ਤ੍ਰਿਪੁਰਾ ਵਿਚ ਚੋਣ ਨਤੀਜਿਆਂ ਮਗਰੋਂ ਜੋ ਹਿੰਸਾ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਵਰਤਾਈ ਗਈ, ਉਸ ਨੇ ਸਭ ਸੰਜੀਦਾ ਬਾਸ਼ਿੰਦਿਆਂ ਨੂੰ ਫਿਕਰਾਂ ਵਿਚ ਪਾ ਦਿੱਤਾ। ਇਨ੍ਹਾਂ ਸਮਰਥਕਾਂ ਨੇ ਲੈਨਿਨ ਦਾ ਬੁੱਤ ਤੋੜਿਆ ਅਤੇ ਹਾਰੀ ਹੋਈ ਧਿਰ ਸੀæ ਪੀæ ਐਮæ ਦੇ ਦਫਤਰਾਂ ਅੰਦਰ ਵੜ ਕੇ ਭੰਨ-ਤੋੜ ਕੀਤੀ। ਇਸ ਹਿੰਸਕ ਵਰਤਾਰੇ ਦੌਰਾਨ ਸੂਬੇ ਦੀ ਪੁਲਿਸ ਅਤੇ ਨੀਮ ਫੌਜੀ ਬਲ ਖਾਮੋਸ਼ ਦਰਸ਼ਕ ਬਣੇ ਰਹੇ। ਹੋਰ ਤਾਂ ਹੋਰ ਸੂਬੇ ਦੇ ਰਾਜਪਾਲ ਤਥਾਗਤ ਰਾਏ ਅਤੇ ਭਾਜਪਾ ਦੇ ਕੁਝ ਆਗੂਆਂ ਨੇ ਇਸ ਹਿੰਸਾ ਨੂੰ ਜਾਇਜ਼ ਵੀ ਕਰਾਰ ਦਿੱਤਾ ਹੈ।
ਰਾਜਪਾਲ ਨੇ ਟਵੀਟ ਕੀਤਾ ਕਿ ਜਮਹੂਰੀ ਢੰਗ ਨਾਲ ਚੁਣੀ ਕੋਈ ਸਰਕਾਰ ਜੇ ਕੋਈ ਕੰਮ ਕਰਦੀ ਹੈ ਤਾਂ ਦੂਜੀ ਚੁਣੀ ਹੋਈ ਸਰਕਾਰ ਉਸ ਕੰਮ ਨੂੰ ਖਤਮ ਕਰ ਸਕਦੀ ਹੈ। ਰਾਜਪਾਲ ਨੂੰ ਇਲਮ ਨਹੀਂ ਕਿ ਮੰਗਲਵਾਰ ਨੂੰ ਜਦੋਂ ਉਥੇ ਹਿੰਸਾ ਹੋਈ, ਤਕਨੀਕੀ ਤੌਰ ‘ਤੇ ਉਥੇ ਨਵੀਂ ਸਰਕਾਰ ਕਾਇਮ ਨਹੀਂ ਸੀ ਹੋਈ। ਨਵੀਂ ਸਰਕਾਰ ਨੇ ਸ਼ੁੱਕਰਵਾਰ ਨੂੰ ਹਲਫ ਲਿਆ ਹੈ। ਕੇਂਦਰੀ ਰਾਜ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਤ੍ਰਿਪੁਰਾ ਵਿਚ ਖੱਬੇ ਮੋਰਚੇ ਦੇ 25 ਸਾਲਾ ਰਾਜ ਤੋਂ ਅੱਕੇ ਲੋਕਾਂ ਨੇ ਲੈਨਿਨ ਦਾ ਬੁੱਤ ਤੋੜਿਆ ਹੋ ਸਕਦਾ ਹੈ। ਯਾਦ ਰਹੇ, ਭਾਜਪਾ ਨੇ ਚੋਣਾਂ ਤੋਂ ਪਹਿਲਾਂ ‘ਚਲੋ ਪਲਟਾਏਂ’ ਦਾ ਨਾਅਰਾ ਦਿੰਦਿਆਂ ਤ੍ਰਿਪੁਰਾ ਵਿਚ ਖੱਬੇ ਮੋਰਚੇ ਦਾ ਸ਼ਾਸਨ ਖਤਮ ਕਰਨ ਦਾ ਹੋਕਾ ਦਿੱਤਾ ਸੀ, ਪਰ ਨਤੀਜੇ ਆਉਂਦੇ ਸਾਰ ਗੈਰ ਜਮਹੂਰੀ ਢੰਗ ਅਪਨਾਉਣੇ ਸ਼ੁਰੂ ਕਰ ਦਿੱਤੇ। ਇਸ ਹਿੰਸਾ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਵੇਂ ਪੁਲਿਸ ਨੂੰ ਹਾਲਾਤ ਕਾਬੂ ਹੇਠ ਲਿਆਉਣ ਦੀ ਹਦਾਇਤ ਕੀਤੀ, ਪਰ ਹਿੰਸਾ ਰੁਕੀ ਨਹੀਂ। ਉਨ੍ਹਾਂ ਰਾਜਪਾਲ ਨੂੰ ਵੀ ਕਿਹਾ ਹੈ ਕਿ ਉਹ ਬਦਅਮਨੀ ‘ਤੇ ਕਾਬੂ ਪਾਉਣ ਲਈ ਢੁਕਵੇਂ ਕਦਮ ਚੁੱਕਣ, ਪਰ ਰਾਜਪਾਲ ਦਾ ਸ਼ੱਰੇਆਮ ਕਹਿਣਾ ਸੀ ਕਿ ਉਨ੍ਹਾਂ ਨੂੰ ਅਜੇ ਤਕ ਕੋਈ ਹਦਾਇਤ ਨਹੀਂ ਹੋਈ, ਹਾਲਾਂਕਿ ਅਖਬਾਰੀ ਰਿਪੋਰਟਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਨੇ ਉਨ੍ਹਾਂ ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ ਹੈ। ਇਹ ਸਾਰਾ ਵਰਤਾਰਾ ਇਹੀ ਸੂਹ ਦਿੰਦਾ ਜਾਪਦਾ ਹੈ ਕਿ ਭਾਜਪਾ ਵੱਲੋਂ ਅਜਿਹਾ ਮਿਥ ਕੇ ਕੀਤਾ ਗਿਆ। ਉਂਜ, ਤ੍ਰਿਪੁਰਾ ਦੇ ਚੋਣ ਨਤੀਜਿਆਂ ਦੇ ਤੱਥ ਇਹ ਹਨ ਕਿ ਭਾਜਪਾ ਨੂੰ ਉਥੇ 43 ਫੀਸਦ ਅਤੇ ਸੀæ ਪੀæ ਐਮæ ਨੂੰ 42æ6 ਫੀਸਦ ਵੋਟਾਂ ਪਈਆਂ ਹਨ, ਭਾਵ ਜੇਤੂ ਅਤੇ ਹਾਰਨ ਵਾਲੀ ਧਿਰ ਨੂੰ ਮਿਲੀਆਂ ਵੋਟਾਂ ਦਾ ਫਰਕ ਬਹੁਤ ਥੋੜ੍ਹਾ ਹੈ। ਇਹ ਵੱਖਰੀ ਗੱਲ ਹੈ ਕਿ ਕੁੱਲ 60 ਸੀਟਾਂ ਵਾਲੀ ਵਿਧਾਨ ਸਭਾ ਲਈ ਭਾਜਪਾ ਨੂੰ 35 ਸੀਟਾਂ ਅਤੇ ਇਸ ਦੀ ਜੋਟੀਦਾਰ ਆਈæ ਪੀæ ਐਫ਼ ਟੀæ ਨੂੰ 8 ਸੀਟਾਂ ਮਿਲ ਗਈਆਂ ਹਨ, ਜਦਕਿ ਸੀæ ਪੀæ ਐਮæ ਸਿਰਫ 16 ਸੀਟਾਂ ਉਤੇ ਹੀ ਜਿੱਤ ਹਾਸਲ ਕਰ ਸਕੀ ਹੈ। ਇਕ ਸੀਟ ਉਤੇ ਚੋਣ ਉਮੀਦਵਾਰ ਦੀ ਮੌਤ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਜ਼ਾਹਰ ਹੈ ਕਿ ਖੱਬੇ ਮੋਰਚੇ ਦਾ ਤ੍ਰਿਪੁਰਾ ਵਿਚ ਇੰਨਾ ਵੀ ਮਾੜਾ ਹਾਲ ਨਹੀਂ ਜਿਸ ਤਰ੍ਹਾਂ ਜੇਤੂ ਧਿਰ ਵੱਲੋਂ ਪ੍ਰਚਾਰਿਆ ਗਿਆ। ਉਂਜ, ਇਸ ਤੋਂ ਆਉਣ ਵਾਲੇ ਸਮੇਂ ਦੌਰਾਨ ਸੂਬੇ ਅੰਦਰ ਹੋਣ ਵਾਲੀ ਸਿਆਸਤ ਦੀ ਸੂਹ ਮਿਲ ਰਹੀ ਹੈ।
ਭਾਜਪਾ ਸਮਰਥਕਾਂ ਦੀ ਇਸ ਬੁਰਛਾਗਰਦੀ ਦਾ ਦੇਸ਼ ਭਰ ਵਿਚ ਵਿਰੋਧ ਹੋਇਆ ਹੈ ਅਤੇ ਸੀæ ਪੀæ ਐਮæ ਦੀ ਅਗਵਾਈ ਹੇਠ ਕੋਲਕਾਤਾ ਵਿਚ ਰੈਲੀ ਵੀ ਕੱਢੀ ਗਈ। ਸੀæ ਪੀæ ਐਮæ ਲੀਡਰਸ਼ਿਪ ਨੇ ਦੇਸ਼ ਦੀਆਂ ਸਾਰੀਆਂ ਧਰਮ ਨਿਰਪੱਖ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਭਾਜਪਾ ਦੀ ਇਸ ਬੁਰਛਾਗਰਦੀ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਅਜਿਹੀ ਕੁਹਜੀ ਸਿਆਸਤ ਖਿਲਾਫ ਆਵਾਜ਼ ਬੁਲੰਦ ਹੋਣੀ ਹੀ ਚਾਹੀਦੀ ਹੈ, ਪਰ ਇਸ ਸੱਦੇ ਤੋਂ ਜਿਹੜੀ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ, ਉਸ ਵਿਚੋਂ ਸਿਰਫ ਚੋਣ ਸਿਆਸਤ ਦੇ ਹੀ ਝਲਕਾਰੇ ਪੈਂਦੇ ਹਨ ਅਤੇ ਇਹ ਸੱਦਾ ਕਾਂਗਰਸ ਪਾਰਟੀ ਨੂੰ ਮਾਰਿਆ ਤਰਲਾ ਜਿਹਾ ਹੀ ਜਾਪਦਾ ਹੈ। ਰਵਾਇਤੀ ਖੱਬੀਆਂ ਧਿਰਾਂ ਅਜੇ ਤਕ ਭਾਜਪਾ ਅਤੇ ਕਾਂਗਰਸ ਵਿਚਕਾਰਲਾ ਅਸਲ ਫਰਕ ਤੇ ਸਾਂਝ ਨੂੰ ਸਮਝਣ ਵਿਚ ਨਾਕਾਮ ਰਹੀਆਂ ਹਨ। ਜਦੋਂ ਭਾਜਪਾ ਦੀ ਚੜ੍ਹਤ ਹੋਣੀ ਸ਼ੁਰੂ ਹੋਈ ਤਾਂ ਇਸ ਨੂੰ ਡੱਕਣ ਲਈ ਖੱਬੇ ਮੋਰਚੇ ਨੇ ਕਾਂਗਰਸ ਨਾਲ ਹੱਥ ਮਿਲਾ ਲਏ। ਇਸ ਨਾਲ ਭਾਜਪਾ ਦੀ ਚੜ੍ਹਤ ਤਾਂ ਰੁਕ ਨਹੀਂ ਸਕੀ ਪਰ ਖੱਬਾ ਮੋਰਚਾ ਜ਼ਰੂਰ ਲੰਗੜਾ ਹੋ ਗਿਆ। ਇਸ ਦਾ ਨਤੀਜਾ ਹੁਣ ਸੰਸਦ ਤੇ ਵਿਧਾਨ ਸਭਾਵਾਂ ਵਿਚ ਇਸ ਦੇ ਮਾੜੇ ਹਾਲ ਵਿਚ ਨਿਕਲਿਆ ਹੈ। ਹੁਣ ਕਾਂਗਰਸ ਨਾਲ ਰਲ ਕੇ ਸਿਆਸਤ ਕਰਨ ਬਾਰੇ ਖੱਬੇ ਮੋਰਚੇ ਦੀ ਮੁੱਖ ਪਾਰਟੀ ਸੀæ ਪੀæ ਐਮæ ਵਿਚ ਬਹੁਤ ਘੜਮੱਸ ਮੱਚਿਆ ਹੋਇਆ ਹੈ। ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਵਾਲਾ ਧੜਾ ਕਾਂਗਰਸ ਨਾਲ ਤਾਲਮੇਲ ਦਾ ਹਮਾਇਤੀ ਹੈ, ਜਦਕਿ ਪ੍ਰਕਾਸ਼ ਕਰਤ ਵਾਲਾ ਧੜਾ ਇਸ ਦੇ ਖਿਲਾਫ ਹੈ। ਊਠ ਕਿਸ ਕਰਵਟ ਬੈਠੇਗਾ, ਉਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਇਕ ਗੱਲ ਐਨ ਸਾਫ ਹੈ ਕਿ ਖੱਬਾ ਮੋਰਚਾ ਚੋਣ ਸਿਆਸਤ ਵਿਚ ਚੌਫਾਲ ਡਿਗਿਆ ਪਿਆ ਹੈ। ਇਸ ਮੋਰਚੇ ਦੇ ਆਗੂਆਂ ਨੂੰ ਹੁਣ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਾਂਗਰਸ ਦੇ ਸਿਰ ਉਤੇ ਭਾਜਪਾ ਅਤੇ ਇਸ ਦੀ ਸਰਪ੍ਰਸਤ ਕੱਟੜ ਜਥੇਬੰਦੀ ਆਰæ ਐਸ਼ ਐਸ਼ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਮੋਰਚੇ ਨੂੰ ਆਪਣੇ ਹੋਰ ਜੋਟੀਦਾਰ ਲੱਭਣੇ ਪੈਣਗੇ ਅਤੇ ਮੂੰਹ ਖੇਤਰੀ ਪਾਰਟੀਆਂ ਵੱਲ ਕਰਨਾ ਪਵੇਗਾ। ਵਿਚਾਰਨ ਵਾਲਾ ਨੁਕਤਾ ਇਹ ਵੀ ਹੈ ਕਿ ਭਾਜਪਾ ਮਜ਼ਬੂਤ ਕੇਂਦਰ ਕਾਇਮ ਕਰਨ ਲਈ ਇਨ੍ਹਾਂ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨ ਵਾਲੀ ਨੀਤੀ ਉਤੇ ਚੱਲ ਰਹੀ ਹੈ। ਹੁਣ ਮੌਕਾ ਹੈ ਕਿ ਭਾਜਪਾ ਅਤੇ ਆਰæ ਐਸ਼ ਐਸ਼ ਦੀ ਮਾਰੂ ਸਿਆਸਤ ਨਾਲ ਅਸਹਿਮਤੀ ਰੱਖਣ ਵਾਲੀਆਂ ਸਭ ਧਿਰਾਂ ਆਪਣੇ ਆਪਸੀ ਮੱਤਭੇਦ ਮਿਟਾ ਕੇ ਹੰਭਲਾ ਮਾਰਨ। ਜੇ ਇਸ ਔਖੀ ਘੜੀ ਵਿਚ ਵੀ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿਚ ਇਸ ਮਾਰੂ ਸਿਆਸਤ ਦੀ ਚੜ੍ਹਤ ਨੂੰ ਡੱਕਣਾ ਮੁਸ਼ਕਿਲ ਹੋਰ ਵੀ ਜਾਵੇਗਾ।