ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਬਾਰੇ ਖੁੱਲ੍ਹਣਗੇ ਰਾਜ਼

ਲੰਡਨ: ਦਰਬਾਰ ਸਾਹਿਬ ਅੰਮ੍ਰਿਤਸਰ ਉਤੇ 1984 ਨੂੰ ਫੌਜੀ ਹਮਲੇ (ਉਪਰੇਸ਼ਨ ਬਲਿਊ ਸਟਾਰ) ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਚਰਚਾ ਫਿਰ ਭਖ ਗਈ ਹੈ। ਮਾਰਗ੍ਰੇਟ ਥੈਚਰ ਸਰਕਾਰ ਦੀ ਉਪਰੇਸ਼ਨ ਬਲਿਊ ਸਟਾਰ ਵਿਚ ਭੂਮਿਕਾ ਸਬੰਧੀ ਫਾਈਲਾਂ ਮੁੜ ਜਨਤਕ ਕਰਨ ਦੀ ਗੱਲ ਤੁਰ ਪਈ ਹੈ। ਪੱਤਰਕਾਰ ਫਿਲ ਮਿੱਲਰ ਵੱਲੋਂ ਕੇ ਆਰ ਡਬਲਿਊ ਲਾਅ ਨੇ ਬ੍ਰਿਟਿਸ਼ ਟ੍ਰਿਬਿਊਨਲ ਸਾਹਮਣੇ ਇਹ ਮੰਗ ਰੱਖੀ ਹੈ।

ਫਰੀਡਮ ਆਫ ਇਨਫਾਰਮੇਸ਼ਨ ਦੀ ਬੇਨਤੀ ਉਤੇ ਯੂ ਕੇ ਦੀ ਕੈਬਨਿਟ ਦੀਆਂ ਉਸ ਸਮੇਂ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਹੁਣ ਤਾਂ ਇਸ ਦਾ ਡਿਪਲੋਮੇਸੀ ‘ਤੇ ਵੀ ਅਸਰ ਨਹੀਂ ਪਵੇਗਾ, ਕਿਉਂਕਿ ਇਹ ਕਹਾਣੀ ਬਹੁਤ ਪੁਰਾਣੀ ਹੋ ਚੁੱਕੀ ਹੈ। ਮਿੱਲਰ ਨੇ ਆਖਿਆ ਹੈ ਕਿ ਇਹ ਗੱਲ ਛੇਤੀ ਤੋਂ ਛੇਤੀ ਜਨਤਕ ਹੋਣੀ ਚਾਹੀਦੀ ਹੈ, ਕਿਉਂਕਿ ਸੂਚਨਾ ਦੇ ਅਧਿਕਾਰ ਜ਼ਰੀਏ ਇਹ ਮੰਗ ਉਠ ਰਹੀ ਹੈ। ਭਾਰਤ ਤੇ ਬਰਤਾਨੀਆ ਦੇ ਕਈ ਸਿਆਸਤਦਾਨ ਵੀ ਇਸ ਪੱਖ ਵਿਚ ਹਨ।
2014 ਵਿਚ ਯੂ ਕੇ ਸਰਕਾਰ ਨੇ ਇਸ ਸਬੰਧੀ ਆਪਣੇ ਕੁਝ ਦਸਤਾਵੇਜ਼ ਜਨਤਕ ਕੀਤੇ ਸਨ ਜਿਨ੍ਹਾਂ ‘ਚ ਸਾਹਮਣੇ ਆਇਆ ਸੀ ਕਿ ਬ੍ਰਿਟਿਸ਼ ਫੌਜ ਨੇ ਇਸ ਸਬੰਧੀ ਭਾਰਤੀ ਸੈਨਾ ਨੂੰ ਸਲਾਹ ਦਿੱਤੀ ਸੀ; ਖਾਸ ਕਰ ਕੇ ਸਪੈਸ਼ਲ ਏਅਰ ਸਰਵਿਸ ਸਬੰਧੀ ਇਹ ਸਲਾਹ ਦਿੱਤੀ ਗਈ ਸੀ। ਉਸ ਤੋਂ ਬਾਅਦ ਬਾਕੀ ਦੇ ਦਸਤਾਵੇਜ਼ ਰਿਲੀਜ਼ ਨਹੀਂ ਹੋਏ ਸਨ।
ਪੱਤਰਕਾਰ ਫਿਲ ਮਿੱਲਰ ਦਾ ਕਹਿਣਾ ਹੈ ਕਿ ਪੂਰੀ ਪਾਰਦਰਸ਼ਤਾ ਨਾਲ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਬਰਤਾਨੀਆ ਦਾ ਕੀ ਰੋਲ ਸੀ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਦੋਂ ਥੈਚਰ ਸਰਕਾਰ ਨੇ ਭਾਰਤ ਨੂੰ ਮਿਲਟਰੀ ਸਲਾਹਾਂ ਦੇਣ ਬਦਲੇ ਬਰਤਾਨੀਆ ਨੂੰ ਵਪਾਰ ਤੇ ਹਥਿਆਰ ਵੇਚਣ ਦੀਆਂ ਵੱਡੀਆਂ ਡੀਲਾਂ ਮਿਲੀਆਂ ਸਨ। ਯੂ ਕੇ ਕੈਬਨਿਟ ਲਗਾਤਾਰ ਇਹ ਕਹਿ ਕੇ ਫਾਈਲਾਂ ਜਨਤਕ ਕਰਨ ਦੀ ਗੱਲ ਨੂੰ ਰੱਦ ਕਰਦੀ ਆਈ ਹੈ ਕਿ ਇਸ ਨਾਲ ਭਾਰਤ ਤੇ ਬਰਤਾਨੀਆ ਦੇ ਕੌਮਾਂਤਰੀ ਸਬੰਧਾਂ ‘ਤੇ ਵੱਡਾ ਅਸਰ ਪਵੇਗਾ।