ਪਾਲ ਦਾ ਪ੍ਰਤਾਪ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਪਿਛਲੇ ਦਿਨੀਂ ਪੰਜਾਬ ਦੇ ਪਾੜ੍ਹੇ ਪੁੱਤਰ, ਸੱਤਪਾਲ ਗੌਤਮ ਦੀ ਸੋਗੀ ਖਬਰ ਵਾਂਗ ਪੰਜਾਬ ਦੇ ਸੁਹਿਰਦ ਅਤੇ ਲੋਕਾਇਤ ਪ੍ਰਕਾਸ਼ਨ ਦੇ ਅਦੀਬ ਪਾਲਕ ਪ੍ਰਤਾਪ ਮਹਿਤਾ ਦੇ ਤੁਰ ਜਾਣ ਦੀ ਖਬਰ ਸੁਣੀ। ਪੁਰਾਣੀਆਂ ਯਾਦਾਂ ਨਾਲ ਦਿਲ ਦਹਿਲ ਗਿਆ ਅਤੇ ਗਾਲਿਬ ਦਾ ਖਿਆਲ ਆਇਆ: ਦਿਲੇ ਨਾਦਾਂ ਤੁਝੇ ਹੂਆ ਕਯਾ ਹੈ, ਆਖਰ ਇਸ ਦਰਦ ਕੀ ਦਵਾ ਕਯਾ ਹੈ।

1984 ਤੋਂ 92 ਦਰਮਿਆਨ ਮੈਂ ਵੀ ਪ੍ਰਤਾਪ ਕੋਲ ਜਾਂਦਾ ਰਿਹਾ ਹਾਂ। ਮੈਨੂੰ ਉਸ ਦੀ ਹਨੇਰੀ ਕੋਠੜੀ ਦੀ ਮੱਠੀ ਮੱਠੀ ਲੋਅ ਦਾ ਪ੍ਰਤਾਪ ਅੱਜ ਵੀ ਯਾਦ ਹੈ; ਉਹ ਮੇਜ, ਕੁਰਸੀਆਂ, ਚਾਹ ਦਾ ਚਾਅ ਤੇ ਗੱਲ ਗੱਲ ਵਿਚ ਫਲਸਫਾ ਭਾਲਦੀਆਂ ਠੰਡੀਆਂ ਠੰਡੀਆਂ ਗੱਲਾਂ; ਸਾਹਮਣੇ ਵਾਲੇ ਨੂੰ ਨੀਝ ਨਾਲ ਨਿਹਾਰਦੀਆਂ ਗੋਲ ਗੋਲ ਅੱਖਾਂ; ਸਾਦਾ ਲਿਬਾਸ, ਸੰਜਮੀ ਚਿਹਰਾ ਤੇ ਅਰਧ ਘੁੱਪ ਹਨੇਰਾ; ਇਤਨੀ ਕੁ ਲੋਅ ਕਿ ਉਸ ਦੀ ਦੁਕਾਨ ਵਿਚ ਸਿਰਫ ਉਹੀ ਦਿਸਦਾ।
ਉਹ ਦੁਕਾਨਦਾਰ ਸੀ, ਕਿਤਾਬਾਂ ਵੇਚਦਾ ਸੀ; ਪਰ ਉਹ ਵਪਾਰੀ ਨਹੀਂ ਸੀ। ਉਹ ਕਿਤਾਬ ਦੇਣ ਲੱਗਿਆਂ, ਉਸ ‘ਤੇ ਲਿਖਿਆ ਮੁੱਲ ਤਾਂ ਹੀ ਦੇਖਦਾ ਸੀ, ਜੇ ਉਸ ਨੂੰ ਯਕੀਨ ਹੁੰਦਾ ਕਿ ਕਿਤਾਬ ਲੈਣ ਵਾਲਾ ਮੁੱਲ ਦੇ ਸਕਦਾ ਹੈ; ਨਹੀਂ ਤਾਂ ਏਨਾ ਹੀ ਆਖਦਾ, “ਲੈ ਜਾਹ।” ਉਹ “ਤੇਰਾਂ ਤੇਰਾਂ” ਜਿਹਾ ਵਪਾਰ ਕਰਦਾ ਸੀ; ਜਿਵੇਂ ਉਸ ਦਾ ਵੀ ਕਾਲੂ ਮਹਿਤੇ ਨਾਲ ਕੋਈ ਨਾਤਾ ਹੋਵੇ।
ਉਹ ਰਜਨੀਸ਼ ਵਰਗੀ ਟੋਪੀ ਸਿਰ ‘ਤੇ ਰੱਖਦਾ ਅਤੇ ਗਾਲਿਬ ਜਿਹੀ ਗੰਭੀਰਤਾ ਉਸ ਦੇ ਚਿਹਰੇ ਦਾ ਪ੍ਰਭਾਵ ਸੀ। ਉਸ ਦੀ ਆਵਾਜ਼ ਗੁਪਤ ਜਿਹੀ ਸੀ; ਅੱਜ ਵੀ ਮੇਰੇ ਕੰਨ ਸੁਣ ਸਕਦੇ ਹਨ। ਹਰ ਪੱਖੋਂ ਦਾਨਿਸ਼ਵਰਾਨਾ ਸ਼ੈਲੀ। ਉਹ ਖੁਦ ਤੇ ਉਸ ਦਾ ਆਲਾ ਦੁਆਲਾ ਰੂਸ ਦਾ ਤਰਜਮਾ ਪ੍ਰਤੀਤ ਹੁੰਦਾ।
ਕਹਿੰਦੇ ਹਨ ਪੰਜਾਬੀ, ਹਿੰਦੀ ਅਤੇ ਪੋਲੀਟੀਕਲ ਸਾਇੰਸ ਦੀ ਐਮ. ਏ. ਪਾਸ ਸੀ ਉਹ। ਉਸ ਕੋਲ ਹਰ ਵਿਸ਼ੇ ਦੇ ਵਿਦਵਾਨ ਲੇਖਕ ਅਤੇ ਵਿਦਿਆਰਥੀ ਆਉਂਦੇ। ਲੇਖਕਾਂ ਨਾਲ ਉਹ ਵਿਚਾਰਧਾਰਕ ਯਾਰੀ ਪੁਗਾਉਂਦਾ ਅਤੇ ਵਿਦਿਆਰਥੀਆਂ ਨਾਲ ਧਰਮ ਨਿਭਾਉਂਦਾ; ਉਹ ਵਿਦਿਆਰਥੀਆਂ ਅੰਦਰ ਗਿਆਨ ਅਤੇ ਸਾਹਿਤਕ ਪ੍ਰਤਿਭਾ ਜਗਾਉਂਦਾ ਅਤੇ ਕਈ ਤਰ੍ਹਾਂ ਦੀ ਮਦਦ ਵੀ ਕਰਦਾ।
ਉਸ ਦੇ ਅਦਬੀ ਸ਼ੌਕੀਨ ਅਤੇ ਫੋਟੋਗ੍ਰਾਫਰ ਮਿੱਤਰ ਜੈਤੇਗ ਸਿੰਘ ਅਨੰਤ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਕੋਈ ਕਿਤਾਬ ਪੁੱਛੀ, ਜੋ ਉਸ ਦੀ ਦੁਕਾਨ ਵਿਚ ਨਹੀਂ ਸੀ। ਪ੍ਰਤਾਪ ਨੇ ਉਸ ਨੂੰ ਪੁਸਤਕ ਲੇਖਕ ਦਾ ਨਾਂ ਪੁੱਛਿਆ। ਉਸ ਗਾਹਕ ਨੇ ਬੜੇ ਠਾਠ ਨਾਲ ਦੱਸਿਆ, “ਜੀ ਉਹ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰਿਤ ਲੇਖਕ ਹੈ।” ਪ੍ਰਤਾਪ ਕਹਿਣ ਲੱਗਾ, “ਮੈਂ ਸਰਕਾਰੀ ਚਾਪਲੂਸਾਂ ਦੀਆਂ ਕਿਤਾਬਾਂ ਨਹੀਂ ਰੱਖਦਾ।”
ਉਹ ਗਾਹਕ, ਨਿਰਾਸ਼ ਅਤੇ ਬੇਇੱਜਤ ਜਿਹਾ ਹੋ ਕੇ ਵਾਪਸ ਮੁੜਨ ਲੱਗਾ ਤਾਂ ਪ੍ਰਤਾਪ ਨੇ ਉਸ ਦਾ ਨਾਂ ਪੁੱਛ ਲਿਆ। ਉਸ ਨੇ ਬੜੇ ਤਹੰਮਲ, ਹਲੀਮੀ ਅਤੇ ਆਜਿਜੀ ਨਾਲ ਦੱਸਿਆ, “ਜੀ ਮੈਂ ਵੀ ਅਜਿਹਾ ਹੀ ਅਭਾਗਾ ਲੇਖਕ ਹਾਂ, ਜਿਨ੍ਹਾਂ ਦੀਆਂ ਕਿਤਾਬਾਂ ਤੁਸੀਂ ਦੁਕਾਨ ਵਿਚ ਨਹੀਂ ਰੱਖਦੇ।” ਉਹ ਗਾਹਕ ਸੁਖਪਾਲਬੀਰ ਸਿੰਘ ਹਸਰਤ ਸੀ।
ਪਿੰਡ ਸਨੇਟੇ ਤੋਂ ਪਾਲ ਨਾਂ ਦਾ ਇੱਕ ਵਿਦਿਆਰਥੀ ਸੀ। ਉਨ੍ਹੀਂ ਦਿਨੀਂ ਉਸ ਨੇ ਇਕ ਨਾਵਲ ਲਿਖ ਲਿਆ, ਜਿਸ ਨੂੰ ਛਾਪਣ ਲਈ ਕੋਈ ਤਿਆਰ ਨਹੀਂ ਸੀ। ਪ੍ਰਤਾਪ ਨੇ ਉਹ ਨਾਵਲ ਛਾਪਿਆ, Ḕਦਰਦ ਸੁਣੇ ਨਾ ਕੋਈ’ ਨਾਂ ਹੇਠ। ਪਾਲ ਸਨੇਟੇ ਨੇ ਉਹ ਨਾਵਲ ਮੈਨੂੰ ਵੀ ਦਿੱਤਾ ਸੀ। ਪਾਲ ਘਰੋਂ ਬੇਹੱਦ ਗਰੀਬ ਸੀ। ਨਾਵਲ ਨੇ ਉਸ ਦੀ ਪੁੱਛ ਪ੍ਰਤੀਤ ਵਿਚ ਰੱਤੀ ਭਰ ਵਾਧਾ ਨਾ ਕੀਤਾ। ਉਹ ਆਪਣੀ ਕਿਸਮ ਦੀ ਕਵਿਤਾ ਵੀ ਲਿਖਦਾ ਸੀ। ਕਵਿਤਾ ਵੀ ਉਸ ਨੂੰ ਰਾਸ ਨਾ ਆਈ। ਨਾ ਖੁਦਾ ਹੀ ਮਿਲਾ, ਨਾ ਵਿਸਾਲ-ਏ-ਸਨਮ! ਫਿਰ ਉਸ ਲਈ ਇੱਕੋ ਰਾਹ ਬਚਿਆ; ਉਹ ਨਸ਼ੇ ਕਰਨ ਲੱਗ ਪਿਆ।
ਐਮ. ਐਚ. ਵੰਨ ਦੇ ਪਲੇਠੇ ਪ੍ਰੋਗਰਾਮ ਵਿਚ Ḕਆਵਾਜ਼ ਪੰਜਾਬ ਦੀ’ ਖਿਤਾਬ ਜਿੱਤਣ ਵਾਲੇ ਗਾਇਕ ਮੁਹੰਮਦ ਇਰਸ਼ਾਦ ਦੇ ਸਹੁਰੇ ਸਨੇਟੇ ਸਨ। ਉਸ ਨੂੰ ਕਿਤੇ ਪਾਲ ਮਿਲਿਆ ਤਾਂ ਮੇਰੀ ਗੱਲ ਛਿੜ ਪਈ। ਮੁਹੰਮਦ ਇਰਸ਼ਾਦ ਨੇ ਪਾਲ ਨਾਲ ਮੇਰੀ ਫੋਨ ‘ਤੇ ਗੱਲ ਕਰਵਾਈ। ਉਹ ਉਦੋਂ ਵੀ ਨਸ਼ੇ ਵਿਚ ਸੀ। ਫਿਰ ਪਤਾ ਲੱਗਾ ਕਿ ਉਹ ਰੁਲ ਖੁਲ ਕੇ ਚੱਲ ਵੱਸਿਆ ਹੈ।
ਗੁਰਮੀਤ ਮੀਤ ਉਸ ਦਾ ਕਰੀਬੀ ਸੀ। ਦੋਵੇਂ ਕਵਿਤਾ ਸੁਣਾਉਂਦੇ। ਕਵਿਤਾ ਦਰਮਿਆਨ ਪਾਲ ਉਕ ਜਾਂਦਾ ਸੀ। ਮੀਤ ਨੇ ਉਸ ਨੂੰ ਕਿਹਾ “ਲੰਗੂਰ ਦੀ ਪੂਛ ਜਿੱਡੀਆਂ ਲਾਈਨਾਂ ਨਾ ਲਿਖਿਆ ਕਰ; ਤਾਂ ਹੀ ਭੁੱਲਦੀਆਂ।” ਹਾਸਾ ਪੈ ਜਾਂਦਾ। ਪਾਲ ਸਨੇਟੇ ਦੀ ਪਿੱਠ ‘ਤੇ ਮੀਤ ਦਾ ਹੱਥ ਸੀ ਤੇ ਸਿਰ ‘ਤੇ ਲੋਕਾਇਤ ਪ੍ਰਕਾਸ਼ਨ ਦਾ ਪ੍ਰਤਾਪ ਸੀ। ਪਾਲ ਸਨੇਟਾ ਪੰਜਾਬੀਅਤ ਦਾ ਬੇਟਾ ਸੀ, ਪਰ ਪੰਜਾਬ ਨੂੰ ਉਸ ਦਾ ਪਤਾ ਨਹੀਂ ਸੀ; ਇਹ ਗੱਲ ਸਿਰਫ ਪ੍ਰਤਾਪ ਜਾਣਦਾ ਸੀ।
ਪ੍ਰਤਾਪ ਕਿਸੇ ਦੀ ਵੀ ਸਾਹਿਤਕ ਪ੍ਰਤਿਭਾ ਨੂੰ ਉਭਾਰਨ ਲਈ ਪੂਰਾ ਤਾਣ ਲਾ ਦਿੰਦਾ। ਪਾਲ ਸਨੇਟੇ ਦੇ ਉਸ ਨਾਵਲ ਦਾ ਇਹ ਨਾਂ ਪ੍ਰਤਾਪ ਦੀ ਦੇਣ ਜਾਂ ਚੋਣ ਸੀ। ਇਸ ਨਾਂ ਵਿਚ ਪ੍ਰਤਾਪ ਦੀ ਵੀ ਵੇਦਨਾ ਛੁਪੀ ਹੋਈ ਸੀ; ਨਾਵਲ ਵਿਚ ਪਾਲ ਸਨੇਟੇ ਦੀ ਯਾਤਨਾ ਦਾ ਸਾਹਿਤਕ ਬਿਰਤਾਂਤ ਸੀ। ਸੱਚਮੁਚ! ਲੋਕ ਪ੍ਰਤਾਪ ਅਤੇ ਪਾਲ ਸਨੇਟੇ ਦੀਆਂ ਸਿਰਫ ਗੱਲਾਂ ਸੁਣਦੇ ਸਨ; ਉਨ੍ਹਾਂ ਵਿਚਲਾ ਦਰਦ ਕੋਈ ਨਹੀਂ ਸੀ ਸੁਣਦਾ।
ਸਾਡੇ ਸਮਾਜ ਵਿਚ ਸਾਹਿਤਕ ਪ੍ਰਤਿਭਾ ਦੀ ਪ੍ਰਤੀਤ ਨਹੀਂ ਹੈ। ਸਾਹਿਤਕ ਪ੍ਰਤਿਭਾ ਨੂੰ ਸਾਡੇ ਸਮਾਜ ਵੱਲੋਂ ਦੁਰਕਾਰ ਦਿੱਤਾ ਜਾਂਦਾ ਹੈ। ਗਰੀਬ ਸਾਹਿਤਕਾਰ ਨੂੰ ਤਾਂ ਪੰਜਾਬ ਵਿਚ ਇਸ ਤਰ੍ਹਾਂ ਦੇਖਿਆ ਜਾਂਦਾ ਹੈ, ਜਿਵੇਂ ਬੁਰਕੀ ਦੀ ਤਾਕ ਵਿਚ ਕੋਈ ਕੁੱਤਾ ਦਰਾਂ ‘ਚ ਖਲੋਤਾ ਹੋਵੇ।
ਅੱਜ ਜਦੋਂ ਪ੍ਰਤਾਪ ਦੇ ਤੁਰ ਜਾਣ ਦੀ ਖਬਰ ਸੁਣੀ ਤਾਂ ਮੈਨੂੰ ਪਾਲ ਸਨੇਟਾ ਚੇਤੇ ਆ ਗਿਆ। ਮੇਰੇ ਮੁਤਾਬਕ ਪ੍ਰਤਾਪ ਪਾਲ ਕੋਲ ਚਲਾ ਗਿਆ ਹੈ। ਦੋਨ੍ਹਾਂ ਲਈ ਪੰਜਾਬੀ ਸਮਾਜ ਕੋਲ ਕੋਈ ਥਾਂ ਨਹੀਂ ਸੀ। ਮਹਿਤਾ ਕਾਲੂ ਦੇ ਪੁੱਤਰ ਨਾਨਕ ਦੇ ਨਾਂ ਤੋਂ ਦੂਰ ਹੋਏ ਪੰਜਾਬ ਲਈ ਪਾਲ ਸਨੇਟਾ ਅਤੇ ਪ੍ਰਤਾਪ ਮਹਿਤਾ ਦੋਵੇਂ ਹੀ ਗੈਰ ਸਨ; ਆਪਣੇ ਨਹੀਂ ਸਨ।
ਦੋਵੇਂ ਇੱਕੋ ਥਾਂ ਇਕੱਠੇ ਹੋ ਗਏ ਹੋਣਗੇ। ਇੱਕ ਦੂਜੇ ਨੂੰ ਦੇਖ ਕੇ ਪਹਿਲਾਂ ਖੁਸ਼ ਹੋਏ ਹੋਣਗੇ; ਫਿਰ ਰੋਏ ਹੋਣਗੇ; ਤੇ ਸਾਡੇ ਵੱਲ ਦੇਖ ਦੇਖ, ਪਤਾ ਨਹੀਂ ਮਨ ਵਿਚ ਕੀ ਸੋਚਦੇ ਹੋਣਗੇ।
ਇਹ ਕਿਹੋ ਜਿਹੀ ਹੋਣੀ ਹੈ! ਕਿ ਪੰਜਾਬ ਵਿਚ ਸੱਚੇ, ਸੁੱਚੇ, ਸਾਦਾ, ਨਿਹਾਇਤ ਨੇਕ ਅਤੇ ਸਾਹਿਤਕ ਪ੍ਰਤਿਭਾ ਦੇ ਤੁਰ ਜਾਣ ਦੀ ਖਬਰ, ਵਾਇਆ ਜਪਾਨ ਆਉਂਦੀ ਹੈ; ਕਿੱਡਾ ਦੁਖਾਂਤ ਹੈ ਕਿ ਪਾਲ ਸਨੇਟੇ ਦੇ ਤੁਰ ਜਾਣ ਦੀ ਤਾਂ ਕਿਸੇ ਨੂੰ ਖਬਰ ਵੀ ਨਹੀਂ ਹੁੰਦੀ।
ਪ੍ਰਤਾਪ ਮਹਿਤਾ ਕਿੱਥੋਂ ਦੇ ਸਨ, ਕਿੱਥੇ ਰਹਿੰਦੇ ਸਨ ਅਤੇ ਕਿਸ ਹਾਲ ਵਿਚ ਸਨ? ਉਨ੍ਹਾਂ ਦੇ ਅੱਗੇ ਪਿੱਛੇ ਕੌਣ ਹੈ, ਕੌਣ ਨਹੀਂ? ਕੁਛ ਪਤਾ ਨਹੀਂ ਹੈ। ਬੱਸ ਏਨਾ ਹੀ ਪਤਾ ਹੈ ਕਿ ਉਹ ਨਹੀਂ ਰਹੇ; ਤੁਰ ਗਏ ਹਨ।
ਪੰਜਾਬ ਦੀਆਂ ਹਨੇਰੀਆਂ ਰਾਤਾਂ ਵਿਚ ਨਿੱਕੀਆਂ ਨਿੱਕੀਆਂ ਰੌਸ਼ਨੀਆਂ ਦੇ ਬਿਰਤਾਂਤ ਸਿਰਜਣ ਵਾਲੇ ਲੋਕਾਇਤ ਪ੍ਰਕਾਸ਼ਨ ਦੇ ਨਿਰਮਾਤਾ, ਨੇਕ ਦਿਲ ਅਤੇ ਨੇਕ ਆਤਮਾ ਇਨਸਾਨ ਪ੍ਰਤਾਪ ਮਹਿਤਾ ਦੇ ਪੰਜਾਬੀ ਪ੍ਰਤਾਪ ਨੂੰ ਲੱਖ ਲੱਖ ਸਲਾਮ!
ਇਸ ਉੜਤੇ ਪੰਜਾਬ ਦੀਆਂ ਦੁਖਦੀਆਂ ਅਤੇ ਧੁਖਦੀਆਂ ਨਸਾਂ ਦੀ ਖਬਰ ਰੱਖਣ ਵਾਲੇ ਸੋਢੀ ਭਾ ਜੀ ਨੂੰ ਸਦ ਸਦ ਪ੍ਰਣਾਮ!