨ ਦੀਆਂ ਖਿੜਕੀਆਂ ਖੋਲ੍ਹਣ ਦਾ ਸਹੀ ਮਾਅਨਿਆਂ ਵਿਚ ਉਨ੍ਹਾਂ ਨੂੰ ਹੀ ਗਿਆਨ ਸੀ। ਸਤਿਕਾਰ ਦੀ ਜੋ ਪਹਿਲੀ ਗੁੱਡੀ ਅੰਬਰੀਂ ਚੜ੍ਹਦੀ ਹੈ, ਉਹ ਇਹ ਕਿ ਉਨ੍ਹਾਂ ਨੇ ਗਾਇਆ ਹੈ, Ḕਕਿਉਂ ਫੜ੍ਹੀ ਭਰਾਵਾਂ ਨੇ ਨੀ ਭੈਣੋਂ ਇਹ ਹੰਸਾਂ ਦੀ ਜੋੜੀḔ ਪਰ ਲੋਕ ਕਿੱਸਿਆਂ ਨੂੰ ਜੀਅ ਭਰ ਕੇ ਅਤੇ ਰੂਹ ਭਰ ਕੇ ਗਾਉਣਾ, ਉਨ੍ਹਾਂ ਦੇ ਹਿੱਸੇ ਸੀ। Ḕਭੱਜ ਦਾਨਾਬਾਦ ਚੱਲੀਏ ਵੇ ਮਿਰਜ਼ਿਆ ਚੜ੍ਹੀਆਂ ਆਉਂਦੀਆਂ ਡਾਰਾਂḔ ਜਾਂ Ḕਤੇਰੇ ਹੇਠ ਜੰਡੋਰਿਆਂ ਵੇ ਮੈਂ ਹੋ ਗਈ ਰੰਡੀḔ ਵਰਗੀਆਂ ਸਰਵ-ਪ੍ਰਵਾਨਿਤ ਕਲੀਆਂ ਵੀ ਦੋਹਾਂ ਨੇ ਰੱਜ ਕੇ ਤੇ ਅਦਬ ਨਾਲ ਗਾਈਆਂ ਹਨ। ਕਈ ਵਾਰ ਉਹਨੇ ਸਰੀਰ ਦੇ ਹਫ ਜਾਣ ‘ਤੇ ਵੀ ਮਿਰਜ਼ਾ ਉਸੇ ਲਹਿਜ਼ੇ ਵਿਚ ਗਾ ਕੇ ਵਿਖਾਇਆ ਸੀ।
ਆਮ ਕਹਾਵਤ ਨਹੀਂ ਪੱਕੀ ਧਾਰਨਾ ਹੈ ਕਿ ਜੱਟ ਤਾਂ ਢਾਈ ਡੰਗ Ḕਕੱਠੇ ਨਹੀਂ ਰਹਿ ਸਕਦੇ ਪਰ ਮੰਨੋ ਕਿ ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਗਿਆਨੀ ਨੇ ਸਾਰੀ ਉਮਰ ਹੀ Ḕਕੱਠਿਆਂ ਗੁਜ਼ਾਰ ਲਈ। ਇਨ੍ਹਾਂ ਸਾਰਿਆਂ ਨੇ ਆਪਣਾ ਦਰਜਾ ਪੂਜਣਯੋਗ ਬਣਾ ਕੇ ਸੁਰੱਖਿਅਤ ਕਰਵਾ ਲਿਆ ਹੈ। ਤਿੰਨਾਂ ਨੇ ਜੀਅ ਜਾਨ ਨਾਲ ਇਸ ਕਲਾ ਦੀ ਢਿੱਡੋਂ ਤੇ ਦਿਲੋਂ ਸੇਵਾ ਕੀਤੀ ਹੈ। ਅੱਜ ਦੇ ਗਵੱਈਆਂ ਤੇ ਸੰਗੀਤ ਨਾਲ ਜੁੜੇ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਵਾਂਗ ਨੋਟਾਂ ਦੇ ਭਾਰ ਹੇਠ ਕਲਾ ਘੁੱਟ ਹੋਣ ਤੇ ਦੱਬ ਹੋਣ ਨਹੀਂ ਦਿੱਤੀ। ਸੰਨ 1940 ਤੋਂ ਸ਼ੁਰੂ ਹੋ ਕੇ ਰੇਲ ਦੇ ਡੱਬੇ ਤੇ ਇੰਜਣ ਵਾਂਗ ਇਨ੍ਹਾਂ ਦਾ ਦਹਾਕਿਆਂ ਬੱਧੀ ਲੰਬਾ ਸਫਰ ਰਿਹੈ।
ਕਰਨੈਲ ਸਿੰਘ ਪਾਰਸ ਨੇ ਬੇਪ੍ਰਵਾਹ ਜ਼ਿੰਦਗੀ ਦਾ ਆਖਰੀ ਪੰਧ ਕੱਟਣ ਲਈ ਸੰਨਿਆਸ ਲੈ ਲਿਆ ਸੀ ਪਰ ਰਣਜੀਤ ਸਿੰਘ ਬਾਅਦ ਵਿਚ ਕਿੰਨੀ ਦੇਰ ਤੱਕ ਆਪਣੇ ਪੁੱਤਰ ਸਤਿੰਦਰਪਾਲ ਨੂੰ ਲੈ ਕੇ ਕਵੀਸ਼ਰੀ ਤੇ ਢਾਡੀ ਕਲਾ ਵੱਲ ਵਗਦੀ ਵਾਅ ਦਾ ਬੁੱਲਾ ਬਣਿਆ ਰਿਹਾ। ਨਿਰਪੱਖ ਹੋ ਕੇ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਦੋਹਾਂ ਦੀ ਚੜ੍ਹਾਈ ਵਿਚ ਪਾਰਸ ਦੀ ਮਾਹਿਰ ਡਾਕਟਰਾਂ ਵਾਂਗ ਲਿਖਣ ਦੀ ਆਪਣੀ ਪੈੜ੍ਹ ਵੀ ਇੱਕ ਵੱਡਾ ਹਿੱਸਾ ਸੀ। ਭਲੇ ਵੇਲਿਆਂ ਵਿਚ ਪਾਰਸ ਦਾ Ḕਦਹੂਦ ਬਾਦਸ਼ਾਹḔ ਵਾਲਾ ਕਿੱਸਾ ਪਬਲਿਸ਼ਰਾਂ ਨੇ ਹਜ਼ਾਰਾਂ ਵਿਚ ਵੇਚਿਆ। ਕਲੀਆਂ ਰਚਣ ਦੀ ਨਵੀਂ ਵਿਆਕਰਣ ਪਾਰਸ ਦੀ ਹੈ। (24-25) + (21-22) ਮਤਲਬ 43 ਤੋਂ 45 ਤੱਕ ਮਾਤਰਾਵਾਂ ਵਾਲੀਆਂ ਕਲੀਆਂ ਨੂੰ ਉਹਨੇ 49 ਤੋਂ 50 ਤੱਕ ਰੱਖ ਕੇ ਨਵਾਂ ਸਿਰਜਣਾਤਮਕ ਦੌਰ ਸਿਰਜਿਆ।
ਕਲਾ ਦਾ ਵਿਕਾਸ ਰੁਕਣ ਦੀ ਦਲੀਲ ਨੂੰ ਕਦੇ ਵੀ ਨਹੀਂ ਮੰਨਿਆ ਜਾ ਸਕਦਾ, ਹਾਂ ਏਨਾ ਜ਼ਰੂਰ ਹੈ ਕਿ ਕਾਟੋ ਉਤਰਦੀ ਵੀ ਰਹਿੰਦੀ ਹੈ ਤੇ ਚੜ੍ਹਦੀ ਵੀ ਰਹਿੰਦੀ ਹੈ। ਲੋਕਾਂ ਦੇ ਆਧੁਨਿਕ ਸੰਗੀਤਕ ਸੁਹਜ-ਸੁਆਦ ਨੇ ਕਈ ਪੁਰਾਤਨ ਤੇ ਵਿਰਾਸਤੀ ਕਲਾਵਾਂ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ। ਕੰਨ-ਰਸ ਪੱਖੋਂ ਵੇਖੀਏ ਤਾਂ ਢਾਡੀ ਤੇ ਕਵੀਸ਼ਰੀ ਕਲਾ ਪ੍ਰਤੀ ਮੋਹ ਹੁਣ ਪਹਿਲਾਂ ਨਾਲੋਂ ਵੀ ਇਸ ਕਰਕੇ ਵੱਧ ਗਿਆ ਹੈ ਕਿ ਸਿਰ ਝੂਮਣ ਲਾਉਣ ਵਾਲੀ ਰਾਗ ਪਰੰਪਰਾ ਫਿਰ ਉਛਲੀ ਹੈ। ਇਹੀ ਕਾਰਨ ਹੈ ਕਿ ਆਉਣ ਵਾਲੇ ਸਮੇਂ ਵਿਚ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਚਰਚਾ ਵਡਿਆਈ ਪੱਖੋਂ ਹੋਰ ਵੀ ਅਗਾਂਹ ਚਲੀ ਜਾਵੇਗੀ।
ਮੰਨੋਗੇ ਕਿ ਰਣਜੀਤ ਸਿੰਘ ਸਿੱਧਵਾਂ ਨੂੰ ਸੁਣਨ ਲਈ ਲੋਕ ਨੰਗੇ ਪੈਰੀਂ ਭੱਜ ਨਿਕਲਦੇ ਹਨ। ਇਨ੍ਹਾਂ ਮਕਬੂਲ ਵੰਨ੍ਹਗੀਆਂ ਵੱਲ ਧਿਆਨ ਜਾਂਦਿਆਂ ਹੀ ਚਿੱਤ ਕਹਿਣ ਲੱਗ ਪੈਂਦਾ ਹੈ, ਇਹ ਗੱਲ ਕਦੇ ਵੀ ਨਹੀਂ ਮੁੱਕੇਗੀ:
-ਹੈ ਆਉਣ ਜਾਣ ਬਣਿਆ
ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ।
-ਹੁਣ ਜਾਂਦੀ ਵਾਰੀ ਦੀ
ਦੇ ਲੈ ਪੂਰਨ ਪੁੱਤ ਨੂੰ ਲੋਰੀ।
-ਅੱਜ ਨਜ਼ਰੀਂ ਆਉਂਦੇ ਨਾ
ਸੁਆਮੀ ਚਾਰ ਜਿਗਰ ਦੇ ਟੋਟੇ।
-ਵਾਹ ਵਾਹ ਗੁਰੂ ਗੋਬਿੰਦ ਸਿੰਘ
ਆਪੇ ਗੁਰ ਚੇਲਾ।
-ਸੀਸ ਤਲੀ ਧਰ ਤੁਰਨਾ ਪੈਂਦਾ
ਪ੍ਰੇਮ ਗਲੀਆਂ।
-ਦੁਨੀਆਂ ਗਾਉਂਦੀ ਰਹੇਗੀ
ਯੋਧਿਆਂ ਦੀਆਂ ਵਾਰਾਂ।
-ਸਰਸਾ ਨਦੀ ਕਿਨਾਰਿਓਂ
ਦੋ ਜੰਗਾਂ ਲੜੀਆਂ।
ਕੌਣ ਮੰਨੇਗਾ ਕਿ ਰਣਜੀਤ ਸਿੰਘ ਸਿੱਧਵਾਂ ਕਦੇ ਸਾਡੀਆਂ ਯਾਦਾਂ Ḕਚੋਂ ਮੁਨਫੀ ਹੋਵੇਗਾ।
ਕਿਸੇ ਵਕਤ ਸਿਰੇ ਦੀ ਕੰਪਨੀ ਐਚ. ਐਮ. ਵੀ. ਨੇ ਇਨ੍ਹਾਂ ਨੂੰ ਰੱਜ ਕੇ ਰਿਕਾਰਡ ਕੀਤਾ। ਕੈਸਿਟ ਯੁੱਗ ਆਇਆ ਤਾਂ ਪਿਉ-ਪੁੱਤਰ ਯਾਨਿ ਰਣਜੀਤ ਤੇ ਸਤਿੰਦਰਪਾਲ ਨੇ ਕਮਾਲਾਂ ਦੋ ਰੰਗੀਲੇ ਰੁਮਾਲ ਉਡਾ ਦਿੱਤੇ। Ḕਸਾਨੂੰ ਸਿਰ ਨਾਲੋਂ ਸਿਦਕ ਪਿਆਰਾḔ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉਤੇ ਜਿੱਤ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਇਸੇ ਲੜੀ ਤੇ ਕੜੀ ਵਿਚ ਮਾਲਾ ਦੇ ਟਹਿਕਦੇ ਮੋਤੀ ਹਨ।
ਜਦੋਂ ਦਾ ਜਲੰਧਰ ਰੇਡੀਓ ਸਟੇਸ਼ਨ ਬਣਿਆ, ਰਣਜੀਤ ਸਿਹੁੰ ਉਦੋਂ ਦਾ ਹੀ ਪ੍ਰੋਗਰਾਮ ਪੇਸ਼ ਕਰਦਾ ਆ ਰਿਹਾ ਸੀ। ਕੈਨੇਡਾ ਆ ਕੇ ਵੱਸਣ ਤੋਂ ਪਹਿਲਾਂ ਉਹਨੇ ਸਿੰਘਾਪੁਰ, ਮਲਾਇਆ, ਥਾਈਲੈਂਡ, ਅਮਰੀਕਾ, ਕੈਨੇਡਾ ਤੇ ਅਫਰੀਕਾ ਵਰਗੇ ਦੇਸ਼ਾਂ ਵਿਚ ਕਲਾ ਦੀਆਂ ਰੰਗੀਨ ਡੋਰੀਆਂ ਖਿੱਚੀ ਰੱਖੀਆਂ।
ਪਹਿਨਣ ਵਾਲੇ ਬਸਤਰ ਤਾਂ ਮਹਿੰਗੇ ਜਾਂ ਕੀਮਤੀ ਹੋ ਸਕਦੇ ਹਨ ਪਰ ਕੱਪੜਿਆਂ ਹੇਠ ਲੁਕਿਆ ਬਦਨ ਸਾਰਿਆਂ ਦਾ ਇਕੋ ਜਿਹਾ ਹੁੰਦਾ ਹੈ। ਇਸੇ ਲਈ ਕਹਿ ਸਕਦੇ ਹਾਂ ਕਿ ਤੰਗੀਆਂ-ਤੁਰਸ਼ੀਆਂ ਨਾਲ ਸਾਰੇ ਹੀ ਹੱਥੋਪਾਈ ਹੁੰਦੇ ਰਹੇ ਹਨ। ਰਣਜੀਤ ਸਿਹੁੰ ਬਾਦਸ਼ਾਹਾਂ ਵਾਂਗ ਵੀ ਵਿਚਰਿਆ, ਸ਼ੋਹਰਤ ਦੀ ਦਸਤਾਰ ਵੀ ਘੁੱਟ ਕੇ ਬੰਨ੍ਹੀ ਰੱਖੀ ਪਰ ਮੰਨੋਗੇ ਕਿ ਕਿਸੇ ਵਕਤ ਆਰਥਕ ਤੌਰ ‘ਤੇ ਉਖੜੇ ਪਰਿਵਾਰਕ ਹਾਲਾਤਾਂ ਕਾਰਨ ਉਹਨੂੰ ਪਿੰਡ ਛੱਡ ਨਾਨਕੇ ਸਹੋਲੀ (ਲੁਧਿਆਣਾ) ਆ ਕੇ ਪੜ੍ਹਨ ਪਾਇਆ ਸੀ। ਨਾਨਕੇ ਰਹਿੰਦਿਆਂ ਹੀ ਰਣਜੀਤ ਸਿੰਘ ਨੇ ਕਵੀਸ਼ਰ ਮੋਹਨ ਸਿੰਘ ਨੂੰ ਸੁਣਿਆ। ਕਲਾ ਪਾਰੇ ਵਾਂਗੂੰ ਅੰਦਰ ਲਹਿ ਗਈ ਤੇ ਉਹ ਸਹੋਲੀ ਤੋਂ ਪੈਦਲ ਤੁਰ ਕੇ ਉਹਨੂੰ ਵੇਖਣ ਤੇ ਸੁਣਨ ਲਈ ਕੋਹਾਂ ਵਾਟ ਕੱਢ ਦਿੰਦਾ ਸੀ। ਊਂ ਉਹਨੇ ਆਪਣੇ ਨੇੜਲੇ ਪਿੰਡਾਂ ਵਿਚ ਬਚਪਨ ਤੋਂ ਜਵਾਨੀ ਤੱਕ ਕੋਈ ਗਵੰਤਰੀ ਜਾਂ ਕਵੀਸ਼ਰ ਸੁਣਨਾ ਛੱਡਿਆ ਹੀ ਕਦੇ ਨਹੀਂ ਸੀ।
ਸ਼ਾਇਰਾਂ, ਕਵੀਆਂ ਦੀ ਗਿਣਤੀ ਤਾਂ ਵੱਧ ਗਈ ਹੈ ਪਰ ਲੋਕ ਸ਼ਾਇਰੀ ਇਸ ਕਰਕੇ ਘੱਟ ਗਈ ਹੈ ਕਿ ਕਬਿੱਤ, ਬੈਂਤ, ਛੰਦ, ਕਲੀ ਇਕ ਤਰ੍ਹਾਂ ਨਾਲ ਅਲੋਪ ਹੀ ਹੋ ਗਏ ਹਨ। ਪਿੰਗਲ ਦੀ ਸਾਇੰਸ ਦਾ ਇਲਮ ਤਾਂ ਕੀ ਹੋਣਾ ਕਈ ਝੱਟ ਦੇਣੀ ਪੁੱਛ ਲੈਂਦੇ ਹਨ, ਭਲਾ ਪਿੰਗਲ ਕੀ ਬਲਾ ਸੀ? ਰਣਜੀਤ ਸਿੰਘ ਨੇ ਦੌਧਰ ਦੇ ਧਰਮ ਸਿੰਘ ਤੋਂ ਪਿੰਗਲ ਦਾ ਗਿਆਨ ਲੈ ਕੇ ਕਾਵਿ ਬੋਲ ਰਚੇ। ਦਸਵੀਂ ਪੜ੍ਹ ਕੇ ਮਹਾਂ ਸਿੰਘ ਗੁੜੇ ਨਾਲ ਕਵੀਸ਼ਰੀ ਜਥਾ ਬੰਨ੍ਹਿਆ।
ਉਂਜ ਸਾਰੀ ਉਮਰ ਉਹ ਕਰਨੈਲ ਸਿੰਘ ਪਾਰਸ ਨੂੰ ਆਪਣਾ ਉਸਤਾਦ ਮੰਨਦਾ ਰਿਹਾ ਹੈ। ਦੋਹਾਂ ਦਾ ਪਹਿਲੀ ਵਾਰ ਮੇਲ ਤਖਤੂਪੁਰੇ ਮਾਘੀ ਦੇ ਮੇਲੇ ‘ਤੇ ਹੋਇਆ ਸੀ ਤੇ ਫਿਰ Ḕਤੂੰ ਮੇਰਾ ਮੈਂ ਤੇਰੀḔ ਵਾਲਾ ਤਾਣਾ ਤੇ ਬਾਣਾ ਬੁਣਿਆ ਗਿਆ। ਜਦੋਂ ਕਰਨੈਲ ਸਿੰਘ ਪਾਰਸ ਦੀ ਪੇਸ਼ਕਸ਼ ‘ਤੇ ਮਹਾਂ ਸਿੰਘ ਤੇ ਰਣਜੀਤ ਸਿੰਘ ਨੇ ਹਾਮੀ ਭਰੀ ਤਾਂ ਪਾਰਸ ਨੇ ਹੱਸ ਕੇ ਕਿਹਾ, “ਦੁੱਧ ਤੇ ਪੁੱਤ ਭਾਗਾਂ ਨਾਲ ਖਰੇ ਤੇ ਉਮਰ ਭਰ ਲਈ ਮਿਲਦੇ ਹਨ, ਮੇਰੀ ਕਲਮ ਤੇ ਤੇਰਾ ਰਣਜੀਤ ਸਿਹਾਂ ਗਲਾ, ਅੱਜ ਤੋਂ ਟਿੱਚ ਬਟਨਾਂ ਦੀ ਜੋੜੀ।” ਤੇ ਇਉਂ ਗਿੱਲ ਤੇ ਸਿੱਧੂ ਝੱਟ ਗਲਵੱਕੜੀ ਹੋ ਗਏ। ਭਾਨੀਮਾਰਾਂ ਦੀਆਂ ਸਾਰੀਆਂ ਜੁਗਤਾਂ ਫੇਲ੍ਹ ਰਹੀਆਂ ਤੇ ਕਰੀਬ ਸਾਢੇ ਤਿੰਨ ਦਹਾਕੇ ਦੋਵੇਂ Ḕਕੱਠੇ ਨਿਭ ਗਏ।
ਘਰ ਨੂੰਹ ਨੇ ਸਾਂਭ ਲਿਆ
ਤੁਰ ਗਈ ਧੀ ਝਾੜ ਕੇ ਪੱਲੇ
ਪੋਤੇ ਨੇ ਜਨਮ ਲਿਆ
ਬਾਪੂ ਵੱਲ ਸਿਵਿਆਂ ਦੇ ਚੱਲੇ
ਕਿਤੇ ਜ਼ੋਰ ਮਕਾਣਾਂ ਦਾ
ਕਿਧਰੇ ਮੰਗਣੀ ਵਿਆਹ ਮੁਕਲਾਵੇ
ਜੱਗ ਜੰਕਸ਼ਨ ਰੇਲਾਂ ਦਾ
ਗੱਡੀ ਇਕ ਆਵੇ ਇੱਕ ਜਾਵੇ ਨਾਲ ਫਿਰ ਸੰਗੀਤ ਕਲਾ ਦੀ ਨੇਰ੍ਹੀ ਨੇ ਜ਼ਿਮੀਂ-ਆਸਮਾਨ ਇੱਕ ਕਰ ਦਿੱਤੇ। ਇਸ ਖੇਤਰ ਦਾ ਇੱਕ ਇਹ ਵੀ ਇਤਿਹਾਸ ਰਹੇਗਾ ਕਿ ਪਿਉ ਗਾਉਂਦਾ ਰਿਹਾ ਤੇ ਆਪਣੇ ਸੁਰੀਲੇ, ਲੱਛੇਦਾਰ ਤੇ ਇਤਿਹਾਸਕ ਲੈਕਚਰਾਂ ਨਾਲ ਪੁੱਤ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਸੂਤਰਧਾਰ ਬਣ ਕੇ ਕਲਾ ਫਿਰ ਸ਼ਤਾਬਦੀ ਵਾਂਗ ਭਜਾਈ ਰੱਖੀ।
ਛੋਟੀਆਂ ਸਿੱਧਵਾਂ, ਸਿੱਧਵਾਂ ਕਾਲਜ ਮੰਨ ਲਵੋ ਕਿ ਪਹਿਲਾਂ ਮਸ਼ਹੂਰ ਰਣਜੀਤ ਸਿੰਘ ਨੇ ਕੀਤੀਆਂ। ਪਹਿਲਾਂ ਉਹਦੇ ਨਾਂ ਨਾਲ ਫਿਰ ਪੁੱਤਰ ਦੇ ਨਾਂ ਨਾਲ ਤੇ ਫਿਰ ਜਿੱਥੇ ਵੀ ਉਹ ਗਾਉਣ ਗਿਆ, ਪਿੰਡ ਨਾਲ ਹੀ ਤੁਰਿਆ ਰਿਹਾ। ਲੋਕੀਂ ਇਹ ਵੀ ਕਹਿੰਦੇ ਹਨ ਕਿ ਸਿੱਧਵਾਂ-ਕਵੀਸ਼ਰ ਰਣਜੀਤ ਸਿਹੁੰ ਵਾਲੀਆਂ।
4 ਦਸੰਬਰ 1925 ਨੂੰ ਨਾਤਾ ਹਰਨਾਮ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਰਣਜੀਤ ਸਿੰਘ ਦੇ ਬਾਪੂ ਸ਼ ਬਦਨ ਸਿੰਘ ਸਿੱਧੂ ਨੇ ਜਦੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਪਿੰਡ ਉਹਦੇ ਪੁੱਤਰ ਦੇ ਨਾਂ ਨਾਲ ਵੀ ਮਸ਼ਹੂਰ ਹੋਵੇਗਾ, ਕਿਉਂਕਿ ਰਣਜੀਤ ਸਿੰਘ ਦੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਉਹ ਅੰਤਿਮ ਯਾਤਰਾ ਪੂਰੀ ਕਰ ਗਿਆ ਸੀ।
ਕਵੀਸ਼ਰ ਰਣਜੀਤ ਸਿੰਘ ਦਾ ਵਿਆਹ 25 ਦਸੰਬਰ 1948 ਨੂੰ ਬਾੜੇਵਾਲ ਦੇ ਕਾਮਰੇਡ ਕਰਤਾਰ ਸਿੰਘ ਗਰੇਵਾਲ ਕਰਤਾਰ ਸਿੰਘ ਗਰੇਵਾਲ ਦੀ ਪੁੱਤਰੀ ਗੁਰਦੇਵ ਕੌਰ ਨਾਲ ਹੋਇਆ। ਉਹਦੇ ਤਿੰਨੋਂ ਪੁੱਤਰ ਸਤਿੰਦਰਪਾਲ, ਗੁਰਿੰਦਰਪਾਲ ਤੇ ਤੇਜਿੰਦਰਪਾਲ ਕੈਨੇਡਾ ਪੱਕੇ ਤੌਰ ‘ਤੇ ਵੱਸ ਗਏ ਹਨ ਤੇ ਧੀ ਹਰਸ਼ਿੰਦਰ ਕੌਰ ਹੈ।
ਘੱਟ ਬੋਲਣਾ, ਨਿਮਰਤਾ ਨਾਲ ਬੋਲਣਾ, ਤੋਲ ਕੇ ਬੋਲਣਾ ਪਰ ਸੁਰੀਲਾ ਤੇ ਕਮਾਲ ਦਾ ਗਾਉਣਾ ਰਣਜੀਤ ਸਿੰਘ ਦੇ ਸੁਭਾਅ ਤੇ ਜ਼ਿੰਦਗੀ ਦੇ ਰੰਗ ਸਨ। ਜਦੋਂ ਕਰਨੈਲ ਸਿੰਘ ਪਾਰਸ ਦੇ ਜਥੇ Ḕਚ ਸੰਨਿਆਸ ਲਿਆ ਤਾਂ ਉਹਨੂੰ ਲਿਖਣਾ ਵੀ ਪਿਆ ਤੇ ਗਾਉਣਾ ਵੀ ਪਿਆ।
ਮਨ ਵਿਚ ਕਈ ਵਾਰ ਹਰਖ ਵੀ ਆਉਂਦਾ ਹੈ ਕਿ ਸਿੱਖ ਜਗਤ ਵੀ ਕਵੀਸ਼ਰੀ ਤੇ ਢਾਡੀ ਕਲਾ ਪ੍ਰਤੀ ਉਨਾ ਸੁਹਿਰਦ ਨਹੀਂ ਰਿਹਾ ਪਰ ਫਿਰ ਵੀ 18 ਫਰਵਰੀ 2004 ਨੂੰ ਜਿਸਮਾਨੀ ਤੌਰ ‘ਤੇ ਵਿਛੜ ਕੇ ਅਮਰ ਰਹਿਣ ਵਾਲੀ ਆਵਾਜ਼ ਰਣਜੀਤ ਸਿੰਘ ਦੇ ਰੰਗ ਵਿਚ ਸਾਡੇ ਕੋਲ ਹੈ। ਇਸ ਨੂੰ ਸਾਂਭ-ਸਾਂਭ ਕੇ ਰੱਖਣਾ, ਪੰਜਾਬੀ ਤੇ ਘੱਟੋ-ਘੱਟ ਇੱਕ ਸਿੱਖ ਦਾ ਸੁਭਾਅ ਵੀ ਹੋਣਾ ਚਾਹੀਦਾ ਹੈ ਤੇ ਫਰਜ਼ ਵੀ।
ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸ ਕਿਹਾ ਜਾਂਦਾ ਸੀ ਪਰ ਸਿੱਖ ਸੰਗੀਤ ਤੇ ਢਾਡੀ ਕਵੀਸ਼ਰੀ ਵਿਚ ਰਣਜੀਤ ਸਿੰਘ ਤੇ ਕਰਨੈਲ ਸਿੰਘ ਪਾਰਸ ਨੂੰ ਕਦੇ ਅਲੱਗ ਕਰਕੇ ਵੇਖਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਸੰਗੀਤਕਾਰਾਂ ਤੇ ਗਵੱਈਆਂ ਦੇ ਸਾਹ ਬੰਧਿਸ਼ ਵਿਚ ਵੀ ਹੁੰਦੇ ਹੋਏ ਮੁੱਕ ਜਾਂਦੇ ਹਨ।