ਟਰੂਡੋ ਨੇ ਵੀ ਭਾਰਤ ਵਿਚ ‘ਠੰਢੇ ਸਵਾਗਤ’ ਵਿਚ ਸਾਜ਼ਿਸ਼ ਦੀ ਗੱਲ ਕਬੂਲੀ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਖਤਮ ਹੋਣ ਤੋਂ ਬਾਅਦ ਵੀ ਵਿਵਾਦ ਖਤਮ ਹੋਣ ਵਿਚ ਨਹੀਂ ਆ ਰਿਹਾ। ਭਾਰਤ ਸਰਕਾਰ ਵੱਲੋਂ ਅਣਗੌਲੇ ਅਤੇ ਠੰਢੇ ਸਵਾਗਤ ਦੇ ਮੁੱਦੇ ਉਤੇ ਟਰੂਡੋ ਨੇ ਇਸ ਦਾਅਵੇ ਦੀ ਹਮਾਇਤ ਕੀਤੀ ਹੈ ਕਿ ਖਾਲਿਸਤਾਨੀ ਜਸਪਾਲ ਅਟਵਾਲ ਨੂੰ ਦਿੱਲੀ ‘ਚ ਭਾਰਤੀ ਹਾਈ ਕਮਿਸ਼ਨਰ ਦੇ ਸਮਾਗਮ ਵਿਚ ਸੱਦਾ ਦੇਣ ਪਿੱਛੇ ਭਾਰਤ ਦੇ ਕੁਝ ਸਰਕਾਰੀ ਤੱਤਾਂ (ਸੁਰੱਖਿਆ ਏਜੰਸੀਆਂ) ਦਾ ਹੱਥ ਹੈ।

ਟਰੂਡੋ ਨੇ ਉਸ ਸੀਨੀਅਰ ਸਰਕਾਰੀ ਅਧਿਕਾਰੀ ਦਾ ਸਮਰਥਨ ਕੀਤਾ ਹੈ, ਜਿਸ ਨੇ ਦਾਅਵਾ ਕੀਤਾ ਕਿ ਰਾਤਰੀ ਭੋਜਨ ਵਿਚ ਖਾਲਿਸਤਾਨੀ ਅਟਵਾਲ ਦੀ ਮੌਜੂਦਗੀ ਭਾਰਤੀ ਸਰਕਾਰ ਦੇ ਧੜਿਆਂ ਵੱਲੋਂ ਉਨ੍ਹਾਂ ਦੀ (ਟਰੂਡੋ ਦੀ) ਭਾਰਤ ਫੇਰੀ ਨੂੰ ਸਾਬੋਤਾਜ਼ ਕਰਨ ਲਈ ਕਰਵਾਈ ਗਈ ਸੀ। ਭਾਰਤ ਦੀ 7 ਦਿਨਾਂ ਸਰਕਾਰੀ ਫੇਰੀ ਤੋਂ ਬਾਅਦ ਜਸਟਿਨ ਟਰੂਡੋ ਕੈਨੇਡਾ ਦੀ ਸੰਸਦ ਵਿਚ ਪ੍ਰਸ਼ਨ ਕਾਲ ਦੌਰਾਨ ਹਾਜ਼ਰ ਹੋਏ। ਟਰੂਡੋ ਨੂੰ ਜਸਪਾਲ ਅਟਵਾਲ ਨੂੰ ਮੁੰਬਈ ਤੇ ਦਿੱਲੀ ਵਿਚ ਰਿਸੈਪਸ਼ਨ ਪਾਰਟੀ ਦਾ ਸੱਦਾ ਦਿੱਤੇ ਜਾਣ ਦੇ ਮਾਮਲੇ ਵਿਚ ਵਿਰੋਧੀ ਧਿਰ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਟਰੂਡੋ ਦੇ ਇਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਸੀ ਕਿ ਭਾਰਤ ਸਰਕਾਰ ਦੇ ਇਕ ਹਿੱਸੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਸਾਬੋਤਾਜ਼ ਕਰਨ ਲਈ ਜਸਪਾਲ ਅਟਵਾਲ ਮਾਮਲੇ ਦੀ ਸਾਜਿਸ਼ ਘੜੀ ਸੀ, ਜਿਸ ਤਹਿਤ ਅਟਵਾਲ ਦਾ ਨਾਂ ਕਾਲੀ ਸੂਚੀ ‘ਚੋਂ ਹਟਾਇਆ ਗਿਆ ਤੇ ਭਾਰਤ ਦਾ ਵੀਜ਼ਾ ਦਿੱਤਾ ਗਿਆ। ਟਰੂਡੋ ਨੇ ਦੱਸਿਆ ਕਿ ਉਨ੍ਹਾਂ ਦੇ ਸੀਨੀਅਰ ਕੂਟਨੀਤਕ ਤੇ ਸੁਰੱਖਿਆ ਅਧਿਕਾਰੀ ਸਹੀ ਜਾਣਕਾਰੀ ਦੇ ਆਧਾਰ ‘ਤੇ ਹੀ ਕੁਝ ਆਖਦੇ ਹਨ, ਜਦ ਵਿਰੋਧੀ ਧਿਰ ਵੱਲੋਂ ਤਿੱਖੇ ਹਮਲਿਆਂ ਦੌਰਾਨ ਆਖਿਆ ਗਿਆ ਕਿ ਇਸ ਦਾ ਮਤਲਬ ਟਰੂਡੋ ਮੰਨਦੇ ਹਨ ਕਿ ਉਨ੍ਹਾਂ ਦੀ ਫੇਰੀ ਨੂੰ ਖਰਾਬ ਕਰਨ ਲਈ ਭਾਰਤ ਸਰਕਾਰ ਨੇ ਮਦਦ ਕੀਤੀ ਸੀ ਤਾਂ ਹਾਊਸ ਆਫ ਕਾਮਨਜ਼ (ਲੋਕ ਸਭਾ) ਵਿਚ ਮੌਜੂਦ ਟਰੂਡੋ ਭਾਵੇਂ ਮੰਨੇ ਤਾਂ ਨਹੀਂ, ਪਰ ਆਪਣੀ ਸੀਟ ਤੋਂ ਉਠ ਕੇ ਇਸ ਗੱਲ ਤੋਂ ਇਨਕਾਰ ਵੀ ਨਾ ਕੀਤਾ।
_____________________
ਟਰੂਡੋ ਦੇ ਬਿਆਨ ‘ਤੇ ਭਾਰਤ ਭੜਕਿਆ
ਨਵੀਂ ਦਿੱਲੀ: ਭਾਰਤ ਨੇ ਟਰੂਡੋ ਦੇ ਇਸ ਬਿਆਨ ‘ਤੇ ਸਖਤ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਸੀਂ (ਭਾਰਤ) ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਭਾਵੇਂ ਉਹ ਕੈਨੇਡਾ ਦੇ ਹਾਈ ਕਮਿਸ਼ਨਰ ਵੱਲੋਂ ਮੁੰਬਈ ਵਿਚ ਪ੍ਰੋਗਰਾਮ ਦਾ ਮਾਮਲਾ ਹੋਵੇ ਜਾਂ ਨਵੀਂ ਦਿੱਲੀ ‘ਚ ਕੈਨੇਡਾ ਹਾਈ ਕਮਿਸ਼ਨਰ ਦੇ ਪ੍ਰੋਗਰਾਮ ਦਾ ਸੱਦਾ ਦਿੱਤੇ ਜਾਣ ਦਾ ਮਾਮਲਾ ਹੋਵੇ, ਭਾਰਤ ਸਰਕਾਰ ਅਤੇ ਉਸ ਦੀਆਂ ਸੁਰੱਖਿਆ ਏਜੰਸੀਆਂ ਦਾ ਅਟਵਾਲ ਦੀ ਮੌਜੂਦਗੀ ਨਾਲ ਕੋਈ ਸਬੰਧ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਹ ਤਫਤੀਸ਼ ਕਰ ਰਿਹਾ ਹੈ ਕਿ ਜਸਪਾਲ ਅਟਵਾਲ ਨੂੰ ਭਾਰਤ ਦਾ ਵੀਜ਼ਾ ਕਿਵੇਂ ਮਿਲਿਆ ਅਤੇ ਕਿਸ ਤਰ੍ਹਾਂ ਉਸ ਨੂੰ ਟਰੂਡੋ ਦੇ ਪ੍ਰੋਗਰਾਮਾਂ ਵਿਚ ਜਾਣ ਦੀ ਇਜਾਜ਼ਤ ਮਿਲੀ।
_____________________________
ਟਰੂਡੋ ਫੇਰੀ: ਵਿਧਾਨ ਸਭਾ ਵਿਚ ਗੂੰਜੇਗਾ ਕੈਪਟਨ ਦੇ ਰਵੱਈਏ ਦਾ ਮੁੱਦਾ
ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਰਵੱਈਏ ਦਾ ਮੁੱਦਾ ਅਗਲੇ ਦਿਨੀਂ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਚੁੱਕੇਗੀ। Ḕਆਪ’ ਦੇ ਵਿਧਾਇਕ ਐਡਵੋਕੇਟ ਐਚæਐਸ਼ ਫੂਲਕਾ ਨੇ ਇਸ ਮਾਮਲੇ ‘ਤੇ ਵਿਧਾਨ ਸਭਾ ਵਿਚ ਮਤਾ ਪੇਸ਼ ਕਰਨ ਦੀ ਤਿਆਰੀ ਖਿੱਚ ਲਈ ਹੈ ਅਤੇ ਮਤਾ ਵਿਧਾਨ ਸਭਾ ਦੇ ਦਫਤਰ ਨੂੰ ਮੁਹੱਈਆ ਕਰ ਦਿੱਤਾ ਹੈ। ਮਤੇ ਵਿਚ ਕੈਪਟਨ ਸਰਕਾਰ ਉਤੇ ਗੰਭੀਰ ਦੋਸ਼ ਲਾਏ ਹਨ ਕਿ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਨੇਡਾ ਵੱਸਦੇ ਲੱਖਾਂ ਪੰਜਾਬੀਆਂ ਦੀਆਂ ਮੰਗਾਂ ਰੱਖਣ ਦੇ ਉਲਟ ਪਰਵਾਸੀਆਂ ਲਈ ਨਵੇਂ ਖਤਰੇ ਖੜ੍ਹੇ ਕੀਤੇ ਗਏ ਹਨ।
ਹਲਕਾ ਦਾਖਾ ਦੇ ਵਿਧਾਇਕ ਸ੍ਰੀ ਫੂਲਕਾ ਨੇ ਮਤੇ ਵਿਚ ਦੋਸ਼ ਲਾਇਆ ਹੈ ਕਿ ਟਰੂਡੋ ਦੀ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਬੇਸਮਝੀ ਵਾਲੇ ਵਤੀਰੇ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਹਰ ਸਾਲ 80 ਤੋਂ 90 ਹਜ਼ਾਰ ਪੰਜਾਬੀ ਪਰਵਾਸ ਕਰਦੇ ਹਨ। ਇਨ੍ਹਾਂ ਵਿਚੋਂ 40 ਤੇ 50 ਹਜ਼ਾਰ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ੇ ਦੇ ਆਧਾਰ ਉਤੇ ਕੈਨੇਡਾ ਜਾ ਕੇ ਆਪਣਾ ਭਵਿੱਖ ਸੰਵਾਰਨ ਦਾ ਸੁਪਨਾ ਲੈਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਪਟਨ ਸਰਕਾਰ ਦਾ ਰਵੱਈਆ ਕੈਨੇਡਾ ਵਿਚ ਪਰਵਾਸ ਕਰ ਗਏ ਜਾਂ ਪਰਵਾਸ ਕਰਨ ਲਈ ਯਤਨਸ਼ੀਲ ਪੰਜਾਬੀਆਂ ਉਤੇ ਮਾੜਾ ਅਸਰ ਪਾ ਸਕਦਾ ਹੈ।