ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਠੰਢੀਆਂ ਤੱਤੀਆਂ ‘ਵਾਵਾਂ

ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨ ਤੋਂ ਠੰਡੀਆਂ ਤੱਤੀਆਂ ‘ਵਾਵਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਬੀਤੇ ਹਫਤੇ ਸਿੰਧ ਸੂਬੇ ਦੀਆਂ ਦੋ ਖਬਰਾਂ ਇਸ ਦੀ ਪੁਸ਼ਟੀ ਕਰਦੀਆਂ ਹਨ। ਉਥੋਂ ਦੀ ਹਿੰਦੂ ਦਲਿਤ ਕ੍ਰਿਸ਼ਨਾ ਕੁਮਾਰੀ ਕੋਹਲੀ ਦਾ ਸੈਨੇਟ ਦੀ ਮੈਂਬਰ ਚੁਣਿਆ ਜਾਣਾ ਤੇ ਇਕ ਵਿਆਹੁਤਾ ਹਿੰਦੂ ਔਰਤ ਨੂੰ ਅਗਵਾ ਕਰਕੇ ਉਸ ਦਾ ਸੁਹਰਾਬ ਚੰਦੀਓ ਨਾਂ ਦੇ ਮੁਸਲਮਾਨ ਨਾਲ ਨਿਕਾਹ ਪੜ੍ਹਾਉਣਾ। ਮੀਰਪੁਰ ਖਾਸ ਸ਼ਹਿਰ ਦੀ ਮਦੀਨਾ ਮਸਜਿਦ ਵਲੋਂ ਜਾਰੀ ਕੀਤੇ ਸਰਟੀਫਿਕੇਟ ਦੀ ਫੋਟੋ ਕਾਪੀ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਅਜਿਹੇ ਸਰਟੀਫਿਕੇਟ ਛਪਵਾ ਕੇ ਰੱਖੇ ਹੋਏ ਹਨ। ਸਪਸ਼ਟ ਹੈ ਕਿ ਉਥੇ ਆਜ਼ਾਦੀ ਦੇ ਸੱਤਰ ਸਾਲ ਲੰਘ ਜਾਣ ਪਿਛੋਂ ਵੀ ਘੱਟਗਿਣਤੀ ਫਿਰਕਿਆਂ ਨਾਲ ਵਿਤਕਰਾ ਉਸੇ ਤਰ੍ਹਾਂ ਜਾਰੀ ਹੈ।

ਇਸਾਈਆਂ ਦੇ ਘਰ ਸਾੜੇ ਜਾਣਾ ਆਮ ਹੈ। ਅਮੀਰ ਸਿੱਖ ਵਪਾਰੀਆਂ ਤੋਂ ਵੱਡੀਆਂ ਫਿਰੌਤੀਆਂ ਵਸੂਲਣ ਦੇ ਚੱਕਰ ਵਿਚ ਉਨ੍ਹਾਂ ਦੇ ਕਤਲ ਕੀਤੇ ਜਾਂਦੇ ਹਨ। ਸੁੰਨੀ ਬਹੁਗਿਣਤੀ ਅਹਿਮਦੀਆ ਤੇ ਸ਼ੀਆ ਮੁਸਲਿਮ ਭਾਈਚਾਰਿਆਂ ਪ੍ਰਤੀ ਵੀ ਸਹਿਣਸ਼ੀਲ ਨਹੀਂ। ਕਾਦੀਆਨੀ ਮੁਸਲਮਾਨਾਂ ਦੇ ਪਾਸਪੋਰਟਾਂ ‘ਤੇ Ḕਗੈਰ-ਮੁਸਲਿਮ’ ਦੀ ਮੋਹਰ ਲਾਈ ਜਾਂਦੀ ਹੈ। ਫੇਰ ਵੀ ਹਿੰਦੂ ਮਹਿਲਾ ਦਾ ਸੈਨੇਟਰ ਚੁਣੇ ਜਾਣਾ ਸੱਚ ਮੁੱਚ ਹੀ ਠੰਢੀ ਹਵਾ ਦਾ ਬੁੱਲ੍ਹਾ ਹੈ, ਜਿਸ ਦਾ ਸਵਾਗਤ ਹੋਣਾ ਚਾਹੀਦਾ ਹੈ। ਇਸ ਲਈ ਵੀ ਕਿ ਜੇ ਕਿਧਰੇ ਸਿੰਧ ਸੂਬੇ ਵਿਚ ਵੀ 1971 ਦੇ ਬੰਗਲਾਦੇਸ਼ ਵਾਲੀ ਸਥਿਤੀ ਪੈਦਾ ਹੋ ਗਈ ਤਾਂ ਭਾਰਤ-ਪਾਕਿਸਤਾਨ ਤਣਾਓ ਭਿਅੰਕਰ ਰੂਪ ਧਾਰ ਸਕਦਾ ਹੈ।
ਜੰਗ-ਏ-ਆਜ਼ਾਦੀ ਯਾਦਗਾਰ ਦੀ ਵਿਲੱਖਣਤਾ: ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਣ ਹੋਣ ਨਾਲ ਉਥੇ ਏਨਾ ਕੁਝ ਤਿਆਰ ਹੋ ਚੁਕਾ ਹੈ ਕਿ ਨਵੀਂ ਪੀੜ੍ਹੀ ਇਸ ਤੋਂ ਬਹੁਤ ਕੁਝ ਸਿੱਖ ਸਕਦੀ ਹੈ। ਉਨ੍ਹਾਂ ਸ਼ਹੀਦਾਂ ਉਤੇ ਮਾਣ ਹੈ, ਜਿਨ੍ਹਾਂ ਨੇ ਸੁਤੰਤਰਤਾ ਪ੍ਰਾਪਤੀ ਲਈ ਕੁਰਬਾਨੀਆਂ ਦਿੱਤੀਆਂ। ਇਤਿਹਾਸ ਦੇ ਉਨ੍ਹਾਂ ਪੰਨਿਆਂ ਦਾ ਗਿਆਨ ਜੋ ਕੇਵਲ ਵੇਖਿਆਂ ਹੀ ਮਾਣੇ ਦਾ ਸਕਦੇ ਹਨ। ਸਮਰਪਣ ਸਮਾਰੋਹ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਗੁਣ ਗਾਨ ਵੀ ਨੋਟ ਕਰਨ ਵਾਲਾ ਹੈ ਜਿਸ ਨੇ ਇਸ ਯਾਦਗਾਰ ਦਾ ਸੁਪਨਾ ਲਿਆ ਸੀ ਅਤੇ ਇਸ ਦਾ ਪਹਿਲਾ ਪੜਾਅ ਸਮੇਂ ਸਿਰ ਰਾਸ਼ਟਰ ਨੂੰ ਸਮਰਪਿਤ ਕੀਤਾ। ਕੈਪਟਨ ਅਮਰਿੰਦਰ ਸਿੰਘ ਦਾ ਇਸ ਘੜੀ ਆਪਣੀ ਅੰਡੇਮਾਨ ਫੇਰੀ ਨੂੰ ਚੇਤੇ ਕਰਕੇ ਉਨ੍ਹਾਂ ਸੰਗਰਾਮੀਆਂ ਦੇ ਵਾਰੇ ਵਾਰੇ ਜਾਣਾ, ਜਿਨ੍ਹਾਂ ਨੇ ਗੋਰੀ ਸਰਕਾਰ ਦੇ ਤਸੀਹੇ ਝੱਲੇ ਅਤੇ ਉਨ੍ਹਾਂ ਵਲੋਂ ਪਹਿਲੇ ਪੜਾਅ ਦੀ 9.5 ਕਰੋੜ ਦੀ ਰਹਿੰਦੀ ਰਾਸ਼ੀ ਨੂੰ ਤੁਰੰਤ ਪ੍ਰਵਾਨਗੀ ਦੇਣ ਦੇ ਨਾਲ ਨਾਲ ਅਗਲੇ ਪੜਾਅ ਲਈ 25 ਕਰੋੜ ਦੇਣ ਦਾ ਐਲਾਨ ਵੀ ਇਸ ਵਿਚ ਸ਼ਾਮਲ ਹੈ।
ਨਿਸ਼ਚੇ ਹੀ ਇਹ ਸਭ ਕੁਝ ਪੰਜਾਬ ਜੰਗ-ਏ-ਆਜ਼ਾਦੀ ਯਾਦਗਾਰ ਫਾਊਂਡੇਸ਼ਨ ਵਲੋਂ ਸੁਝਾਏ ਨੁਕਤਿਆਂ ਦਾ ਨਤੀਜਾ ਹੈ। ਫਾਊਡੇਸ਼ਨ ਨਾਲ ਜੁੜੇ ਉਘੇ ਮੈਂਬਰਾਂ ਨੇ ਸਮਾਰੋਹ ਤੋਂ ਪਹਿਲਾਂ ਹੋ ਰਹੇ ਕੰਮ ਦਾ ਜਾਇਜ਼ਾ ਹੀ ਨਹੀਂ ਸੀ ਲਿਆ, ਉਹ ਨੁਕਤੇ ਵੀ ਨੋਟ ਕੀਤੇ ਸਨ ਜਿਨ੍ਹਾਂ ਉਤੇ ਪਹਿਰਾ ਦੇਣ ਦੀ ਫੌਰੀ ਲੋੜ ਹੈ। ਇਹ ਸੱਚ ਮੁੱਚ ਹੀ ਬਹੁਤ ਵੱਡਾ ਤੇ ਮਾਣ ਵਾਲਾ ਕੰਮ ਹੈ। ਮੇਰੇ ਨਿਜ ਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਮੇਰੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਦਾ ਮੇਰੇ ਅਜ਼ੀਜ ਗੁਰਕੀਰਤ ਕਿਰਪਾਲ ਸਿੰਘ ਤੇ ਕੈਪਟਨ ਸੰਦੀਪ ਸੰਧੂ ਤਨਦੇਹੀ ਨਾਲ ਸਾਥ ਦੇ ਰਹੇ ਹਨ। ਬਰਜਿੰਦਰ ਸਿੰਘ ਫਾਊਂਡੇਸ਼ਨ ਦੇ ਪ੍ਰਾਧਨ ਹਨ, ਗੁਰਕੀਰਤ ਵਿਸ਼ੇਸ਼ ਪ੍ਰਮੁਖ ਸਕੱਤਰ ਪੰਜਾਬ ਸਰਕਾਰ ਅਤੇ ਸੰਦੀਪ ਸੰਧੂ ਮੁੱਖ ਮੰਤਰੀ ਦਾ ਰਾਜਸੀ ਸਲਾਹਕਾਰ।
ਧਾਨ ਬਾਦਸ਼ਾਹ ਖੁਸ਼ ਦਾ ਸਨਮਾਨ: ਕੈਲੀਫੋਰਨੀਆ ਯੂਨੀਵਰਸਿਟੀ ਨੇ ਇਸ ਵਰ੍ਹੇ ਦਾ ਸਭ ਤੋਂ ਵੱਡਾ ਸਨਮਾਨ ਡੇਵਿਸ ਮੈਡਲ ਆਪਣੇ ਪੁਰਾਣੇ ਵਿਦਿਆਰਥੀ ਤੇ ਚੌਲਾਂ ਦੇ ਬਾਦਸ਼ਾਹ ਵੱਲੋਂ ਜਾਣੇ ਜਾਂਦੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੂੰ ਦੇਣ ਦਾ ਫੈਸਲਾ ਕੀਤਾ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕੀ ਦੇ ਜੰਮਪਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਦੇ ਪੁਰਾਣੇ ਵਿਦਿਆਰਥੀ ਡਾ. ਖੁਸ਼ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਫਿਲੀਪੀਨਜ਼ ਸਥਿਤ ਕੌਮਾਂਤਰੀ ਚੌਲ ਖੋਜ ਕੇਂਦਰ ਵਿਖੇ ਝੋਨੇ ਦੀਆਂ ਨਵੀਆਂ ਕਿਸਮਾਂ ਵਿਕਸਿਤ ਕਰਨ ‘ਤੇ ਖੋਜ ਕੀਤੀ।
ਡਾ. ਖੁਸ਼ ਵੱਲੋਂ ਵਿਕਸਿਤ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸੰਸਾਰ ਵਿਚ ਚੌਲਾਂ ਦੀ ਪੈਦਾਵਾਰ ਵਿਚ ਵਾਧਾ ਹੋਇਆ ਤੇ ਸੰਸਾਰ ਨੂੰ ਭੁੱਖਮਰੀ ਤੋਂ ਬਚਾਇਆ ਗਿਆ ਹੈ। ਪੰਜਾਬ ਦੀ ਖੇਤੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਲਈ ਉਨ੍ਹਾਂ ਨੇ ਪੀ. ਏ. ਯੂ. ਵਿਖੇ ਖੁਸ਼ ਫਾਊਂਡੇਸ਼ਨ ਕਾਇਮ ਕੀਤੀ ਹੈ। ਖੁਸ਼ ਫਾਊਡੇਸ਼ਨ ਦਾ ਸਾਲਾਨਾ ਸਮਾਗਮ 9 ਮਾਰਚ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋਇਆ।
ਜਗਜੀਤ ਸਿੰਘ ਅਨੰਦ ਦਾ ਰੂਪ: ਜਦੋਂ 1977 ਵਿਚ ਮੈਨੂੰ ਖੇਤੀ ਯੂਨੀਵਰਸਟੀ ਲੁਧਿਆਣਾ ਦੇ ਸੰਚਾਰ ਕੇਂਦਰ ਦੀ ਕਮਾਂਡ ਸੌਂਪੀ ਗਈ ਤਾਂ ਜਗਜੀਤ ਸਿੰਘ ਅਨੰਦ ਮੈਨੂੰ ਰੂਪ ਸਿੰਘ ਰੂਪਾ ਦੇ ਹਥ ਫੜ੍ਹਾ ਗਿਆ। ਰੂਪਾ ਯੂਨੀਵਰਸਟੀ ਦੀ ਟਰੇਡ ਯੂਨੀਅਨ ਦਾ ਪ੍ਰਧਾਨ ਸੀ। ਅੱਜ ਉਸ ਦੇ ਤਿੰਨੇ ਬੇਟੇ ਅਮਰੀਕਾ ਵਿਚ ਹਨ। ਇਕ ਦੇ ਗੈਸ ਸਟੇਸ਼ਨ ਨਿਊ ਜਰਸੀ ਵਿਚ ਹਨ ਤੇ ਦੂਜੇ ਦੇ ਡੈਲਵੇਅਰ ਵਿਚ। ਤੀਜੇ ਬੇਟੇ ਦੀ ਕਨਸਟ੍ਰਕਸ਼ਨ ਕੰਪਨੀ ਹੈ। ਇਸ ਖੱਟੀ ਤੋਂ ਰੂਪ ਨੇ ਹੋਰ ਕੰਮਾਂ ਤੋਂ ਬਿਨਾ ਜਗਜੀਤ ਸਿੰਘ ਅਨੰਦ ਦੇ ਨਾਂ ਉਤੇ ਦੋ ਪੁਰਸਕਾਰ ਸਥਾਪਤ ਕੀਤੇ ਹਨ। ਇਸ ਵਰ੍ਹੇ ਦਾ ਕਾਮਰੇਡ ਅਨੰਦ ਵਾਰਤਕ ਪੁਰਸਕਾਰ ਡਾ. ਐਸ਼ ਤਰਸੇਮ ਨੂੰ ਅਤੇ ਅਨੰਦ ਲਾਇਬਰੇਰੀ ਯਾਦਗਾਰ ਪੁਰਸਕਾਰ ਡਾ. ਜਗਵਿੰਦਰ ਯੋਧਾ ਨੂੰ ਦਿੱਤਾ ਗਿਆ ਹੈ, ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਇਜਲਾਸ ਸਮੇਂ ਲੁਧਿਆਣਾ ਵਿਖੇ, ਰੂਪ ਸਿੰਘ ਰੂਪਾ ਦੀ ਹਾਜ਼ਰੀ ਵਿਚ।
1971 ਵਿਚ ਜਗਜੀਤ ਅਨੰਦ ਆਲ ਇੰਡੀਆ ਯੂਨੀਵਰਸਿਟੀ ਐਂਡ ਕਾਲਜ ਇੰਪਲਾਈਜ਼ ਫੈਡਰੇਸ਼ਨ ਦਾ ਪ੍ਰਧਾਨ ਸੀ ਤੇ ਰੂਪਾ ਉਸ ਦਾ ਤੇਜ ਤਰਾਰ ਜਨਰਲ ਸਕੱਤਰ। ਅਸੀਂ ਆਪਣੇ ਸਵਰਗਵਾਸੀ ਮਿੱਤਰ ਅਨੰਦ ਦੇ ਆਦੇਸ਼ਾਂ ਉਤੇ ਇੱਕ ਦੂਜੇ ਦਾ ਅੱਜ ਵੀ ਸਾਥ ਦਿੰਦੇ ਹਾਂ, ਭਾਵੇਂ ਮੈਂ ਦਿੱਲੀ ਛੱਡ ਕੇ ਚੰਡੀਗੜ੍ਹ ਆ ਵਸਿਆ ਤੇ ਰੂਪ ਸੱਤ ਸਮੁੰਦਰ ਪਾਰ ਅਮਰੀਕਾ।
ਅੰਤਿਕਾ: ਬਲਾਤਕਾਰ ਤੇ ਘੁਟਾਲੇ
ਸਾਧੂਓਂ ਕਾ ਹੋਗਾ ਸੰਗਮ
ਅਬਕੇ ਜੋ ਭੀ ਘਾਟ ਪਰ
ਹੈ ਖਬਰ ਸਭ ਐਸ਼-ਓ-ਇਸ਼ਰਤ
ਟੈਂਟ ਹੀ ਮੇਂ ਪਾਏਂਗੇ।
ਮੁਫਲਸੀ ਬੇਰੋਜ਼ਗਾਰੀ, ਰੇਪ,
ਰਿਸ਼ਵਤ, ਕਤਲ ਸੱਬ
ਵਕਤ-ਏ-ਆਖਿਰ ਨਾਮ ਤੇਰੇ
ਐ ਵਤਨ ਕਰ ਜਾਏਂਗੇ।
(ਟੀ. ਐਨ. ਰਾਜ)