ਕੈਨੇਡੀਅਨ ਸਿੱਖਾਂ ਦੀ ਇਕਜੁਟਤਾ ਰੰਗ ਲਿਆਈ

ਵਿਵਾਦਤ ਮਤੇ ਤੋਂ ਪਿੱਛੇ ਹਟੇ ਕੰਜਰਵੇਟਿਵ ਆਗੂ
ਟੋਰਾਂਟੋ: ਕੈਨੇਡਾ ਵਸਦੇ ਸਿੱਖ ਭਾਈਚਾਰੇ ਦੀ ਏਕਤਾ ਤੇ ਇਕਜੁਟਤਾ ਸਦਕਾ ਦੇਸ਼ ਦੀ ਸੰਸਦ ਵਿਚ ਵਿਰੋਧੀ ਧਿਰ, ਕੰਜਰਵੇਟਿਵ ਪਾਰਟੀ ਦੇ ਆਗੂਆਂ ਨੂੰ ਆਪਣਾ ਇਕ ਬੇਤੁਕਾ ਫੈਸਲਾ ਬਦਲਣਾ ਪਿਆ। ਪਾਰਟੀ ਦੇ ਸੰਸਦ ਮੈਂਬਰ ਏਰਿਨ ਓਤੂਲੇ ਅਤੇ ਉਸ ਦੇ ਇਕ ਸਾਥੀ ਮੈਂਬਰ ਨੇ ਇਕ ਮਤਾ ਪੇਸ਼ ਕਰਨ ਦਾ ਐਲਾਨ ਕੀਤਾ ਸੀ, ਜਿਸ ‘ਚ ਕੈਨੇਡੀਅਨ ਸਿੱਖਾਂ ਅਤੇ ਭਾਰਤੀ ਮੂਲ ਦੇ ਲੋਕਾਂ ਵੱਲੋਂ ਦੇਸ਼ ਦੇ ਵਿਕਾਸ ਵਿਚ ਪਾਏ ਯੋਗਦਾਨ ਦੀ ਤਾਂ ਸ਼ਲਾਘਾ ਕੀਤੀ ਜਾਣੀ ਸੀ ਪਰ

ਖਾਲਿਸਤਾਨੀਆਂ ਨੂੰ ਵਡਿਆਉਣ ਵਾਲੀਆਂ ਸਰਗਰਮੀਆਂ ਦੀ ਨਿੰਦਾ ਕੀਤੀ ਜਾਣੀ ਸੀ। ਅਜਿਹੇ ਵਿਵਾਦਤ ਮਤੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡੀਅਨ ਸਿੱਖ ਅਤੇ ਸੰਸਥਾਵਾਂ ਇਕਦਮ ਸਰਗਰਮ ਹੋਈਆਂ ਅਤੇ ਕੰਜਰਵੇਟਿਵ ਪਾਰਟੀ ਦੇ ਵਿਰੋਧ ਦੀ ਇਕ ਅਜਿਹੀ ਲਹਿਰ ਖੜ੍ਹੀ ਕਰ ਦਿੱਤੀ ਕਿ ਪਾਰਟੀ ਆਪਣਾ ਫੈਸਲਾ ਬਦਲਣ ਵਾਸਤੇ ਮਜਬੂਰ ਹੋ ਗਈ।
ਸਿੱਖ ਆਗੂਆਂ ਦਾ ਤਰਕ ਸੀ ਕਿ ਮਤੇ ਦੀ ਸ਼ਬਦਾਵਲੀ ਨਾਲ ਕੈਨੇਡਾ ‘ਚ ਸਿੱਖ ਕੌਮ ਨੂੰ (ਅਤਿਵਾਦ ਦੇ ਸਮਰਥਕ ਵਜੋਂ) ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਂਜ ਕੈਨੇਡਾ ਦੀ ਸੰਸਦ ‘ਚ ਸੱਤਾਧਾਰੀ ਲਿਬਰਲ ਪਾਰਟੀ ਦਾ ਬਹੁਮਤ ਹੈ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐਨæਡੀæਪੀæ) ਨੇ ਵੀ ਇਸ ਮਾਮਲੇ ‘ਚ ਸਿੱਖ ਕੌਮ ਦੇ ਨਾਲ ਖੜ੍ਹਨਾ ਸੀ, ਜਿਸ ਕਰ ਕੇ ਇਹ ਵਿਵਾਦਤ ਮਤਾ ਕਿਸੇ ਸਿਰੇ ਨਹੀਂ ਲੱਗ ਸਕਣਾ ਸੀ। ਹੋਰ ਕਈ ਸਿੱਖ ਆਗੂਆਂ ਵਾਂਗ ਕੈਨੇਡੀਅਨ ਸਿੱਖ ਐਸੋਸੀਏਸ਼ਨ ਅਤੇ ਉਂਟਾਰੀਓ ਖਾਲਸਾ ਦਰਬਾਰ (ਡਿਕਸੀ ਰੋਡ ਗੁਰਦੁਆਰਾ ਸਾਹਿਬ), ਮਿਸੀਸਾਗਾ ਦੇ ਆਗੂਆਂ ਨੇ ਕੰਜਰਵੇਟਿਵ ਪਾਰਟੀ ਦੀ ਲੀਡਰਸ਼ਿਪ ਤੱਕ ਕੌਮ ਦੀਆਂ ਭਾਵਨਾਵਾਂ ਨੂੰ ਲਿਖਤੀ ਤੌਰ ਉਤੇ ਉਠਾਇਆ। ਹੁਣ ਐਮæਪੀæ ਓਤੂਲੇ ਨੇ ਕਿਹਾ ਹੈ ਕਿ ਮਤਾ (ਜੋ ਅਜੇ ਹਾਊਸ ਦੇ ਨੋਟਿਸ ਪੇਪਰ ‘ਤੇ ਦਰਜ ਹੈ) ਲਿਆਉਣ ਦਾ ਫੈਸਲਾ ਰੱਦ ਨਹੀਂ ਕੀਤਾ ਗਿਆ ਪਰ ਪਾਰਟੀ ਲੋਕਾਂ ਦੀ ਆਵਾਜ਼ ਸੁਣ ਰਹੀ ਹੈ ਜਿਸ ਮੁਤਾਬਕ ਮਤੇ ‘ਚ ਸੁਧਾਈ ਕੀਤੀ ਜਾਵੇਗੀ ਅਤੇ ਕਿਸੇ ਦਾ ਦਿਲ ਦੁਖਾਉਣ ਵਾਲੀ ਸ਼ਬਦਾਵਲੀ ਨਹੀਂ ਵਰਤੀ ਜਾਵੇਗੀ।
ਉਨ੍ਹਾਂ ਆਖਿਆ ਕਿ ਕਈ ਵਿਅਕਤੀਆਂ ਨੇ ਮਤੇ ਨੂੰ ਰਾਜਨੀਤਕ ਰੰਗਤ ਦੇ ਕੇ ਪ੍ਰਚਾਰ ਦਿੱਤਾ ਹੈ। ਕੈਨੇਡੀਅਨ ਸਿੱਖ ਐਸੋਸੀਏਸ਼ਨ ਦੇ ਬੁਲਾਰੇ ਸੁਖਪਾਲ ਸਿੰਘ ਟੁੱਟ ਨੇ ਕਿਹਾ ਕਿ ਸਿੱਖ ਕੌਮ ਕੈਨੇਡਾ ਦੇ ਰਾਜਨੀਤਕਾਂ ਤੋਂ ਬਿਹਤਰ ਕਾਰਗੁਜ਼ਾਰੀ ਦੀ ਆਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਤੇ ਦੀ ਗੱਲ ਕਰਨ ਵਾਲੀ ਕੰਜਰਵੇਟਿਵ ਪਾਰਟੀ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਂਟਾਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਕੰਜਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਰ ਨੂੰ ਭੇਜੀ ਚਿੱਠੀ ‘ਚ ਲਿਖਿਆ ਕਿ ਅਸੀਂ ਹਿੰਸਕ ਅਤਿਵਾਦ ਅਤੇ ਦਹਿਸ਼ਤਵਾਦ ਦੀ ਕਿਸੇ ਤਰ੍ਹਾਂ ਹਮਾਇਤ ਨਹੀਂ ਕਰਦੇ ਅਤੇ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ‘ਚ ਖਾਲਿਸਤਾਨ ਨਾਲ ਸਬੰਧਿਤ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ। ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਜੇਕ ਇਨਰਾਈਟ ਨੇ ਕਿਹਾ ਕਿ ਪਾਰਟੀ ਅਖੰਡ ਭਾਰਤ ਦਾ ਸਮਰਥਨ ਕਰਦੀ ਹੈ ਅਤੇ ਹਾਊਸ ‘ਚ ਇਹ ਗੱਲ ਕਰਨ ਵਿਚ ਕੋਈ ਹਰਜ ਨਹੀਂ।