ਕੈਪਟਨ ਦੀ ਵਾਅਦਾਖਿਲਾਫੀ ‘ਤੇ ਕਾਂਗਰਸੀ ਵਿਧਾਇਕ ਹੀ ਔਖੇ

ਚੰਡੀਗੜ੍ਹ: ਆਪਣੇ ਸ਼ਾਸਨ ਦਾ ਪਹਿਲਾ ਵਰ੍ਹਾ ਪੂਰਾ ਕਰਨ ਜਾ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਕਾਂਗਰਸੀ ਵਿਧਾਇਕ ਹੀ ਔਖੇ ਹਨ। ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਪਿੱਛੇ ਹਟਣ ਕਾਰਨ ਕਾਂਗਰਸੀ ਵਿਧਾਇਕਾਂ ਤੇ ਸੀਨੀਅਰ ਆਗੂਆਂ ਨੇ ਮੁੱਖ ਮੰਤਰੀ ਕੋਲ ਡਾਢੇ ਗਿਲੇ ਕੀਤੇ ਹਨ। ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਵਿਚ ਆਇਆਂ ਇਕ ਸਾਲ ਪੂਰਾ ਹੋਣ ਵਾਲਾ ਹੈ ਅਤੇ ਇਕ ਸਾਲ ਵਿਚ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ।

ਗੁੰਡਾ ਟੈਕਸ ਤੋਂ ਲੈ ਕੇ ਰੇਤ ਮਾਫੀਆ ਤੱਕ ਹਰ ਤਰ੍ਹਾਂ ਦੇ ਮਾਫੀਆ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਲੋਕ ਪੱਖੀ ਬਜਟ ਪੇਸ਼ ਕਰਨਾ ਚਾਹੀਦਾ ਹੈ ਜਿਸ ਵਿਚ ਚੋਣ ਵਾਅਦੇ ਪੂਰੇ ਕਰਨ ਦੀ ਝਲਕ ਮਿਲਦੀ ਹੋਵੇ ਤਾਂ ਜੋ ਅਗਲੇ ਸਾਲ ਲੋਕ ਸਭਾ ਚੋਣਾਂ ਦਾ ਡੱਟ ਕੇ ਸਾਹਮਣਾ ਕੀਤਾ ਜਾ ਸਕੇ। ਬਜਟ ਤੋਂ ਪਹਿਲਾਂ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਪੈਨਸ਼ਨਾਂ, ਦਲਿਤਾਂ ਅਤੇ ਪਛੜੀਆਂ ਜਾਤਾਂ ਲਈ ਭਲਾਈ ਸਕੀਮਾਂ ਲਈ ਗਰਾਂਟਾਂ ਦੇਣ ਅਤੇ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦੇ ਵੀ ਮੁੱਦੇ ਉਠਾਏ।
ਕੈਪਟਨ ਅਮਰਿੰਦਰ ਸਿੰਘ ਦੇ ਜਰਨੈਲਾਂ ਦੀ ਜਨਤਾ ਉਪਰ ਟੈਕਸ ਲਾਉਣ ਦੇ ਮਾਮਲੇ ਵਿਚ ਵੱਖ-ਵੱਖ ਰਾਇ ਹੈ। ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਜਿਥੇ ਟੈਕਸ ਨਾ ਲਾਏ ਜਾਣ ਦੀ ਗੱਲ ਕਹਿ ਰਹੇ ਹਨ, ਉਥੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਟੈਕਸ ਤਾਂ ਲੱਗਣਗੇ ਹੀ। ਵੇਰਕਾ ਨੇ ਕਿਹਾ ਹੈ ਕਿ ਬਜਟ ਤੋਂ ਬਾਅਦ ਕਈ ਖੇਤਰਾਂ ਵਿਚ ਟੈਕਸ ਲੱਗੇਗਾ। ਇਹ ਟੈਕਸ ਉਥੇ ਲੱਗੇਗਾ ਜਿਥੇ ਲੋਕਾਂ ਉਤੇ ਜ਼ਿਆਦਾ ਬੋਝ ਨਾ ਪਵੇ। ਰਾਜ ਦੀ ਆਮਦਨ ਵਧਾਉਣ ਲਈ ਹੀ ਟੈਕਸ ਲਾਇਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਸੀ ਕਿ ਪੰਜਾਬ ਦਾ ਖਾਲੀ ਖਜ਼ਾਨਾ ਭਰਾਂਗੇ ਪਰ ਟੈਕਸ ਨਹੀਂ ਲਾਵਾਂਗੇ। ਹੋਰ ਸਾਧਨਾਂ ਨਾਲ ਖਜ਼ਾਨਾ ਭਰਨ ਦੇ ਯਤਨ ਕਰ ਰਹੇ ਹਾਂ। ਵੇਰਕਾ ਨੇ ਕਿਹਾ ਕਿ ਗੁੰਡਾ ਟੈਕਸ ‘ਤੇ ਕੈਪਟਨ ਨੇ ਪਹਿਲਾਂ ਹੀ ਸਖਤ ਹਦਾਇਤ ਦਿੱਤੀ ਹੈ ਤੇ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ।
ਮੀਟਿੰਗ ਵਿਚ ਪੁੱਜੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਆਪਣੀ ਹੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਗਿਆ। ਉਨ੍ਹਾਂ ਕਿਹਾ ਹੈ ਕਿ ਸਰਕਾਰ ਵਿਚ ਮਾਫੀਆ ਤੇ ਗੁੰਡਾ ਟੈਕਸ ਦਾ ਰਾਜ ਜਾਰੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਅਜਿਹੇ ਇਲਜ਼ਾਮ ਲਾ ਚੁੱਕੇ ਹਨ। ਦੂਲੋ ਨੇ ਗੁੰਡਾ ਟੈਕਸ ਖਿਲਾਫ ਆਵਾਜ਼ ਉਠਾਉਂਦਿਆਂ ਕਿਹਾ ਕਿ ਸਿਆਸੀ ਲੋਕਾਂ ਤੇ ਪੁਲਿਸ ਦੇ ਗਠਜੋੜ ਨਾਲ ਸਭ ਜਾਰੀ ਹੈ। ਕਾਂਗਰਸ ਦੇ ਸਿਆਸਤਦਾਨਾਂ ਨੇ ਵੀ ਰਾਜਨੀਤੀ ਨੂੰ ਕਾਰੋਬਾਰ ਬਣਾਇਆ ਹੈ।
_____________________
ਕੈਪਟਨ ਵੱਲੋਂ ਹਰ ਵਾਅਦਾ ਪੂਰਾ ਕਰਨ ਦਾ ਭਰੋਸਾ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਗਏ ਇਕ-ਇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੋਬਾਈਲ ਵੰਡਣ ਦੀ ਪ੍ਰਕਿਰਿਆ ਆਉਂਦੇ ਮਾਲੀ ਸਾਲ ਵਿਚ ਸ਼ੁਰੂ ਹੋ ਜਾਵੇਗੀ ਜਦੋਂਕਿ ਰਾਜ ਸਰਕਾਰ ਵੱਲੋਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਲਈ ਹਰ ਮਹੀਨੇ ਨਿਯਮਤ 128 ਕਰੋੜ ਰੁਪਏ ਜਾਰੀ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਪੈਨਸ਼ਨਾਂ ਦੀ ਵੰਡ ਲਟਕਣ ਦੀ ਸੰਭਾਵਨਾ ਖਤਮ ਹੋ ਜਾਵੇ।
ਉਨ੍ਹਾਂ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੀਂ ਜਨਮ ਸ਼ਤਾਬਦੀ ਨੂੰ ਕੌਮੀ ਪੱਧਰ ‘ਤੇ ਮਨਾਉਣ ਲਈ ਮਾਮਲਾ ਪ੍ਰਧਾਨ
ਮੰਤਰੀ ਨਾਲ ਵੀ ਉਠਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 11 ਮਾਰਚ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਵਿਚ 40,000 ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾਣਗੇ, ਜਦੋਂਕਿ ਕਰਜ਼ਾ ਮੁਆਫੀ ਦੇ ਅਗਲੇ ਪੜਾਅ ਵਿਚ 1,00,000 ਹੋਰ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।