ਮਾਨਵੀ ਸਾਂਝ ਬਨਾਮ ਜਾਇਦਾਦ ਵੰਡਾਰਾ: ਜੈਨੇਸਿਸ

ਸੁਖਵੰਤ ਹੁੰਦਲ
ਸਾਲ 1986 ਵਿਚ ਬਣੀ ਹਿੰਦੀ ਫਿਲਮ ‘ਜੈਨੇਸਿਸ’ ਦੇ ਨਿਰਦੇਸ਼ਕ ਮ੍ਰਿਣਲ ਸੇਨ ਸਨ ਅਤੇ ਇਸ ਉਮਦਾ ਫਿਲਮ ਵਿਚ ਓਮਪੁਰੀ, ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਵਰਗੇ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਸਨ। ‘ਜੈਨੇਸਿਸ’ ਦੀ ਕਹਾਣੀ ਇਕ ਕਿਸਾਨ ਅਤੇ ਇਕ ਜੁਲਾਹੇ ਉਤੇ ਕੇਂਦਰਿਤ ਹੈ। ਇਹ ਦੋਵੇਂ ਆਪਣੇ ਇਲਾਕੇ ਵਿਚ ਪਏ ਸੋਕੇ ਦੀ ਮਾਰ ਤੋਂ ਬਚਣ ਲਈ ਆਪਣਾ ਇਲਾਕਾ ਛੱਡ ਕੇ ਦੂਰ-ਦੁਰਾਡੇ ਦੇ ਉਜੜੇ ਹੋਏ ਪਿੰਡ ਵਿਚ ਜਾ ਆਪਣਾ ਜੀਵਨ ਮੁੱਢੋਂ ਸੁੱਢੋਂ ਸ਼ੁਰੂ ਕਰਦੇ ਹਨ।

ਕਿਸਾਨ ਦਿਨ ਰਾਤ ਖੇਤਾਂ ਵਿਚ ਮਿਹਨਤ ਕਰਦਾ ਹੈ ਅਤੇ ਜੁਲਾਹਾ ਕੱਪੜੇ ਬੁਣਨ ਦਾ ਕੰਮ ਕਰਦਾ ਹੈ। ਜੁਲਾਹੇ ਦੇ ਬੁਣੇ ਕੱਪੜੇ ਇਕ ਵਪਾਰੀ ਉਸ ਕੋਲੋਂ ਆ ਕੇ ਲੈ ਜਾਂਦਾ ਹੈ ਅਤੇ ਉਸ ਨੂੰ ਹੋਰ ਧਾਗਾ ਅਤੇ ਖਾਣ-ਪੀਣ ਦੀ ਰਸਦ (ਲੂਣ, ਤੇਲ, ਆਲੂ ਆਦਿ) ਦੇ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਮਿਹਨਤ ਤੋਂ ਉਨ੍ਹਾਂ ਨੂੰ ਜ਼ਿੰਦਾ ਰਹਿਣ ਦੀਆਂ ਮੁਢਲੀਆਂ ਲੋੜਾਂ ਪ੍ਰਾਪਤ ਹੁੰਦੀਆਂ ਹਨ। ਜੋ ਕੁਝ ਉਸ ਪਿੰਡ ਵਿਚ ਹੈ, ਉਹ ਉਨ੍ਹਾਂ ਦੋਹਾਂ ਦਾ ਸਾਂਝਾ ਹੈ। ਉਨ੍ਹਾਂ ਨੇ ਅਜੇ ਚੀਜ਼ਾਂ ਨੂੰ ਨਿੱਜੀ ਸੰਪਤੀ ਵਜੋਂ ਜੋੜ ਕੇ ਸਾਂਭਣਾ ਨਹੀਂ ਸਿੱਖਿਆ। ਇਸ ਲਈ ਉਨ੍ਹਾਂ ਵਿਚਕਾਰ ਸਾਂਝ ਹੈ, ਕੋਈ ਵਿਰੋਧ ਨਹੀਂ।
ਫਿਰ ਉਸ ਪਿੰਡ ਇਕ ਔਰਤ ਆ ਪਹੁੰਚਦੀ ਹੈ। ਉਸ ਦਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ ਅਤੇ ਹੜ੍ਹਾਂ ਕਾਰਨ ਹੋਈ ਤਬਾਹੀ ਅਤੇ ਮੌਤਾਂ ਦੀ ਭਿਆਨਕਤਾ ਨੂੰ ਪਿੱਛੇ ਛੱਡ ਉਹ ਲੰਮਾ ਸਫਰ ਕਰ ਕੇ ਇਸ ਪਿੰਡ ਵਿਚ ਪਹੁੰਚਦੀ ਹੈ। ਪਿੰਡ ਵਿਚ ਪਹਿਲਾਂ ਰਹਿ ਰਹੇ ਦੋਵੇਂ ਜਣੇ ਉਸ ਨੂੰ ਆਸਰਾ ਦਿੰਦੇ ਹਨ। ਹੁਣ ਪਿੰਡ ਵਿਚ ਜੋ ਕੁਝ ਹੈ, ਉਹ ਉਨ੍ਹਾਂ ਤਿੰਨਾਂ ਦਾ ਸਾਂਝਾ ਹੈ ਅਤੇ ਜ਼ਿੰਦਗੀ ਬਿਨਾਂ ਕਿਸੇ ਕਲੇਸ਼ ਦੇ ਤੁਰਦੀ ਜਾਂਦੀ ਹੈ।
ਪਰ ਛੇਤੀਂ ਹੀ ਮਰਦ ਪਾਤਰਾਂ ਵਿਚਕਾਰ ਵਸਤਾਂ ‘ਤੇ ਕਬਜ਼ੇ ਅਤੇ ਨਿੱਜੀ ਸੰਪਤੀ ਦੀ ਭਾਵਨਾ ਪੈਦਾ ਹੁੰਦੀ ਹੈ। ਫਿਰ ਉਨ੍ਹਾਂ ਵਿਚ ਔਰਤ ਨੂੰ ਸਿਰਫ ਆਪਣੀ ਬਣਾ ਕੇ ਰੱਖਣ ਦੀ ਲਾਲਸਾ ਜਾਗਦੀ ਹੈ। ਜਦੋਂ ਔਰਤ ਗਰਭਵਤੀ ਹੋ ਜਾਂਦੀ ਹੈ ਤਾਂ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਉਸ ਦੀ ਕੁੱਖ ਵਿਚ ਪਲ ਰਿਹਾ ਬੱਚਾ ਕਿਸ ਦਾ ਹੈ। ਔਰਤ ਦਾ ਜਵਾਬ ਕਿ “ਇਹ ਬੱਚਾ ਮੇਰਾ ਹੈ”, ਉਨ੍ਹਾਂ ਦੀ ਤਸੱਲੀ ਨਹੀਂ ਕਰਦਾ। ਉਹ ਤਾਂ ਆਉਣ ਵਾਲੇ ਬੱਚੇ ‘ਤੇ ਕਿਸੇ ਇਕ ਮਰਦ ਦਾ ਹੱਕ ਸਾਬਤ ਕਰਨਾ ਚਾਹੁੰਦੇ ਹਨ। ਵਸਤਾਂ ‘ਤੇ ਕਬਜ਼ੇ ਅਤੇ ਨਿੱਜੀ ਸੰਪਤੀ ਦੀ ਭਾਵਨਾ ਆਉਣ ਨਾਲ ਉਨ੍ਹਾਂ ਦੀ ਆਪਸੀ ਸਾਂਝ ਤਿੜਕ ਜਾਂਦੀ ਹੈ ਅਤੇ ਉਹ ਇਕ ਦੂਸਰੇ ਦੇ ਵਿਰੋਧੀ ਬਣ ਜਾਂਦੇ ਹਨ।
ਇਸ ਫਿਲਮ ਦੀ ਸਰਲ ਕਹਾਣੀ ਰਾਹੀਂ ਮ੍ਰਿਣਲ ਸੇਨ ਸਰਮਾਏਦਾਰੀ ਅਤੇ ਮਰਦ ਪ੍ਰਧਾਨ ਸਮਾਜ ਦੀ ਸ਼ੁਰੂਆਤ ਨੂੰ ਸਮਝਣ/ਸਮਝਾਉਣ ਦਾ ਯਤਨ ਕਰਦਾ ਹੈ। ਪ੍ਰਸਿਧ ਫਿਲਮ ਤੇ ਰੰਗਮੰਚ ਅਦਾਕਾਰ ਅਤੇ ਫਿਲਮ ਆਲੋਚਕ ਉੱਤਪਲ ਦੱਤ ਅਨੁਸਾਰ, “ਇਹ ਫਿਲਮ ਲਾਲਸਾ ਅਤੇ ਕਬਜ਼ੇ ਦੀ ਕਹਾਣੀ ਹੈ, ਦੂਜੇ ਸ਼ਬਦਾਂ ਵਿਚ ਇਹ ਸਰਮਾਏਦਾਰੀ ਦੀ ਸ਼ੁਰੂਆਤ ਦਾ ਬਿਆਨ ਹੈ। ਇਹ ਸੰਸਾਰ ਦੇ ਇਤਿਹਾਸ ਦਾ ਮੁੱਖ ਅਧਿਆਇ ਹੈ, ਜਦੋਂ ਵਪਾਰਕ ਸਰਮਾਏਦਾਰੀ (ਮਰਚੈਂਟ ਕੈਪੀਟਲ) ਉਦਯੋਗਿਕ ਸਰਮਾਏਦਾਰੀ (ਇੰਡਸਟਰੀਅਲ ਕੈਪੀਟਲ) ਨੂੰ ਰਾਹ ਦਿੰਦੀ ਹੈ ਅਤੇ ਪ੍ਰੋਲੋਤਾਰੀ ਦੀ 100 ਗੁਣਾਂ ਵੱਧ ਲੁੱਟ ਲਈ ਰਾਹ ਪੱਧਰਾ ਕਰਦੀ ਹੈ।”