ਹੁਸਨ ਬਣੇ ਨਾ ਨਸੀਬਾਂ ਵਾਲੀ ਕਾਨੀ…

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਉਹ ਕੁੜੀ ਮੈਨੂੰ ਆਪਣੀ ਹੱਡ-ਬੀਤੀ ਦੱਸਣ ਲੱਗੀ। ਪਹਿਲਾਂ ਤਾਂ ਮੈਂ ਜ਼ਿਆਦਾ ਧਿਆਨ ਨਾ ਦਿੱਤਾ, ਪਰ ਉਸ ਦੇ ਹਉਕਿਆਂ ਨੇ ਆਪਣੇ ਆਪ ਹੀ ਉਸ ਦੀ ਹੱਡ-ਬੀਤੀ ਦਾ ਹੁੰਗਾਰਾ ਭਰਨ ਲਾ ਲਿਆ। ਜੋ ਕੁਝ ਉਸ ਕੁੜੀ ਚੰਨੋ ਨੇ ਦੱਸਿਆ, ਹੁਣ ਉਹ ਸਾਂਝਾ ਕਰਨ ਲੱਗਿਆ ਹਾਂ:

ਮੇਰੇ ਪਿਤਾ ਜੀ ਹੋਰੀਂ ਤਿੰਨ ਭਰਾ ਸਨ। ਪਿਤਾ ਜੀ ਰੰਗ ਦਾ ਗੋਰਾ, ਸੋਹਣਾ ਸਨੁੱਖਾ, ਛੈਲ ਛਬੀਲਾ ਗੱਭਰੂ ਸੀ। ਮੇਰੇ ਚਾਰ ਮਾਮੇ ਸਨ। ਜੱਦੀ ਖਾਨਦਾਨ, ਸੋਹਣਾ ਰਹਿਣ-ਸਹਿਣ ਸੀ, ਤੇ ਮੇਰੀ ਮਾਂ ਉਨ੍ਹਾਂ ਦੀ ਇਕੱਲੀ ਭੈਣ ਸੀ। ਮਾਂ ਰੰਗ ਦੀ ਕਾਲੀ, ਕੁਦਰਤ ਨੇ ਜਿਵੇਂ ਸਾਰਾ ਕਾਲਾ ਰੰਗ ਮਾਂ ‘ਤੇ ਮੁਕਾ ਦਿੱਤਾ ਹੋਵੇ। ਪਿਤਾ ਜੀ ਹੋਰੀਂ ਬਹੁਤੇ ਗਰੀਬ ਤਾਂ ਨਹੀਂ, ਪਰ ਮਾਮਿਆਂ ਦੇ ਮੂਹਰੇ ਮਹਿਲਾਂ ਅੱਗੇ ਜਿਵੇਂ ਕੱਚਾ ਘਰ ਹੋਵੇ। ਸੰਜੋਗ ਰਲੇ, ਬਾਪੂ ਜੀ ਨੇ ਸਬਰ ਕਰ ਕੇ ਮਾਂ ਨੂੰ ਪ੍ਰਵਾਨ ਕਰ ਲਿਆ। ਮਾਮਿਆਂ ਦੀ ਅਮੀਰੀ ਨੇ ਮਾਂ ਦਾ ਰੰਗ ਕਾਲਿਉਂ ਫਿੱਕਾ ਕਰ ਦਿੱਤਾ। ਉਨ੍ਹਾਂ ਨੇ ਪਿਤਾ ਜੀ ਦੀ ਬਹੁਤ ਮਦਦ ਕੀਤੀ। ਮੇਰੇ ਤਾਏ-ਚਾਚੇ ਵੀ ਖੁਸ਼ ਸਨ ਕਿ ਸਾਡਾ ਹੀਰਾ, ਵੱਡੇ ਘਰ ਵਿਚ ਵਿਆਹਿਆ ਹੋਇਆ ਹੈ। ਮਾਂ ਨੇ ਸਾਂਝੇ ਪਰਿਵਾਰ ਵਿਚ ਕੰਮ ਕਰ ਕੇ ਚੰਗੀ ਟੌਹਰ ਬਣਾ ਲਈ। ਮੇਰੀ ਦਾਦੀ, ਮਾਂ ਨੂੰ ਬਹੁਤ ਪਿਆਰ ਕਰਦੀ। ਮਾਂ ਦੇ ਵਿਆਹ ਤੋਂ ਬਾਅਦ ਪਿਤਾ ਜੀ ਹੋਰਾਂ ਦਾ ਚੰਗਾ ਕੰਮ ਹੋ ਗਿਆ ਸੀ।
ਸਮਾਂ ਲੰਘਿਆ, ਬੀਬੀ ਨੇ ਆਪਣੇ ਵਰਗੀ ਧੀ ਨੂੰ ਜਨਮ ਦਿੱਤਾ। ਉਸ ਦਾ ਨਾਂ ਕਾਲੋ ਰੱਖ ਦਿੱਤਾ। ਕਾਲੋ ਨੂੰ ਪਹਿਲਾ ਜੀਅ ਆਖ ਕੇ ਸਭ ਨੇ ਗੋਦੀ ਖਿਡਾਇਆ। ਪਿਤਾ ਜੀ ਦੇ ਰੰਗ ਦਾ ਇਕ ਵੀ ਕਿਣਕਾ ਕਾਲੋ ‘ਤੇ ਨਾ ਪਿਆ। ਮਾਂ ਫਿਰ ਮਾਂ ਬਣਨ ਵਾਲੀ ਹੋ ਗਈ। ਸਭ ਨੇ ਮੁੰਡਾ ਨਾ ਮੰਗਿਆ ਸਗੋਂ ਅਰਦਾਸ ਕੀਤੀ ਕਿ ਜੋ ਵੀ ਜੀਅ ਆਵੇ, ਹੀਰੇ ਵਰਗਾ ਹੋਵੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਫਿਰ ਕਾਲੋ ਵਰਗੀ ਧੀ ਆ ਗਈ, ਜੋ ਬਹੁਤ ਮਾੜੀ ਸੀ, ਮਸਾਂ ਹੱਥਾਂ ਵਿਚ ਫੜ੍ਹੀ ਜਾਂਦੀ ਤੇ ਸਭ ਨੇ ਢਿੱਲੇ ਜਿਹੇ ਮੂੰਹ ਨਾਲ ਉਸ ਦਾ ਨਾਂ ਮਾੜੋ ਰੱਖ ਦਿੱਤਾ। ਤਾਏ-ਚਾਚੇ ਵੀ ਪਿਤਾ ਜੀ ਤੋਂ ਪਾਸਾ ਵੱਟਣ ਲੱਗੇ। ਕਹਿੰਦੇ, ਇਹ ਘਰ ਤਾਂ ਕੁੜੀਆਂ ਨਾਲ ਹੀ ਭਰੂਗਾ ਤੇ ਕਿਹੜਾ ਇਨ੍ਹਾਂ ਨੂੰ ਵਿਆਹੁੰਦਾ ਰਹੂ। ਉਹ ਪਿਤਾ ਜੀ ਨੂੰ ਛੱਡ ਕੇ ਵੱਖ ਹੋ ਗਏ। ਮੇਰੀ ਮਾਂ ਨੇ ਸਾਡੇ ਦਾਦਾ-ਦਾਦੀ ਨੂੰ ਆਪਣੇ ਨਾਲੋਂ ਵੱਖ ਨਾ ਹੋਣ ਦਿੱਤਾ। ਮਾਂ ਕਹਿੰਦੀ ਸੀ ਕਿ ਜਿਸ ਘਰ ਵਿਚ ਸਿਆਣੇ ਬਜ਼ੁਰਗ ਨਹੀਂ ਹੁੰਦੇ, ਉਹ ਘਰ ਨਹੀਂ ਹੁੰਦਾ ਸਿਰਫ ਚਾਰ ਦੀਵਾਰੀ ਵਿਚ ਕੈਦ ਲੋਕ ਹੁੰਦੇ ਹਨ। ਮਾਂ ਨੇ ਦਾਦਾ-ਦਾਦੀ ਦੀ ਬਹੁਤ ਸੇਵਾ ਕੀਤੀ।
ਮੇਰੀ ਦਾਦੀ ਦਾ ਮੁਕਤਸਰ ਸਾਹਿਬ ਦੀ ਧਰਤੀ ਦਾ ਜਨਮ ਸੀ, ਬੜੀ ਦਲੇਰ ਸੀ, ਉਸ ਨੇ ਕਦੇ ਮਾਂ ਨੂੰ ਡੋਲਣ ਨਾ ਦਿੱਤਾ। ਮਾਂ ਨੇ ਫਿਰ ਮੇਰੀ ਵਾਰੀ ਕੱਢ ਦਿੱਤੀ। ਮੈਂ ਚੰਨ ਦਾ ਟੁਕੜਾ, ਸਾਰੇ ਘਰ ਵਿਚ ਰੌਸ਼ਨੀ ਕਰ ਦਿੱਤੀ। ਮੇਰੀ ਵਾਰੀ ਮਾਂ ਦੇ ਰੰਗ ਦਾ ਇਕ ਕਿਣਕਾ ਵੀ ਬੱਚੇ ਉਤੇ ਨਹੀਂ ਸੀ ਪਿਆ। ਠੋਡੀ ‘ਤੇ ਸਰੋਂ ਦੇ ਦਾਣੇ ਜਿੱਡਾ ਤਿਲ ਸੀ ਜੋ ਮੇਰੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਸੀ। ਮੈਂ ਬੇਸ਼ਕ ਤੀਜੀ ਧੀ ਸਾਂ ਪਰ ਮਾਂ ਨੇ ਪੁੱਤ ਵਰਗੀ ਖੁਸ਼ੀ ਮਨਾਈ। ਮਾਂ ਤਾਂ ਕਈ ਵਾਰ ਹੱਸਦੀ ਕਹਿ ਦਿੰਦੀ ਕਿ ਇਹ ਮੇਰੀ ਚੰਨੋ ਨਹੀਂ, ਚੰਨਣ ਸਿਉਂ ਹੈ। ਮੈਂ ਤਿੱਖੀ ਤੇ ਚੁਸਤ ਚਲਾਕ ਵੀ ਬਹੁਤ ਸੀ। ਸਾਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਸੀ, ਸਭ ਕਹਿੰਦੇ, ਚੰਨੋ ਜਿਹੇ ਕਰਮ ਰੱਬ ਸਭ ਨੂੰ ਦੇਵੇ।
ਕਈ ਵਾਰ ਮਾਂ ਨੂੰ ਕਾਲੋ ਤੇ ਮਾੜੋ ਦੇ ਵਿਆਹਾਂ ਦਾ ਫਿਕਰ ਲੱਗ ਜਾਂਦਾ। ਉਹ ਕਹਿੰਦੀ ਕਿ ਇਨ੍ਹਾਂ ਨਾਲ ਕੌਣ ਵਿਆਹ ਕਰਵਾਊਗਾ। ਪਿਤਾ ਜੀ ਕਹਿ ਦਿੰਦੇ ਕਿ ਕੋਈ ਨਾ, ਮੇਰੇ ਵਰਗੇ ਬਥੇਰੇ ਨੇ ਇਸ ਜੱਗ ‘ਤੇ, ਜਿਵੇਂ ਮੈਂ ਸਿਰ ਨੀਵਾਂ ਕਰ ਲਿਆ ਸੀ…! ਸਾਰੇ ਹੱਸ ਪੈਂਦੇ, ਪਤਾ ਨਾ ਲੱਗਿਆ ਕਦੋਂ ਕਾਲੋ ਤੇ ਮਾੜੋ ਦਸ ਜਮਾਤਾਂ ਪਾਸ ਕਰ ਗਈਆਂ ਤੇ ਵਿਆਹੁਣ ਦੀ ਦਹਿਲੀਜ਼ ‘ਤੇ ਆਣ ਖੜ੍ਹੀਆਂ। ਮਾਂ ਨੇ ਦੋਵਾਂ ਨੂੰ ਸਾਰੇ ਕੰਮ ਸਿਖਾ ਦਿਤੇ ਸਨ, ਜੋ ਘਰੇਲੂ ਰੋਜ਼ਮਰ੍ਹਾ ਦੇ ਹੁੰਦੇ ਹਨ।
ਫਿਰ ਕਾਲੋ ਲਈ ਗੋਨੇਆਣੇ ਮੁੰਡਾ ਵੇਖਿਆ। ਉਹ ਦੁਬਈ ਵਿਚ ਡਰਾਈਵਰੀ ਕਰਦਾ ਸੀ। ਉਸ ਦਾ ਵੱਡਾ ਭਰਾ ਵਿਆਹਿਆ ਹੋਇਆ ਸੀ ਤੇ ਚੰਗੀ ਖੇਤੀਬਾੜੀ ਕਰਦਾ ਸੀ। ਉਸ ਦੀ ਇਕ ਭੈਣ ਸੀ ਜੋ ਮੰਗੀ ਹੋਈ ਸੀ। ਉਨ੍ਹਾਂ ਦੋਵਾਂ ਦਾ ਇਕੱਠਾ ਵਿਆਹ ਕਰਨ ਦਾ ਪ੍ਰੋਗਰਾਮ ਸੀ। ਸਾਨੂੰ ਘਰ-ਬਾਰ ਤੇ ਮੁੰਡਾ ਪਸੰਦ ਆ ਗਿਆ, ਹੁਣ ਡਰ ਸੀ ਕਿ ਮੁੰਡੇ ਨੂੰ ਕਾਲੋ ਪਸੰਦ ਆਉਂਦੀ ਹੈ ਜਾਂ ਨਹੀਂ ਪਰ ਮੁੰਡੇ ਵਾਲਿਆਂ ਦੀ ਮੇਰੇ ਮਾਮਿਆਂ ਨਾਲ ਪਹਿਲਾਂ ਹੀ ਕੋਈ ਜਾਣ-ਪਛਾਣ ਸੀ। ਚਲੋ ਜੀ, ਕਾਲੋ ਦਾ ਰਿਸ਼ਤਾ ਪੱਕਾ ਹੋ ਗਿਆ। ਅਸੀਂ ਵਧੀਆ ਵਿਆਹ ਕੀਤਾ। ਕਾਲੋ ਆਪਣੇ ਸਹੁਰੀਂ ਤੁਰ ਗਈ। ਉਸ ਦੇ ਸਹੁਰਿਆਂ ਵੱਲੋਂ ਸਦਾ ਠੰਢੀ ਹਵਾ ਦੇ ਬੁੱਲ੍ਹੇ ਆਏ। ਮੈਂ ਦਸਵੀਂ ਪਾਸ ਕਰ ਕੇ ਅਗਾਂਹ ਪੜ੍ਹਨ ਲਈ ਕਾਲਜ ਲੱਗ ਗਈ। ਮਾਮੇ ਦੇ ਦੋ ਪੁੱਤ ਵੀ ਉਥੇ ਪੜ੍ਹਦੇ ਸਨ। ਉਨ੍ਹਾਂ ਦੀ ਬਾਜ਼ ਅੱਖ ਹਮੇਸ਼ਾ ਮੇਰੇ ‘ਤੇ ਹੁੰਦੀ ਸੀ; ਕੋਈ ਡਰਦਾ ਮੈਨੂੰ ਟੋਟਾ, ਪੁਰਜਾ ਆਖਣ ਦੀ ਜੁਅਰਤ ਨਹੀਂ ਸੀ ਕਰਦਾ। ਮੈਂ ਵੀ ਪੜ੍ਹਾਈ ਵੱਲ ਹੀ ਧਿਆਨ ਦਿੱਤਾ।
ਨਵਾਂ ਸਾਲ ਚੜ੍ਹਿਆ ਤਾਂ ਮਾੜੋ ਦੀ ਵਾਰੀ ਆ ਗਈ। ਉਸ ਲਈ ਵਰ ਲੱਭਣਾ ਸ਼ੁਰੂ ਹੋ ਗਿਆ। ਕਾਲੋ ਨੇ ਸਹੁਰੇ ਜਾ ਕੇ ਸਭ ਦਾ ਮਨ ਜਿੱਤ ਲਿਆ ਸੀ। ਉਹ ਬਹੁਤ ਕੰਮ ਕਰਦੀ। ਮਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਨਾ ਥੱਕਦੀ। ਕਾਲੋ ਨੇ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਹ ਦਾ ਸਹੁਰੀਂ ਘਰ ਰੁਤਬਾ ਹੋਰ ਉਚਾ ਹੋ ਗਿਆ। ਉਸ ਦਾ ਕਾਲਾ ਰੰਗ ਸਾਨੂੰ ਕਦੇ ਨਾ ਲੱਭਿਆ।
ਮਾੜੋ ਲਈ ਜ਼ੀਰੇ ਕੋਲ ਫੌਜੀਆਂ ਦਾ ਪਰਿਵਾਰ ਦੀ ਦੱਸ ਪਈ। ਪਿਛਲੀਆਂ ਚਾਰ ਪੀੜ੍ਹੀਆਂ ਤੋਂ ਫੌਜੀ ਤੁਰੇ ਆਉਂਦੇ ਸੀ। ਇਹ ਮੁੰਡਾ ਵੀ ਫੌਜ ਵਿਚ ਸੀ। ਤਿੰਨੇ ਭਰਾ ਹੀ ਫੌਜੀ ਸਨ। ਵੱਡੇ ਦੋਵੇਂ ਵਿਆਹੇ ਹੋਏ ਸਨ। ਤੀਜੇ ਨੂੰ ਭਰਤੀ ਹੋਏ ਨੂੰ ਚਾਰ ਸਾਲ ਹੋਏ ਸਨ। ਸਾਨੂੰ ਮੁੰਡਾ ਤੇ ਉਸ ਦਾ ਪਰਿਵਾਰ ਪਸੰਦ ਆ ਗਿਆ। ਹੁਣ ਡਰ ਸੀ ਕਿ ਫੌਜੀ ਨੂੰ ਮਾੜੋ ਪਸੰਦ ਵੀ ਆਉਂਦੀ ਹੈ! ਮਾਂ ਵਿਚਾਰੀ ਮੁੜ ਮੁੜ ਪਾਣੀ ਵਿਚ ਲੂਣ ਪਾ ਕੇ ਪੀਵੇ ਕਿ ਦਿਲ ਘਟਦਾ ਹੈ। ਮਿਥੇ ਦਿਨ ਫੌਜੀ ਜੀਪ ਭਰ ਕੇ ਆ ਗਏ। ਮੁੰਡੇ ਦੇ ਪਿਉ ਨੇ ਸਾਡੇ ਸਾਰੇ ਜੀਆਂ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ, ਜਿਵੇਂ ਫੌਜੀ ਭਰਤੀ ਵੇਲੇ ਕਰਦੇ ਹਨ। ਪੰਜ ਮਿੰਟਾਂ ਦੀ ਝਾਕਣੀ ਤੋਂ ਬਾਅਦ ਫੌਜੀ ਪਿਉ ਕਹਿੰਦਾ- ਸਾਨੂੰ ਕੁੜੀ ਪਸੰਦ ਹੈ, ਪਾਉ ਸ਼ਗਨ। ਫਿਰ ਮਾੜੋ ਨੂੰ ਉਨ੍ਹਾਂ ਨੇ ਸ਼ਗਨ ਪਾ ਦਿੱਤਾ। ਮਾਂ ਨੇ ਫੌਜੀ ਮੂੰਹ ਲੱਡੂ ਪਾ ਕੇ ਰੋਕਾ ਕਰ ਦਿੱਤਾ। ਅਗਲੀ ਛੁੱਟੀ ‘ਤੇ ਵਿਆਹ ਰੱਖ ਦਿੱਤਾ। ‘ਨਾ ਟੂੰਮ ਲੈਣੀ, ਨਾ ਦੇਣੀ’ ਉਤੇ ਗੱਲ ਮੁੱਕੀ, ਜੇ ਕੋਈ ਹੁਕਮ ਨੂੰ ਨਹੀਂ ਮੰਨਦਾ ਤਾਂ ਵਿਆਹ ਟੁੱਟ ਸਕਦਾ… ਇਹ ਆਖਦਾ ਫੌਜੀ ਪਿਉ ਜੀਪ ਵਿਚ ਬੈਠ ਗਿਆ। ਮਾਂ ਖੁਸ਼ ਸੀ। ਕੁੜਮ ਦੀ ਸਖਤਾਈ ਉਸ ਨੂੰ ਚੰਗੀ ਲੱਗੀ। ਉਹ ਮਾੜੋ ਦਾ ਦਾਜ ਸਮੇਟਣ ਲੱਗ ਪਈ।
ਦਿਨ ਬੀਤੇ ਤਾਂ ਵਿਆਹ ਦੀ ਤਰੀਕ ਪੱਕੀ ਕਰ ਲਈ। ਜਿਨ੍ਹਾਂ ਦਿਨਾਂ ਦਾ ਵਿਆਹ ਸੀ, ਉਨ੍ਹੀਂ ਦਿਨੀਂ ਕਾਲੋ ਨੇ ਦੂਜੇ ਮੁੰਡੇ ਨੂੰ ਜਨਮ ਦਿੱਤਾ। ਸਾਰੇ ਕਹਿੰਦੇ, ਫੌਜੀ ਕਰਮਾਂ ਵਾਲਾ ਹੈ, ਆਪਣੇ ਨਾਲ ਇਕ ਜਵਾਨ ਹੋਰ ਲੈ ਆਇਆ। ਸਾਦੇ ਢੰਗ ਨਾਲ ਮਾੜੋ ਦਾ ਵਿਆਹ ਹੋ ਗਿਆ। ਫੌਜੀਆਂ ਨੇ ਆਪਣੇ ਘਰ ਹੀ ਰੰਮ ਦੇ ਢੱਕਣ ਪੱਟੇ। ਮਾਂ ਦੇ ਸਿਰੋਂ ਭਾਰ ਲੱਥ ਗਿਆ। ਉਸ ਨੇ ਮੇਰੀ ਕਦੇ ਫਿਕਰ ਨਹੀਂ ਸੀ ਕੀਤੀ। ਹਮੇਸ਼ਾ ਕਹਿੰਦੀ, ਚੰਨੋ ਤੈਨੂੰ ਤਾਂ ਅਗਲਿਆਂ ਦੇਖਣ ਆਇਆਂ ਹੀ ਲੈ ਜਾਣਾ ਹੈ। ਪਿਤਾ ਜੀ ਨੂੰ ਖੁਸ਼ੀ ਸੀ ਕਿ ਦੋਵੇਂ ਕੁੜਮ ਉਸ ਦੇ ਭਰਾਵਾਂ ਤੋਂ ਵੱਧ ਨੇ। ਕਾਲੋ ਤੇ ਮਾੜੋ ਦੇ ਵਿਆਹੇ ਜਾਣ ਮਗਰੋਂ ਮੈਨੂੰ ਬਾਲਟੀ ਚੁੱਕ ਧਾਰਾਂ ਕੱਢਣੀਆਂ ਪਈਆਂ। ਚੁੱਲ੍ਹੇ-ਚੌਂਕੇ ਵਿਚ ਗੋਹੇ ਭੰਨ੍ਹ ਕੇ ਚੁੱਲ੍ਹਾ ਤਪਾਉਣਾ ਪਿਆ।
ਬੀ.ਏ. ਪੂਰੀ ਕਰ ਕੇ ਮੈਂ ਕਾਲਜ ਤੋਂ ਹਟ ਗਈ। ਚੁੱਲ੍ਹੇ ਦੇ ਧੂੰਏ ਨੇ ਮੇਰਾ ਹੁਸਨ ਟਿੱਬਿਆ ਦੇ ਰੇਤੇ ਵਾਂਗ ਉਡਾਉਣਾ ਸ਼ੁਰੂ ਕਰ ਦਿੱਤਾ। ਮੇਰੇ ਲਈ ਕੈਨੇਡਾ, ਅਮਰੀਕਾ ਦਾ ਰਿਸ਼ਤਾ ਲੱਭਣ ਲੱਗੇ। ਕਾਲੋ ਤੇ ਮਾੜੋ ਦੇ ਜਾਣ ਨਾਲ ਘਰ ਦਾ ਤੋਰਾ ਜਿਵੇਂ ਖੜ੍ਹ ਗਿਆ ਹੋਵੇ। ਮੇਰੇ ਚੰਨ ਵਰਗੇ ਮੁੱਖ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਵੇਖਦਿਆਂ ਵੇਖਦਿਆਂ ਦਾਦਾ-ਦਾਦੀ ਤੁਰ ਗਏ। ਮੇਰੇ ਲਈ ਕੋਈ ਮੁੰਡਾ ਪਸੰਦ ਨਾ ਆਇਆ। ਮਾਂ ਨੂੰ ਮੇਰਾ ਝੋਰਾ ਖਾਣ ਲੱਗਾ। ਪਤਾ ਨਹੀਂ ਲੱਗਾ, ਮਾਂ ਨੇ ਕਦੋਂ ਝੋਰੇ ਨੂੰ ਕੈਂਸਰ ਦੀ ਨਾ ਮੁਰਾਦ ਬਿਮਾਰੀ ਵਿਚ ਬਦਲ ਲਿਆ। ਕਾਲੋ ਤੇ ਮਾੜੋ ਦੋ ਦਿਨ ਰਹਿ ਕੇ ਮੁੜ ਜਾਂਦੀਆਂ। ਪਿਤਾ ਜੀ ਦੀ ਇਕ ਲੱਤ ਖੇਤ, ਇਕ ਡਾਕਟਰਾਂ ਕੋਲ ਹੁੰਦੀ। ਮਾਂ ਹਮੇਸ਼ਾ ਕਹਿੰਦੀ, ਕਾਲੋ ਤੇ ਮਾੜੋ ਤਾਂ ਘਰ ਦੇ ਭਾਗ ਹੀ ਲੈ ਗਈਆਂ! ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੇਰਾ ਕਪਾਹ ਦੀ ਫੁੱਟੀ ਵਰਗਾ ਰੰਗ ਪਰਿਵਾਰ ਲਈ ਬਹੁਤਾ ਰੰਗ ਨਾ ਭਰ ਸਕਿਆ।
ਮੇਰੇ ਲਈ ਮੁੰਡਾ ਲੱਭਣਾ ਮਾਮਿਆਂ ਲਈ ਵੀ ਕਸ਼ਮੀਰ ਦਾ ਮਸਲਾ ਬਣ ਗਿਆ। ਕੈਨੇਡਾ ਤੇ ਅਮਰੀਕਾ ਵਾਲਿਆਂ ਦੇ ਮੈਂ ਪਸੰਦ ਆਉਂਦੀ ਤਾਂ ਦਾਜ ਦੀ ਮੰਗ ਕਰ ਲੈਂਦੇ। ਦਾਜ ਦੇਣਾ ਵੀ ਮਾਮਿਆਂ ਲਈ ਬਹੁਤਾ ਔਖਾ ਨਹੀਂ ਸੀ ਪਰ ਜਿਹੜਾ ਪਹਿਲਾਂ ਹੀ ਮੂੰਹ ਅੱਡ ਰਿਹਾ, ਉਹ ਵਿਆਹ ਪਿਛੋਂ ਕੀ ਰੰਗ ਲਿਆਊਗਾ? ਮਾਂ ਨੂੰ ਨੇੜੇ-ਤੇੜਿਉਂ ਆਰਾਮ ਨਾ ਆਇਆ ਤਾਂ ਅਸੀਂ ਲੁਧਿਆਣਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਪੈਸਾ ਪਾਣੀ ਵਾਂਗ ਵਗ ਰਿਹਾ ਸੀ। ਮਾਂ ਮੇਰੇ ਮਾਮਿਆਂ ਦੀ ਜਾਨ ਸੀ।
ਮੈਂ ਮਾਂ ਕੋਲ ਹਸਪਤਾਲ ਰਹਿੰਦੀ, ਉਸ ਦੀ ਦੇਖਭਾਲ ਕਰਦੀ। ਘਰੇ ਕਦੇ ਕਾਲੋ ਤੇ ਕਦੇ ਮਾੜੋ ਆ ਜਾਂਦੀਆਂ। ਕਦੇ ਕੋਈ ਮਾਮੀ ਟਾਈਮ ਲੰਘਾ ਜਾਂਦੀ। ਹੁਣ ਸਭ ਲਈ ਮਾਂ ਨੂੰ ਬਚਾਉਣਾ ਜ਼ਰੂਰੀ ਸੀ। ਮੇਰੇ ਲਈ ਵਰ ਲੱਭਣਾ ਬਾਅਦ ਦੀਆਂ ਗੱਲਾਂ ਸਨ। ਮਾਂ ਦੇ ਲਾਗਲੇ ਵਾਰਡ ਵਿਚ ਇਕ ਬਾਪੂ ਵੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਮੈਂ ਕਈ ਵਾਰ ਉਸ ਕੋਲ ਚਲੀ ਜਾਂਦੀ। ਬਾਪੂ ਦੇ ਪਰਿਵਾਰ ਨਾਲ ਬੈਠ ਦੋ ਗੱਲਾਂ ਕਰ ਆਉਂਦੀ। ਇਕ ਦਿਨ ਬਾਪੂ ਦੇ ਪੁੱਤ ਲਾਡੀ ਨਾਲ ਮੁਲਾਕਾਤ ਹੋਈ। ਲਾਡੀ ਦੀ ਤੱਕਣੀ ਮੇਰੇ ਅੰਦਰ ਪਾਰੇ ਵਾਂਗ ਉਤਰ ਗਈ। ਉਹ ਸੋਹਣਾ ਸੁਨੱਖਾ ਉਚਾ ਲੰਮਾ ਜਵਾਨ, ਗੋਰਾ ਰੰਗ, ਮੇਰੇ ਦਿਲ ਨੂੰ ਫਬ ਗਿਆ। ਮੈਂ ਹੌਲੀ ਹੌਲੀ ਮਾਂ ਨਾਲ ਉਸ ਦੀਆਂ ਗੱਲਾਂ ਕਰਨ ਲੱਗੀ ਪਰ ਆਪਣੀ ਪਸੰਦ ਮਾਮਿਆਂ ਨੂੰ ਦੱਸਣੀ, ਬਿਜਲੀ ਦੀ ਨੰਗੀ ਤਾਰ ਨੂੰ ਹੱਥ ਪਾਉਣ ਬਰਾਬਰ ਸੀ। ਲਾਡੀ ਦੀ ਮਾਂ ਨੂੰ ਮੈਂ ਪਸੰਦ ਆ ਗਈ ਪਰ ਇਹ ਸਭ ਕੁਝ ਹਸਪਤਾਲ ਦੇ ਵਾਰਡਾਂ ਤਕ ਹੀ ਸੀਮਤ ਰਹਿ ਗਿਆ। ਮਾਂ ਕੁਝ ਠੀਕ ਹੋਈ ਤਾਂ ਸਾਨੂੰ ਛੁੱਟੀ ਮਿਲ ਗਈ। ਮੈਨੂੰ ਲਾਡੀ ਦੀ ਸ਼ਕਲ ਨਾ ਭੁੱਲੀ, ਮਾਂ ਨੇ ਥੋੜ੍ਹਾ ਹੌਸਲਾ ਦਿੱਤਾ। ਦੋ ਮਹੀਨਿਆਂ ਬਾਅਦ ਕੋਈ ਜਾਣੂ ਬੰਦਾ ਕੱਢ ਕੇ ਲਾਡੀ ਘਰ ਭੇਜਿਆ ਤਾਂ ਬਹੁਤ ਦੇਰ ਹੋ ਗਈ ਸੀ। ਉਸ ਦਾ ਵਿਆਹ ਅਮਰੀਕਾ ਵਾਲੀ ਕੁੜੀ ਨਾਲ ਹੋ ਗਿਆ ਸੀ। ਮੈਂ ਬਹੁਤ ਰੋਈ। ਮਾਂ ਨੇ ਧਰਵਾਸ ਦਿੱਤਾ।
ਫਿਰ ਮੈਨੂੰ ਵੀ ਅਮਰੀਕਾ ਵਾਲਾ ਮੁੰਡਾ ਮਿਲ ਗਿਆ ਪਰ ਉਸ ਦਾ ਦੂਜਾ ਵਿਆਹ ਸੀ। ਪਹਿਲੀ ਘਰਵਾਲੀ ਨਾਲ ਤਲਾਕ ਹੋ ਗਿਆ ਸੀ। ਮਾਮਿਆਂ ਨੇ ਹਾਂ ਕਰ ਦਿੱਤੀ। ਮੈਂ ਵੀ ਮਾਮਿਆਂ ਦੇ ਮੂਹਰੇ ਕੁਝ ਨਾ ਬੋਲੀ। ਸਾਦਾ ਵਿਆਹ ਹੋ ਗਿਆ। ਨੌਂ ਮਹੀਨਿਆਂ ਵਿਚ ਮੈਂ ਇਥੇ ਆ ਗਈ। ਇਥੇ ਉਸ ਕੋਲ ਲੀਕਰ ਸਟੋਰ ਸੀ। ਪਹਿਲੇ ਵਿਆਹ ਤੋਂ ਨੌਂ ਸਾਲ ਦੀ ਕੁੜੀ ਸੀ ਜੋ ਉਸ ਕੋਲ ਰਹਿੰਦੀ। ਆਪ ਦਾਰੂ ਦਾ ਆਦੀ ਸੀ। ਮੇਰੀ ਜਾਨ ਨਿੱਤ ਸੂਲੀ ਟੰਗੀ ਰਹਿੰਦੀ। ਮਾੜੀਆਂ ਆਦਤਾਂ ਵਾਲਾ ਬੰਦਾ ਆਪਣਾ ਪਰਿਵਾਰ ਕਿਵੇਂ ਖੁਸ਼ ਰੱਖ ਸਕਦਾ? ਮੈਨੂੰ ਮੇਰੇ ਹੁਸਨ ਨੇ ਇਕ ਦਿਨ ਵੀ ਸੁੱਖ ਦਾ ਸਾਹ ਨਾ ਲੈਣ ਦਿੱਤਾ। ਫਿਰ ਇਕ ਦਿਨ ਉਹ ਸਦਾ ਦੀ ਨੀਂਦ ਸੌਂ ਗਿਆ। ਮੈਂ ਮਾਂ ਤਾਂ ਕੀ ਬਣਨਾ ਸੀ, ਪਤਨੀ ਵੀ ਨਾ ਬਣ ਸਕੀ। ਕਾਨੂੰਨਨ ਮੇਰੇ ਕੋਲ ਘਰ ਸੀ, ਲੀਕਰ ਸਟੋਰ ਸੀ, ਧੀ ਵੀ ਸੀ ਪਰ ਜੋ ਇਕ ਕੁੜੀ ਦੇ ਅਰਮਾਨ ਹੁੰਦੇ ਹਨ, ਉਹ ਮਧੋਲੇ ਗਏ। ਮੈਂ ਹੁਣ ਹਮੇਸ਼ਾ ਇਹੀ ਕਹਿਨੀ ਹਾਂ ਕਿ ਰੱਬਾ! ਰੰਗ ਤਾਂ ਦੋ ਹੀ ਹਨ ਪਰ ਗੋਰੇ ਰੰਗ ਨਾਲ ਮੁਕੱਦਰ ਵੀ ਵਧੀਆ ਲਿਖ ਦਿਆ ਕਰ, ਨਹੀਂ ਤਾਂ ਕਾਲਾ ਰੰਗ ਹੀ ਚੰਗਾ ਹੈ। ਹੁਣ ਨਾ ਮੈਂ ਵਿਆਹੀ ਆਂ, ਨਾ ਕੁਆਰੀ!… ਜ਼ਰੂਰੀ ਨਹੀਂ ਕਿ ਹੁਸਨ ਤੁਹਾਡੀ ਜ਼ਿੰਦਗੀ ਵੀ ਸੰਵਾਰ ਜਾਵੇ।… ਇਹ ਕਹਿ ਕੇ ਉਹਨੇ ਰੋਂਦੀ ਹੋਈ ਨੇ ਫੋਨ ਕੱਟ ਦਿੱਤਾ।