ਪਾਕਿਸਤਾਨੀ ਡਰਾਮਿਆਂ ਪਿਛਲਾ ਡਰਾਮਾ

ਫਰਿਆਲ ਅਲੀ ਗੌਹਰ
ਛੋਟੇ ਹੁੰਦਿਆਂ ਭਾਲੂ (ਰਿੱਛ) ਬੱਚੀ ਬਾਰੇ ਕਹਾਣੀ ਸੁਣਦੇ ਆਏ ਹਾਂ। ਇਸ ਕਹਾਣੀ ਵਿਚ ਭਾਲੂ ਦੀ ਬੱਚੀ ਆਪਣੇ ਖਾਣ-ਪੀਣ ਦਾ ਸਾਮਾਨ ਜਮ੍ਹਾਂ ਕਰ ਕੇ ਆਪਣੀ ਗੁਫ਼ਾ ਅੰਦਰ ਵੜ ਕੇ ਸੌਂ ਗਈ। ਪੰਦਰਾਂ ਸਾਲਾਂ ਬਾਅਦ ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦੇ ਖਾਣ-ਪੀਣ ਦਾ ਸਾਰਾ ਸਾਮਾਨ ਖ਼ਰਾਬ ਹੋ ਚੁੱਕਿਆ ਸੀ। ਉਹ ਇਸ ਦਾ ਜੁਗਾੜ ਕਰਨ ਲਈ ਆਪਣੀ ਗੁਫ਼ਾ ਤੋਂ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਜੰਗਲ ਵਿਚ ਕੁਝ ਵੀ ਬਦਲਿਆ ਨਹੀਂ ਸੀ। ਸਭ ਕੁਝ ਉਵੇਂ ਹੀ ਚੱਲ ਰਿਹਾ ਸੀ, ਜਿਵੇਂ ਪੰਦਰਾਂ ਸਾਲ ਪਹਿਲਾਂ ਹੁੰਦਾ ਆਇਆ ਸੀ। ਉਸ ਨੇ ਫਿਰ ਆਪਣਾ ਅਸਬਾਬ ਇਕੱਠਾ ਕੀਤਾ ਅਤੇ ਮੁੜ ਗੂੜ੍ਹੀ ਨੀਂਦ ਸੌਂ ਗਈ।
ਮੈਨੂੰ ਇਹ ਕਹਾਣੀ ਬਿਲਕੁਲ ਆਪਣੀ ਹੀ ਜਾਪਦੀ ਹੈ।

ਪੰਦਰਾਂ ਸਾਲ ਦਾ ਵਕਫ਼ਾ ਬੇਹਦ ਸੁਸਤ ਭਾਲੂਆਂ ਦੇ ਬੇਹਰਕਤ ਪਏ ਰਹਿਣ ਲਈ ਵੀ ਬਹੁਤ ਲੰਮਾ ਸਮਾਂ ਹੈ। ਬਿਲਕੁਲ ਇੰਨਾ ਹੀ ਸਮਾਂ ਮੈਂ ਵੀ ‘ਈਡੀਅਟ ਬੌਕਸ’, ਮਤਲਬ ਟੈਲੀਵਿਜ਼ਨ ਦੀ ਬੌਖਲਾ ਦੇਣ ਵਾਲੀ ਨੀਰਸਤਾ ਤੋਂ ਲਾਂਭੇ ਰਹੀ। ਮੈਂ ਬ੍ਰਹਿਮੰਡ ਨੂੰ ਅਸੀਮ ਭੇਤਾਂ ਬਾਰੇ ਚਿੰਤਨ-ਮਨਨ ਕਰਨ ਦੇ ਆਪਣੇ ਰੁਝੇਵਿਆਂ ਵਿਚ ਹੀ ਰੁਝੀ ਰਹੀ। ਇਸ ਭਾਗਾਂ ਭਰੇ ਦੌਰ ਵਿਚ ਕੁਦਰਤ ਦੀ ਨੇੜਤਾ ਖ਼ੂਬ ਮਾਣੀ।
ਇਨ੍ਹਾਂ ਵਰ੍ਹਿਆਂ ਦੌਰਾਨ ਮੈਂ ਖ਼ੁਦ ਨੂੰ ਕਈ ਅਰਥਪੂਰਨ ਸਵਾਲ ਪੁੱਛਦੀ ਰਹੀ, ਮਸਲਨ ਜਲ ਸੈਨਿਕ ਸਫ਼ੈਦ ਜੁੱਤੀ ਕਿਉਂ ਪਹਿਨਦੇ ਹਨ ਜਾਂ ਸਾਡੇ ਮੁਲਕ ਦੇ ਆਦਮੀ ਵੱਲੋਂ ਵਾਲਾਂ ਨੂੰ ਲਾਈ ਜਾਣ ਵਾਲੀ ਕਲਫ਼ ਸਿਰਫ਼ ਦੋ ਰੰਗਾਂ ਦੀ ਹੀ ਕਿਉਂ ਹੁੰਦੀ ਹੈ। ਜਦੋਂ ਮੈਨੂੰ ਕੋਈ ਸਾਹਸੀ ਕਾਰਨਾਮਾ ਕਰਨ ਦੀ ਖੁਰਕ ਉਠਦੀ ਤਾਂ ਮੈਂ ਆਪਣੀ ਖੋਲ ਵਿਚੋਂ ਬਾਹਰ ਨਿਕਲ ਕੇ ਉਨ੍ਹਾਂ ਥਾਵਾਂ ‘ਤੇ ਚਲੀ ਜਾਂਦੀ, ਕਮਜ਼ੋਰ ਦਿਲ ਬੰਦੇ ਜਿਥੇ ਜਾਣ ਤੋਂ ਘਬਰਾਉਂਦੇ ਹਨ।
ਮੈਂ ਪੁਸਤਕਾਂ ਲਿਖੀਆਂ, ਫ਼ਿਲਮਾਂ ਬਣਾਈਆਂ, ਵੱਡੇ ਡੈਮਾਂ ਕਾਰਨ ਪ੍ਰਭਾਵਿਤ ਹੋਈਆਂ ਸਭਿਆਚਾਰਕ ਵਿਰਾਸਤਾਂ ਬਾਰੇ ਪ੍ਰਬੰਧਕੀ ਯੋਜਨਾਵਾਂ ਬਣਾਈਆਂ ਅਤੇ ਸਭਿਆਚਾਰਕ ਤੇ ਕੁਦਰਤੀ ਵਿਰਾਸਤ ਦੀ ਜਾਣਬੁਝ ਕੇ ਕੀਤੀ ਜਾ ਰਹੀ ਤਬਾਹੀ ਦੀ ਖਿਲਾਫ਼ਤ ਕੀਤੀ। ਇਸ ਦੇ ਨਾਲ ਹੀ ਮੈਂ ਚੰਗੀਆਂ ਫ਼ਿਲਮਾਂ ਦੇਖੀਆਂ ਅਤੇ ਅੰਤਹੀਤ ਸਿਆਸੀ ਬਹਿਸ-ਮੁਬਾਹਸਿਆਂ ਤੋਂ ਦੂਰੀ ਬਣਾ ਕੇ ਰੱਖੀ।
ਫਿਰ ਜਿਵੇਂ ਮੇਰੀ ਅਕਲ ਜਵਾਬ ਦੇ ਗਈ। ਸਾਰੇ ਤਰਕ ਖੂਹ ਖਾਤੇ ਪੈ ਗਏ। ਮੈਂ ਆਪਣੀ ਨਿੱਜਤਾ ਕਾਇਮ ਰੱਖਣ ਅਤੇ ਅਹਿਮ ਕੰਮ ਕਰਨ ਦੇ ਖ਼ੁਦ ਨਾਲ ਕੀਤੇ ਵੱਡੇ ਵੱਡੇ ਵਾਅਦੇ ਇੱਕ ਪਲ ਵਿਚ ਉਦੋਂ ਤੋੜ ਦਿੱਤੇ, ਜਦੋਂ ਮੈਂ ਟੈਲੀਵਿਜ਼ਨ ਪਰਦੇ ਉਤੇ ‘ਵਾਪਸੀ’ ਕਰਨ ਲਈ ਸਹਿਮਤ ਹੋ ਗਈ। ਇਸ ਪਰਦੇ ‘ਤੇ ਡਰਾਮਿਆਂ ਵਿਚ ਹੈਰਾਨੀਜਨਕ ਮੋੜ ਸਦਾ ਆਉਂਦੇ ਰਹਿੰਦੇ ਹਨ। ਟੈਲੀਵਿਜ਼ਨ ਡਰਾਮਿਆਂ ਦੇ ਲੇਖਕ ਕਈ ਤਰ੍ਹਾਂ ਦਾ ਮਸਾਲਾ ਪਾ ਕੇ ਵੱਖ ਵੱਖ ਕਹਾਣੀਆਂ ਲਿਖਦੇ ਹਨ ਜੋ ਵੱਖ ਵੱਖ ਤਰ੍ਹਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚੋਂ ਹਰ ਕਹਾਣੀ ਨਿਵੇਕਲੀ ਹੋਣ ਦੇ ਬਾਵਜੂਦ ਵਿਲੱਖਣ ਢੰਗ ਨਾਲ ਜਾਣੀ ਪਛਾਣੀ ਹੁੰਦੀ ਹੈ।
ਮੈਂ ਦੁਨੀਆਂ ਭਰ ਦੇ ਸਾਹਿਤ ਨਾਲ ਭਰੀਆਂ ਆਪਣੇ ਘਰ ਦੀਆਂ ਅਲਮਾਰੀਆਂ ਛੱਡ ਕੇ ਸਿੰਥੈਟਿਕ ਕਾਲੀਨਾਂ ਅਤੇ ਅਜੀਬ ਜਿਹੀ ਗੰਧ ਵਾਲੇ ਟੈਲੀਵਿਜ਼ਨ ਸਟੂਡੀਓ ਵਿਚ ਆ ਗਈ। ਮੈਂ ਆਪਣੇ ਇਕਾਂਤ ਦੀ ਪੁਰਸਕੂਨ ਖ਼ਾਮੋਸ਼ੀ ਨੂੰ ਸਟੂਡੀਓ ਵਿਚ ਮੌਜੂਦ ਅਮਲੇ ਦੇ ਸ਼ੋਰਗੁਲ ਨਾਲ ਵਟਾ ਲਿਆ। ਇਹ ਅਮਲਾ ਆਪਣੇ ਹੀ ਅੰਦਾਜ਼ ਨਾਲ ਅੰਗਰੇਜ਼ੀ ਬੋਲਦਾ ਹੈ। ‘ਸਰ ਜੀ’, ‘ਬਾਉਸ’ (ਬੌਸ), ‘ਗੁੱਡ ਹੈ’ ਜਿਹੇ ਲਫ਼ਜ਼ ਆਮ ਵਰਤੇ ਜਾਂਦੇ ਹਨ। ਇਸ ਖੱਪਖਾਨੇ ਵਿਚ ਅਸਹਿਜ ਮਹਿਸੂਸ ਕਰ ਰਹੇ ਕਿਸੇ ਵੀ ਕਲਾਕਾਰ ਨੂੰ ਸਹਿਜ ਮਹਿਸੂਸ ਕਰਵਾਉਣ ਲਈ ‘ਈਜ਼ੀ ਹੋ ਜਾਏਂ’ ਵੀ ਕਹਿੰਦੇ ਹਨ।
ਖ਼ੈਰ! ਸ਼ੁਕਰ ਹੈ ਮੈਂ ‘ਈਜ਼ੀ’ ਹੋ ਗਈ ਕਿਉਂ ਜੋ ਮੈਂ ਇਕ ਮਾਂ, ਇਕ ਮਤਰੇਈ ਮਾਂ ਅਤੇ ਸੰਭਾਵੀ ਸੱਸ ਦਾ ਕਿਰਦਾਰ ਨਿਭਾਉਣ ਲਈ ਮੰਨ ਗਈ ਸਾਂ। ਇਕ ਕਲਾਕਾਰ ਦੇ ਮਿਹਨਤਾਨੇ ਵਿਚ ਤਿੰਨ ਕਿਰਦਾਰ! ਨਹੀਂ ਤਾਂ ਪੰਦਰਾਂ ਸਾਲ ਮੈਂ ਇਨ੍ਹਾਂ ਤਿੰਨਾਂ ਭੂਮਿਕਾਵਾਂ ਵਿਚੋਂ ਕੋਈ ਇਕ ਨਿਭਾਉਣ ਦੀ ਮੈਨੂੰ ਕੀਤੀ ਜਾ ਰਹੀ ਹਰ ਪੇਸ਼ਕਸ਼ ਠੁਕਰਾਉਂਦੀ ਆ ਰਹੀ ਸਾਂ। ਪਰ ਇਕ ਅਧਖੜ ਮਹਿਲਾ ਅਲਬੱਤਾ ‘ਅਸਹਿਜ’ ਨਾਗਰਿਕ ਵਜੋਂ ਮੈਂ ਹੋਰ ਕਿਸੇ ਭੂਮਿਕਾ ਵਿਚ ਫਿੱਟ ਨਹੀਂ ਬੈਠਦੀ। ਮੇਰੀ ਉਮਰ ਦੀ ਮਹਿਲਾ ਨੂੰ ਕਿਸੇ ਵਿਗਿਆਨੀ, ਕੈਂਸਰ ਦੀ ਮਾਹਿਰ ਡਾਕਟਰ, ਪੁਲਾੜ ਯਾਤਰੀ ਜਾਂ ਅਜਿਹਾ ਹੋਰ ਕੋਈ ਕਿਰਦਾਰ ਮਿਲਣਾ ਸੰਭਵ ਨਹੀਂ ਹੁੰਦਾ। ਮਹਿਲਾ ਵਕੀਲਾਂ, ਸਿਆਸਤਦਾਨਾਂ, ਕਾਰਕੁਨਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਪ੍ਰੋਫ਼ੈਸਰਾਂ, ਉਦਮੀਆਂ, ਸੂਚਨਾ ਤਕਨਾਲੋਜੀ ਮਾਹਿਰਾਂ, ਨਰਸਾਂ, ਸਰਜਨਾਂ ਜਾਂ ਖੇਤੀਬਾੜੀ ਕਰ ਕੇ ਸਾਡੇ ਲਈ ਅੰਨ ਉਗਾਉਣ ਵਾਲੀਆਂ ਮਿਹਨਤਕਸ਼ ਔਰਤਾਂ ਬਾਰੇ ਤਾਂ ਕਹਾਣੀਆਂ ਲਿਖੀਆਂ ਹੀ ਨਹੀਂ ਜਾਂਦੀਆਂ। ਪੈਂਤੀ ਵਰ੍ਹਿਆਂ ਤੋਂ ਵਡੇਰੀ ਉਮਰ ਦੀਆਂ ਮਹਿਲਾਵਾਂ ਲਈ ਜ਼ਿਆਦਾ ਭੂਮਿਕਾਵਾਂ ਨਹੀਂ ਹੁੰਦੀਆਂ। ਨਾ ਤਾਂ ਲੇਖਕਾਂ, ਨਿਰਦੇਸ਼ਕਾਂ, ਨਿਰਮਾਤਾਵਾਂ ਦੀਆਂ ਨਜ਼ਰਾਂ ਵਿਚ ਅਜਿਹੀਆਂ ਮਹਿਲਾਵਾਂ ਦੀ ਕੋਈ ਹਸਤੀ ਹੈ, ਤੇ ਨਾ ਹੀ ਦਰਸ਼ਕਾਂ ਦੀਆਂ ਨਜ਼ਰਾਂ ਵਿਚ।
ਪੰਦਰਾਂ ਵਰ੍ਹੇ ਕੋਈ ਵੀ ਅਜਿਹੀ ਕਹਾਣੀ ਸਾਹਮਣੇ ਨਹੀਂ ਆਈ ਜੋ ਮੈਨੂੰ ਆਪੂੰ ਸਹੇੜਿਆ ਬਣਵਾਸ ਖ਼ਤਮ ਕਰਨ ਲਈ ਪ੍ਰੇਰ ਸਕਦੀ। ਜਦੋਂ ਮੈਂ ਆਪਣੀ ਨੀਂਦਰ ਤੋਂ ਜਾਗੀ ਤਾਂ ਪਤਾ ਲੱਗਿਆ ਕਿ ਬੇਸ਼ੁਮਾਰ ਪ੍ਰਾਈਵੇਟ ਚੈਨਲ ਅਤੇ ਡਿਜੀਟਲ ਜ਼ਮਾਨਾ ਆ ਜਾਣ ਦੇ ਬਾਵਜੂਦ ਟੈਲੀਵਿਜ਼ਨ ਦੀ ਦੁਨੀਆਂ ਰਤਾ ਨਹੀਂ ਬਦਲ ਸਕੀ। ਵਾਰ ਵਾਰ ਕੁਝ ਕੁ ਕਲਾਕਾਰਾਂ ਨੂੰ ਲੈ ਕੇ ਘਸੀਆਂ ਪਿਟੀਆਂ ਕਹਾਣੀਆਂ ਵਿਚ ਔਰਤ ਜ਼ਾਤ ਪ੍ਰਤੀ ਨਫ਼ਰਤ ਅਤੇ ਪਿਤਾ ਪੁਰਖੀ ਪ੍ਰਬੰਧ ਭਾਰੂ ਹੁੰਦਾ ਹੈ। ਕੁਝ ਨਿਵੇਕਲਾ ਦਿਖਾਉਣ ਦਾ ਖ਼ਤਰਾ ਨਹੀਂ ਸਹੇੜਿਆ ਜਾਂਦਾ।
ਡਰਾਮਾ ਬਣਾਉਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਸ ਲਈ ਸ਼ਬਦਾਂ ਦੀ ਖੇਡ ਖੇਡਦਿਆਂ ਸੋਹਣਾ ਜਿਹਾ ਨਾਮ ਚੁਣਿਆ ਜਾਂਦਾ ਹੈ। ਇੱਕ ਵਾਰ ਨਾਮ ਚੁਣਨ ਮਗਰੋਂ ਕਹਾਣੀ ਲਈ ਪਾਤਰਾਂ ਦੀ ਚੋਣ ਕੀਤੀ ਜਾਂਦੀ ਹੈ। ਸੋਹਣੀ ਕੱਟੀ ਹੋਈ ਦਾੜ੍ਹੀ, ਧੁੱਪ ਵਾਲੀਆਂ ਐਨਕਾਂ ਅਤੇ ਤੰਗ ਕੱਪੜਿਆਂ ਵਿਚ ਫੱਬਣ ਵਾਲੇ ਨੌਜਵਾਨ ਨੂੰ ਨਾਇਕ ਚੁਣਿਆ ਜਾਂਦਾ ਹੈ। ਉਸ ਦੇ ਕਿਰਦਾਰ ਦਾ ਆਮਿਰ, ਅਸਦ ਤੋਂ ਲੈ ਕੇ ਜੀਸ਼ਾਨ, ਜ਼ਾਰੂਨ ਤਕ ਕੋਈ ਸੋਹਣਾ ਜਿਹਾ ਨਾਮ ਰੱਖਿਆ ਜਾਂਦਾ ਹੈ। ਇਹ ਨੌਜਵਾਨ ਡਰਾਮੇ ਵਿਚ ਕਿਸੇ ਗ਼ਰੀਬ ਜਾਂ ਅਮੀਰ ਲੜਕੀ ਨਾਲ ਨਿਕਾਹ ਕਰਵਾਉਂਦਾ ਹੈ। ਫਿਰ ਉਸ ਨੂੰ ਤਲਾਕ ਦੇ ਕੇ ਕਿਸੇ ਹੋਰ ਅਮੀਰ ਜਾਂ ਗ਼ਰੀਬ ਲੜਕੀ ਨਾਲ ਸ਼ਾਦੀ ਰਚਾਉਂਦਾ ਹੈ। ਆਪਣੀ ਮਾਂ ਦੀਆਂ ਭੈੜੀਆਂ ਗੱਲਾਂ ਸੁਣ ਕੇ ਆਪਣੀ ਬੀਵੀ ਨਾਲ ਝਗੜਾ ਕਰਦਾ ਹੈ। ਇਹ ਨਿਮਨ ਮੱਧ ਵਰਗ, ਮੱਧ ਵਰਗ ਜਾਂ ਨਵੇਂ ਨਵੇਂ ਅਮੀਰ ਹੋਏ ਪਰਿਵਾਰਾ ਜਾਂ ਬਹੁਤ ਹੀ ਅਮੀਰ ਪਰਿਵਾਰ ਨਾਲ ਸਬੰਧਿਤ ਦਿਖਾਇਆ ਜਾਂਦਾ ਹੈ।
ਲੰਮੇ ਵਾਲਾਂ ਅਤੇ ਗੁਲਾਬੀ ਬੁੱਲ੍ਹਾਂ ਵਾਲੀ ਕਿਸੇ ਗੋਰੀ ਨਿਛੋਹ ਕੁੜੀ ਨੂੰ ਨਾਇਕਾ ਦੀ ਭੂਮਿਕਾ ਦਿੱਤੀ ਜਾਂਦੀ ਹੈ। ਡਰਾਮੇ ਵਿਚ ਉਸ ਦਾ ਨਿਕਾਹ ਕਿਸੇ ਗ਼ਰੀਬ ਜਾਂ ਅਮੀਰ ਲੜਕੇ ਨਾਲ ਹੁੰਦਾ ਹੈ। ਅੱਖ ਦੇ ਫੋਰ ਵਿਚ ਉਸ ਨੂੰ ਤਲਾਕ ਦੇ ਦਿੱਤਾ ਜਾਂਦਾ ਹੈ। ਡਰਾਮੇ ਦੇ ਨਾਇਕ ਨਾਲ ਨਿਕਾਹ ਕਰਨ ਤੋਂ ਇਲਾਵਾ ਉਸ ਦਾ ਜ਼ਿੰਦਗੀ ਵਿਚ ਕੋਈ ਹੋਰ ਮਕਸਦ ਨਹੀਂ ਦਿਖਾਇਆ ਜਾਂਦਾ।
ਕਹਾਣੀ ਵਿਚ ਨਾਇਕਾ ਦੀ ਸੱਸ ਦਾ ਹੋਣਾ ਲਾਜ਼ਮੀ ਹੁੰਦਾ ਹੈ ਜੋ ਆਪਣੇ ਪੁੱਤਰ ਨੂੰ ਨੂੰਹ ਖ਼ਿਲਾਫ਼ ਭੜਕਾਉਣ ਲਈ ਤਿਆਰ ਰਹਿੰਦੀ ਹੈ। ਪੁੱਤਰ ਵੱਲੋਂ ਆਪਣੀ ਬੀਵੀ ਨੂੰ ਘਰੋਂ ਬਾਹਰ ਕੱਢਣ ਉਤੇ ਘਰ ਦਾ ਦਰਵਾਜ਼ਾ ਬੰਦ ਕਰਨ ਦਾ ਕੰਮ ਉਸੇ ਦਾ ਹੁੰਦਾ ਹੈ। ਨਾਇਕ ਦਾ ਬਿਮਾਰ ਪਿਤਾ ਵੀ ਡਰਾਮੇ ਵਿਚ ਜ਼ਰੂਰ ਹੁੰਦਾ ਹੈ ਜਿਸ ਨੂੰ ਬੈਠਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ। ਉਹ ਕਦੇ ਵੀ ਆਪਣੇ ਪੁੱਤਰ, ਨੂੰਹ ਅਤੇ ਬੀਵੀ ਦੀ ਜ਼ਿੰਦਗੀ ਵਿਚ ਕੋਈ ਉਸਾਰੂ ਭੂਮਿਕਾ ਨਿਭਾਉਂਦਿਆਂ ਨਹੀਂ ਦਿਖਾਇਆ ਜਾਂਦਾ। ਇਸ ਦੇ ਨਾਲ ਹੀ ਕੋਈ ਕੀਨੇਬਾਜ਼ ਮੁੰਡਾ, ਕੁੜੀ, ਮਰਦ ਜਾਂ ਔਰਤ ਨਾ ਹੋਵੇ ਤਾਂ ਕਹਾਣੀ ਵਿਚ ਕੀ ਮਜ਼ਾ ਰਹਿ ਜਾਵੇਗਾ। ਅਜਿਹਾ ਕੋਈ ਨਾ ਕੋਈ ਕਿਰਦਾਰ ਹਰ ਵੇਲੇ ਬਿਨਾਂ ਗੱਲੋਂ ਨਾਇਕ ਜਾਂ ਨਾਇਕਾ ਤੋਂ ਸੜਦਾ ਹੀ ਰਹਿੰਦਾ ਹੈ। ਕੋਈ ਗੁਆਂਢੀ ਨਾਇਕ ਦੇ ਬਿਮਾਰ ਪਿਤਾ ਦੇ ਚਰਨਾਂ ਵਿਚ ਬੈਠ ਕੇ ਆਪਣੇ ਦੁੱਖੜੇ ਰੋਂਦਾ ਦਿਖਾਇਆ ਜਾਂਦਾ ਹੈ।
ਡਰਾਮੇ ਵਿਚ ਖਲਨਾਇਕ ਵੀ ਨਾਇਕ ਜਿੰਨਾ ਹੀ ਸੋਹਣਾ ਸੁਨੱਖਾ ਹੁੰਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਗਲੀ ਮੁਹੱਲੇ ਦਾ ਆਵਾਰਾ ਕਿਸਮ ਦਾ ਲੜਕਾ ਹੋਵੇ ਤਾਂ ਪਾਨ ਚਬਾਉਂਦਾ ਰਹਿੰਦਾ ਹੈ। ਜੇ ਰੱਜੇ ਪੁੱਜੇ ਪਰਿਵਾਰ ਨਾਲ ਸਬੰਧਿਤ ਹੋਵੇ ਤਾਂ ਵੱਡੀਆਂ ਗੱਡੀਆਂ ਵਿਚ ਬੇਪਰਵਾਹੀ ਨਾਲ ਘੁੰਮਦਾ ਤੇ ਸ਼ੌਕ ਦੇ ਕਬੂਤਰ ਉਡਾਉਂਦਾ ਦਿਖਾਇਆ ਜਾਂਦਾ ਹੈ। ਕਹਾਣੀ ਨੂੰ ਥੋੜ੍ਹੀ ਮਜ਼ਾਹੀਆ ਬਣਾਉਣ ਲਈ ਅਜੀਬ ਜਿਹੀ ਦਿੱਖ ਵਾਲਾ ਕੋਈ ਮਸਖਰਾ ਹੁੰਦਾ ਹੈ ਜੋ ਨਾਇਕਾ ਖ਼ਿਲਾਫ਼ ਸੱਸ ਸਹੁਰੇ ਨੂੰ ਵਿਹੁ ਘੋਲਦੇ ਚੁੱਪਚਾਪ ਦੇਖਦਾ ਸੁਣਦਾ ਹੈ। ਇੱਕ ਨੌਕਰ ਜਾਂ ਨੌਕਰਾਣੀ ਵੀ ਘਰ ਵਿਚ ਜ਼ਰੂਰ ਦਿਖਾਈ ਜਾਂਦੀ ਹੈ। ਨਾਇਕ, ਨਾਇਕਾ ਜਾਂ ਉਨ੍ਹਾਂ ਵਿਚੋਂ ਕਿਸੇ ਇਕ ਦੀ ਮਾਂ ਦੇ ਗੁੱਝੇ ਭੇਤਾਂ ਦਾ ਕੋਈ ਜਾਣਕਾਰ ਇਨ੍ਹਾਂ ਨੂੰ ਨਸ਼ਰ ਕਰਨ ਦੇ ਡਰਾਵੇ ਵੀ ਦਿੰਦਾ ਰਹਿੰਦਾ ਹੈ। ਡਰਾਮੇ ਦੇ ਜ਼ਿਆਦਾਤਰ ਦ੍ਰਿਸ਼ ਸੌਣ ਵਾਲੇ ਕਮਰੇ, ਖਾਣੇ ਵਾਲੇ ਮੇਜ਼, ਟੈਲੀਵਿਜ਼ਨ ਵਾਲੇ ਕਮਰੇ, ਘਰ ਦੇ ਲਾਅਨ ਜਾਂ ਫਿਰ ਰਸੋਈ ਵਿਚ ਫ਼ਿਲਮਾਏ ਜਾਂਦੇ ਹਨ। ਉਂਜ ਤਾਂ ਡਰਾਮੇ ਦੇ ਕਿਰਦਾਰ ਕੋਈ ਦਫ਼ਤਰੀ ਕੰਮ ਕਰਦੇ ਨਹੀਂ ਦਿਖਾਏ ਜਾਂਦੇ, ਪਰ ਕਦੇ ਕਦਾਈਂ ਨਾਇਕ ਦਾ ਵਿਆਹ ਤੋਂ ਬਾਹਰਾ ਕੋਈ ਪ੍ਰੇਮ ਪ੍ਰਸੰਗ ਦਫ਼ਤਰ ਵਿਚ ਹੀ ਦਿਖਾਇਆ ਜਾਂਦਾ ਹੈ। ਇਕ ਜੱਦੀ ਹਵੇਲੀ ਵੀ ਹੁੰਦੀ ਹੈ ਜਿਥੇ ਅਗਵਾ ਜਾਂ ਬਲਾਤਕਾਰ ਵਰਗੇ ਦ੍ਰਿਸ਼ ਫ਼ਿਲਮਾਏ ਜਾਂਦੇ ਹਨ। ਹਵੇਲੀ ਵਿਚ ਘੋੜੇ, ਬੰਦੂਕਾਂ ਅਤੇ ਕਬੂਤਰ ਆਦਿ ਵੀ ਹੋਣ ਤਾਂ ਕੀ ਕਹਿਣੇ।
ਖ਼ੈਰ! ਜੋ ਵੀ ਹੈ, ਇਹ ਬੇਤੁਕੇ ਡਰਾਮੇ ਕਹਾਣੀ ਵਿਚ ਤਰ੍ਹਾਂ ਤਰ੍ਹਾਂ ਦੇ ਮੋੜਾਂ ਰਾਹੀਂ ਦਰਸ਼ਕਾਂ ਨੂੰ ਟੈਲੀਵਿਜ਼ਨ ਅੱਗੇ ਬੰਨ੍ਹ ਕੇ ਬਿਠਾਈ ਰੱਖਦੇ ਹਨ। ਉਹ ਵਿਚਾਰੇ ਗੋਭੀ ਦੇ ਫੁੱਲ ਕੀ ਜਾਣਨ ਕਿ ਜਿਹੜੇ ਵੇਲੇ ਟੈਲੀਵਿਜ਼ਨ ਡਰਾਮੇ ਦੇਖਦਿਆਂ ਉਹ ਕਲਾਕਾਰਾਂ ਦੇ ਨਾਲ ਨਾਲ ਅੱਥਰੂ ਵਹਾ ਰਹੇ ਹੁੰਦੇ ਹਨ, ਉਸ ਸਮੇਂ ਦੇਸ਼ ਵਿਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੁੰਦਾ ਹੈ ਜੋ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਕੱਢਣ ਲਈ ਕਾਫ਼ੀ ਹੁੰਦਾ ਹੈ।
ਨਾ ਨਾ ਨਾ, ਮੈਂ ਕੁਝ ਨਹੀਂ ਕਿਹਾ। ਮੇਰੇ ਅਧਖੜ ਔਰਤ ਦੇ ਫਿਰ ਆਪਣੀ ਗੁਫ਼ਾ ਵਿਚ ਵੜ ਕੇ ਸੌਣ ਦਾ ਵੇਲਾ ਹੋ ਗਿਆ ਹੈ। ਅੱਲਾ ਹਾਫ਼ਿਜ਼!