ਹੋਲੇ ਮਹੱਲੇ ਮੌਕੇ ਨਜ਼ਰ ਆਇਆ ਖਾਲਸਾਈ ਜਾਹੋ-ਜਲਾਲ

ਸ੍ਰੀ ਆਨੰਦਪੁਰ ਸਾਹਿਬ: ਹੋਲੇ ਮਹੱਲੇ ਮੌਕੇ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਪੂਰੇ ਖਾਲਸਈ ਰੰਗ ਵਿਚ ਰੰਗੀ ਨਜ਼ਰ ਆਈ। ਚਾਰੇ ਪਾਸੇ ਨੀਲੇ ਤੇ ਕੇਸਰੀ ਦਸਤਾਰਾਂ ਵਾਲੇ ਸਿੰਘ ਅਤੇ ਸਿੰਘਣੀਆਂ ਖਾਲਸਈ ਜਾਹੋ-ਜਲਾਲ ਦਾ ਅਹਿਸਾਸ ਕਰਵਾ ਰਹੇ ਸਨ।

ਹੋਲਾ ਮਹੱਲਾ ਪੂਰੇ ਖਾਲਸਈ ਜਾਹੋ ਜਲਾਲ ਨਾਲ ਸਮਾਪਤ ਹੋਇਆ। ਆਖਰੀ ਦਿਨ ਜਿਥੇ ਤਖਤ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ, ਉਥੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ।
ਹੋਲੇ ਮਹੱਲੇ ਦੌਰਾਨ 25 ਲੱਖ ਤੋਂ ਵੱਧ ਸ਼ਰਧਾਲੂ ਤਖਤ ਕੇਸਗੜ੍ਹ ਸਾਹਿਬ ਦੇ ਵੱਖ-ਵੱਖ ਗੁਰਦੁਆਰਿਆਂ ਵਿਖੇ ਨਤਮਸਤਕ ਹੋਏ। ਸ਼ਰਧਾਲੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਹੋਲੇ ਮਹੱਲੇ ਵਿਚ ਸ਼ਰਧਾਲੂਆਂ ਦੀ ਗਿਣਤੀ 25 ਲੱਖ ਤੋਂ ਟੱਪ ਗਈ ਤੇ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸਾਹਿਬ ਦੇ ਪ੍ਰਬੰਧ ਅਧੀਨ ਆਉਂਦੇ 500 ਰਿਹਾਇਸ਼ੀ ਕਮਰਿਆਂ ਅਤੇ ਆਰਜ਼ੀ ਟੈਂਟਾਂ ਦੀ ਮਦਦ ਨਾਲ ਵੱਧ ਤੋਂ ਵੱਧ ਸੰਗਤ ਨੂੰ ਰਿਹਾਇਸ਼ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲੀ ਵਾਰ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਕੇ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਦਾ ਸਵਾਗਤ ਕੀਤਾ ਗਿਆ। ਤਖਤ ਸਾਹਿਬ ਵਿਖੇ ਕੀਤੀ ਫੁੱਲਾਂ ਦੀ ਸਜਾਵਟ ਸਲਾਹੁਣਯੋਗ ਸੀ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੋਲੇ ਮਹੱਲੇ ਦੇ ਇਤਿਹਾਸ ਵਿਚ ਪਹਿਲੀ ਵਾਰ ਸਮੁੱਚੇ ਮਹੱਲਾ ਖੇਤਰ ਨੂੰ ਵਾਹਨ ਮੁਕਤ, ਸ਼ੋਰ ਪ੍ਰਦੂਸ਼ਣ ਤੇ ਹੁੱਲੜਬਾਜ਼ਾਂ ਤੋਂ ਮੁਕਤ ਰੱਖਿਆ। ਚਰਨਗੰਗਾ ਸਟੇਡੀਅਮ ਵਿਚ ਕੀਤੇ ਵਿਸ਼ੇਸ਼ ਪ੍ਰਬੰਧਾਂ ਕਰ ਕੇ ਹੋਲੇ ਮਹੱਲੇ ਦਾ ਅੰਤਿਮ ਪੜਾਅ ਵੀ 1-2 ਛੋਟੀਆਂ ਘਟਨਾਵਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਕਰਵਾਏ ਕੌਮਾਂਤਰੀ ਗਤਕਾ ਮੁਕਾਬਲਿਆਂ ਦੀ ਸਮਾਪਤੀ ਮੌਕੇ ਪੰਥ ਦੀਆਂ ਨਾਮਵਰ ਧਾਰਮਿਕ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਤੇ ਜਥੇਦਾਰ ਬਾਬਾ ਦਯਾ ਸਿੰਘ ਟਾਹਲੀ ਸਾਹਿਬ ਵਾਲਿਆਂ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਪੁਰਸਕਾਰ ਦਿੱਤਾ ਗਿਆ।
______________________
ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵਿਖਾਏ ਜੌਹਰ
ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿਚ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਘੋੜਿਆਂ ਉਤੇ ਸਵਾਰ ਹੋ ਕੇ ਮਹੱਲਾ ਕੱਢਿਆ, ਜੋ ਗੁਰਦੁਆਰਾ ਸ਼ਹੀਦੀ ਬਾਗ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਤਾ ਜੀਤੋ ਜੀ ਅਗੰਮਪੁਰ ਵਿਖੇ ਹੁੰਦਾ ਹੋਇਆ ਚਰਨਗੰਗਾ ਸਟੇਡੀਅਮ ਪੁੱਜਿਆ।
ਇਸ ਮੌਕੇ ਪੰਜਾਬ ਸਣੇ ਦੇਸ਼ ਅਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਨਾਲ ਖਾਲਸਈ ਰੰਗ ਵਿਚ ਰੰਗੇ ਸਟੇਡੀਅਮ ਵਿਚ ਨਿਹੰਗ ਸਿੰਘ ਫੌਜਾਂ ਨੇ ਜੰਗਜੂ ਕਰਤਬ ਵਿਖਾਏ। ਇਸ ਮੌਕੇ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਵੱਲੋਂ ਗਤਕੇ ਨੂੰ ਨੌਜਵਾਨਾਂ ਵਿਚ ਹਰਮਨ ਪਿਆਰਾ ਬਣਾਉਣ ਲਈ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।