ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ: ਪੰਜਾਬ ਦੀ ਧੀ ਨੇ ਵਧਾਇਆ ਮਾਣ

ਸੋਨੇ ਦਾ ਤਗਮਾ ਜਿੱਤ ਕੇ ਸਿਰਜਿਆ ਇਤਿਹਾਸ
ਬਿਸ਼ਕੇਕ: ਪੰਜਾਬ ਦੀ ਨਵਜੋਤ ਕੌਰ ਨੇ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿਚ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ। ਏਸ਼ਿਆਈ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਪਹਿਲਵਾਨ ਬਣ ਗਈ ਹੈ। ਉਸ ਨੇ 65 ਕਿਲੋਗ੍ਰਾਮ ਭਾਰ ਵਰਗ ਵਿਚ ਆਪਣੀ ਵਿਰੋਧੀ ਪਹਿਲਵਾਨ ਜਾਪਾਨ ਦੀ ਮਾਇਯੂ ਇਮਾਈ ਨੂੰ 9-1 ਅੰਕਾਂ ਨਾਲ ਹਰਾ ਦਿੱਤਾ। ਨਵਜੋਤ ਕੌਰ ਤਰਨ ਤਾਰਨ ਦੇ ਪਿੰਡ ਬਾਗੜੀਆਂ ਦੀ ਰਹਿਣ ਵਾਲੀ ਹੈ।

ਇਸ ਪਹਿਲਵਾਨ ਦੀ ਕਾਬਲੀਅਤ ਦਾ ਜਦੋਂ ਪੰਜਾਬ ਸਰਕਾਰ ਨੇ ਕੋਈ ਮੁੱਲ ਨਾ ਪਾਇਆ ਤਾਂ ਉਹ ਭਾਰਤੀ ਰੇਲਵੇ ਵਿਚ ਤਿੰਨ ਸਾਲ ਪਹਿਲਾਂ ਸੀਨੀਅਰ ਕਲਰਕ ਭਰਤੀ ਹੋ ਗਈ। ਉਹ ਅੰਮ੍ਰਿਤਸਰ ਵਿਚ ਤਾਇਨਾਤ ਹੈ। ਨਵਜੋਤ ਨੇ ਛੇਵੀਂ ਵਿਚ ਪੜ੍ਹਦਿਆਂ ਕੁਸ਼ਤੀ ਸ਼ੁਰੂ ਕੀਤੀ ਸੀ। ਉਸ ਦੀ ਵੱਡੀ ਭੈਣ ਨਵਜੀਤ ਨੂੰ ਸੱਟ ਲੱਗਣ ਕਾਰਨ ਕੁਸ਼ਤੀ ਨਾਲ ਮੋਹ ਛੱਡਣਾ ਪਿਆ ਸੀ। ਉਸ ਨੇ 2014 ਵਿਚ ਰਾਸ਼ਟਰ ਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ ਤੇ ਪਿੱਠ ਵਿਚ ਸੱਟ ਲੱਗਣ ਕਾਰਨ ਮਜਬੂਰੀ ਵਿਚ ਕੁਸ਼ਤੀ ਛੱਡ ਦਿੱਤੀ ਸੀ।
2016 ਵਿਚ ਉਹ ਰੀਓ ਓਲੰਪਿਕ ਵਿਚ ਹਿੱਸਾ ਨਾ ਲੈ ਸਕੀ। ਠੀਕ ਹੋਣ ਬਾਅਦ ਉਸ ਨੇ 67 ਕਿੱਲੋ ਤੋਂ 65 ਕਿਲੋਗ੍ਰਾਮ ਵਿਚ ਆਪਣੀ ਕਿਸਮਤ ਅਜ਼ਮਾਈ ਪਰ ਉਹ ਟਰਾਇਲਾਂ ਵਿਚ ਹਾਰ ਗਈ ਤੇ ਭਾਰਤੀ ਟੀਮ ਦੀ ਮੈਂਬਰ ਨਾ ਬਣ ਸਕੀ।
______________________
ਨਵਜੋਤ ਨੂੰ ਆਪਣੀ ਸਫਲਤਾ ‘ਤੇ ਫ਼ਖ਼ਰ
ਉਤਸ਼ਾਹ ਨਾਲ ਭਰੀ ਨਵਜੋਤ ਨੇ ਕਿਹਾ ਕਿ ਇਹ ਮੇਰੇ ਜੀਵਨ ਦਾ ਵੱਡਾ ਦਿਨ ਹੈ। ਪਿਛਲੇ ਚਾਰ ਸਾਲ ਵਿਚ ਮੇਰੀ ਕੋਈ ਪ੍ਰਾਪਤੀ ਨਹੀਂ ਸੀ। ਹੁਣ ਮੈਂ 2020 ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਦੀ ਚਾਹਵਾਨ ਹਾਂ। ਨਵਜੋਤ 2007 ਤੋਂ 2009 ਤੱਕ ਤਿੰਨ ਵਾਰ ਜੂਨੀਅਰ ਨੈਸ਼ਨਲ ਚੈਂਪੀਅਨ ਵੀ ਰਹੀ ਹੈ।
ਉਸ ਨੇ 2009 ਵਿਚ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ। 2013 ਵਿਚ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਤੇ 2014 ਰਾਸ਼ਟਰ ਮੰਡਲ ਖੇਡਾਂ ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ।
_________________________
ਕ੍ਰਿਕਟਰ ਹਰਮਨਦੀਪ ਬਣੀ ਡੀæਐਸ਼ਪੀæ
ਚੰਡੀਗੜ੍ਹ: ਕ੍ਰਿਕਟਰ ਹਰਮਨਦੀਪ ਕੌਰ ਪੰਜਾਬ ਪੁਲਿਸ ਵਿਚ ਡੀæਐਸ਼ਪੀæ ਬਣ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀæਜੀæਪੀæ ਸੁਰੇਸ਼ ਕੁਮਾਰ ਨੇ ਹਰਮਨਦੀਪ ਦੀ ਵਰਦੀ ਉਤੇ ਸਟਾਰ ਲਾਏ। ਕੈਪਟਨ ਅਮਰਿੰਦਰ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਦਰਅਸਲ, ਹਰਮਨ ਦੀ ਨਿਯੁਕਤੀ ‘ਚ ਰੇਲਵੇ ਨੇ ਅੜਿੱਕਾ ਲਾਇਆ ਸੀ ਪਰ ਪਿਛਲੇ ਹਫਤੇ ਰੇਲਵੇ ਵਿਭਾਗ ਨੇ ਨੌਕਰੀ ਛੱਡਣ ਤੋਂ ਪਹਿਲਾਂ 27 ਲੱਖ ਰੁਪਏ ਦਾ ਬਾਂਡ ਭਰਨ ਦੀ ਸ਼ਰਤ ਖਤਮ ਕਰ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ 27 ਲੱਖ ਰੁਪਏ ਦੀ ਸ਼ਰਤ ਹਟਵਾਉਣ ਲਈ ਕਾਫੀ ਜ਼ੋਰ ਲਾਇਆ ਸੀ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਮੰਨੀ-ਪ੍ਰਮੰਨੀ ਕ੍ਰਿਕਟਰ ਪੰਜਾਬ ਪੁਲਿਸ ਦਾ ਹਿੱਸਾ ਬਣੀ ਹੈ। ਉਨ੍ਹਾਂ ਕਿਹਾ ਕਿ ਹਰਮਨ ‘ਚ ਬਹੁਤ ਆਤਮ ਵਿਸ਼ਵਾਸ ਹੈ ਤੇ ਉਸ ਦੇ ਵਿਭਾਗ ‘ਚ ਆਉਣ ਨਾਲ ਵਿਭਾਗ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵਿਭਾਗ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਹਰਮਨਦੀਪ ਕੌਰ ਕ੍ਰਿਕਟ ਦੀ ਮੰਨੀ ਪ੍ਰਮੰਨੀ ਖਿਡਾਰੀ ਹੈ ਤੇ ਉਸ ਨੇ ਵਿਸ਼ਵ ਕਿਕਟ ਕੱਪ ਵਿਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ।