ਬਾਦਲਾਂ ਦੀ ਬੱਸ ਕੰਪਨੀਆਂ ਵਿਚ ਮਰਜ਼ ਹੋਣ ਲੱਗੇ ਛੋਟੇ ਟਰਾਂਸਪੋਰਟ

ਚੰਡੀਗੜ੍ਹ: ਬਾਦਲ ਪਰਿਵਾਰ ਦੀਆਂ ਬੱਸਾਂ ਨੇ ਛੋਟੇ ਟਰਾਂਸਪੋਰਟਰਾਂ ਨੂੰ ਖੂੰਜੇ ਲਾ ਦਿੱਤਾ ਹੈ। ਸੱਤਾਹੀਣ ਹੋਣ ਦੇ ਬਾਵਜੂਦ ਬਾਦਲਾਂ ਦੀਆਂ ਬੱਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਬਾਦਲਾਂ ਦੀ ਕੰਪਨੀ ਨੇ ਇਕ ਟਰਾਂਸਪੋਰਟ ਦੇ ਸਾਰੇ ਬੱਸ ਪਰਮਿਟ ਆਪਣੇ ਕੰਟਰੋਲ ਵਿਚ ਲੈ ਲਏ ਹਨ ਜਦਕਿ ਤਿੰਨ ਹੋਰ ਟਰਾਂਸਪੋਰਟਾਂ ਦੇ ਪਰਮਿਟ ਹਾਸਲ ਕਰਨ ਲਈ ਗੱਲਬਾਤ ਅੰਤਮ ਦੌਰ ਵਿਚ ਹੈ। ਕੁੱਲ ਮਿਲਾ ਕੇ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ‘ਚ ਤਕਰੀਬਨ 40 ਹੋਰ ਬੱਸਾਂ ਜੁੜਨ ਜਾ ਰਹੀਆਂ ਹਨ। ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਮੈਨੇਜਰ ਭਾਵੇਂ ਖਾਮੋਸ਼ ਹਨ ਪਰ ਡੀæਐਮæਐਸ਼ ਬੱਸ ਟਰਾਂਸਪੋਰਟ ਕੰਪਨੀ ਦੇ ਮਾਲਕ ਅਮਰਜੀਤ ਸਮਰਾ (ਜਲੰਧਰ ਤੋਂ ਸਾਬਕਾ ਕਾਂਗਰਸ ਮੰਤਰੀ) ਨੇ ਸੌਦਿਆਂ ਦੀ ਤਸਦੀਕ ਕੀਤੀ ਹੈ। ਸ੍ਰੀ ਸਮਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਬਾਦਲਾਂ ਨੂੰ ਸਾਰੀਆਂ 14 ਬੱਸਾਂ ਦੇ ਪਰਮਿਟ ਵੇਚ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਛੋਟੇ ਟਰਾਂਸਪੋਰਟਰਾਂ ਲਈ ਹੁਣ ਇਹ ਮੁਨਾਫੇ ਵਾਲਾ ਕਾਰੋਬਾਰ ਨਹੀਂ ਰਿਹਾ। ਉਂਜ ਉਨ੍ਹਾਂ ਪ੍ਰਿੰਸ ਬੱਸ ਸਰਵਿਸ ਦੀਆਂ ਬੱਸਾਂ ਦੇ ਸੌਦੇ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਪਰਿਵਾਰ ਦੀ ਹੋਰ ਟਰਾਂਸਪੋਰਟਰ ਨਾਲ ਹਿੱਸੇਦਾਰੀ ਹੈ। ਇਸੇ ਤਰ੍ਹਾਂ ਮਾਨਸਾ ਅਧਾਰਤ ਪੰਜਾਬ ਬੱਸ ਸਰਵਿਸ ਅਤੇ ਲਾਡੀ ਟਰਾਂਸਪੋਰਟ ਤੇ ਜਲੰਧਰ ਆਧਾਰਿਤ ਰਾਜਦੀਪ ਟਰਾਂਸਪੋਰਟ ਨੇ ਵੀ ਸੌਦਿਆਂ ਦੀ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਉਧਰ, ਇਨ੍ਹਾਂ ਕੰਪਨੀਆਂ ਦੇ ਕੁਝ ਉਪਰੇਟਰਾਂ ਅਤੇ ਮੈਨੇਜਰਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ Ḕਨਵੇਂ ਮਾਲਕਾਂ’ ਨੂੰ ਰਿਪੋਰਟ ਦੇ ਰਹੇ ਹਨ। ਪੰਜਾਬ ਬੱਸ ਸਰਵਿਸ ਦੇ ਤੇਜਾ ਸਿੰਘ ਨੇ ਆਪਣੀਆਂ ਬੱਸਾਂ ਦੀ ਵਿਕਰੀ ਦੀਆਂ ਰਿਪੋਰਟਾਂ ਨੂੰ ਅਫਵਾਹ ਕਰਾਰ ਦਿੱਤਾ। ਟਰਾਂਸਪੋਰਟ ਗਜ਼ਟ ਵੀਕਲੀ ਨੇ ਆਪਣੇ ਪਿਛਲੇ ਹਫਤੇ ਦੇ ਅੰਕ ‘ਚ ਇਨ੍ਹਾਂ ਸੌਦਿਆਂ ਬਾਰੇ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਸੂਤਰਾਂ ਮੁਤਾਬਕ ਸੌਦਾ ਤਾਂ ਹੀ ਸਿਰੇ ਚੜ੍ਹੇਗਾ ਜਦੋਂ ਪੂਰੀ ਰਕਮ ਦੀ ਅਦਾਇਗੀ ਹੋ ਜਾਵੇਗੀ।
ਨਿਯਮਾਂ ਤਹਿਤ ਬੱਸ ਰੂਟ ਪਰਮਿਟਾਂ ਦੀ ਮਾਲਕੀ ਵਿਚ ਬਦਲਾਅ ਦਾ ਨੋਟੀਫਿਕੇਸ਼ਨ ਅਖਬਾਰਾਂ ਵਿਚ ਪ੍ਰਕਾਸ਼ਿਤ ਕਰਨਾ ਪੈਂਦਾ ਹੈ ਅਤੇ ਸਾਰੇ ਨੋਟੀਫਿਕੇਸ਼ਨ ਟਰਾਂਸਪੋਰਟ ਗਜ਼ਟ ‘ਚ ਛਾਪੇ ਜਾਂਦੇ ਹਨ। ਇਨ੍ਹਾਂ ਸੌਦਿਆਂ ਨੇ ਛੋਟੇ ਟਰਾਂਸਪੋਰਟਰਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਮਿੰਨੀ ਬੱਸ ਉਪਰੇਟਰਜ਼ ਯੂਨੀਅਨ ਦੇ ਪ੍ਰਧਾਨ ਜੇæਐਸ਼ ਗਰੇਵਾਲ ਨੇ ਚੋਣਵੀਆਂ ਕੰਪਨੀਆਂ ਦੇ ਵਧਦੇ ਬੱਸ ਟਰਾਂਸਪੋਰਟ ਧੰਦੇ ਦੀ ਸੀæਬੀæਆਈæ ਜਾਂਚ ਮੰਗੀ ਹੈ। ਸ੍ਰੀ ਗਰੇਵਾਲ ਨੇ ਕਿਹਾ ਕਿ ਕਾਂਗਰਸ ਨੇ ਸਾਰੇ ਟਰਾਂਸਪੋਰਟਰਾਂ ਨੂੰ ਇਕਸਾਰ ਮੌਕਾ ਦੇਣ ਦਾ ਵਾਅਦਾ ਕੀਤਾ ਸੀ ਪਰ ਹਕੀਕਤ ‘ਚ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ। ਉਹ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਵਿਚ ਨਾਕਾਮ ਰਹੇ ਜਿਸ ਕਾਰਨ ਕੁਝ ਟਰਾਂਸਪੋਰਟਰ ਮੁਨਾਫਾ ਖੱਟ ਰਹੇ ਹਨ। ਕਈ ਹੋਰ ਟਰਾਂਸਪੋਰਟਰਾਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਬਾਦਲਾਂ ਦੀ ਮਾਲਕੀ ਵਾਲੀਆਂ ਟਰਾਂਸਪੋਰਟ ਕੰਪਨੀਆਂ ਨੂੰ ਬੱਸ ਟਾਈਮ ਟੇਬਲ ‘ਚ ਵੀ ਲਾਹਾ ਮਿਲਦਾ ਹੈ ਜਿਥੇ ਉਨ੍ਹਾਂ ਦੀਆਂ ਬੱਸਾਂ ਨੂੰ ਅੱਡਿਆਂ ਉਤੇ 10 ਮਿੰਟ ਤੱਕ ਰੁਕਣ ਦਾ ਸਮਾਂ ਮਿਲਦਾ ਹੈ।
____________________________
ਬਾਦਲਾਂ ਨੇ ਹਿਮਾਚਲ ਵਿਚ ਵੀ ਪੈਰ ਪਸਾਰੇ
ਧਰਮਸਾਲਾ: ਪੰਜਾਬ ਵਿਚ ਟਰਾਂਸਪੋਰਟ ਵਪਾਰ ਵਿਚ ਕਾਮਯਾਬੀ ਦੇ ਨਾਲ-ਨਾਲ ਬਾਦਲਾਂ ਨੇ ਹੁਣ ਹਿਮਾਚਲ ਵਿਚ ਵੀ ਆਪਣਾ ਕਾਰੋਬਾਰ ਭਖਾ ਲਿਆ ਹੈ। ਇਥੋਂ ਦੀ ਇੰਡੋ ਕੈਨੇਡੀਅਨ ਕੰਪਨੀ ਦੇ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੀਆਂ ਰੋਜ਼ਾਨਾ ਹਿਮਾਚਲ ਤੋਂ ਦਿੱਲੀ ਲਈ ਕਈ ਛੋਟੀਆਂ ਤੇ ਦਰਮਿਆਨੀਆਂ ਵਾਲਵੋ ਬੱਸਾਂ ਚੱਲ ਰਹੀਆਂ ਹਨ। ਮੈਟਰੋ ਈਕੋ ਗਰੀਨ ਰਿਜ਼ੋਰਟਸ ਲਿਮਟਿਡ ਨੇ ਇਥੇ ਕਈ ਟਰਾਂਸਪੋਰਟ ਫਰਮਾਂ ਜਿਵੇਂ ਸਵਾਗਤਮ, ਲਕਸ਼ਮੀ ਹਾਲੀਡੇਅ, ਨਾਰਦਰਨ ਟ੍ਰੈਵਲਜ਼, ਲੀਓ ਟ੍ਰੈਵਲਜ਼, ਤਨਿਸ਼ਕ ਟ੍ਰੈਵਲਜ਼ ਅਤੇ ਅਪਸਰਾ ਟ੍ਰੈਵਲਜ਼ ਖਰੀਦ ਲਈਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਰੋਜ਼ਾਨਾ ਚਾਰ ਤੋਂ ਵੀਹ ਬੱਸਾਂ ਮਨਾਲੀ, ਧਰਮਸਾਲਾ ਅਤੇ ਦਿੱਲੀ ਨੂੰ ਚਲਾਈਆਂ ਜਾ ਰਹੀਆਂ ਹਨ।
____________________________
‘ਆਪ’ ਨੇ ਖੋਲ੍ਹਿਆ ਬਾਦਲਾਂ ਦੀਆਂ ਬੱਸਾਂ ਖਿਲਾਫ ਮੋਰਚਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਾਦਲਾਂ ਦੀਆਂ ਬੱਸਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਸੂਬਾ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ Ḕਸ਼ਾਰਕ ਮੱਛੀ’ ਦਾ ਰੂਪ ਧਾਰਨ ਕਰ ਚੁੱਕੀਆਂ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਅਕਾਲੀ-ਭਾਜਪਾ ਸਰਕਾਰ ਮੌਕੇ ਮਚਾਈ ਗਈ ਅੱਤ ਸਮਝ ਆਉਂਦੀ ਹੈ, ਪਰ ਕੈਪਟਨ ਦੀ ਕਾਂਗਰਸ ਸਰਕਾਰ ਦੌਰਾਨ ਵੀ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਉਸੇ Ḕਸਟਾਈਲ ਤੇ ਸਪੀਡ’ ਨਾਲ ਕਿਵੇਂ ਵਧੀ ਜਾ ਰਿਹਾ ਹੈ।