ਗੁਆਚੀ ਕਵਿਤਾ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਦੇਰ ਦੀ ਗੱਲ ਹੈ। ਮੇਰੀ ਕਲਾਸ ਵਿਚ ਇੱਕ ਲੜਕੀ ਆਈ, ਜਿਸ ਦੇ ਹਾਵ ਭਾਵ, ਸ਼ਕਲ-ਸੂਰਤ ਅਤੇ ਬਹਿਣ-ਖਲੋਣ ਦਾ ਅੰਦਾਜ਼ ਇੰਨਾ ਮਾਸੂਮ ਤੇ ਮਲੂਕ ਜਿਹਾ ਸੀ ਕਿ ਮੱਲੋ ਮੱਲੀ ਧਿਆਨ ਖਿੱਚ ਰਿਹਾ ਸੀ। ਮੇਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਸ ਦੇ ਮਾਂ ਬਾਪ, ਨਹੀਂ ਸੱਚ, Ḕਮੰਮੀ ਪਾਪਾḔ ਸਕੂਲ ‘ਚ ਪੜ੍ਹਾਉਂਦੇ ਹਨ, ਜਿਸ ਕਰਕੇ ਉਨ੍ਹਾਂ ਨੇ ਆਪਣੀ ਇਸ ḔਲਾਡਲੀḔ ਬੇਟੀ ਨੂੰ ਉਸ ਦੀ ਨਾਨੀ ਕੋਲ ਛੱਡਿਆ ਹੋਇਆ ਹੈ।

ਉਸ ਲੜਕੀ ਦੇ ਮੱਥੇ ਤੋਂ ਉਸ ਦੇ ਮਾਂ ਬਾਪ ਦਾ ਅਨੋਖਾ ḔਤਿਆਗḔ ਪੜ੍ਹਿਆ ਜਾ ਸਕਦਾ ਸੀ ਤੇ ਅੱਖਾਂ ਵਿਚ ਉਸ ਦੀ ਨਾਨੀ ਦਾ ਪਿਆਰ ਦੇਖਿਆ ਜਾ ਸਕਦਾ ਸੀ। ਹੁਣ ਉਹ ਆਪਣੀ ਨਾਨੀ ਨੂੰ ਹੀ ਮਾਂ ਕਹਿੰਦੀ ਅਤੇ ਸਮਝਦੀ ਸੀ।
ਉਹ ਖੁਦ ਕਵਿਤਾ ਜਿਹੀ ਸੀ ਤੇ ਕਵਿਤਾ ਲਿਖਦੀ ਸੀ। ਉਸ ਨੇ ਆਪਣੀ ਕਵਿਤਾ ਸੁਣਾਈ, ਜਿਸ ਵਿਚ ਉਸ ਦੀ ਨਾਨੀ ਮਾਂ, ਕਿ ਮਾਂ ਨਾਨੀ ਦਾ ਜ਼ਿਕਰ ਸੀ। ਮੈਨੂੰ ਥੋੜ੍ਹਾ ਥੋੜ੍ਹਾ ਯਾਦ ਹੈ, ਕਵਿਤਾ ਕੁਝ ਇਸ ਤਰ੍ਹਾਂ ਸੀ:
ਮਾਂ ਉਠਦੀ ਹੈ
ਤਾਂ ਦਿਨ ਚੜ੍ਹਦਾ ਹੈ
ਤੇ ਕੰਮ ਛਣਕ ਪੈਂਦੇ ਹਨ।
ਮੈਂ ਉਠਦੀ ਹਾਂ
ਤਾਂ ਕਵਿਤਾ ਜਾਗ ਪੈਂਦੀ ਹੈ।
ਕਵਿਤਾ ਉਠਦੀ ਹੈ
ਤਾਂ ਜਾਗ ਪੈਂਦੀ ਹੈ,
ਕੁੱਲ ਕਾਇਨਾਤ।
ਉਸ ਦਾ ਗੋਲ ਚਿਹਰਾ, ਨਿਰਛਲ ਅੱਖਾਂ ਤੇ ਭੋਲੇ ਭਾਲੇ ਨਕਸ਼ ਉਸ ਦੀ ਕਵਿਤਾ ਦਾ ਅਨੁਵਾਦ ਕਰਦੇ। ਸਾਫ ਪਤਾ ਲੱਗਦਾ ਕਿ ਉਦਰੇਵੇਂ ਤੇ ਉਦਾਸੀ ਨੂੰ ਉਸ ਨੇ ਆਪਣੀ ਕਵਿਤਾ ਵਿਚ ਲੁਕੋਣ ਦੀ ਕਲਾ ਸਿੱਖ ਲਈ ਸੀ। ਉਸ ਦੀ ਕਵਿਤਾ ਸੰਵੇਦਨਾ ਤੇ ਯਾਤਨਾ ਦੀ ਲੁਕਣ-ਮੀਟੀ ਖੇਡਦੀ ਸੀ।
ਮੈਂ ਉਸ ਦੀ ਕਵਿਤਾ ਨੂੰ ਅਸੀਸ ਦਿੱਤੀ ਤੇ ਉਸ ਨੂੰ ਪਿਆਰ ਦਿੱਤਾ। ਉਸ ਦੀਆਂ ਅੱਖਾਂ ‘ਚ ਉਦਾਸੀ ਉਤਰ ਆਈ ਤੇ ਨੀਰ ਭਰ ਆਇਆ; ਕੰਵਲ ਦੇ ਖਿੜੇ ਫੁੱਲ ‘ਤੇ ਤ੍ਰੇਲ ਦੇ ਤੁਪਕੇ ਨਜ਼ਰ ਆਏ। ਮੇਰੇ ਸਾਹਮਣੇ ਗਮਗੀਨ ਕਵਿਤਾ ਦੀ ਰਚਨਾ ਸਾਕਾਰ ਹੋਈ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ḔਅਸਲੀḔ ਮਾਪਿਆਂ ਨਾਲ ਅਮਰੀਕਾ ਚਲੀ ਜਾਣਾ ਹੈ; ਨਾਨੀ ਤੋਂ ਦੂਰ, ਬਹੁਤ ਦੂਰ। ਮੈਂ ਵੀ ਉਦਾਸ ਹੋ ਗਿਆ।
ਅਧਿਆਪਕ ਨੂੰ ਇਹੋ ਜਿਹਾ ਵਿਦਿਆਰਥੀ ਮਸਾਂ ਲੱਭਦਾ ਹੈ; ਤੇ ਵਿਦਿਆਰਥੀ ਨੂੰ ਅਧਿਆਪਕ; ਮੇਰੇ ਜਿਹਾ, ਸ਼ਾਇਦ!
ਮੈਂ ਉਸ ਨੂੰ ਆਖਿਆ ਕਿ ਉਹ ਅਮਰੀਕਾ ਜਾ ਕੇ ਬਦਲ ਜਾਵੇਗੀ; ਉਸ ਦੀ ਮਾਸੂਮੀਅਤ ਮਰ ਜਾਵੇਗੀ ਤੇ ਕਵਿਤਾ ਦਮ ਤੋੜ ਦੇਵੇਗੀ। ਉਸ ਨੇ ਮੇਰੇ ਚਿਹਰੇ ‘ਤੇ ਉਦਾਸੀ ਦੇ ਭਾਵ ਤਾੜ ਲਏ। ਕਹਿਣ ਲੱਗੀ, “ਨਹੀਂ ਸਰ! ਮੈਂ ਜਿਸ ਤਰ੍ਹਾਂ ਦੀ ਹਾਂ, ਉਸੇ ਤਰ੍ਹਾਂ ਦੀ ਰਹਾਂਗੀ; ਤੁਹਾਨੂੰ ਯਾਦ ਰੱਖਾਂਗੀ ਤੇ ਮਿਲਣ ਆਇਆ ਕਰਾਂਗੀ।”
ਮੈਂ ਖੁਸ਼ ਹੋਇਆ; ਮੇਰਾ ਸਵੈਮਾਣ ਜਾਗਿਆ ਤੇ ਮੈਂ ਤਸੱਲੀ ਦੇ ਭਾਵ ਨਾਲ ਭਰ ਗਿਆ।
ਉਹ ਹਰ ਰੋਜ ਕਲਾਸ ਵਿਚ ਸਭ ਤੋਂ ਪਹਿਲਾਂ ਆਉਂਦੀ ਤੇ ਸਭ ਤੋਂ ਅੱਗੇ ਬੈਠਦੀ। ਹਰ ਰੋਜ ਉਹ ਆਪਣੀ ਨਵੀਂ ਲਿਖੀ ਕਵਿਤਾ ਸੁਣਾਉਂਦੀ; ਵਿਦਿਆਰਥੀ ਸੁਣਦੇ, ਉਸ ਨੂੰ ਦੇਖਦੇ ਤੇ ਖਿੜ ਜਾਂਦੇ। ਉਸ ਕਰਕੇ ਕੋਈ ਛੁੱਟੀ ਨਾ ਕਰਦਾ; ਨਾ ਕਲਾਸ ਛੱਡਦਾ।
ਉਸ ਦੀ ਕਵਿਤਾ ‘ਚ ਫੁੱਲ ਖਿੜਦੇ, ਤਿਤਲੀਆਂ ਫਰ ਫਰ ਕਰਦੀਆਂ, ਭੌਰੇ ਗੂੰਜਦੇ, ਮਹਿਕਾਂ ਖਿੰਡ ਖਿੰਡ ਜਾਂਦੀਆਂ, ਪ੍ਰੀਤਾਂ ਫੇਰੇ ਪਾਉਂਦੀਆਂ, ਕਦੀ ਉਦਾਸੀ ਗੁਣਗੁਣਾਉਂਦੀ, ਕਿਤੇ ਆਸ਼ਾ ਟਿਮਟਿਮਾਉਂਦੀ, ਕਿਤੇ ਨਿਰਾਸ਼ਾ ਦਾ ਧੂੰਆਂ; ਵੰਨ-ਸਵੰਨੇ ਅਹਿਸਾਸ ਕਵਿਤਾ ਦੀ ਧੂਣੀ ਸੇਕਦੇ; ਮਾਂ ਦੀਆਂ ਖਿੱਚਾਂ, ਪਿਓ ਦਾ ਵੈਰਾਗ, ਤੇ ਨਾਨੀ ਦੀਆਂ ਨਸੀਹਤਾਂ ਸੁਣਦੀਆਂ। ਕਲਾਸ ਕਾਹਦੀ! ਕਵਿਤਾ ਦਾ ਦੀਵਾਨ ਸਜਦਾ।
ਮੈਂ ਅੱਜ ਤੱਕ ਗੀਤ ਸੁਣੇ ਸਨ, ਗਜ਼ਲ ਪੜ੍ਹੀ ਸੀ, ਪਰ ਕਵਿਤਾ ਪਹਿਲੀ ਵਾਰ ਦੇਖੀ ਸੀ, ਸਾਖਸ਼ਾਤ। ਮੈਨੂੰ ਅਹਿਸਾਸ ਹੋਇਆ ਕਿ ਕਵਿਤਾ ਇਤਨੀ ਕੋਮਲ ਤੇ ਮਾਸੂਮ ਵੀ ਹੋ ਸਕਦੀ ਹੈ। ਉਸ ਦੀ ਕਵਿਤਾ ਨੇ ਮੇਰੇ ਅੰਦਰ ਜਿੰਮੇਵਾਰੀ ਦਾ ਅਹਿਸਾਸ ਜਗਾ ਦਿੱਤਾ। ਮੈਂ ਉਸ ਦਾ ਖਿਆਲ ਰੱਖਣ ਲੱਗ ਪਿਆ।
ਉਹ ਕਾਲਜ ਅੱਗੇ ਬੱਸੋਂ ਉਤਰਦੀ ਤੇ ਕਾਲਜ ਅੱਗਿਓਂ ਹੀ ਚੜ੍ਹਦੀ। ਕਈ ਮਨਚਲੇ ਉਸ ਦਾ ਪਿੱਛਾ ਕਰਦੇ ਅਤੇ ਤਾੜ ਰੱਖਦੇ। ਮੈਂ ਉਨ੍ਹਾਂ ਸ਼ਰਾਰਤੀਆਂ ਦੀ ਤਾੜ ਰੱਖਦਾ ਅਤੇ ਤਾੜ ਦਿੰਦਾ। ਮੈਂ ਦੇਖਿਆ ਕਿ ਉਸ ਦੀ ਨਾਨੀ ਦਾ ਪਾਲਣ ਪੋਸ਼ਣ ਤੇ ਸਿੱਖਿਆ ਦਾ ਕਵਚ ਉਸ ਨੂੰ ਤਿਰਛੀਆਂ ਅਤੇ ਬੁਰੀਆਂ ਨਜ਼ਰਾਂ ਤੋਂ ਬਚਾਈ ਰੱਖਦਾ। ਉਹ ਆਪਣੇ ਨੇਕ ਆਤਮ ਵਿਸ਼ਵਾਸ ਵਿਚ ਮਹਿਫੂਜ਼ ਸੀ। ਬੇਸ਼ੱਕ ਉਸ ਨੂੰ ਮੇਰੇ ਖਿਆਲ ਦੀ ਜਰੂਰਤ ਨਹੀਂ ਸੀ; ਪਰ ਮੈਂ ਆਪਣਾ ਫਰਜ਼ ਨਿਭਾਉਂਦਾ।
ਫਿਰ ਉਸ ਦਾ ਅਚਾਨਕ ਵੀਜ਼ਾ ਲੱਗ ਗਿਆ। ਅਮਰੀਕਾ ਜਾਣ ਲੱਗਿਆਂ ਉਹ ਮੇਰੇ ਕੋਲ ਸਲੈਮ ਬੁੱਕ ਲੈ ਕੇ ਆਈ ਤੇ ਕਹਿਣ ਲੱਗੀ, “ਸਰ! ਇਸ ‘ਤੇ ਕੁਝ ਲਿਖ ਦਿਉ।” ਮੈਂ ਉਸ ਨੂੰ ਨੀਝ ਨਾਲ ਤੱਕਿਆ। ਉਸ ਦੀਆਂ ਨਮ ਅੱਖਾਂ ਦੇਖ, ਮੈਂ ਸੋਚੀਂ ਪੈ ਗਿਆ ਤੇ ਕੁਝ ਨਾ ਲਿਖ ਸਕਿਆ।
ਉਸ ਲਈ ਲਿਖਣਾ ਇਤਨਾ ਸੁਖੈਨ ਨਹੀਂ ਸੀ। ਨਿਰੀ ਕਵਿਤਾ ‘ਤੇ ਕੋਈ ਕੀ ਲਿਖੇ! ਮੈਂ ਉਸ ਤੋਂ ਸਲੈਮ ਬੁੱਕ ਲੈ ਲਈ ਕਿ ਘਰੋਂ ਲਿਖ ਲਿਆਵਾਂਗਾ। ਮੈਂ ਉਸ ਦੇ ਹਾਣ ਦੇ ਸ਼ਬਦ ਨਾ ਲੱਭ ਸਕਿਆ; ਤੇ ਕੁਝ ਨਾ ਲਿਖ ਸਕਿਆ; ਉਹ ਵੀ, ਆ ਨਾ ਸਕੀ।
ਮਹੀਨੇ ਕੁ ਬਾਅਦ ਉਸ ਦਾ ਖਤ ਆਇਆ ਕਿ ਅਮਰੀਕਾ ਵਿਚ ਉਸ ਦਾ ਜੀ ਨਹੀਂ ਲਗਦਾ; ਉਹ ਹਾਲੇ ਕਿਸੇ ਦੇ ਘਰ ਰਹਿ ਰਹੀ ਹੈ; ਉਸ ਨੇ ਪੜ੍ਹਨਾ ਸ਼ੁਰੂ ਕਰ ਲਿਆ ਹੈ; ਉਸ ਨੂੰ ਹਾਲੇ ਕੋਈ ਕੰਮ ਨਹੀਂ ਮਿਲਿਆ; ਡਾਲਰਾਂ ਨੇ ਲੋਕਾਂ ਦੀ ਮੱਤ ਮਾਰੀ ਹੋਈ ਹੈ; ਉਸ ਨੂੰ ਇੱਥੋਂ ਦੀ ਮਿੱਟੀ ਦੀ ਮਹਿਕ ਯਾਦ ਆਉਂਦੀ ਹੈ; ਉਥੇ ḔਇੱਥੇḔ ਜਿਹੇ ਰਿਸ਼ਤੇ ਨਹੀਂ ਲੱਭਦੇ; ਰਿਸ਼ਤੇ ਹਨ, ਪਰ ਨਿੱਘ ਨਹੀਂ; ਉਹ ਮੈਨੂੰ ਮਿੱਸ ਕਰਦੀ ਹੈ; ਉਸ ਦੀ ਕਵਿਤਾ ਛੁੱਟ ਗਈ ਹੈ। ਫਿਰ ਉਸ ਦਾ ਕਦੀ ਖਤ ਨਾ ਆਇਆ।
ਕਈ ਸਾਲਾਂ ਬਾਅਦ ਉਹ ਫੇਸਬੁੱਕ ‘ਤੇ ਦਿਖੀ; ਸੰਪਰਕ ਹੋਇਆ। ਉਸ ਨੇ ਦੱਸਿਆ ਕਿ ਉਹ ਜਲਦੀ ਆ ਰਹੀ ਹੈ; ਉਸ ਦੀ ਸ਼ਾਦੀ ਹੈ, ਉਹ ਕਾਰਡ ਦੇਣ ਆਵੇਗੀ।
ਕੁਝ ਦਿਨਾਂ ਬਾਅਦ ਕਿਸੇ ਕੋਲੋਂ ਉਸ ਦਾ ਜ਼ੁਬਾਨੀ ਸੁਨੇਹਾ ਮਿਲਿਆ, “ਸਰ, ਮੈਂ ਖੁਦ ਨਹੀਂ ਆ ਸਕੀ, ਤੁਸੀਂ ਜ਼ਰੂਰ ਆਉਣਾ।” ਮੈਂ ਉਸ ਦੀ ਸ਼ਾਦੀ ‘ਤੇ ਜਾਣ ਬੁੱਝ ਕੇ ਜਾ ਨਾ ਸਕਿਆ। ਉਸ ਨੇ ਵੀ ਕੋਈ ਗਿਲਾ ਸ਼ਿਕਵਾ ਨਾ ਕੀਤਾ। ਉਹ ਬਦਲੀ ਸੀ ਕਿ ਨਹੀਂ; ਪਤਾ ਨਹੀਂ! ਪਰ ਕਵਿਤਾ ਕਿਤੇ ਗੁਆਚ ਚੁਕੀ ਸੀ।