ਸੰਗੀਤ ਪ੍ਰੇਮੀਆਂ ਨੂੰ ਸਰਸ਼ਾਰ ਕਰਨ ਵਾਲੇ ਵਡਾਲੀ ਭਰਾਵਾਂ ਵਿਚੋਂ ਨਿੱਕੇ, ਪਿਆਰੇ ਲਾਲ ਵਡਾਲੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਆਪਣੇ ਵੱਡੇ ਭਰਾ, ਪੂਰਨ ਚੰਦ ਵਡਾਲੀ ਦੀ ਸੰਗਤ ਵਿਚ ਸੰਗੀਤ ਦੀ ਗਲੀ ਦਾ ਖੂਬ ਗੇੜਾ ਲਾਇਆ। ‘ਪੰਜਾਬ ਟਾਈਮਜ਼’ ਦੇ ਖੈਰ-ਖਵਾਹ ਸੀਨੀਅਰ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਵਡਾਲੀ ਭਰਾਵਾਂ ਦੇ ਕੈਨੇਡਾ ਵਿਚ ਹੋਏ ਸ਼ੋਅ ਦੇ ਬਹਾਨੇ ਉਨ੍ਹਾਂ ਦੇ ਗਾਇਨ ਅਤੇ ਸਮੁੱਚੇ ਸੰਗੀਤ ਬਾਰੇ ਖੂਬਸੂਰਤ ਟਿੱਪਣੀ ਕੀਤੀ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲਿਖਤ ਦੀ ਪਹਿਲੀ ਕਿਸ਼ਤ ਹਾਜ਼ਰ ਹੈ।
ਇਸ ਵਿਚ ਵਡਾਲੀ ਭਰਾਵਾਂ ਦੇ ਗਾਇਨ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਜਾਪਦਾ ਹੈ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 647-982-6091
ਟੋਰਾਂਟੋ ਦੀ ਸਬਰਬ ਓਕਵਿਲ ਵਿਚ ਵਡਾਲੀ ਭਰਾਵਾਂ ਦਾ ਪ੍ਰੋਗਰਾਮ ਸੀ। 30-35 ਵਰ੍ਹੇ ਪਹਿਲਾਂ ਆਪਣੇ ਮਿੱਤਰਾਂ ਦੇ ਪਿੰਡ ਝੂੰਦਾਂ ਵਿਖੇ ਉਨ੍ਹਾਂ ਦਾ ਪ੍ਰੋਗਰਾਮ ਸੁਣਿਆ ਸੀ। ਮਨ ਵਿਚ ਸੀ ਕਿ ਉਹ 80 ਵਰ੍ਹਿਆਂ ਤੋਂ ਵੱਧ ਦੇ ਹੋ ਗਏ ਹੋਣਗੇ, ਹੁਣ ਉਸ ਸ਼ਿੱਦਤ ਨਾਲ ਉਹ ਕੀ ਗਾਉਣਗੇ! ਮਨ ਵਿਚ ਸੀ ਕਿ ਹਾਲ ਵਿਚ ਬਹੁਤੇ ਲੋਕ ਨਹੀਂ ਹੋਣਗੇ। ਅੱਠ ਵਜੇ ਤੱਕ ਇਹੋ ਹਾਲ ਸੀ, ਪਰ ਮੇਰਾ ਖਦਸ਼ਾ ਗਲਤ ਸਾਬਤ ਹੋਇਆ। ਅਗਲੇ ਮਹਿਜ਼ 10-12 ਮਿੰਟਾਂ ਵਿਚ ਹੀ ਹਾਲ ਭਰ ਗਿਆ।
ਕਰੀਬ ਸਾਢੇ ਅੱਠ ਵਜੇ ‘ਪੰਜਾਬੀ ਵਿਰਸਾ’ ਰੇਡੀਓ-ਟੈਲੀਵੀਜ਼ਨ ਵਾਲੇ ਬਾਈ ਹਰਜੀਤ ਨੇ ਵਡਾਲੀ ਭਰਾਵਾਂ ਦਾ ਤੁਆਰਫ ਕਰਵਾਇਆ। ਉਸ ਤੋਂ ਬਾਅਦ ਕੱਵਾਲ ਮੰਡਲੀ ਨਾਲ ਆਏ ਉਸਤਾਦ ਪੂਰਨ ਚੰਦ ਵਡਾਲੀ ਦੇ ਫਰਜ਼ੰਦ ਲਖਵਿੰਦਰ ਜੋ ਅੱਜ ਕੱਲ੍ਹ ਖੁਦ ਸਥਾਪਤ ਗਾਇਕ ਹੈ, ਨੇ ਆਪਣੇ ਬਾਪ ਪੂਰਨ ਚੰਦ ਵਡਾਲੀ ਅਤੇ ਚਾਚੇ ਪਿਆਰੇ ਲਾਲ ਦੇ ਗਾਇਨ, ਉਨ੍ਹਾਂ ਦੇ ਪੇਂਡੂ ਪਿਛੋਕੜ ਅਤੇ ਉਦੇਸ਼ਾਂ ਤੋਂ ਜਾਣੂ ਕਰਾਇਆ।
ਹੁਣ ਵਾਰੀ ਆਈ ਪੂਰਨ ਚੰਦ ਵਡਾਲੀ ਅਤੇ ਉਸ ਦੇ ਨਿੱਕੇ ਵੀਰ ਪਿਆਰੇ ਲਾਲ ਵਡਾਲੀ ਦੀ। ਉਸ ਨੇ ਸੁਰ ਛੇੜੀ ਹੀ ਸੀ ਕਿ ਪੂਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ। ਉਸ ਨੇ ਨਜ਼ਮ ਛੋਹੀ:
ਆਜ ਕੀ ਸ਼ਾਮ ਫਿਰ ਨਹੀਂ ਹੋਗੀ
ਯੇਹ ਮੁਲਾਕਾਤ ਫਿਰ ਨਹੀਂ ਹੋਗੀ
ਐਸੇ ਬਾਦਲ ਤੋ ਫਿਰ ਬੀ ਆਏਂਗੇ
ਐਸੀ ਬਰਸਾਤ ਫਿਰ ਨਹੀਂ ਹੋਗੀ।
ਰਾਤ ਉਨਕੋ ਯੂੰ ਹੂਆ ਮਹਿਸੂਸ
ਜੈਸੇ ਯੇ ਰਾਤ ਫਿਰ ਨਹੀਂ ਹੋਗੀ
ਏਕ ਨਜ਼ਰ ਮੁੜ ਕੇ ਦੇਖਨੇ ਵਾਲੇ
ਕਿਆ ਯੇਹ ਖੈਰਾਤ ਫਿਰ ਨਹੀਂ ਹੋਗੀ।
ਗਾਇਨ ਦੀ ਸਤਰ ਪਹਿਲਾਂ ਨਿੱਕਾ ਭਾਈ ਉਚਾਰਦਾ ਅਤੇ ਫਿਰ ਵੱਡਾ ਦੋਹਰ ਪਾਉਂਦਿਆਂ ਹਰ ਸਤਰ ਦੇ ਇਕ ਇਕ ਸ਼ਬਦ ਨੂੰ ਆਪਣੇ ਵਿਲੱਖਣ ਅੰਦਾਜ਼ ਵਿਚ ਗੋਲਾਈ ਅਤੇ ਗਹਿਰਾਈ ਦਿੰਦਿਆਂ ਆਪਣੇ ਭਾਵਾਂ ਜਾਂ ਕਹੋ, ਸੰਦੇਸ਼ ਨੂੰ ਸਰੋਤਿਆਂ ਦੇ ਧੁਰ ਅੰਦਰ ਤੱਕ ਉਤਾਰ ਦਿੰਦਾ।
ਹੁਣ ਹਾਲ ਵਿਚ ਉਨ੍ਹਾਂ ਦੇ ਗਾਇਨ ਦੀ ਗੂੰਜ ਸੀ, ਜਾਂ ਫਿਰ ਚੁੱਪ-ਚਾਂਅ। ਸੰਨਾਟੇ ਨੂੰ ਤੋੜਨ ਲਈ ਦੋਵਾਂ ਭਰਾਵਾਂ ਨੇ ਸਰੋਤਿਆਂ ਨਾਲ ਹੋਰ ਵੀ ਗੂੜ੍ਹਾ ਤਨਾਸਬ ਬਣਾਉਣ ਦੀ ਮਨਸੂਬਾਬੰਦੀ ਤਹਿਤ ਸੂਫੀ ਕਲਾਮ ਦੇ ਨਾਲ ਵਿਚ ਵਿਚ ਆਪਣੇ ਸਾਦਾ ਪੇਂਡੂ ਪਿਛੋਕੜ ਬਾਰੇ ਦੱਸਣਾ ਸ਼ੁਰੂ ਕੀਤਾ, ਉਹ ਸਕੂਲੇ ਕਦੀ ਗਏ ਹੀ ਨਹੀਂ, ਤਵੱਸਫ ਦੇ ਭੇਤਾਂ ਬਾਰੇ ਗੂੜ੍ਹ ਗਿਆਨ ਦੀ ਵਾਕਫੀਅਤ ਹੋਣੀ ਤਾਂ ਦੂਰ ਦੀ ਗੱਲ ਸੀ।…ਤੇ ਫਿਰ ਮਾਨੋ ਪੂਰਨ ਚੰਦ ਨੇ ਆਪਣੀ ਇਸ ਗੱਲ ਦੀ ਤਾਈਦ ਵਜੋਂ ਉਚੀ ਆਵਾਜ਼ ਵਿਚ ਇਹ ਕਹਿੰਦਿਆਂ ਤੋੜਾ ਝਾੜਿਆ:
ਹਮੇਂ ਨਮਾਜ਼ ਆਤੀ ਹੈ ਨਾ ਵਜ਼ੂ ਆਤਾ ਹੈ
ਸਜਦਾ ਕਰ ਲੇਤਾ ਹੂੰ ਜਬ ਸਾਮ੍ਹਨੇ ਤੂ ਆਤਾ ਹੈ।
ਪਰ ਫਿਰ ਨਾਲ ਹੀ ਬੜੀ ਧੀਮੀ ਜਿਹੀ ਸੁਰ ਵਿਚ ਇਹ ਵੀ ਦੱਸ ਦਿੱਤਾ ਕਿ ਉਸ ਨੇ ਕਦੀ ਭਲੇ ਵਕਤਾਂ ਵਿਚ ਮੀਆਂ ਸਾਹਿਬ ਬੜੇ ਗੁਲਾਮ ਖਾਨ ਦੇ ‘ਭਾਂਡੇ’ ਕੁਝ ਸਮਾਂ ਮਾਂਜੇ ਹੋਏ ਸਨ।
ਇਹ ਕਹਿੰਦਿਆਂ ਬਾਬਿਆਂ ਨੇ ਆਪਣੇ ਵਿਤ ਅਨੁਸਾਰ ਚੰਦ ਸ਼ਬਦਾਂ ਵਿਚ ਸੂਫੀ ਕਾਵਿ ਅਤੇ ਚਿੰਤਨ ਦੇ ਮੁੱਦਿਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ, “ਇਹ ਤਾਂ ਪੱਕੀ ਗੱਲ ਹੈ ਸਾਰਾ ਸੂਫੀ ਕਾਵਿ ਇਸ਼ਕ ਦੀ ਗੱਲ ਕਰਦਾ ਹੈ; ‘ਨਾਲ ਪਿਆਰੇ ਨਿੰਹੁ’ ਉਤੇ ਜ਼ੋਰ ਦਿੰਦਾ ਹੈ, ਪਰ ਉਨ੍ਹਾਂ ਜਦੇ ਹੀ ਤਸਲੀਮ ਕਰ ਲਿਆ ਕਿ ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜੀ ਦਾ ਫਰਕ ਕੀ ਹੈ ਅਤੇ ਇਨ੍ਹਾਂ ਵਿਚੋਂ ਵੱਧ ਸੁੱਚਾ ਜਾਂ ਉਚਾ ਕਿਹੜਾ ਹੈ, ਇਸ ਦਾ ਜ਼ਿਆਦਾ ਭੇਤ ਉਨ੍ਹਾਂ ਨੂੰ ਨਹੀਂ ਹੈ।”
ਉਸਤਾਦ ਪੂਰਨ ਚੰਦ ਵਡਾਲੀ ਦਾ ਕਹਿਣਾ ਸੀ ਕਿ ਉਨ੍ਹਾਂ ਵਡੇਰਿਆਂ ਕੋਲੋਂ ਸੁਣਿਆ ਹੋਇਆ ਕਿ ਮਜਨੂੰ ਨੂੰ ਅੱਲ੍ਹਾ ਤਾਲਾ ਨੇ ਕਿਧਰੇ ਜ਼ਿਆਦਾ ਹੀ ਤਰੁੱਠ ਕੇ ਜਦੋਂ ਪਿਆਰ ਨਾਲ ਮਿਲਣ ਲਈ ਬੁਲਾਇਆ ਤਾਂ ਉਹਨੇ ਨਾਂਹ ਕਰਦਿਆਂ ਪਲ ਵੀ ਨਹੀਂ ਸੀ ਲਾਇਆ। ਉਹਨੇ ਕਿਹਾ ਸੀ ਕਿ ਖੁਦਾ ਜੇ ਉਸ ਨੂੰ ਮਿਲਣਾ ਚਾਹੁੰਦਾ ਸੀ ਤਾਂ ਉਹ ਲੈਲਾ ਬਣ ਕੇ ਖੁਦ ਉਸ ਨੂੰ ਮਿਲਣ ਆ ਜਾਵੇ।
ਇਹ ਸੁਣਦਿਆਂ ਹੀ ਹਾਲ ਮੁੜ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉਠਿਆ, ਮਾਨੋ ਸਰੋਤੇ ਉਸਤਾਦ ਦੀ ਅਤੇ ਉਸ ਦੇ ਨਾਲ ਹੀ ਮਜਨੂੰ ਦੀ ਤਾਈਦ ਕਰ ਰਹੇ ਹੋਣ! ਫਿਰ ਉਨ੍ਹਾਂ ਨੇ ਸੂਫੀ ਗਾਇਨ ਛੇੜਿਆ:
ਤੁਝੇ ਦੇਖਾ ਤੋ ਲਗਾ ਮੁਝੇ ਐਸੇ
ਜੈਸੇ ਮੇਰੀ ਈਦ ਹੋ ਗਈ
ਏਕ ਪਲ ਮੇਂ ਹਜ਼ਾਰੋਂ ਹਜ ਹੋ ਗਏ
ਜਬ ਤੇਰੀ ਦੀਦ ਹੋ ਗਈ।
ਤਾਜਦਾਰੋਂ ਸੇ ਬਚ ਕੇ ਚਲਤਾ ਹੂੰ
ਗਮ ਗੁਸਾਰੋਂ ਸੇ ਬਚ ਕਰ ਚਲਤਾ ਹੂੰ
ਮੁਝ ਕੋ ਧੋਖਾ ਦੀਆ ਸਹਾਰੋਂ ਨੇ
ਅਬ ਸਹਾਰੋਂ ਸੇ ਬਚ ਕੇ ਚਲਤਾ ਹੂੰ।
ਕੁੱਪੇ ਵਿਚ ਰੋੜ ਖੜਕਦੇ
ਮੂਰਖ ਆਖਣ ਕੌਣ
ਬੁਲ੍ਹਾ ਸਾਈਂ ਘਟ ਘਟ ਰਵਿਆ
ਜਿਉਂ ਆਟੇ ਵਿਚ ਲੋਣ।
ਭੱਠ ਨਮਾਜ਼ਾਂ ਤੇ ਚਿੱਕੜ ਰੋਜ਼ੇ
ਕਲਮੇ ‘ਤੇ ਫਿਰ ਗਈ ਸਿਆਹੀ
ਬੁਲ੍ਹੇ ਸ਼ਾਹ ਸ਼ਹੁ ਅੰਦਰੋਂ ਮਿਲਿਆ
ਭੁੱਲੀ ਫਿਰੇ ਲੁਕਾਈ।
ਪੁਰੇ ਦੀ ਹਵਾ ਚਲੇ ਦਿਲ ਮੇਰਾ ਡੋਲਦਾ
ਕੰਬ ਕੰਬ ਜਾਵਾਂ ਜਦੋਂ ਕਾਂ ਕਿਤੇ ਬੋਲਦਾ
ਆਵੇਂ ਤਾਂ ਸੁਣਾਵਾਂ ਮੈਂ ਵਿਛੋੜਾ ਕਿਵੇਂ ਮਾਰਦਾ
ਆ ਜਾ ਵੇ ਆ ਜਾ ਤੈਨੂੰ ਵਾਸਤਾ ਈ ਪਿਆਰ ਦਾ।
ਉਨ੍ਹਾਂ ਦੇ ਇਸ ਪੁਰਾਣੇ ਮਕਬੂਲ ਗੀਤ ‘ਤੇ ਸਾਰਾ ਹਾਲ ਝੂਮ ਉਠਿਆ। ਕਹਿਣ ਤੋਂ ਮੁਰਾਦ ਇਹ ਹੈ ਕਿ ਜਾਣੀਆਂ-ਪਛਾਣੀਆਂ ਕਾਫੀਆਂ ਅਤੇ ਦੋਹਰਿਆਂ ਦੇ ਬਾਵਜੂਦ ਗਾਇਨ ਵਿਚ ਤਾਜ਼ਗੀ ਸੀ। ਇਸ ਦਾ ਇਕ ਸਬੂਤ ਇਹ ਵੀ ਸੀ ਕਿ ਰਾਤ 10 ਵਜੇ ਤੋਂ ਬਾਅਦ ਪ੍ਰਬੰਧਕਾਂ ਨੇ 15 ਕੁ ਮਿੰਟ ਲਈ ਜਦੋਂ ਵਕਫਾ ਲਿਆ ਤਾਂ ਬਹੁਤਿਆਂ ਦੇ ਮਨ ਵਿਚ ਪੱਕਾ ਹੀ ਸੀ ਕਿ ਇਹ ਉਨ੍ਹਾਂ ਨੇ ਗਲਤ ਕੀਤਾ, ਵਾਪਸ ਪਰਤ ਕੇ ਚੌਥਾ ਕੁ ਹਿੱਸਾ ਸਰੋਤੇ ਵੀ ਸ਼ਾਇਦ ਹੀ ਆਵਣ; ਪਰ ਸਰੋਤੇ ਸਾਰੇ ਹੀ ਵਾਪਸ ਪਰਤ ਆਏ। ਜ਼ਾਹਰ ਹੈ ਕਿ ਕਲਾਤਮਕ ਜਲਵਾ ਖੜ੍ਹਾ ਕਰਨ ਦੀ ਕਿਸੇ ਵਿਚ ਸਮਰੱਥਾ ਹੋਵੇ ਤਾਂ ਅੰਨ੍ਹੀ ਖਪਤਵਾਦੀ ਪ੍ਰਵਿਰਤੀ ਦੀ ਜ਼ਦ ਵਿਚ ਆਏ ਸਾਡੇ ਲੋਕਾਂ ਦੇ ਮਨਾਂ ਵਿਚੋਂ ਸੁਹਜ, ਸੁਹੱਪਣ, ਪਿਆਰ-ਮੁਹੱਬਤ, ਸੰਗੀਤ ਜਾਂ ਕਲਾ ਦੀ ਚਾਹਤ ਅਜੇ ਵੀ ਵਿਸਰੀ ਨਹੀਂ ਸੀ!
ਬੰਦੇ ਦੀ ਇਹ ਚਾਹਤ ਸ਼ਾਇਦ ਕਦੀ ਮਰਨੀ ਵੀ ਨਹੀਂ। ਇਹੋ ਕਾਰਨ ਹੈ ਕਿ ਗੁਰਬਾਣੀ ਗਾਇਨ ਦੇ ਮਹਾਤਮ ਦੀ ਸੋਝੀ ਰੱਖਣ ਵਾਲੇ ਲੋਕ ਅੱਜ ਵੀ ਭਾਈ ਸਮੁੰਦ ਸਿੰਘ ਦਾ ਨਾਂ ਸਤਿਕਾਰ ਨਾਲ ਲੈਂਦੇ ਹਨ ਅਤੇ ਸੁਥਰੀ ਲੋਕ ਗਾਇਕੀ ਦੇ ਪਾਰਖੂ ਸੁਰਿੰਦਰ ਕੌਰ ਨੂੰ ਉਸ ਦੇ ਆਪਣੇ ਖੇਤਰ ਦੀ ਖੁਦਾ ਮੰਨਦੇ ਹਨ। ਕੇ. ਐਲ਼ ਸਹਿਗਲ, ਬੇਗਮ ਅਖਤਰ, ਮਹਿਦੀ ਹਸਨ ਜਾਂ ਮਲਿਕਾ ਪੁਖਰਾਜ ਦਾ ਸੰਗੀਤ ਪ੍ਰੇਮੀਆਂ ਦੇ ਮਨਾਂ ਅੰਦਰ ਬਹੁਤ ਉਚਾ ਮੁਕਾਮ ਹੈ।
ਮੱਧ ਯੁਗ ਦੇ ਸਾਡੇ ਮਹਾਨ ਗਾਇਕਾਂ ਤਾਨਸੈਨ ਅਤੇ ਉਸ ਦੇ ਗੁਰਭਾਈ ਬੈਜੂ ਬਾਵਰਾ ਦੀਆਂ ਦੰਤ ਕਥਾਵਾਂ ਤੋਂ ਭਲਾ ਕੌਣ ਵਾਕਫ ਨਹੀਂ। ਪੱਛਮ, ਖਾਸ ਕਰ ਕੇ ਜਰਮਨ ਲੋਕਾਂ ਦਾ ਸਿਰ ਬੀਥੋਵਨ ਜਾਂ ਵਾਗਨਰ ਦੀਆਂ ਸੰਗੀਤ ਰਚਨਾਵਾਂ ਦਾ ਜ਼ਿਕਰ ਆਉਂਦਿਆਂ ਮਾਣ ਨਾਲ ਉਚਾ ਹੋ ਜਾਂਦਾ ਹੈ। ਉਨ੍ਹਾਂ ਅਤੇ ਅਜਿਹੇ ਹੋਰ ਅਣਗਿਣਤ ਨਾਂਵਾਂ ਨੂੰ ਤਾਂ ਛੱਡੋ, ਸਮੁੱਚਾ ਪੱਛਮੀ ਜਗਤ ਜੇ ਇਨਸਾਨ ਲਈ ਸੁੰਦਰ ਔਰਤ ਪ੍ਰਤੀ ਅਜ਼ੀਮ, ਰਹੱਸਮਈ ਖਿੱਚ ਦੀ ਪ੍ਰਤੀਕ, ਟਰਾਏ ਦੀ ਹੈਲਨ ਨੂੰ ਭੁੱਲਿਆ ਨਹੀਂ ਤਾਂ ਅਪੋਲੋ ਦੇਵ ਦਾ ਪੁੱਤਰ, ਸੰਗੀਤ ਦਾ ਪਿਤਾਮਾ ਆਰਫੀਆਸ ਮੁਕਟ ਵਿਚ ਜੜੇ ਕੋਹਿਨੂਰ ਦੇ ਹਾਰ ਉਨ੍ਹਾਂ ਦੀ ਸਮੂਹਿਕ ਸਿਮਰਤੀ ਦੇ ਐਨ ਕੇਂਦਰ ਵਿਚ ਉਸ ਦੇ ਨਾਲ ਖੜ੍ਹਾ ਹੈ। ਸਾਡੇ ਆਪਣੇ ਲੋਕਾਂ ਦੀ ਮਨੌਤ ਅਨੁਸਾਰ, ਮੀਆਂ ਤਾਨਸੈਨ ਅਤੇ ਬੈਜੂ ਬਾਵਰਾ ਨੇ ਆਪਣੇ ਗਾਇਨ ਦੀ ਤਾਕਤ ਦੇ ਜ਼ੋਰ ਜੇ ਰਾਗ ਬਹਾਰ ਗਾ ਕੇ ਦਰੱਖਤਾਂ ਤੇ ਫੁੱਲ ਖਿਲਾਏ, ਰਾਗ ਮੇਘ ਮਲਹਾਰ ਗਾ ਕੇ ਰਿਮ ਝਿਮ ਲਵਾਈ ਜਾਂ ਰਾਗ ਦੀਪਕ ਗਾ ਕੇ ਦੀਪ ਜਗਾਏ ਤਾਂ ਪੱਛਮੀ ਲੋਕਾਂ ਦੀ ਮਨੌਤ ਹੈ ਕਿ ਆਰਫੀਆਸ ਨੇ ਆਪਣੀ ਮਹਿਬੂਬ ਪਤਨੀ ਯੂਰੀਡਿਸੀ ਬਦੀ ਦੇ ਭਿਆਨਕ ਨਾਗ ਵਲੋਂ ਡੰਗੇ ਜਾਣ ਪਿਛੋਂ ਆਪਣੇ ਗਾਇਨ ਨਾਲ ਯਮਰਾਜ ਦੇ ਵੀ ਅਥਰੂ ਲਿਆ ਕੇ ਉਸ ਦੇ ਜਬਾੜਿਆਂ ‘ਚੋਂ ਕੇਰਾਂ ਬਚਾ ਲਿਆ ਸੀ।
ਇਸ ਮਿਥ ਅਨੁਸਾਰ ਆਪਣੀ ਵੀਣਾ ਨਾਲ ਆਰਫੀਆਸ ਨੇ ਪਹਿਲਾਂ ਯਮਲੋਕ ਦੇ ਦਰਾਂ ‘ਤੇ ਪਹਿਰੇ ‘ਤੇ ਖੜ੍ਹੇ ਤਿੰਨ ਸਿਰਾਂ ਵਾਲੇ ਰਾਖਸ਼ ਨੂੰ ਰੁਆਇਆ। ਫਿਰ ਯਮਰਾਜ ਤੇ ਉਸ ਦੀ ਪਤਨੀ ਪਰਸੇਫੌਨੀ ਨੂੰ ਕਾਇਲ ਕੀਤਾ। ਉਨ੍ਹਾਂ ਦੇ ਨਾਲ ਰਹਿ ਰਹੀਆਂ ਕਰੋਪੀ ਦੀਆਂ ਡਾਇਣਾਂ ਸਿਰ ਸੁੱਟ ਕੇ ਪੈ ਗਈਆਂ ਅਤੇ ਆਦਿ ਜੁਗਾਦਿ ਤੋਂ ਇਨਸਾਨ ਦੇ ਮਿੱਤਰ ਦੇਵਤੇ ਪ੍ਰੌਮੀਥੀਅਨ ਜਾਂ ਟਿਟੀਐਸ ਦਾ ਜਿਗਰ ਖਾ ਕੇ ਉਸ ਨੂੰ ਅਸੀਮ ਕਸ਼ਟ ਪਹੁੰਚਾਉਣ ਦੇ ਕੰਮ ਲੱਗੇ ਹੋਏ ਸ਼ਿਕਰੇ ਵੀ ਅਰਫੀਆਸ ਦੇ ਸੰਗੀਤ ਨੂੰ ਸੁਣ ਕੇ ਸ਼ਾਂਤ ਹੋ ਗਏ ਸਨ।
ਦੋ ਮਹਾਂ ਕਵੀਆਂ ਓਵਿਡ ਅਤੇ ਵਰਜਿਲ ਨੇ ਆਪਣੀਆਂ ਰਚਨਾਵਾਂ ਵਿਚ ਇਸ ਅਹਿਮ ਮਿਥ ਦਾ ਵੱਖ ਵੱਖ ਰੂਪਾਂ ਵਿਚ ਨਿਰੂਪਣ ਕੀਤਾ ਹੈ। 20ਵੀਂ ਸਦੀ ਦੇ ਤੀਸਰੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਦੌਰਾਨ ਮਹਾਨ ਜਰਮਨ ਕਵੀ ਐਰਿਕ ਮਾਰੀਆ ਰਿਲਕੇ ਨੇ ਸ਼ਾਇਰੀ ਅਤੇ ਮੁਹੱਬਤ ਦੇ ਇਸ ਦੇਵਤੇ ਦੇ ਮਰਹਮ ਨੂੰ ਛੂਹਣ ਲਈ ਆਪਣੀਆਂ 60 ਦੇ ਕਰੀਬ ਆਰਫੀਅਸ ਲੜੀ ਦੀਆਂ ਨਜ਼ਮਾਂ ਦੀ ਸਿਰਜਣਾ ਕੀਤੀ। ਫਰਾਇਡ ਅਤੇ ਜੁੰਗ ਵਰਗੇ ਮਹਾਨ ਮਨੋਵਿਗਿਆਨੀਆਂ ਨੇ ਆਰਫੀਅਸ ਦੀ ਮਿਥ ਦੇ ਮਰਹਮ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ ਬਾਅਦ ਯਾਂ ਕੋਕਤੋ ਤੇ ਅਦਭੁਤ ਫਰਾਂਸੀਸੀ ਚਿੰਤਕ ਮਾਰਸਲ ਬਲਾਸ਼ੋ ਨੇ ਵੀ ਪੂਰਾ ਜ਼ੋਰ ਲਾਇਆ।
ਇਹ ਕਾਰੋਬਾਰ ਅਜੇ ਵੀ ਬੰਦ ਨਹੀਂ ਹੋਇਆ। ਮਹਿਜ਼ 4-5 ਵਰ੍ਹੇ ਪਹਿਲਾਂ ਮੈਡਮ ਐਨ ਰੌਏ ਨੇ ‘ਆਰਫੀਅਸ: ਦਾ ਸੌਂਗ ਆਫ ਲਾਈਫ’ ਸਿਰਲੇਖ ਹੇਠ ਇਸ ਮਿਥ ਬਾਰੇ ਆਪਣੀ ਮਨੋ-ਇਤਿਹਾਸਮੁਖੀ ਪੁਸਤਕ ਲਿਖੀ ਹੈ। ਉਹ ਦੱਸਦੀ ਹੈ ਕਿ ਸਾਲ 2005 ਵਿਚ ਯੂਨਾਨ ਦੀ ਸਰਹੱਦ ਦੇ ਨਾਲ ਲਗਦੇ ਆਰਫੀਅਸ ਦੇ ਜਨਮ ਨਾਲ ਜੁੜੇ ਸ਼ਹਿਰ ਵਿਚ ਜਦੋਂ ਉਨ੍ਹਾਂ ਸ਼ਾਨਦਾਰ ਮੰਦਿਰ ਤਾਮੀਰ ਕਰਵਾਇਆ ਤਾਂ ਕਿਵੇਂ ਲੋਕਾਂ ਦਾ ਚਾਅ ਮਿਉਂਦਾ ਨਹੀਂ ਸੀ। ਪੁਸਤਕ ਦੀ ਸ਼ੁਰੂਆਤ ਉਹ 2 ਫਰਵਰੀ 1922 ਦੀ ਸਵੇਰ ਦੇ ਉਨ੍ਹਾਂ ਕਾਵਿਮਈ ਪਲਾਂ ਦੇ ਜ਼ਿਕਰ ਨਾਲ ਕਰਦੀ ਹੈ ਜਦੋਂ ਰਿਲਕੇ ਨੇ ਆਪਣੀ ਅਤਿਅੰਤ ਹੁਸੀਨ ਅਤੇ ਅਨੂਠੀ ‘ਆਰਫੀਸੀਅਨ ਗੀਤਮਾਲਾ’ ਦੀ ਸਿਰਜਣਾ ਕੀਤੀ।
ਅਰਬ ਦੇਸ਼ਾਂ ਅੰਦਰ ਲੈਲਾ ਮਜਨੂੰ ਦੀ ਕਹਾਣੀ 7ਵੀਂ ਸਦੀ, ਭਾਵ ਤਕਰੀਬਨ ਇਸਲਾਮ ਦੇ ਜਨਮ ਸਮੇਂ ਜਿੰਨੀ ਹੀ ਪੁਰਾਣੀ ਹੈ। ਇਸੇ ਤਰ੍ਹਾਂ ਸ਼ੀਰੀ-ਫਰਿਹਾਦ ਦੀ ਮੁਹੱਬਤ ਦੀ ਦੰਤ ਕਥਾ ਹੈ। ਸ਼ੀਰੀ-ਫਰਿਹਾਦ ਦਾ ਫਾਰਸੀ ਮਹਾਂ ਕਾਵਿ ‘ਸ਼ਾਹ ਨਾਮਾ’ ਵਿਚ ਵੀ ਖੂਬ ਜ਼ਿਕਰ ਹੈ। 12ਵੀਂ ਸਦੀ ਦੇ ਫਾਰਸੀ ਸਾਹਿਤ ਦੇ ਮੋਢੀ ਨਿਜ਼ਾਮੀ ਨਜ਼ਾਵੀ ਨੇ ਇਨ੍ਹਾਂ ਦੋਵਾਂ ‘ਪ੍ਰੀਤ ਕਥਾਵਾਂ’ ਨੂੰ ਆਪਣੀਆਂ ਕਾਵਿ ਰਚਨਾਵਾਂ ਦਾ ਵਿਸ਼ਾ ਬਣਾਇਆ। ਉਸ ਤੋਂ ਬਾਅਦ ਨਾਂ ਆ ਜਾਂਦਾ ਹੈ ਅਲੀ ਸ਼ੇਰ ਨਵਾਈ ਦਾ। ਉਸ ਨੂੰ ਉਜ਼ਬੇਕ ਅਤੇ ਤੁਰਕ ਆਪਣਾ ਅਫਲਾਤੂਨ ਮੰਨਦੇ ਹਨ। ਗੇਟੇ ਵਾਂਗ ਉਹ ਪ੍ਰਬੰਧਕ ਵੀ ਸੀ, ਸ਼ਾਇਰ ਵੀ, ਭਾਸ਼ਾ ਵਿਗਿਆਨੀ ਵੀ, ਪੇਂਟਰ ਵੀ ਅਤੇ ਕਈ ਕੁਝ ਹੋਰ ਵੀ। ਉਹਨੇ ਸ਼ੀਰੀ ਫਰਿਹਾਦ ਦੀ ਮੁਹੱਬਤ ਬਾਰੇ ਮਹਾਂ ਕਾਵਿ ਰਚਿਆ ਜੋ ਲੋਕਾਂ ਅੰਦਰ ਸਾਡੇ ਆਪਣੇ ਪੰਜਾਬ ਦੇ ਵਾਰਿਸ ਦੀ ਹੀਰ ਵਾਂਗੂ ਹੀ ਮਕਬੂਲ ਹੈ। ਦੋਵਾਂ ਪ੍ਰੀਤ ਕਥਾਵਾਂ ਨੂੰ ਲੈ ਕੇ ਭਾਰਤ, ਪਾਕਿਸਤਾਨ ਸਮੇਤ ਵੱਖ ਵੱਖ ਦੇਸ਼ਾਂ ਵਿਚ ਪਿਛਲੇ 80-90 ਸਾਲਾਂ ਦੌਰਾਨ ਕਈ ਫਿਲਮਾਂ ਬਣੀਆਂ।
ਇਹ ਸਤਰਾਂ ਲਿਖਦਿਆਂ ਮੇਰੇ ਮਨ ਵਿਚ ਸਵਾਲ ਹੈ ਕਿ ਉਸ ਦਿਨ ਹਾਲ ‘ਚ ਗਈ ਰਾਤ ਤੱਕ ਵਡਾਲੀ ਭਰਾਵਾਂ ਦੀ ਗਾਇਕੀ ਹੀ ਸੀ ਜਾਂ ਇਸ਼ਕ-ਮੁਹੱਬਤ ਨੂੰ ਸਭ ਤੋਂ ਵੱਡੀ ਕਦਰ ਦੱਸਣ ਵਾਲਾ ਸੂਫੀ ਕਲਾਮ ਵੀ ਓਨਾ ਹੀ ਅਹਿਮ ਕਾਰਨ ਸੀ। ਲੋਕਾਂ ਨੂੰ ਸੰਗੀਤ ਦੀਆਂ ਧੁਨਾਂ ਵਿਚ ਅਲ੍ਹਾ ਜਾਂ ਰੱਬ ਸੱਚੇ ਦਾ ਨਾਂ ਖਿੱਚ ਪਾਉਂਦਾ ਹੈ, ਜਾਂ ਸਾਡੀ ਸਮੂਹਿਕ ਯਾਦ ਵਿਚ ਹੀਰ, ਸੋਹਣੀ, ਸੱਸੀ, ਸ਼ੀਰੀ ਅਤੇ ਲੈਲਾ ਦੇ ਤਸੱਵਰ ਵੀ ਕਿਧਰੇ ਗਹਿਰੇ ਖੁਣੇ ਹੋਏ ਹਨ।
ਸਦੀਆਂ ਤੋਂ ਦੁਨੀਆਂ ਭਰ ਵਿਚ ਲੋਕ ਗਾਇਕੀ ਹੋਵੇ ਜਾਂ ਸ਼ਾਸਤਰੀ ਗਾਇਨ-ਕੇਂਦਰੀ ਵਿਸ਼ਾ ਹਰੇਕ ਰਚਨਾ ਵਿਚ ਵਿਛੋੜੇ ਦਾ ਸੱਲ ਤੇ ਪਿਆਰੇ ਨੂੰ ਮਿਲਣ ਦੀ ਤਾਂਘ ਹੀ ਰਿਹਾ ਹੈ। ਦੁਨਿਆਵੀ ਜੀਵਨ ਮੈਂ ਤੇ ਕੇਂਦਰਤ ਹੈ ਜਦੋਂ ਕਿ ਹਰ ਗੀਤ ਜਾਂ ਸੰਗੀਤ ਦਾ ਮੁਖੜਾ ਤੂੰ ਵੱਲ ਹੈ। ਸਾਰੇ ਦਾ ਸਾਰਾ ਸੂਫੀ ਗਾਇਨ ਮੈਂ ਦਾ, ਹਉਮੈ ਦਾ ਨਿਖੇਧ ਹੈ, ਇਨਸਾਨੀ ਜ਼ਿੰਦਗੀ ਦਾ ਅਜਬ ਵਿਰੋਧਾਭਾਸ ਹੈ ਜੋ ਕਿ ਸਦੀਆਂ ਤੋਂ ਉਸ ਦੇ ਨਾਲ ਹੀ ਚਲਦਾ ਆ ਰਿਹਾ ਹੈ, ਉਸ ਕੋਲੋਂ ‘ਮੈਂ’ ਨੂੰ ਛੱਡਿਆ ਵੀ ਨਹੀਂ ਜਾਂਦਾ ਅਤੇ ‘ਤੂੰ’ ਨਾਲ ਜੁੜਨ ਦੀ ਨਿਰੰਤਰ ਖਿੱਚ ਬਿਨਾ ਵੀ ਗੁਜ਼ਰ ਨਹੀਂ ਹੈ। ਇਸ ਸਿੱਕ ਦੀ ਗੱਲ ਕਰਦਿਆਂ ਮੇਰੀ ਸਿਮਰਤੀ ਵਿਚ ਮੁੱਦਤ ਪਹਿਲਾਂ ਸੁਣੀਆਂ ਪੰਡਿਤ ਹਰੀ ਪ੍ਰਸਾਦ ਚੌਰਸੀਆ ਦੇ ਕ੍ਰਿਸ਼ਨ ਭਗਤੀ ਰੰਗ ਵਿਚ ਰੰਗੇ ਹੋਏ ਜਾਦੂਮਈ ਬੰਸਰੀ ਵਾਦਨ ਦੀਆਂ ਧੁਨਾਂ ਵੀ ਉਭਰ ਰਹੀਆਂ ਹਨ। ਸਵੈ ਤੋਂ ਪਾਰ ਪਾਉਣ ਲਈ ਜਾਂ ਪਿਆਰੇ ਨੂੰ ਮਿਲਣ ਦੀ ਉਹੋ ਹੀ ਲੋਚਾ ਹੈ ਜਿਸ ਕਿਸਮ ਦੀ ਲੋਚਾ ਦਾ ਪ੍ਰਗਟਾਵਾ ਕਰਨ ਤਹਿਤ ਕਿ ਆਪਣੇ ਕੱਵਾਲੀ ਗਾਇਨ ਰਾਹੀਂ ਸਾਬਰੀ ਭਰਾਵਾਂ ਨੇ ਪਿਛਲੀ ਅੱਧੀ ਸਦੀ ਦੌਰਾਨ ਦੁਨੀਆਂ ਭਰ ਵਿਚ ਵਸੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੂੰ ਚਕਾਚੌਂਧ ਕਰੀ ਰਖਿਆ।
ਪਾਕਿਸਤਾਨੀ ਤਾਲਿਬਾਨ ਦਹਿਸ਼ਤਗਰਦਾਂ ਨੇ ਪਿਛਲੇ ਸਾਲ ਜੂਨ ਮਹੀਨੇ ਦੌਰਾਨ ਅਮਜ਼ਦ ਸਾਬਰੀ ਦੀ ਹੱਤਿਆ ਇਹ ਕਹਿ ਕੇ ਕਰ ਦਿਤੀ ਕਿ ਉਨ੍ਹਾਂ ਨੂੰ ਅੱਲ੍ਹਾ ਦੀ ਇਬਾਦਤ ਦਾ ਉਸ ਵਾਲਾ ਅੰਦਾਜ਼ ਮਨਜ਼ੂਰ ਨਹੀਂ ਸੀ। ਖੈਰ, ਮਾਨਵੀ ਇਤਿਹਾਸ ਦਾ ਇਕ ਹੋਰ ਤਰ੍ਹਾਂ ਦਾ ਦੁਖਿਤ ਵਿਰੋਧਾਭਾਸ ਹੈ। ਹੱਤਿਆ ਤੋਂ ਕੁੱਝ ਹੀ ਵਰ੍ਹੇ ਪਹਿਲਾਂ ਉਸ ਨੇ ਆਪਣੇ ਗਾਇਕੀ ਦੇ ਪ੍ਰੋਗਰਾਮ ਦੌਰਾਨ:
ਜੋ ਕੁਝ ਵੀ ਮਾਂਗਨਾ ਹੈ
ਦਰੇ ਮੁਸਤਫਾ ਸੇ ਮਾਂਗ
ਅੱਲਾਹ ਕੇ ਹਬੀਬ-ਸਰੇ ਅੰਬੀਆ ਸੇ ਮਾਂਗ
ਅਬ ਤਕ ਕਹਾਂ ਅੰਧੇਰੋਂ ਮੇਂ
ਭਟਕਾ ਹੂਆ ਥਾ ਤੂ
‘ਗਰ ਰੌਸ਼ਨੀ ਕੀ ਚਾਹ ਹੈ
ਨੂਰ ਖੁਦਾ ਸੇ ਮਾਂਗ
ਮੇਰਾ ਕੋਈ ਨਹੀਂ ਹੈ ਤੇਰੇ ਸਿਵਾ
ਮੈਂ ਬਨ ਕੇ ਸਵਾਲੀ ਆਇਆ ਹੂੰ
ਮੁਝੇ ਨਜ਼ਰੇ ਕਰਮ ਕੀ ਭੀਖ ਮਿਲੇ
ਓ ਆਕਾ ਯੇਹ ਝੋਲੀ ਖਾਲੀ
ਲੇ ਕੇ ਆਇਆ ਹੂੰ।
ਕਹਿੰਦਿਆਂ ਅੱਲਾਹ ਦੇ ਇਸ਼ਕ ਦਾ ਜਲਵਾ ਜੋ ਖੜਾ ਕੀਤਾ ਸੀ, ਉਸ ਵਿਚ ਕਸਰ ਤਾਂ ਕੋਈ ਛੱਡੀ ਨਹੀਂ ਸੀ। ਅੱਜ ਤੱਕ ਵੀ ਨੈਟ ‘ਤੇ ਕੋਈ ਵੇਖੇ ਜਿਉਂ ਜਿਉਂ ਤਾੜੀ ਵੱਜਦੀ ਹੈ, ਸਰੋਤਿਆਂ ਅੰਦਰ ਵਜ਼ਦ ਤਾਰੀ ਹੁੰਦਾ ਜਾਂਦਾ ਹੈ।
ਅਮਜ਼ਦ ਸਾਬਰੀ ਦਾ ਰੰਗ ਦੇਖਿਆਂ ਹੀ ਬਣਦਾ ਹੈ ਅਤੇ ਮੇਰੀ ਜਾਚੇ ਇਸੇ ਕੱਵਾਲੀ ਦੇ ਗਾਇਨ ਦੌਰਾਨ ਜੋ ਜਲਵਾ ਉਸ ਦਾ ਬਾਪ ਗੁਲਾਮ ਸਾਬਰੀ ਅਤੇ ਉਸ ਦਾ ਭਾਈ ਖੜ੍ਹਾ ਕਰਿਆ ਕਰਦੇ, ਉਸ ਦਾ ਕੋਈ ਤੋੜ ਹੀ ਨਹੀਂ ਸੀ।
ਕੱਵਾਲੀ ਗਾਇਨ ਦਾ ਆਲਮ ਹੀ ਅਜਿਹਾ ਹੈ। 70ਵਿਆਂ ਦੇ ਮੱਧ ਦੀ ਆਈ ਫਿਲਮ ‘ਗਰਮ ਹਵਾ’ ਜਿਸ ਕਿਸੇ ਵੇਖੀ ਹੋਵੇ ਉਸ ਨੂੰ ਯਾਦ ਹੋਵੇਗਾ ਕਿ ਅਜ਼ੀਜ ਅਹਿਮਦ ਖਾਨ ਵਾਰਸੀ ਦੇ
ਸੂਖੀ ਰੁੱਤ ਮੇਂ ਛਾਈ ਬਦਰੀਆ
ਚਮਕੀ ਬਿਜਰੀਆ ਸਾਥ
ਡੂਬੋ ਤੁਮ ਭੀ ਸੰਗ ਮੇਰੇ,
ਥਾਮੋ ਮੇਰਾ ਹਾਥ।
ਤੇ ਅੱਗੋਂ ਫਿਰ
ਮੌਲਾ ਸਲੀਮ ਚਿਸ਼ਤੀ
ਆਕਾ ਸਲੀਮ ਚਿਸ਼ਤੀ
ਜਿਤਨੀ ਬਲਾਏਂ ਆਈਂ
ਸਭ ਕੋ ਗਲੇ ਲਗਾਇਆ
ਯੂੰ ਹੋ ਗਿਆ ਕਲੇਜਾ
ਸ਼ਿਕਵਾ ਨਾ ਲਬ ਪੇ ਆਇਆ
ਹਰ ਦਰਦ ਹਮਨੇ ਅਪਨਾ
ਅਪਨੋ ਸੇ ਭੀ ਛੁਪਾਇਆ
ਤੁਮ ਸੇ ਨਹੀਂ ਹੈ ਪਰਦਾ
ਮੌਲਾ ਸਲੀਮ ਚਿਸ਼ਤੀ।
ਬੋਲਾਂ ਵਾਲੇ ਕੱਵਾਲੀ ਗਾਇਨ ਨੇ ਕੇਹਾ ਰੰਗ ਬੰਨਿਆ ਸੀ। ਜਿਸ ਨੇ ਫਿਲਮ ਉਹ ਕਦੀ ਵੇਖੀ ਸੀ, ਉਸ ਦਾ ਜਾਇਕਾ ਅੱਜ ਤੱਕ ਉਹ ਭੁੱਲ ਨਹੀਂ ਸਕਿਆ ਹੋਵੇਗਾ।
ਐਨ ਇਸੇ ਤਰ੍ਹਾਂ ਹੀ ਫਿਲਮ ‘ਬਰਸਾਤ ਕੀ ਰਾਤ’ ਵਿਚ ਰੌਸ਼ਨ ਦੇ ਸੰਗੀਤ ਵਿਚ ਮੁਹੰਮਦ ਰਫੀ, ਮੰਨਾ ਡੇ, ਆਸ਼ਾ ਭੌਂਸਲੇ ਅਤੇ ਸੁਧਾ ਮਲਹੋਤਰਾ ਵੱਲੋਂ ਗਾਈ “ਯੇ ਇਸ਼ਕ ਇਸ਼ਕ ਹੈ, ਇਸ਼ਕ ਇਸ਼ਕ” ਕੱਵਾਲੀ ਬਾਰੇ ਕਿਹਾ ਜਾ ਸਕਦਾ ਹੈ। ਇਸ ਕੱਵਾਲੀ ‘ਚ ਪ੍ਰਧਾਨ ਸੁਰ ਇਸ਼ਕ ਮਜਾਜੀ ਦੀ ਹੈ ਭਾਵੇਂ ਨਿਰੂਪਮਾ ਦੱਤ ਦੀ ਇਹ ਰਾਏ ਵੀ ਬਿਲਕੁਲ ਸਹੀ ਹੈ ਕਿ ਸਾਡੇ ਦਿਗੰਬਰ ਗਾਇਕ ਆਪਣੇ ਗਾਇਨ ਦੌਰਾਨ ਮਾਹੌਲ ਅਜਿਹਾ ਸਿਰਜਦੇ ਹਨ ਕਿ ਆਦਮੀ ਸੁੱਤੇ ਸਿੱਧ ਇਸ਼ਕ ਹਕੀਕੀ ਵਾਲੇ ਭਾਵ ਜਗਤ ਵਿਚ ਚਲਿਆ ਜਾਂਦਾ ਹੈ।
ਕਹਿਣ ਤੋਂ ਮੇਰੀ ਮੁਰਾਦ ਇਹ ਹੈ ਕਿ ਪਾਠਕ ਹਰੀ ਪ੍ਰਸਾਦ ਚੌਰਸੀਆ ਨੂੰ ਸੁਣਨ ਫਿਰ ਹਾਜੀ ਗੁਲਾਮ ਫਰੀਦ ਕਾਦਰੀ ਤੇ ਮਕਬੂਲ ਅਹਿਮਦ ਕਾਦਰੀ ਦਾ ਕੱਵਾਲੀ ਗਾਇਨ ਸੁਣਨ ਅਤੇ ਫਿਰ ਜ਼ਰਾ ਨਿਰੂਪਮਾ ਦੱਤ ਵੱਲੋਂ ਬੜੇ ਹੀ ਪਿਆਰ ਨਾਲ ਸੁਝਾਏ, ਸਾਹਿਰ ਦੇ ਲਿਖੇ ਫਿਲਮ ‘ਬਰਸਾਤ ਕੀ ਰਾਤ’ ਵਾਲੇ ਕੱਵਾਲੀ ਗਾਇਨ ਨੂੰ ਵੀ ਜ਼ਰਾ ਸੁਣ ਕੇ ਵੇਖਣ, ਹਰ ਜਗਹ ਹਉਮੈ ਜਾਂ ਕਹੋ ਕਿ ਸਵੈ ਤੋਂ ਪਾਰ ਪਾ ਕੇ ਪਵਿੱਤਰਤਾ ਦੇ ਉਚੇ ਤੋਂ ਉਚੇ ਅੰਜਾਮ ਨੂੰ ਛੂਹਣ ਦੀ ਇਨਸਾਨ ਦੀ ਸਦੀਵੀ ਸਿੱਕ ਹੀ ਆਸ਼ਕਾਰ ਹੁੰਦੀ ਨਜ਼ਰ ਆਵੇਗੀ।
ਖੈਰ, ਸ਼ਾਸਤਰੀ ਸੰਗੀਤ ਦੇ ਮਹਾਤਮ ਦਾ ਮੈਨੂੰ ਕੱਖ ਪਤਾ ਨਹੀਂ ਹੈ। ਸਭ ਤੋਂ ਵੱਧ ਸੁਰਿੰਦਰ ਕੌਰ ਅਤੇ ਹੋਰ ਲੋਕ ਗਾਇਕਾਂ ਦੇ ਗੀਤ ਜੋ ਮੈਨੂੰ ਚੰਗੇ ਲਗਦੇ ਰਹੇ, ਉਹ ਪ੍ਰਭਾਵ ਵੀ ਪਾਠਕਾਂ ਨਾਲ ਸਾਂਝੇ ਕਰਨ ਦਾ ਮਨ ਹੈ। ਸਭ ਤੋਂ ਪਹਿਲਾਂ ਸੁਰਿੰਦਰ ਕੌਰ ਦਾ ਜ਼ਿਕਰ ਮੈਂ ਇਸ ਲਈ ਕੀਤਾ ਹੈ ਕਿ ਉਹ ਮੈਨੂੰ ਆਰਫੀਅਸ ਦੀ ਧੀ ਹੀ ਲਗਦੀ ਰਹੀ ਹੈ। ਮੇਰੀ ਜਾਚੇ ਉਸ ਦਾ ਕੋਈ ਲੇਖਾ ਨਹੀਂ ਹੈ। ਮਸਲਨ:
ਇਨ੍ਹਾਂ ਅੱਖੀਆਂ ‘ਚ ਪਾਵਾਂ ਕਿਵੇਂ ਕਜਰਾ
ਵੇ ਅੱਖੀਆਂ ‘ਚ ਤੂੰ ਵੱਸਦਾ।
ਇਸ ਗੀਤ ਪਿਛੇ ਉਸ ਦੀ ਨਿਹਿਤ ਭਾਵਨਾ ਦੀ ਪਾਕੀਜ਼ਗੀ ਦੀ ਇੰਤਹਾ ਲਗਦੀ ਰਹੀ ਹੈ। ਇਸ ਗੀਤ ਵਿਚ ਤਰਲਾ ਹੈ, ਬੇਬਸੀ ਹੈ ਅਤੇ ਮੁਹੱਬਤ ਤੇ ਸਵੀਕ੍ਰਿਤੀ ਦੀ ਅਜਿਹੀ ਸਦੀਵੀ ਅਤੇ ਅਮੋੜ ਚਾਹਤ ਹੈ ਜਿਸ ਨੇ ਇਨਸਾਨ ਨੂੰ ਅਜਿਹੀ ਲੋਚਾ ਲੈ ਕੇ ਜੰਮੇ ਕਿਸੇ ਵੀ ਮਰਦ ਜਾਂ ਔਰਤ ਨੂੰ ਆਦਿ ਜੁਗਾਦਿ ਤੋਂ ਹਮੇਸ਼ਾ ਹਮੇਸ਼ਾ ਲਈ ਬੇਚੈਨ ਕਰੀ ਰੱਖਿਆ ਹੈ। ਇਹੋ ਉਹ ਲੋਚਾ ਹੈ, ਜਿਸ ਦੇ ਧੁਰੇ ਦੁਆਲੇ ਬੰਦੇ ਨੇ ਸੋਹਣੀ-ਮਹੀਂਵਾਲ, ਹੀਰ-ਰਾਂਝਾ ਅਤੇ ਸੱਸੀ-ਪੁਨੂੰ ਵਰਗੀਆਂ ਅਤਿਅੰਤ ਪਵਿੱਤਰ ਅਤੇ ਅਜ਼ੀਮ ਪ੍ਰੀਤ ਕਥਾਵਾਂ ਦੀ ਸਿਰਜਣਾ ਕੀਤੀ। ਤੇ ਜੇ ਇਹ ਜਜ਼ਬਾ ਹੈ ਨ੍ਹੀਂ ਤਾਂ ਫਿਰ ਜ਼ਿੰਦਗੀ ਦਾ ਅਰਥ ਕੀ ਹੈ? ਕਿਸੇ ਪਹਿਲੇ ਜਾਂ ਅੰਤਿਮ ਸੱਚ ਦੀ ਭਾਲ ਕਿਸ ਕੰਮ! ਇਹ ਗੱਲ ਪੱਕੀ ਹੈ, ਜਾਂ ਘੱਟੋ ਘੱਟ ਮੇਰਾ ਤਾਂ ਅੱਜ ਤੱਕ ਇਤਕਾਦ ਅਜਿਹਾ ਹੀ ਰਿਹਾ ਹੈ। ਇਨਸਾਨੀ ਜਾਮੇ ਵਿਚ ਪਵਿੱਤਰਤਾ ਦੀ ਅਸੀਮ ਸੀਮਾ ਨੂੰ ਛੋਹਣ ਦੀ ਬੰਦੇ ਦੇ ਅੰਦਰ ਜੇ ਸਿੱਕ ਹੀ ਹੈ ਨ੍ਹੀਂ ਤਾਂ ਫਿਰ ਕੋਈ ਗੱਲ, ਕੋਈ ਵੀ ਹੋਰ ਜਜ਼ਬਾ ਕਿਸ ਕੰਮ ਦਾ? ਕੋਈ ਬਾਤ ਹੀ ਨਹੀਂ ਹੈ!
ਅਤੇ ਸੁਰਿੰਦਰ ਕੌਰ ਨੂੰ ਸਾਡੀ ਸਦਾ ਹੀ ਨਮੋ ਇਸ ਲਈ ਰਹੀ ਹੈ ਕਿ ਆਪਣੇ ਗਾਇਨ ਰਾਹੀਂ ਆਦਮੀ ਦੀ ਇਸੇ ਕੇਂਦਰੀ ਸਿੱਕ ਨੂੰ ਉਨ ਅਜਿਹੇ ਹੀ ਪਵਿੱਤਰ ਅੰਦਾਜ਼ ਵਿਚ ਆਪਦੀ ਆਤਮਾ ਦੀ ਪੂਰੀ ਤਾਕਤ ਨਾਲ ਨੁਮਾਇਆ ਕੀਤਾ ਹੈ। ਸੋ ਇਸੇ ਗੀਤ ਦੇ ਕੁਝ ਅਗਲੇ ਬੋਲ ਵੇਖੋ:
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁਲ੍ਹੀਆਂ ‘ਚ ਨਾਂ ਤੇਰਾ, ਅੱਖੀਆਂ ‘ਚ ਤੂੰ ਵੇ
ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ
ਹਾਸਿਆਂ ‘ਚ ਤੂੰ ਹੱਸਦਾ…।
ਸ਼ਾਇਰ ਦੇ ਬੋਲ ਤਾਂ ਹੈਨ, ਇਸ ਗੀਤ ਵਿਸ਼ੇਸ਼ ਦੇ ਗਾਇਨ ਦੌਰਾਨ ਸੁਰਿੰਦਰ ਕੌਰ ਮੈਨੂੰ ਬੋਲਾਂ ਨੂੰ ਕੋਈ ਅਨੋਖੀ ਹੀ ਇਲਾਹੀ ਆਭਾ ਪ੍ਰਦਾਨ ਕਰੀ ਜਾਂਦੀ ਮਲੂਮ ਹੁੰਦੀ ਹੈ। ਕੋਈ ਰੌਲਾ ਨਹੀਂ ਹੈ। ਜ਼ਿੰਦਗੀ ਦੇ ਸੁਹੱਪਣ ਦੇ ਕਰਤਾਰੀ ਆਭਾ ਵਾਲੇ ਮਹਾਨ ਚਤੇਰਿਆਂ, ਲਿਓਨਾਰਦੋ ਦਾ ਵਿੰਸ਼ੀ, ਮਾਈਕਲ ਐਂਜਲੋ ਜਾਂ ਰਫੇਲ ਨਾਲ ਉਸ ਨੂੰ ਤੁਲਨਾਉਣ ਦਾ ਮੇਰਾ ਕੋਈ ਏਜੰਡਾ ਨਹੀਂ ਹੈ ਪ੍ਰੰਤੂ ਨਿਸ਼ਚੇ ਹੀ ਉਸ ਦੀ ਸਿੱਕ ਉਹੋ ਹੀ ਹੈ ਜਿਸ ਨੂੰ ਪੱਥਰਾਂ ‘ਚੋਂ ਤਰਾਸ਼ਣ ਲਈ ਜਾਂ ਦੀਵਾਰਾਂ ‘ਤੇ ਚਿਤਰਨ ਲਈ ਉਹ ਦਰਵੇਸ਼ ਜੂਝ ਰਹੇ ਸਨ। ਸੁਰਿੰਦਰ ਕੌਰ ਦੇ ਹੋਰ ਬੇਸ਼ੁਮਾਰ ਗੀਤ ਹਨ, ਮਸਲਨ ਪੰਜਾਬ ਦੇ ਮਕਬੂਲ ਸ਼ਾਇਰ ਸ਼ਿਵ ਕੁਮਾਰ ਦਾ ਗੀਤ:
ਨੀਂ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ
ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ।
ਗੀਤ ਦੀਆਂ ਅਗਲੀਆਂ ਸਤਰਾਂ ਮਹਿਜ਼ ਭਰਤੀ ਦੀਆਂ ਹਨ, ਪ੍ਰੰਤੂ ਇਨ੍ਹਾਂ ਦੋ ਸਤਰਾਂ ਵਿਚ ਇਨਸਾਨੀ ਸੁਹੱਪਣ ਦੀ ਤਾਕਤ ਜਿਵੇਂ ਸ਼ਿਵ ਨੇ ਫੜ੍ਹੀ ਹੈ, ਉਸ ਦਾ ਕੋਈ ਲੇਖਾ ਹੀ ਹੈ ਨ੍ਹੀਂ। ਇਹ ਕੋਈ ਅਤਿਕਥਨੀ ਨਹੀਂ ਹੈ ਕਿ ਮਹਾਨ ਕੀਟਸ ਦਾ ‘ਏ ਥਿੰਗ ਆਫ ਬਿਊਟੀ, ਜੁਆਏ ਫਾਰ ਐਵਰ’ ਵਾਲਾ ਕਥਨ ਆਪ ਮੁਹਾਰੇ ਹੀ ਚੇਤਿਆਂ ‘ਚ ਉਭਰ ਆਉਂਦਾ ਹੈ। ਤੇ ਸੁਰਿੰਦਰ ਕੌਰ ਨੇ ਇਸ ਨੂੰ ਗਾਉਂਦਿਆਂ ਇਸ ਦੇ ਅਰਥਾਂ ਨੂੰ ਹੋਰ ਵੀ ਸਸ਼ੱਕਤ ਰੂਪ ਵਿਚ ਉਜਾਗਰ ਕਰ ਦਿਤਾ ਹੋਇਆ ਹੈ।
ਸੁਰਿੰਦਰ ਕੌਰ ਦਾ ਇਕ ਹੋਰ ਪਿਆਰਾ ਗੀਤ ਹੈ, ਉਸ ਦੇ ਚੰਦ ਬੋਲ ਵੀ ਜ਼ਰਾ ਵੇਖੋ:
ਵੇ ਇਕ ਵਾਰੀ ਆ ਜਾ ਹਾਣੀਆ
ਚੜ੍ਹ ਪੀਂਘ ਦੇ ਹੁਲਾਰੇ ਉਤੇ ਗਾਵਾਂ
ਵੇ ਇਕ ਵਾਰੀ…।
ਕੀਹਨੂੰ ਦਿਲ ਦੀਆਂ ਖੋਲ੍ਹ ਸੁਣਾਵਾਂ
ਗੁੱਤ ਭੁੜਕੇ ਪਰਾਂਦਾ ਪਾਵੇ ਕਿੱਕਲੀ
ਲੱਖਾਂ ਕਰਕੇ ਬਹਾਨੇ ਘਰੋਂ ਨਿਕਲੀ
ਕਲੀ ਪੀਂਘ ਦੇ ਹੁਲਾਰੇ ਉਤੇ ਗਾਵਾਂ
ਵੇ ਇਕ ਵਾਰੀ…।
ਗੋਰੀ ਵੀਣੀ ਉਤੇ ਵੰਗਾਂ ਨੇ ਸੱਤ ਰੰਗੀਆਂ
ਭਾਵੇਂ ਚੰਗੀਆਂ ਢੋਲਾ ਵੇ ਭਾਵੇਂ ਮੰਦੀਆਂ
ਤੇਰੀ ਦੀਦ ਦੀਆਂ ਭੁੱਖੀਆਂ ਨਿਗਾਹਵਾਂ।
ਵੇ ਇਕ ਵਾਰੀ…।
ਗੀਤ ਦੀਆਂ ਆਖਰੀ ਸਤਰਾਂ ਵੇਖੋ ਜ਼ਰਾ:
ਗੁੱਤ ਸੱਪਣੀ ਕਲਾਵਾ ਪਾਵੇ ਲੱਕ ਨੂੰ
ਲੋਕੀਂ ਵੇਖਦੇ ਬੁੱਲਾਂ ‘ਤੇ ਮਲੇ ਸੱਕ ਨੂੰ
ਬਾਹਾਂ ਗੋਰੀਆਂ ‘ਚ ਮੁਖੜਾ ਲੁਕਾਵਾਂ
ਵੇ ਇਕ ਵਾਰੀ…।
ਇਨ੍ਹਾਂ ਸਤਰਾਂ ਨੂੰ ਜਿਸ ਕਿਸਮ ਦੀ ਕਰਤਾਰੀ ਆਭਾ ਸੁਰਿੰਦਰ ਕੌਰ ਆਪਣੇ ਗਾਇਨ ਰਾਹੀਂ ਪ੍ਰਦਾਨ ਕਰਦੀ ਹੈ, ਉਹ ਵੀ ਖੁਦ ਸੁਣਿਆਂ ਤੇ ਮਹਿਸੂਸ ਕੀਤਿਆਂ ਹੀ ਬਣਦੀ ਹੈ। ਇਸੇ ਸ਼੍ਰੇਣੀ ਵਿਚ ਉਸ ਦਾ ਗੀਤ,
ਚੰਨ ਕਿੱਥਾਂ ਗੁਜ਼ਾਰੀ ਅਈ ਰਾਤ ਵੇ
ਮੇਰਾ ਜੀਅ ਦਲੀਲਾਂ ਦੇ ਵੱਸ ਵੇ।
ਰੱਖਿਆ ਜਾ ਸਕਦਾ ਹੈ। ਗੀਤ ਹੋਰ ਵੀ ਬਥੇਰੇ ਹੈਗੇ ਪ੍ਰੰਤੂ ਜ਼ਿਕਰ ਅਧੀਨ ਆਏ ਪਹਿਲੇ ਗੀਤ ਵਾਲੀ ਅਲੋਕਾਰੀ ਸਿਖਰ ਦੇ ਨੇੜੇ ਉਸ ਕੋਲੋਂ ਸਾਡੀ ਜਾਚੇ ਫਿਰ ਬਾਬੇ ਬੁਲ੍ਹੇ ਸ਼ਾਹ ਦੀ
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ
ਦਿਲ ਲੋਚੇ ਤਖਤ ਹਜ਼ਾਰੇ ਨੂੰ
ਲੋਕੀ ਸਜਦਾ ਕਾਅਬੇ ਨੂੰ ਕਰਦੇ
ਸਾਡਾ ਸਜਦਾ ਯਾਰ ਪਿਆਰੇ ਨੂੰ
ਬੋਲਾਂ ਵਾਲੀ ਕਾਫੀ ਦੇ ਗਾਇਨ ਦੌਰਾਨ ਹੀ ਪਹੁੰਚਿਆ ਜਾ ਸਕਿਆ ਹੈ।
(ਚਲਦਾ)