ਆਸਕਰ: ‘ਦਿ ਸ਼ੇਪ ਆਫ ਵਾਟਰ’ ਬਣੀ ਸਰਵੋਤਮ ਫਿਲਮ

ਲਾਸ ਏਂਜਲਸ: ਇਥੇ 90ਵੇਂ ਆਸਕਰ ਪੁਰਸਕਾਰਾਂ ਦੇ ਐਲਾਨ ਮੌਕੇ ਫਿਲਮ 2018 ਆਸਕਰ ਵਿਚ Ḕਦਿ ਸ਼ੇਪ ਆਫ ਵਾਟਰ’ ਨੂੰ ਸਰਵੋਤਮ ਪੁਰਸਕਾਰ ਮਿਲਿਆ। ਫਿਲਮ ਨੇ ਗਿਲਿਯੇਰਮੋ ਦੇਲ ਤੋਰੋ ਨੂੰ ਉਸ ਦਾ ਪਹਿਲਾ ਆਸਕਰ ਜਿੱਤਣ ਦਾ ਮੌਕਾ ਵੀ ਦਿੱਤਾ। ਗਿਲਿਯੇਰਮੋ ਦੇਲ ਤੋਰੋ ਨੂੰ ਸਰਵੋਤਮ ਨਿਰਦੇਸ਼ਕ ਦਾ ਇਨਾਮ ਮਿਲਿਆ ਹੈ। ਪਿਛਲੇ ਪੰਜ ਸਾਲ ਵਿਚ ਕਿਸੇ ਮੈਕਸੀਕੋ ਵਾਸੀ ਨੂੰ ਚੌਥਾ ਆਸਕਰ ਮਿਲਿਆ ਹੈ।

ਅਦਾਕਾਰ ਗੈਰੀ ਓਲਡਮੈਨ ਨੂੰ Ḕਡਾਰਕੇਸਟ ਆਵਰ’ ਵਿਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਭੂਮਿਕਾ ਲਈ ਸਰਵੋਤਮ ਅਦਾਕਾਰ ਦਾ ਇਨਾਮ ਮਿਲਿਆ। ਇਸੇ ਤਰ੍ਹਾਂ Ḕਥ੍ਰੀ ਬਿਲਬੋਰਡਜ਼ ਆਊਟਸਾਈਡ ਐਬਿੰਗ ਮਿਸੌਰੀ’ ਲਈ ਫਰੈਸਜ਼ ਮੈਕਡੌਰਮੈਂਡ ਨੂੰ ਸਰਵੋਤਮ ਅਦਾਕਾਰਾ ਵਜੋਂ ਆਸਕਰ ਮਿਲਿਆ। ਇਹ 60 ਸਾਲਾ ਅਦਾਕਾਰਾ ਦਾ ਦੂਜਾ ਆਸਕਰ ਹੈ।
ਅਦਾਕਾਰ ਸੈਮ ਰਾਕਵੇਲ ਨੂੰ ਨਿਰਦੇਸ਼ਕ ਮਾਰਟਿਨ ਮੈਕਡੋਨਘ ਦੀ Ḕਥ੍ਰੀ ਬਿਲਬੋਰਡਜ਼ ਆਊਟਸਾਈਡ ਏਬਿੰਗ ਮਿਸੌਰੀ’ ਵਿਚ ਬਿਹਤਰੀਨ ਅਦਾਕਾਰੀ ਲਈ ਆਸਕਰ ਵਿਚ ਸਰਵੋਤਮ ਸਹਿ ਕਲਾਕਾਰ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਸ਼੍ਰੇਣੀ ਵਿਚ ਅਦਾਕਾਰਾ ਏਲੀਸਨ ਜੈਨੀ ਨੂੰ Ḕਆਈ ਟੋਨਿਆ’ ਲਈ ਪੁਰਸਕਾਰ ਦਿੱਤਾ ਗਿਆ। ਇਸ 58 ਸਾਲਾ ਅਦਾਕਾਰਾ ਨੂੰ ਪਹਿਲੀ ਵਾਰ ਇਸੇ ਸ਼੍ਰੇਣੀ ਵਿਚ ਚੁਣਿਆ ਗਿਆ ਸੀ। ਡਿਜ਼ਨੀ ਪਿਕਚਰ ਦੀ Ḕਕੋਕੋ’ ਨੂੰ ਸਰਵੋਤਮ ਐਨੀਮੇਟਿਡ ਫੀਚਰ ਫਿਲਮ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ।
ਜਾਰਡਨ ਪਿਲੇ ਨੇ ਫਿਲਮ Ḕਗੇਟ ਆਊਟ’ ਲਈ ਸਰਵੋਤਮ ਮੂਲ ਲੇਖਕ ਸ਼੍ਰੇਣੀ ਵਿਚ ਪੁਰਸਕਾਰ ਹਾਸਲ ਕੀਤਾ। ਅਦਾਕਾਰ ਤੋਂ ਨਿਰਦੇਸ਼ਕ ਬਣੇ ਪਿਲੇ ਦਾ ਇਹ ਪਹਿਲਾ ਅਕਾਦਮੀ ਪੁਰਸਕਾਰ ਹੈ। ਹਾਰਰ (ਡਰਾਵਨੀ) ਫਿਲਮ ਲਈ ਉਸ ਦੀ ਸਰਵੋਤਮ ਨਿਰਦੇਸ਼ਕ ਸ਼੍ਰੇਣੀ ਵਿਚ ਚੋਣ ਕੀਤੀ ਗਈ। ਉਸ ਨੇ ਕਿਹਾ ਕਿ ਉਸ ਨੇ ਫਿਲਮ ਵਿਚ ਤਕਰੀਬਨ 20 ਵਾਰ ਲਿਖਣਾ ਛੱਡ ਦਿੱਤਾ ਕਿਉਂਕਿ ਉਸ ਨੂੰ ਲੱਗਿਆ ਕਿ ਇਹ ਸੰਭਵ ਨਹੀਂ ਹੈ, ਪਰ ਉਸ ਨੇ ਹਾਰ ਨਹੀਂ ਮੰਨੀ। ਆਸਕਰ ਵਿਚ ਚਿੱਲੀ ਦੀ Ḕਏ ਫੈਨਟਾਸਟਿਕ ਵਿਮੈਨ’ ਨੂੰ ਵਿਦੇਸ਼ੀ ਭਾਸ਼ਾ ਦੀ ਸਰਵੋਤਮ ਫਿਲਮ ਚੁਣਿਆ ਗਿਆ। ਇਹ ਪੁਰਸਕਾਰ ਨਿਰਦੇਸ਼ਕ ਸੇਬਸਟਨ ਲੇਲਿਓ ਨੇ ਪ੍ਰਾਪਤ ਕੀਤਾ ਅਤੇ ਆਪਣੇ ਦੋਸਤਾਂ ਅਤੇ ਕਲਾਕਾਰਾਂ ਦਾ ਸ਼ੁਕਰੀਆ ਅਦਾ ਕੀਤਾ। Ḕਏ ਫੈਨਟਾਸਟਿਕ ਵਿਮੈਨ’ ਨੇ ਇਸ ਸ਼੍ਰੇਣੀ ਵਿਚ Ḕਦਿ ਇੰਸਲਟ’ (ਲਿਬਨਾਨ) Ḕਲਵਲੇਸ’ (ਰੂਸ), Ḕਆਨ ਬਾਡੀ ਐਂਡ ਸੋਲ (ਹੰਗਰੀ) ਅਤੇ Ḕਦ ਸਕੁਆਇਰ’ (ਸਵੀਡਨ) ਨੂੰ ਮਾਤ ਦਿੱਤੀ।
ਭਾਰਤੀ ਕਲਾਕਾਰ ਅਲੀ ਫ਼ਜ਼ਲ ਦੀ ਫਿਲਮ Ḕਵਿਕਟੋਰੀਆ ਐਂਡ ਅਬਦੁਲ’ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਨਿਰਦੇਸ਼ਕ ਸਟੀਫਲ ਫਰੇਅਸਜ਼ ਨੂੰ ਫਿਲਮ ਦੇ 90ਵੇਂ ਅਕਾਦਮੀ ਅਵਾਰਡਜ਼ ਲਈ ਦੋ ਨਾਂਮਾਕਣ ਮਿਲੇ ਸਨ।
ਰਿਸ਼ੀ ਕਪੂਰ, ਵਿੱਦਿਆ ਬਾਲਨ ਤੇ ਵਰੁਣ ਧਵਨ ਵਰਗੀਆਂ ਬਾਲੀਵੁੱਡ ਹਸਤੀਆਂ ਨੇ ਮਰਹੂਮ ਭਾਰਤੀ ਅਦਾਕਾਰਾਂ ਸ਼ਸ਼ੀ ਕਪੂਰ ਤੇ ਸ੍ਰੀਦੇਵੀ ਨੂੰ ਆਸਕਰ ਸਮਾਗਮ-2018 ‘ਚ ਸ਼ਰਧਾਂਜਲੀ ਦਿੱਤੇ ਜਾਣ ਉਤੇ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸ ਦਾ ਧੰਨਵਾਦ ਕੀਤਾ ਹੈ।