ਸੀਰੀਆ: ਅਤਿਵਾਦ ਵਿਰੋਧੀ ਕਾਰਵਾਈਆਂ ਬਹਾਨੇ ਮਨੁੱਖਤਾ ਦਾ ਘਾਣ

ਬੱਚੇ ਤੇ ਬੁੱਢੇ ਵੀ ਬਣੇ ਹਵਾਈ ਹਮਲਿਆਂ ਵਿਚ ਨਿਸ਼ਾਨਾ
ਹਾਮਾ: ਅਤਿਵਾਦੀ ਵਿਰੋਧੀ ਕਾਰਵਾਈਆਂ ਦੇ ਨਾਂ ‘ਤੇ ਸੀਰੀਆ ਵਿਚ ਕੀਤੇ ਜਾ ਰਹੇ ਹਵਾਈ ਹਮਲਿਆਂ ਨੇ ਮਨੁੱਖਤਾ ਦਾ ਰੂਹ ਕੰਬਾਊ ਘਾਣ ਕੀਤਾ ਹੈ। ਸਭ ਤੋਂ ਵੱਧ ਮਾਰ ਸੀਰੀਆ ਦੇ ਸ਼ਹਿਰ ਘੋਟਾ ਦੇ ਪੂਰਬੀ ਹਿੱਸੇ ਨੂੰ ਪਈ ਹੈ। ਇਹ ਇਲਾਕਾ ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਹੈ। ਇਥੇ ਚਾਰ ਲੱਖ ਲੋਕ ਹਰ ਪਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਵਾਈ ਹਮਲਿਆਂ ਨੇ ਸ਼ਹਿਰ ਨੂੰ ਕੰਕਰੀਟ ਵਿਚ ਬਦਲ ਦਿੱਤਾ ਹੈ। ਇਸੇ ਕਾਰਨ ਇਸ ਨੂੰ ਧਰਤੀ ਦਾ ਨਰਕ ਕਿਹਾ ਜਾਣ ਲੱਗਾ ਹੈ। ਸੀਰੀਆ ਵਿਚ ਪਿਛਲੇ ਅੱਠ ਸਾਲਾਂ ਤੋਂ ਘਰੇਲੂ ਜੰਗ ਚੱਲ ਰਹੀ ਹੈ।

ਘੋਟਾ ਸ਼ਹਿਰ ਵਿਦਰੋਹੀਆਂ ਦੇ ਕਬਜ਼ੇ ਦਾ ਆਖਰੀ ਸ਼ਹਿਰ ਹੈ। ਇਸ ਨੂੰ ਮਲੀਆਮੇਟ ਕਰਨ ਲਈ ਸੀਰੀਆ ਦੇ ਰਾਸ਼ਟਰਪਤੀ (ਜਿਸ ਨੂੰ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ) ਨੇ ਰੂਸ ਨਾਲ ਮਿਲ ਕੇ ਇਨਸਾਨੀਅਤ ਹੀ ਦਾਅ ‘ਤੇ ਲਾ ਦਿੱਤੀ। ਇਕ ਰਿਪੋਰਟ ਮੁਤਾਬਕ ਪਿਛਲੇ ਤਿੰਨਾਂ ਮਹੀਨਿਆਂ ਵਿਚ ਈਸਟਰਨ ਘੋਟਾ ਵਿਚ 850 ਲੋਕਾਂ ਨੇ ਜਾਨ ਗਵਾਈ ਹੈ, ਜਿਨ੍ਹਾਂ ਵਿਚ 185 ਬੱਚੇ, 109 ਔਰਤਾਂ ਸ਼ਾਮਲ ਹਨ। 104 ਸੁਕੇਅਰ ਕਿੱਲੋਮੀਟਰ ਵਿਚ ਫੈਲੇ ਚਾਰ ਲੱਖ ਲੋਕਾਂ ਵਾਲੇ ਇਸ ਸ਼ਹਿਰ ਵਿਚ ਅੱਧੀ ਆਬਾਦੀ ਸਿਰਫ ਬੱਚਿਆਂ ਦੀ ਹੈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਸਾਲ 2013 ਤੋਂ ਸੀਰੀਆ ਸ਼ਾਸਨ ਤੇ ਵਿਦਰੋਹੀਆਂ ਵਿਚ ਘੋਟਾ ਪੀਸਿਆ ਹੋਇਆ ਹੈ। ਹੁਣ ਤੱਕ ਹਾਲਤ ਇਹ ਹੈ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ ਕਈ ਸ਼ਹਿਰਾਂ ਤੋਂ ਵੀ ਮਾੜੀ ਸਥਿਤੀ ਹੋ ਰਹੀ ਹੈ।
ਸ਼ਹਿਰ ਵਿਚ ਨਾ ਤਾਂ ਦਵਾਈ ਹੈ ਤੇ ਨਾ ਹੀ ਖਾਣ ਨੂੰ ਸਾਮਾਨ ਬਚਿਆ ਹੈ। ਹੱਦ ਤਾਂ ਇਹ ਹੈ ਕਿ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 2017 ਵਿਚ ਰੂਸ ਤੇ ਇਰਾਨ ਨੇ ਰਜ਼ਾਮੰਦੀ ਜਤਾਈ ਸੀ ਕਿ ਇਸ ਇਲਾਕੇ ਵਿਚ ਹਿੰਸਾ ਤੋਂ ਦੂਰੀ ਬਣਾ ਕੇ ਰੱਖਣਗੇ ਪਰ ਬੀਤੀ 19 ਫਰਵਰੀ ਨੂੰ ਰੂਸੀ ਜਹਾਜ਼ਾਂ ਉਤੇ ਸਵਾਰ ਹੋ ਕੇ ਸੀਰੀਆਈ ਏਅਰਫੋਰਸ ਨੇ ਸ਼ਹਿਰ ਵਿਚ ਬੰਬਾਂ ਦਾ ਹੜ੍ਹ ਲਿਆ ਦਿੱਤਾ। ਜਾਣਕਾਰੀ ਮੁਤਾਬਕ ਇਨ੍ਹਾਂ ਬੰਬਾਂ ਵਿਚ ਬਤਕ ਮੋਰਟਰ, ਬੈਰਲ ਬੰਬ, ਕਲਸਟਰ ਬੰਬ ਤੇ ਬੰਕਰ ਤਬਾਹ ਕਰਨ ਵਾਲੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਹੈ। ਬੀਤੀ 25 ਫਰਵਰੀ ਨੂੰ ਸੰਯੁਕਤ ਰਾਸ਼ਟਰ ਵੱਲੋਂ 30 ਦਿਨਾਂ ਦੀ ਗੋਲੀਬੰਦੀ ਉਤੇ ਰੂਸ ਸਮੇਤ ਤਮਾਮ ਦੇਸ਼ਾਂ ਨੇ ਸਹਿਮਤੀ ਜਤਾਈ ਸੀ ਪਰ ਫਿਰ ਵੀ 26 ਫਰਵਰੀ ਤੋਂ ਸੀਰੀਆਈ ਫੌਜ ਕਬਜ਼ੇ ਲਈ ਅੱਗੇ ਵੱਧ ਰਹੀ ਹੈ। ਇਸ ਬੰਬਾਰੀ ਨਾਲ ਛੇ ਹਸਪਤਾਲ ਤੇ ਸ਼ਹਿਰ ਦੇ ਸਾਰੇ ਮੈਡੀਕਲ ਸੈਂਟਰ ਵੀ ਤਬਾਹ ਕਰ ਦਿੱਤੇ ਗਏ ਹਨ।
ਸੀਰੀਆ ਦੀ ਸਰਕਾਰੀ ਖਬਰ ਏਜੰਸੀ ਸਾਨਾ ਨੇ ਕਿਹਾ ਕਿ ਦੇਸ਼ ਦੇ ਪੂਰਬੀ ਡੇਰ ਅਲ-ਜੌਰ ਦੇ ਸ਼ੁਫੇਹ ਤੇ ਜੇਹਰਤ ਅਲੋਨੀ ਵਿਚ ਅਮਰੀਕਾ ਵੱਲੋਂ ਕੀਤੇ ਤਾਜ਼ਾ ਹਮਲੇ ਵਿਚ 29 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਫੱਟੜ ਹੋ ਗਏ। ਅਮਰੀਕਾ ਦੀ ਅਗਵਾਈ ਵਿਚ ਕੁਰਦਿਸ਼ ਲੋਕ ਵੀ ਸੰਗਠਿਤ ਹੋ ਕੇ ਆਈæਐਸ਼ ਨੂੰ ਯੂਫ੍ਰੇਟਸ ਨਦੀ ਤੋਂ ਪਿੱਛੇ ਧੱਕਣ ਦੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ। ਇਸ ਖੇਤਰ ਵਿਚ ਵੱਡੀ ਮਾਤਰਾ ਵਿਚ ਤੇਲ ਤੇ ਗੈਸ ਦੇ ਮੈਦਾਨ ਹਨ।
ਫਰਾਂਸ ਤੇ ਜਰਮਨੀ ਨੇ ਕਿਹਾ ਕਿ ਉਹ ਸੀਰੀਆ ਵਿਚ ਸੰਘਰਸ਼ ਦੀ ਸਮਾਪਤੀ ਲਈ ਰੂਸ ਤੇ ਆਪਣੇ ਯੂਰਪੀ ਸਹਿਯੋਗੀਆਂ ਨਾਲ ਕੰਮ ਕਰਨ ਲਈ ਤਿਆਰ ਹਨ।
_______________________
ਖਾਲਸਾ ਏਡ ਨੇ ਫੜੀ ਨਿਆਸਰਿਆਂ ਦੀ ਬਾਂਹ
ਦਮਿਸ਼ਕ: ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ ਵਿਚ ਸਰਕਾਰ ਵੱਲੋਂ ਬਾਗੀਆਂ ਦੇ ਖਾਤਮੇ ਦੇ ਬਹਾਨੇ ਸ਼ਹਿਰ ਵਾਸੀਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਪਿਛਲੇ ਤਕਰੀਬਨ ਦੋ ਹਫਤਿਆਂ ਵਿਚ ਹੋਏ ਬੰਬ ਧਮਾਕੇ ਵਿਚ 1000 ਦੇ ਕਰੀਬ ਮਨੁੱਖੀ ਜਾਨਾਂ ਗਈਆਂ ਹਨ। ਭਾਰੀ ਬੰਬਾਰੀ ਕਾਰਨ, ਵੱਸਦਾ ਸ਼ਹਿਰ ਕੰਕਰੀਟ ਦੀ ਢੇਰੀ ਬਣ ਚੁੱਕਾ ਹੈ। ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਾਲਤ ਇਹ ਹੈ ਕਿ ਬੰਬਾਰੀ ਨੇ ਜਿਥੇ ਲੋਕਾਂ ਦੇ ਖਾਣ ਦੇ ਵਸੀਲੇ ਤੇ ਹੈਲਥ ਸੈਂਟਰ ਤਬਾਹ ਕਰ ਦਿੱਤੇ ਹਨ। ਅਜਿਹੀ ਹਾਲਤ ਵਿਚ ਖਾਲਸਾ ਏਡ ਲੋਕਾਂ ਲਈ ਰੱਬ ਬਣ ਕੇ ਅੱਪੜਿਆ ਹੈ। ਖਾਲਸਾ ਏਡ ਇਸ ਖੂਨ ਖਰਾਬੇ ਵਿਚ ਸੀਰੀਆ ਦੇ ਲੋਕਾਂ ਦੀ ਮਦਦ ਲਈ ਆਇਆ ਹੈ।
ਸੰਸਥਾ ਵੱਲੋਂ ਲੋਕਾਂ ਨੂੰ ਬਚਾਉਣ ਲਈ ਮੁਫਤ ਸਿਹਤ ਸਹੂਲਤਾਂ ਤੇ ਭੋਜਨ ਦਿੱਤਾ ਜਾ ਰਿਹਾ ਹੈ। ਪੀੜਤ ਲੋਕਾਂ ਦੇ ਰਹਿਣ ਬਸੇਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਟਵੀਟਰ ਉਤੇ ਖਾਲਸਾ ਏਡ ਦੀ ਇਸ ਕਾਰਵਾਈ ਦੀ ਵੱਡੇ ਪੱਧਰ ਉਤੇ ਸ਼ਲਾਘਾ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਖਾਲਸਾ ਏਡ ਮਿਆਂਮਾਰ ਦੇ ਰੋਹੰਗਿਆ ਦੀ ਸਹਾਇਤਾ ਕਰਨ ਵਜੋਂ ਅੰਤਰਰਾਸ਼ਟਰੀ ਮੀਡੀਆ ਵਿਚ ਕਾਫੀ ਚਰਚਾ ਵਿਚ ਰਿਹਾ ਸੀ।
ਖਾਲਸਾ ਏਡ ਅੰਤਰਰਾਸ਼ਟਰੀ ਗੈਰ ਮੁਨਾਫਾ ਸਹਾਇਤਾ ਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਤੇ ਵਿਸ਼ਵ-ਵਿਆਪੀ ਪਿਆਰ ਉਤੇ ਅਧਾਰਤ ਹੈ। ਇਹ ਬਰਤਾਨਵੀ ਰਜਿਸਟਰਡ ਚੈਰਿਟੀ ਦੀ 1999 ਵਿਚ ਸਥਾਪਨਾ ਕੀਤੀ ਗਈ ਤੇ ਬਰਤਾਨੀਆ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ। ਇਹ ਨਿਰਸਵਾਰਥ ,ਉਤਰੀ ਅਮਰੀਕਾ ਤੇ ਏਸ਼ੀਆ ਵਿਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿਚ ਤਬਾਹੀ, ਯੁੱਧ ਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ।
___________________
ਰਾਹਤ ਕੈਂਪਾਂ ਵਿਚ ਔਰਤਾਂ ਨਾਲ ਧੱਕਾ
ਹਾਮਾ: ਸੀਰੀਆ ਦੇ ਰਾਹਤ ਕੈਂਪਾਂ ਵਿਚ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਕ ਨਿਊਜ਼ ਚੈਨਲ ਮੁਤਾਬਕ ਯੂæਐਨæਓæ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਮਦਦ ਭੇਜ ਰਹੇ ਮਰਦ ਰਾਹਤ ਕਰਮੀਆਂ ਵੱਲੋਂ ਔਰਤਾਂ ਨਾਲ ਸ਼ੋਸ਼ਣ ਕੀਤਾ ਗਿਆ ਹੈ। ਰਾਹਤ ਕਰਮੀਆਂ ਨੇ ਕਿਹਾ ਕਿ ਮਰਦ ਕਰਮੀ ਸੈਕਸ ਦੇ ਬਦਲੇ ਭੋਜਨ ਵੇਚਦੇ ਹਨ ਅਤੇ ਤਿੰਨ ਸਾਲ ਪਹਿਲਾਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਇਕ ਨਵੀਂ ਰਿਪੋਰਟ ਇਹ ਸਪੱਸ਼ਟ ਕਰਦੀ ਹੈ ਕਿ ਦੇਸ਼ ਦੇ ਦੱਖਣੀ ਹਿੱਸੇ ਵਿਚ ਇਹ ਸ਼ੋਸ਼ਣ ਹਾਲੇ ਵੀ ਜਾਰੀ ਹੈ। ਇਸੇ ਸਬੰਧੀ ਯੂæਐਨæਓæ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਕੰਮ ਕਰਦੇ ਸਹਿਯੋਗੀ ਸੰਗਠਨਾਂ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ। ਰਾਹਤ ਕਰਮੀਆਂ ਨੇ ਦੱਸਿਆ ਕਿ ਔਰਤਾਂ ਨਾਲ ਸ਼ੋਸ਼ਣ ਵੱਡੇ ਪੱਧਰ ਉਤੇ ਹੋ ਰਿਹਾ ਹੈ, ਜਿਸ ਕਾਰਨ ਸੀਰੀਆਈ ਔਰਤਾਂ ਖੁਰਾਕ ਵੰਡ ਕੇਂਦਰ ਜਾਣ ਤੋਂ ਇਨਕਾਰ ਕਰਦੀਆਂ ਹਨ। Ḕਵਾਇਸ ਫ੍ਰਾਮ ਸੀਰੀਆ 2018’ ਨਾਂ ਦੀ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਹੈ।