ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਮੈਂ ਦਸ-ਬਾਰਾਂ ਸਾਲਾਂ ਦਾ ਹੋਵਾਂਗਾ, ਉਦੋਂ ਦੀਆਂ ਇਹ ਗੱਲਾਂ ਨੇ। ਇਸ ਲਿਖਤ ਵਿਚ ਆਏ ਦੋਵੇਂ ਸੰਤ ਭਾਵੇਂ ਮੈਂ ਦੇਖੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਕਥਾ-ਵਿਖਿਆਨ ਕਰਦਿਆਂ ਨੂੰ ਵੀ ਸੁਣਿਆ ਹੋਇਆ ਹੈ ਪਰ ਵਿਚਾਰ ਅਧੀਨ ਵਾਰਤਾ ਮੈਂ ਆਪਣੇ ਪਿਤਾ ਜੀ ਦੇ ਮੂੰਹੋਂ ਕਈ ਵਾਰ ਸੁਣੀ ਹੋਈ ਹੈ। ਇਹ ਉਨ੍ਹਾਂ ਦੀ ਹੱਡਬੀਤੀ ਸੀ।
ਸਾਡੇ ਪੇਂਡੂ ਇਲਾਕੇ ਵਿਚ ਦੋ ਸੰਤਾਂ ਦਾ ਬੜਾ ਪ੍ਰਭਾਵ ਸੀ। ਇਕ ਸਨ, ਸੰਤ ਹਰੀ ਸਿੰਘ ਰਾਮਰਾਏਪੁਰ ਵਾਲੇ ਅਤੇ ਦੂਜੇ, ਸੰਤ ਜਵਾਹਰ ਦਾਸ, ਜਿਨ੍ਹਾਂ ਦਾ ਡੇਰਾ ਪਹਿਲੇ ਸੰਤਾਂ ਦੇ ਪਿੰਡ ਤੋਂ ਪੰਜ-ਛੇ ਮੀਲ ਦੂਰ ਅਸਮਾਨਪੁਰ ਪਿੰਡ ਵਿਚ ਸੀ। ਦੋਵੇਂ ਸੰਤ ਭਾਵੇਂ ਹਮ-ਉਮਰ ਹੀ ਸਨ ਪਰ ਦੋਹਾਂ ਦੀ ਵਿਚਾਰਧਾਰਾ ਵੱਖ ਵੱਖ ਸੀ। ਉਹ ਦੋਵੇਂ ਹੀ ‘ਸਿੱਖਾਂ ਦੇ ਸੰਤ’ ਕਹਾਉਂਦੇ ਸਨ ਪਰ ਜਿਥੇ ਸੰਤ ਹਰੀ ਸਿੰਘ ਸਿੱਖੀ ਰਹਿਤ-ਬਹਿਤ ਵਿਚ ਪਰਪੱਕ ਅੰਮ੍ਰਿਤਧਾਰੀ ਸਿੰਘ ਸਨ, ਉਥੇ ਸੰਤ ਜਵਾਹਰ ਦਾਸ ਹਮੇਸ਼ਾ ਗੇਰੂਏ ਵਸਤਰ ਪਹਿਨਦੇ ਸਨ। ਦੋਵੇਂ ਆਪੋ-ਆਪਣੇ ਡੇਰਿਆਂ ਵਿਚ ਨਵੇਂ ਸਿਖਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦੇਣ ਤੋਂ ਇਲਾਵਾ ਕਥਾ-ਕੀਰਤਨ ਵੀ ਸਿਖਾਉਂਦੇ ਸਨ।
ਦੋਹਾਂ ਸੰਤਾਂ ਨੇ ਆਪੋ-ਆਪਣੇ ਪਾਠੀ ਸਿੰਘ ਵੀ ਰੱਖੇ ਹੋਏ ਸਨ, ਜੋ ਪਿੰਡਾਂ ਵਿਚ ਖੁਸ਼ੀ-ਗਮੀ ਮੌਕੇ ਕਰਵਾਏ ਜਾਂਦੇ ਅਖੰਡ ਪਾਠ ਜਾਂ ਸਾਧਾਰਨ ਪਾਠ (ਉਦੋਂ ਸਹਿਜ ਪਾਠ ਲਈ ‘ਸਾਧਾਰਨ ਪਾਠ’ ਸ਼ਬਦ ਪ੍ਰਚਲਿਤ ਸੀ) ਕਰਦੇ ਹੁੰਦੇ ਸਨ। ਇਨ੍ਹਾਂ ਦਾ ਵੀ ‘ਸੰਤਾਂ ਦੇ ਪਾਠੀਆਂ’ ਵਜੋਂ ਚੰਗਾ ਮਾਣ-ਸਤਿਕਾਰ ਸੀ। ਆਲੇ-ਦੁਆਲੇ ਵਾਂਗ ਸਾਡੇ ਪਿੰਡ ਵਿਚ ਵੀ ਦੋਹਾਂ ਸੰਤਾਂ ਦੀ ਸਿੱਖੀ ਸੇਵਕੀ ਵਿਚ ਇਕ ਖਾਸ ਵਖਰੇਵਾਂ ਇਹੀ ਹੁੰਦਾ ਸੀ ਕਿ ਸਿੰਘ ਸਭੀਏ ਪ੍ਰਭਾਵ ਵਾਲੇ ਪਰਿਵਾਰਾਂ ਵਿਚ ਜ਼ਿਆਦਾਤਰ ਸੰਤ ਹਰੀ ਸਿੰਘ ਜਥੇ ਸਮੇਤ ਆਉਂਦੇ। ਥੋੜ੍ਹਾ ਰਲੇ-ਮਿਲੇ ਪਰਿਵਾਰਾਂ ਵਿਚ ਸੰਤ ਅਸਮਾਨਪੁਰੀਏ ਦਾ ਪਹਿਰਾ ਹੁੰਦਾ। ਇਸ ਤੋਂ ਇਲਾਵਾ ਸ਼ਰਧਾ ਤੇ ਸਤਿਕਾਰ ਦੋਹਾਂ ਦਾ ਹੀ ਬਰਾਬਰ ਕੀਤਾ ਜਾਂਦਾ ਸੀ ਅਤੇ ਨਫਰਤ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਸਕੂਲ ਆਉਂਦੇ-ਜਾਂਦੇ ਰਾਹ ਵਿਚ ਕਦੇ ਸਾਨੂੰ ਸੰਤ ਜੀ ਮਿਲ ਪੈਂਦੇ ਤਾਂ ਅਸੀਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ।
ਮੁੱਖ ਮੁੱਦੇ ਵਾਲੀ ਘਟਨਾ ਛੋਹਣ ਤੋਂ ਪਹਿਲਾਂ ਦੋਹਾਂ ਬਾਬਿਆਂ ਵਿਚਲੇ ਵਖਰੇਵੇਂ ਦਾ ਅਹਿਮ ਵੇਰਵਾ ਵੀ ਦੱਸ ਦਿੰਦਾ ਹਾਂ। ਸੰਤ ਜਵਾਹਰ ਦਾਸ ਵਲੋਂ ਗੁਰਬਾਣੀ ਸੰਥਿਆ ਦੇਣ ਦੇ ਪਾਠੰਤ੍ਰ-ਭੇਦ ਤਾਂ ਸ਼ਾਇਦ ਹੋਰ ਵੀ ਹੁੰਦੇ ਹੋਣਗੇ ਪਰ ਉਨ੍ਹਾਂ ਦਾ ਸਭ ਤੋਂ ਵੱਡਾ ਤੇ ਅਨੋਖਾ ਫਰਕ ਮੂਲ ਮੰਤਰ ਦੇ ਉਚਾਰਣ ਦਾ ਸੀ। ਉਹ ੴ ਦਾ ਉਚਾਰਣ ‘ਇਕ ਓਅੰਕਾਰ’ ਦੀ ਥਾਂ ‘ਇਕ ਓਂ’ ਕਰਦੇ ਸਨ; ਭਾਵ ‘ਇਕ ਓਅੰ’ ਦੇ ਨਾਲ ‘ਕਾਰ’ ਨਹੀਂ ਸਨ ਬੋਲਦੇ ਜੋ ਸੁਣਨ ਵਾਲਿਆਂ ਨੂੰ ‘ਇੱਕ ਓਮ’ ਹੀ ਸਮਝ ਪੈਂਦਾ। ਜਵਾਹਰ ਦਾਸ ਹੁਰੀਂ ਆਪ ਵੀ ਤੇ ਉਨ੍ਹਾਂ ਤੋਂ ਪੜ੍ਹੇ ਹੋਏ ਪਾਠੀ-ਰਾਗੀ ਵੀ ਹਮੇਸ਼ਾ ਪੰਡਿਤਾਂ ਵਾਂਗ ‘ਇਕ ਓਂ’ ਹੀ ਬੋਲਦੇ।
ਬਜ਼ੁਰਗ ਦੱਸਦੇ ਸਨ ਕਿ ਜੱਗੋਂ ਤ੍ਹੇਰਵੇਂ ਇਸ ਉਚਾਰਣ ਵਿਰੁਧ ਸੰਤ ਹਰੀ ਸਿੰਘ ਸਹਿਵਨ ਗੱਲ ਕਰਦਿਆਂ ਤਾਂ ਇਸ ਨੂੰ ਗਲਤ ਦੱਸ ਕੇ, ਦਰੁਸਤ ਉਚਾਰਣ ਦੀ ਪ੍ਰੇਰਨਾ ਦਿੰਦੇ ਪਰ ਅਜੋਕੇ ਮਾਹੌਲ ਵਾਂਗ ਉਹ ਕਦੇ ਉਚੀ ਜਾਂ ਤਿੱਖੀ ਭਾਸ਼ਾ ਵਿਚ ਕਲੇਸ਼ ਨਹੀਂ ਸੀ ਪਾਉਂਦੇ ਅਤੇ ਨਾ ਹੀ ਕਦੇ ਕਥਾ-ਉਪਦੇਸ਼ ਕਰਦਿਆਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਸਮਾਨਪੁਰੀਏ ਸੰਤ ਨੂੰ ‘ਰਗੜੇ’ ਹੀ ਲਾਉਂਦੇ ਸਨ।
ਹਾਂ, ਦੋਹਾਂ ਵਿਚਕਾਰ ਗੋਸ਼ਟੀ ਜ਼ਰੂਰ ਹੋਈ ਸੀ ਜਿਸ ਵਿਚ ‘ਇਕ ਓਅੰਕਾਰ’ ਅਤੇ ਕੁਝ ਹੋਰ ਮਤਭੇਦਾਂ ਬਾਰੇ ਲੰਬੀ ਚਰਚਾ ਕੀਤੀ ਗਈ ਸੀ। ਸਾਡੇ ਇਲਾਕੇ ਦੀ ਸਤਿਕਾਰਤ ਸ਼ਖਸੀਅਤ ਮਾਸਟਰ ਗੁਰਚਰਨ ਸਿੰਘ ਜਗਤੇਵਾਲੀਏ ਦੱਸਿਆ ਕਰਦੇ ਸਨ ਕਿ ਸੰਨ 1967 ਵਿਚ ਜਦ ਉਹ ਸਰਕਾਰੀ ਸਕੂਲ ਸਹਾਬਪੁਰ (ਜ਼ਿਲ੍ਹਾ ਨਵਾਂਸ਼ਹਿਰ) ਵਿਖੇ ਅਧਿਆਪਕ ਲੱਗੇ ਹੋਏ ਸਨ, ਤਦ ਦੋਹਾਂ ਸੰਤਾਂ ਵਿਚਕਾਰ ਤਿੰਨ ਦਿਨ ਵਿਚਾਰ-ਗੋਸ਼ਟੀ ਚੱਲੀ ਸੀ। ਦੋਹਾਂ ਦੇ ਹੀ ਸੰਗੀਆਂ ਸਾਥੀਆਂ ਦੀ ਮੌਜੂਦਗੀ ਵਿਚ ਹੋਈ ਇਹ ਵਿਚਾਰ-ਚਰਚਾ, ਬੇਸ਼ਕ ਸ਼ਾਂਤ ਮਾਹੌਲ ਵਿਚ ਹੀ ਹੋਈ ਪਰ ਸੰਤ ਹਰੀ ਸਿੰਘ ਦੀਆਂ ਦਲੀਲਾਂ ਮੋਹਰੇ ਲਾਜਵਾਬ ਹੋਣ ਦੇ ਬਾਵਜੂਦ ਸੰਤ ਜਵਾਹਰ ਦਾਸ ਹੋਰਾਂ ਉਸ ਕਹਾਵਤ ਵਾਲੀ ਗੱਲ ਕਰ ਦਿੱਤੀ; ਅਖੇ, ‘ਇਹ ਗੱਲ ਤਾਂ ਮੰਨੀ, ਪਰ ਤੂੰ ਛੱਲੀ ਕਾਹਤੋਂ ਭੰਨੀ!’ ਕਹਿਣ ਦਾ ਮਤਲਬ ਕਿ ਉਹ ‘ਓਅੰਕਾਰ’ ਕਹਿਣ ਲਈ ਸਹਿਮਤ ਨਹੀਂ ਸੀ ਹੋਏ।
ਜਿੰਨੀ ਕੁ ਵਾਰ ਮੈਂ ਇਸ ਭਗਵਾਂਧਾਰੀ ਸੰਤ ਜੀ ਨੂੰ ਕਥਾ ਕਰਦਿਆਂ ਸੁਣਿਆ, ਮੈਨੂੰ ਯਾਦ ਹੈ, ਉਹ ਭੀਲਣੀ ਦੇ ਬੇਰਾਂ ਵਾਲੀ ‘ਸਾਖੀ’ ਜ਼ਰੂਰ ਸੁਣਾਉਂਦੇ। ਸਿੱਖਾਂ ਦੇ ਘਰਾਂ ਵਿਚ ਪਾਠ ਦੇ ਭੋਗ ਉਪਰੰਤ ਆਏ ਹੁਕਮਨਾਮੇ ਦੀ ਕਥਾ-ਵਿਆਖਿਆ ਕਰਨ ਵੇਲੇ ਉਹ ਗੁਰ ਇਤਿਹਾਸ ਦਾ ਥੋੜ੍ਹਾ ਜਿਹਾ ਜ਼ਿਕਰ ਕਰਨ ਤੋਂ ਬਾਅਦ ਘੁੰਮ-ਘੁਮਾ ਕੇ ਦੁਆਪੁਰ-ਤ੍ਰੇਤੇ ਦੇ ਮਿਥਿਹਾਸਕ ਪ੍ਰਸੰਗਾਂ ਵਿਚ ਜਾ ਵੜਦੇ। ਵਿਚੇ ਹੀ ਗੀਤਾ ਵਿਚਲੇ ਸੰਸਕ੍ਰਿਤ ਦੇ ਸ਼ਲੋਕ ਬੋਲਦਿਆਂ ਬੜੇ ਮਧੁਰ ਕੰਠ ਨਾਲ ‘ਹੇ ਅਰਜਨ’, ‘ਹੇ ਸਾਰਥੀ’ ਤੇ ‘ਹੇ ਕੁੰਤੀ’ ਵਰਗੇ ਸੰਬੋਧਨੀ ਵਾਕ ਉਚਾਰਦੇ ਰਹਿੰਦੇ। ਗੁਰੂ ਮਹਾਰਾਜ ਦੀ ਤਾਬਿਆ ਬਹਿ ਕੇ ਇਹੋ ਜਿਹੀ ‘ਸਨਾਤਨੀ ਕਥਾ’ ਸਰਵਣ ਕਰਾਉਣ ਤੋਂ ਬਾਅਦ ਉਨ੍ਹਾਂ ਨੇ ਬ੍ਰਿੰਦਾਵਨੀ ਰਹਾ ਦੇ ਨਾਲ ‘ਰਾਮ ਨਾਮ ਕੀ ਜੈ’ ਅਤੇ ‘ਹਰੀ ਓਮ’ ਆਖਦਿਆਂ ਸਮਾਪਤੀ ਕਰ ਦੇਣੀ।
ਕਿਸੇ ਗੁਰਪੁਰਬ ਮੌਕੇ ਸਾਡੇ ਪਿੰਡ ਹੋਏ ਅਖੰਡ ਪਾਠ ਦੇ ਭੋਗ ‘ਤੇ ਸੰਤ ਹਰੀ ਸਿੰਘ ਕਥਾ ਕਰਨ ਆਏ। ਉਨ੍ਹਾਂ ਨੇ ਸਿੱਖੀ ਵਿਚ ਕੱਕਾਰਾਂ ਦੀ ਮਹਾਨਤਾ ਦਾ ਵਿਸ਼ਾ ਛੋਹਿਆ। ਕੇਸਾਂ ਬਾਰੇ ਬੋਲਦਿਆਂ ਉਨ੍ਹਾਂ ਭਾਈ ਤਾਰੂ ਸਿੰਘ ਦੀ ਖੋਪੜੀ ਲਹਿਣ ਵਾਲਾ ਲਹੂ-ਭਿੱਜਾ ਬਿਰਤਾਂਤ ਸੁਣਾਇਆ। ਵੱਖ ਵੱਖ ਗ੍ਰੰਥਾਂ ਵਿਚੋਂ ਹਵਾਲਾ-ਤੁਕਾਂ ਬੋਲ ਕੇ ਉਨ੍ਹਾਂ ਪੰਡਾਲ ਵਿਚ ਅਜਿਹਾ ਮਾਹੌਲ ਸਿਰਜ ਦਿੱਤਾ ਕਿ ਕਈ ਸਰੋਤਿਆਂ ਦੀਆਂ ਅੱਖਾਂ ਛਲਕ ਪਈਆਂ। ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇ ਕੇ ਕਥਾ ਸਮਾਪਤੀ ਤੋਂ ਬਾਅਦ ਜਦ ਉਹ ਪੰਗਤ ਵਿਚ ਬੈਠੇ ਪ੍ਰਸ਼ਾਦਾ ਛਕ ਰਹੇ ਸਨ, ਤਦ ਲਾਸਾਨੀ ਸ਼ਹਾਦਤ ਵਾਲਾ ਇਤਿਹਾਸ ਸੁਣ ਕੇ ਪਸੀਜੇ ਪਏ ਸਾਡੇ ਭਾਈਆ ਜੀ ਨੇ ਉਨ੍ਹਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ, “ਬਾਬਾ ਜੀ, ਤੁਸੀਂ ਹਮੇਸ਼ਾ ਹੀ ਗੁਰਮਤਿ, ਗੁਰ ਇਤਿਹਾਸ ਦੀ ਕਥਾ ਸੁਣਾਉਂਦੇ ਹੋ ਅਤੇ ਸੰਗਤਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕਰਦੇ ਹੋ ਪਰ ਅਸਮਾਨਪੁਰੀਏ ਸੰਤ ਜੀ ਗੁਰਮਤਿ ਦੀ ਥੋੜ੍ਹੀ ਬਹੁਤੀ ਗੱਲ ਸੁਣਾ ਕੇ ਹਮੇਸ਼ਾ ਰਮਾਇਣ ਅਤੇ ਮਹਾਂਭਾਰਤ ਹੀ ਛੇੜ ਲੈਂਦੇ ਹਨ।”
ਸੰਤ ਹਰੀ ਸਿੰਘ ਭਾਵੇਂ ਜ਼ਰਾ ਗੁੱਸੇਖੋਰ ਸੁਭਾਅ ਵਾਲੇ ਸਨ ਪਰ ਸਾਡੇ ਭਾਈਆ ਜੀ ਦੇ ਮੂੰਹੋਂ ਇੰਨੀ ਕੁ ਗੱਲ ਸੁਣ ਕੇ ਉਨ੍ਹਾਂ ਦਾ ਹੱਥ ਫੜ੍ਹਦਿਆਂ ਕਹਿੰਦੇ, “ਗਿਆਨੀ ਜੀ, ਉਹ ਜਿੰਨੀ ਕੁ ਗੁਰਮਤਿ ਦੀ ਗੱਲ ਕਰਦੇ ਹੁੰਦੇ ਨੇ, ਓਨੀ ਕੁ ਪੱਲੇ ਬੰਨ੍ਹ ਲਿਆ ਕਰੋ, ਬਾਕੀ ਦੀ ਉਥੇ ਹੀ ਛੱਡ ਦਿਆ ਕਰੋ ਭਾਈ!”
ਇਹ ਲਿਖਤ ਆਪੋ ਵਿਚੀਂ ਲੜਦੇ-ਭਿੜਦੇ ਤੇ ਖਹਿੰਦੇ ਪ੍ਰਚਾਰਕਾਂ ਪ੍ਰਤੀ ਪ੍ਰੱਤਿਕਾ ਹੀ ਸਮਝਣ ਦੀ ਕ੍ਰਿਪਾਲਤਾ ਕੀਤੀ ਜਾਵੇ।