ਕਾਰਲ ਮਾਰਕਸ, ਨਾਸਤਿਕਤਾ ਤੇ ਕਮਿਊਨਿਜ਼ਮ

ਗੁਰਬਚਨ ਸਿੰਘ*
ਫੋਨ: 91-98156-98451
ਰੂਸ ਦੇ ਮੌਜੂਦਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਇਕ ਟੀ. ਵੀ. ਚੈਨਲ ਉਤੇ ਦੇਸ਼. ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਹੈ ਕਿ ਧਰਮ ਹਮੇਸ਼ਾ ਸਾਡੇ ਨਾਲ ਰਿਹਾ ਹੈ। ਜਦੋਂ ਵੀ ਸਾਡਾ ਦੇਸ਼ ਤੇ ਸਾਡੇ ਦੇਸ਼ ਦੇ ਲੋਕ ਕਿਸੇ ਵੱਡੀ ਮੁਸੀਬਤ ਵਿਚੋਂ ਲੰਘੇ ਹਨ ਤਾਂ ਇਹ ਹੋਰ ਮਜਬੂਤ ਹੋਇਆ ਹੈ। ਸੋਵੀਅਤ ਯੂਨੀਅਨ ਦੇ ਕਮਿਊਨਿਸਟ ਦੌਰ ਬਾਰੇ ਸ੍ਰੀ ਪੂਤਿਨ ਦਾ ਕਹਿਣਾ ਹੈ ਕਿ ਜੁਝਾਰੂ ਨਾਸਤਿਕਤਾ ਦੇ ਉਨ੍ਹਾਂ ਸਾਲਾਂ ਵਿਚ ਜਦੋਂ ਪਾਦਰੀ ਖਤਮ ਕੀਤੇ ਗਏ, ਚਰਚ ਤਬਾਹ ਕੀਤੇ ਗਏ, ਉਦੋਂ ਨਾਲ ਹੀ ਇਕ ਹੋਰ ਧਰਮ ਦੀ ਸਿਰਜਣਾ ਹੋਈ। ਕਮਿਊਨਿਸਟ ਵਿਚਾਰਧਾਰਾ ਵੀ ਇਸਾਈਅਤ ਵਾਂਗ ਹੀ ਸੀ। ਦਰਅਸਲ ਆਜ਼ਾਦੀ, ਬਰਾਬਰੀ, ਭਾਈਚਾਰਾ, ਇਨਸਾਫ-ਇਹ ਸਾਰਾ ਕੁਝ ਪਵਿੱਤਰ ਗ੍ਰੰਥਾਂ ਵਿਚ ਮੌਜੂਦ ਹੈ। ਇਹੀ ਕਮਿਊਨਿਜ਼ਮ ਦਾ ਮੂਲ ਆਧਾਰ ਹੈ। ਕਮਿਊਨਿਜ਼ਮ ਇਸਾਈਅਤ ਦਾ ਉਚਤਮ ਰੂਪ ਹੈ। ਇਹੀ ਬਾਈਬਲ ਦਾ ਤਤ ਹੈ।

ਸ੍ਰੀ ਪੂਤਿਨ ਦੇ ਇਨ੍ਹਾਂ ਵਿਚਾਰਾਂ ਬਾਰੇ ਰੂਸ ਦੀ ਕਮਿਊਨਿਸਟ ਪਾਰਟੀ ਦੀ ਟਿੱਪਣੀ ਹੈ, “ਕਮਿਊਨਿਸਟਾਂ ਅਤੇ ਰੂਸ ਦੀਆਂ ਸਾਰੀਆਂ ਦੇਸ਼ ਭਗਤ ਤਾਕਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਮਿਊਨਿਜ਼ਮ ਜਿੰਨਾ ਇਸਾਈਅਤ ਦੇ ਨੇੜੇ ਹੈ, ਪੂੰਜੀਵਾਦ ਇਸਾਈਅਤ ਤੋਂ ਓਨਾ ਹੀ ਦੂਰ ਹੈ।”
ਗੋਰਬਾਚੋਵ ਤੇ ਯੇਲਸਤਿਨ ਦੇ ਦੌਰ ਵਿਚ ਸੋਵੀਅਤ ਯੂਨੀਅਨ ਦੇ ਟੁਟਣ ਤੋਂ ਬਾਅਦ, ਜਦੋਂ ਰੂਸੀ ਲੋਕ ਬੜੀ ਨਿਰਾਸ਼ਾ ਤੇ ਪ੍ਰੇਸ਼ਾਨੀ ਦੀ ਹਾਲਤ ਵਿਚੋਂ ਗੁਜਰ ਰਹੇ ਸਨ ਅਤੇ ਆਰਥਿਕ ਮੰਦਹਾਲੀ ਨੇ ਉਨ੍ਹਾਂ ਦਾ ਸਾਹ ਸੂਤਿਆ ਹੋਇਆ ਸੀ ਤਾਂ ਸ੍ਰੀ ਪੂਤਿਨ ਨੇ 1992 ਵਿਚ ਪਹਿਲੀ ਵਾਰ ਰਾਸ਼ਟਰਪਤੀ ਬਣ ਕੇ ਸੁਚੇਤ ਰੂਪ ਵਿਚ ਇਸਾਈ ਧਰਮ ਦਾ ਪ੍ਰਚਾਰ ਅਰੰਭਿਆ ਸੀ। ਰੂਸ ਦੀ ਕਰੀਬ 14 ਕਰੋੜ ਆਬਾਦੀ ਵਿਚੋਂ ਕਰੀਬ 10 ਕਰੋੜ ਲੋਕ ਇਸਾਈ ਧਰਮ ਨੂੰ ਮੰਨਣ ਵਾਲੇ ਹਨ। ਉਨ੍ਹਾਂ ਵਿਚੋਂ ਬਹੁਤੇ ਭਾਵੇਂ ਕੱਟੜ ਧਾਰਮਿਕ ਨਹੀਂ, ਪਰ ਫਿਰ ਵੀ ਇਸਾਈ ਧਰਮ ਵਿਚ ਯਕੀਨ ਰੱਖਣ ਵਾਲੇ ਹਨ। ਆਪਣੀਆਂ ਨੀਤੀਆਂ ਵਿਚ ਪਾਏ ਇਸ ਫਰਕ ਕਾਰਨ ਹੀ ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਯੂਗਾਨੋਵ, ਵਲਾਦੀਮੀਰ ਪੂਤਿਨ ਤੋਂ ਬਾਅਦ ਦੂਜੇ ਨੰਬਰ ਦਾ ਹਰਮਨ ਪਿਆਰਾ ਆਗੂ ਹੈ। ਉਹ ਚਾਰ ਵਾਰ ਰਾਸ਼ਟਰਪਤੀ ਦੀ ਚੋਣ ਲੜ ਚੁਕਾ ਹੈ ਅਤੇ ਹਰ ਵਾਰ ਦੂਜੇ ਨੰਬਰ ਉਤੇ ਆਇਆ ਹੈ। ਉਹ 1993 ਤੋਂ ਪਾਰਟੀ ਦੇ ਮੁਖੀ ਵਜੋਂ ਕੰਮ ਕਰਦਾ ਆ ਰਿਹਾ ਹੈ। ਉਦੋਂ ਤੋਂ ਲੈ ਕੇ ਹੁਣ ਤਕ ਰੂਸੀ ਪਾਰਲੀਮੈਂਟ ਵਿਚ ਕਮਿਊਨਿਸਟ ਪਾਰਟੀ ਕਰੀਬ ਦਸ ਫੀਸਦੀ ਸੀਟਾਂ ਉਤੇ ਜਿੱਤ ਪ੍ਰਾਪਤ ਕਰਦੀ ਆ ਰਹੀ ਹੈ।
ਰੂਸੀ ਕਮਿਊਨਿਸਟਾਂ ਦੀ ਇਸ ਵਿਚਾਰਧਾਰਕ ਤਬਦੀਲੀ ਨੇ ਮਰ ਰਹੀ ਪਾਰਟੀ ਵਿਚ ਜਾਨ ਪਾ ਦਿਤੀ ਹੈ। ਬੜੀ ਤੇਜੀ ਨਾਲ ਖੁਰ ਰਹੀ ਪਾਰਟੀ ਮੁੜ ਪੈਰਾਂ ਸਿਰ ਖੜ੍ਹੀ ਹੋ ਗਈ ਹੈ। ਇਕ ਕਰੋੜ ਪਚਾਨਵੇਂ ਲੱਖ ਮੈਂਬਰਸ਼ਿਪ ਵਾਲੀ ਪਾਰਟੀ ਘਟ ਕੇ ਇਕ ਲੱਖ ਪਚਵੰਜਾ ਹਜਾਰ ਮੈਂਬਰਾਂ ਤਕ ਸੁੰਗੜ ਗਈ ਸੀ। 1956 ਤੋਂ ਬਦਨਾਮ ਕੀਤੇ ਆਗੂ ਜੋਸੇਫ ਸਟਾਲਿਨ ਨੂੰ ਪਾਰਟੀ ਨੇ ਫਿਰ ਤੋਂ ਬਹਾਲ ਕਰਨਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਨੇ ਸਟਾਲਿਨ ਰਾਜ ਵਿਚ ਇਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਨਾਲ ਧਰਮ ਦੇ ਆਧਾਰ ਉਤੇ ਕੀਤੇ ਗਏ ਜਬਰ ਦੀ ਮਾਫੀ ਮੰਗੀ ਹੈ। ਕਮਿਊਨਿਸਟ ਪਾਰਟੀ ਨੇ ਪਾਦਰੀ ਸਿਰਿਲ ਦੇ ਰਵਾਇਤੀ ਚਰਚ ਦੇ ਮੁਖੀ ਬਣਨ ਦੇ ਪੰਜ ਸਾਲ ਪੂਰੇ ਹੋਣ ਮੌਕੇ ਉਸ ਨੂੰ ਵਧਾਈ ਦਿੰਦਿਆਂ ਪਾਰਟੀ ਵਲੋਂ ਪਹਿਲਾਂ ਚਰਚ ਨੂੰ ਮਾਨਤਾ ਨਾ ਦੇਣ ਦੀ ਕੀਤੀ ਗਈ ਗਲਤੀ ਦੀ ਮਾਫੀ ਵੀ ਮੰਗੀ ਹੈ।
ਦਿਲਚਸਪ ਗੱਲ ਇਹ ਹੈ ਕਿ ਪੈਨਸ਼ਨਾਂ ਲੈਣ ਅਤੇ ਇਸਾਈ ਧਰਮ ਨੂੰ ਮੰਨਣ ਵਾਲੇ ਬਹੁਗਿਣਤੀ ਬਜ਼ੁਰਗ ਕਮਿਊਨਿਸਟ ਪਾਰਟੀ ਦੇ ਹਮਾਇਤੀ ਹਨ, ਕਿਉਂਕਿ ਆਮ ਨੌਜਵਾਨਾਂ ਵਾਂਗ ਉਹ ਪੱਛਮੀ ਖਪਤਕਾਰੀ ਸਭਿਆਚਾਰ ਦੀ ਚਕਾਚੌਂਧ ਵਿਚ ਨਹੀਂ ਫਸੇ। ਯੂਗਾਨੋਵ ਦਾ ਇਹ ਵੀ ਕਹਿਣਾ ਹੈ ਕਿ ‘ਜੇ ਯਸੂ ਮਸੀਹ, ਹਜ਼ਰਤ ਮੁਹੰਮਦ ਤੇ ਮਹਾਤਮਾ ਬੁਧ ਪੈਗੰਬਰ ਨਾ ਹੁੰਦੇ ਤਾਂ ਸੌ ਫੀਸਦੀ ਉਹ ਕਮਿਊਨਿਸਟ ਹੁੰਦੇ।’ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਵਿਚ ਆਈ ਇਹ ਵੱਡੀ ਤਬਦੀਲੀ ਹੈ। ਹੁਣ ਪਾਰਟੀ ਇਹ ਵੀ ਮੰਨਦੀ ਹੈ ਕਿ ‘ਨਾਸਤਿਕਤਾ ਨੇ ਸੋਵੀਅਤ ਯੂਨੀਅਨ ਨੂੰ ਤਬਾਹ ਕਰ ਦਿਤਾ ਹੈ।’
ਪਾਰਟੀ ਰੂਸੀ ਤੇਲ ਤੇ ਗੈਸ ਦੀ ਸਨਅਤ ਦੇ ਮੁਕੰਮਲ ਕੌਮੀਕਰਨ ਦੀ ਪੈਰਵੀ ਕਰਦੀ ਹੈ। ਲੋਕ ਭਲਾਈ ਵਾਲਾ ਸਮਾਜਵਾਦੀ ਸਮਾਜ ਤੇ ਰਾਜ ਮੁੜ ਤੋਂ ਕਾਇਮ ਕਰਨਾ ਚਾਹੁੰਦੀ ਹੈ। ਉਹ ਗਲੇ-ਸੜੇ ਪੱਛਮੀ ਪੂੰਜੀਵਾਦ ਦਾ ਡਟਵਾਂ ਵਿਰੋਧ ਕਰਦੀ ਹੈ। ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪੂਤਿਨ ਨੇ ਪਹਿਲੀ ਵਾਰ ਰਾਸ਼ਟਰਪਤੀ ਬਣਦਿਆਂ ਹੀ ਰਵਾਇਤੀ ਇਸਾਈ ਚਰਚ ਨੂੰ ਸਰਕਾਰੀ ਮਾਨਤਾ ਦੇਣੀ ਸ਼ੁਰੂ ਕਰ ਦਿਤੀ ਸੀ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਜਦੋਂ ਰੂਸੀ ਬੜੀ ਨਿਰਾਸ਼ਾ ਦੀ ਹਾਲਤ ਵਿਚੋਂ ਲੰਘ ਰਹੇ ਸਨ ਤਾਂ ਇਹ ਪਾਦਰੀ ਸਿਰਿਲ ਦੇ ਲੰਬੇ-ਲੰਬੇ ਭਾਸ਼ਣ ਹੀ ਸਨ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਕੋਈ ਆਸ ਦੀ ਕਿਰਨ ਜਗਾਈ। ਇਸੇ ਆਸ ਨੇ ਉਨ੍ਹਾਂ ਦੇ ਮਨਾਂ ਵਿਚ ਮੁੜ ਸਵੈਮਾਣ ਜਗਾਇਆ ਅਤੇ ਉਹ ਪੂਤਿਨ ਦੀ ਅਗਵਾਈ ਹੇਠ ਅਮਰੀਕੀ ਸਾਮਰਾਜੀਆਂ ਦੀ ਕਮਾਂਡ ਵਿਚਲੇ ਪਛਮੀ ਸਾਮਰਾਜੀਆਂ ਵਿਰੁਧ ਲਾਮਬੰਦ ਹੋਏ। ਰੂਸੀ ਲੋਕਾਂ ਦੀ ਇਸ ਲਾਮਬੰਦੀ ਤੋਂ ਬਿਨਾ ਪੂਤਿਨ ਕਦੀ ਵੀ ਅਮਰੀਕੀ ਸਾਮਰਾਜੀਆਂ ਦਾ ਘੁਮੰਡ ਤੋੜਨ ਵਿਚ ਸਫਲ ਨਹੀਂ ਸੀ ਹੋ ਸਕਦਾ। ਪਹਿਲੀ ਵਾਰ ਇਸਾਈ ਧਰਮ ਦੇ ਆਧਾਰ ਉਤੇ ਹੀ ਪੂਤਿਨ ਨੇ ਯੂਨਾਈਟਡ ਨੇਸ਼ਨਜ਼ ਵਿਚ ਅਮਰੀਕੀ ਸਾਮਰਾਜੀਆਂ ਨੂੰ ਵੰਗਾਰਦਿਆਂ ਕਿਹਾ ਸੀ ਕਿ ਇਕ ਪਾਸੇ ਤੁਸੀਂ ਇਹ ਮੰਨਦੇ ਹੋ ਕਿ ਅਸੀਂ ਸਾਰੇ ਇਕੋ ਪਰਮਾਤਮਾ ਦੇ ਪੁੱਤਰ ਹਾਂ ਅਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਅਮਰੀਕੀ ਲੋਕ ਸਾਰੀ ਦੁਨੀਆਂ ਵਿਚੋਂ ਨਿਵੇਕਲੇ ਹਾਂ। ਪੂਤਿਨ ਦੀ ਇਸ ਵਿਚਾਰਧਾਰਕ ਅਗਵਾਈ ਕਾਰਨ ਹੀ ਹੁਣ ਰੂਸ ਅੰਦਰ ਇਸਾਈ ਧਰਮ ਪ੍ਰਭਾਵਸ਼ਾਲੀ ਢੰਗ ਨਾਲ ਇਕ ਰਾਜ ਧਰਮ ਵਜੋਂ ਸਥਾਪਤ ਹੋ ਗਿਆ ਹੈ।
ਰੂਸ ਅੰਦਰ ਇਸਾਈ ਧਰਮ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਕ ਸਰਵੇ ਅਨੁਸਾਰ ਹੁਣ ਦੋ-ਤਿਹਾਈ ਰੂਸੀ ਸਨਾਤਨੀ ਚਰਚ ਵਿਚ ਭਰੋਸਾ ਰਖਦੇ ਹਨ। ਸਮਾਜ ਵਿਗਿਆਨੀ ਮੰਨਦੇ ਹਨ ਕਿ ਜ਼ਿਆਦਾਤਰ ਰੂਸੀ ਆਪਣੀ ਕੌਮੀ ਪਛਾਣ ਨੂੰ ਧਰਮ ਨਾਲ ਰਲਗਡ ਕਰ ਲੈਂਦੇ ਹਨ। ਚਰਚ ਅਤੇ ਰਾਜ ਦਾ ਗਠਜੋੜ ਦੋਹਾਂ ਲਈ ਫਾਇਦੇਮੰਦ ਸਾਬਤ ਹੋਇਆ ਹੈ। ਕਮਿਊਨਿਜ਼ਮ ਦੇ ਖਾਤਮੇ ਤੋਂ ਬਾਅਦ ਪੈਦਾ ਹੋਏ ਵਿਚਾਰਧਾਰਕ ਤੇ ਰੂਹਾਨੀ ਖਲਾਅ ਨੂੰ ਭਰਨ ਲਈ ਚਰਚ ਨੇ ਅਹਿਮ ਰੋਲ ਨਿਭਾਇਆ ਹੈ। ਹੁਣ ਇਥੇ ਸੁਆਲ ਪੈਦਾ ਹੁੰਦਾ ਹੈ ਕਿ ਜੇ ਰੂਸੀ ਕਮਿਊਨਿਸਟ ਆਪਣੇ ਸੌ ਸਾਲ ਦੇ ਅਮਲ ਤੋਂ ਬਾਅਦ ਇਸ ਸਿੱਟੇ ਉਤੇ ਪਹੁੰਚੇ ਹਨ ਕਿ ਨਾਸਤਿਕਤਾ ਨੇ ਸੋਵੀਅਤ ਯੂਨੀਅਨ ਦੇ ਲੋਕਾਂ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ ਤਾਂ ਆਲਮੀ ਕਮਿਊਨਿਸਟ ਲਹਿਰ ਦੇ ਸਾਹਮਣੇ ਸੋਚਣ ਦਾ ਅਹਿਮ ਨੁਕਤਾ ਇਹ ਹੈ ਕਿ ਜਦੋਂ ਮਾਰਕਸ ਨੇ ਕਮਿਊਨਿਜ਼ਮ ਅਤੇ ਨਾਸਤਿਕਤਾ ਵਿਚਕਾਰ ਸਪਸ਼ਟ ਨਿਖੇੜਾ ਕੀਤਾ ਹੋਇਆ ਹੈ ਤਾਂ ਆਲਮੀ ਕਮਿਊਨਿਸਟ ਲਹਿਰ ਨੂੰ ਇਹ ਭਿਆਨਕ ਰੋਗ ਕਿਥੋਂ ਲੱਗਾ?
ਕਾਰਲ ਮਾਰਕਸ ਦੀਆਂ ਮੌਲਿਕ ਧਾਰਨਾਵਾਂ ਅਨੁਸਾਰ ਕਿਸੇ ਮਨੁਖ ਦਾ ਨਾਸਤਿਕ ਹੋਣ ਦਾ ਭਾਵ, ਉਸ ਦਾ ਆਪਣੀ ਜੀਵੰਤ ਕੁਦਰਤੀ ਹੋਂਦ ਤੋਂ ਇਨਕਾਰੀ ਹੋਣਾ ਹੈ। ਮਾਰਕਸ ਦੇ ਕਹਿਣ ਅਨੁਸਾਰ, ਕਮਿਊਨਿਜ਼ਮ ਦੀ ਸ਼ੁਰੂਆਤ (ਓਵਨ ਤੋਂ) ਨਾਸਤਿਕਤਾ ਨਾਲ ਹੋਈ ਹੈ, ਪਰ ਨਾਸਤਿਕਤਾ ਪਹਿਲੀ ਨਜ਼ਰੇ ਹੀ ਕਮਿਊਨਿਜ਼ਮ ਤੋਂ ਦੂਰ ਹੈ। ਨਾਸਤਿਕਤਾ ਇਕ ਖਿਆਲੀ ਵਿਚਾਰ ਹੈ। ਇਸ ਲਈ ਇਕ ਨਾਸਤਿਕ ਮਨੁੱਖ ਦਾ ਮਨੁੱਖਤਾ ਪ੍ਰਤੀ ਦਰਦ ਸਿਰਫ ਫਿਲਾਸਫੀ ਦੀ ਪੱਧਰ ਉਤੇ ਖਿਆਲੀ ਹੈ। ਜਦੋਂ ਕਿ ਕਮਿਊਨਿਜ਼ਮ ਦਾ ਮਨੁੱਖਤਾ ਪ੍ਰਤੀ ਦਰਦ ਹਕੀਕੀ ਹੈ। ਇਕ ਨਾਸਤਿਕ ਮਨੁੱਖ ਲਈ ਸਰਬਸਾਂਝੀਵਾਲਤਾ ਦੀ ਭਾਵਨਾ ਅਤੇ ਸਰਬਤ ਦੇ ਭਲੇ ਦਾ ਜਜ਼ਬਾ ਮਹਿਜ ਖਿਆਲੀ ਉਡਾਰੀਆਂ ਹਨ। ਪਰ ਆਪਣੀ ਹਕੀਕੀ ਕੁਦਰਤੀ ਹੋਂਦ ਤੋਂ ਜਾਣੂ ਕਮਿਊਨਿਸਟ ਮਨੁੱਖ ਲਈ ਸਰਬਸਾਂਝੀਵਾਲਤਾ ਦੀ ਭਾਵਨਾ ਅਤੇ ਸਰਬੱਤ ਦੇ ਭਲੇ ਦਾ ਜਜ਼ਬਾ ਉਸ ਦੀ ਹਕੀਕੀ ਜ਼ਿੰਦਗੀ ਦਾ ਤਤ ਹੈ। ਨਾਸਤਿਕਤਾ ਰੱਬ ਤੋਂ ਇਨਕਾਰੀ ਹੋਣਾ ਹੈ ਅਤੇ ਆਪਣੀ ਮਨੁੱਖੀ ਹੋਂਦ ਦੀ ਧਾਰਨਾ ਰੱਬ ਤੋਂ ਇਨਕਾਰੀ ਹੋਣ ਵਜੋਂ ਬਣਾਉਣਾ ਹੈ। ਪਰ ਕਮਿਊਨਿਜ਼ਮ ਨੂੰ ਅਜਿਹੀ ਕਿਸੇ ਵਿਚੋਲਗਿਰੀ ਦੀ ਲੋੜ ਨਹੀਂ, ਕਿਉਂਕਿ ਕਮਿਊਨਿਜ਼ਮ ਮਨੁੱਖ ਦੀ ਅਸਲੀ ਸਵੈਚੇਤਨਾ ਹੈ, ਜਿਸ ਨੂੰ ਕਿਸੇ ਧਰਮ ਦੇ ਖਾਤਮੇ ਦੀ ਲੋੜ ਨਹੀਂ। ਬਿਲਕੁਲ ਉਵੇਂ ਹੀ ਜਿਵੇਂ ਮਨੁੱਖ ਦੀ ਹਕੀਕੀ ਜ਼ਿੰਦਗੀ ਅਸਲੀ ਸੱਚ ਹੈ ਅਤੇ ਜਿਸ ਨੂੰ ਕਿਸੇ ਇਨਕਲਾਬ ਰਾਹੀਂ ਨਿਜੀ ਜਾਇਦਾਦ ਦੇ ਖਾਤਮੇ ਦੀ ਉਡੀਕ ਕਰਨ ਦੀ ਲੋੜ ਨਹੀਂ। ਨਿਜੀ ਜਾਇਦਾਦ ਦੀ ਸੋਚ ਅਤੇ ਹੋਂਦ ਦੀ ਥਾਂ ਲੈਣ ਵਜੋਂ ਕਮਿਊਨਿਜ਼ਮ ਮਨੁੱਖ ਨੂੰ ਹੋਈ ਇਹ ਸਵੈ-ਸਪਸ਼ਟਤਾ ਹੈ ਕਿ ਮੇਰੇ ਕੋਲ ਸਿਰਫ ਮੇਰੀ ਇਹ ਜ਼ਿੰਦਗੀ ਹੀ ਮੇਰਾ ਨਿਜ ਹੈ। ਕਮਿਊਨਿਜ਼ਮ ਆਪਣੀ ਸਵੈ-ਚੇਤਨਾ ਵਿਚ ਨਿਜੀ ਜਾਇਦਾਦ ਦੀ ਥਾਂ ਲੈਣ ਵਜੋਂ ਆਪਣੀ ਅਸਲੀ ਮਨੁੱਖੀ ਹੋਂਦ ਦੀ ਪਛਾਣ ਹੈ। ਕਮਿਊਨਿਜ਼ਮ ਪੂਰਨ ਇਨਸਾਨੀਅਤ ਦਾ ਜਜ਼ਬਾ ਹੈ।
ਕਰਨ ਲਈ ਇਕ ਸਮਾਜ (ਮਨੁੱਖ) ਮਾਰਕਸ ਵਲੋਂ ਵਿਕਸਿਤ ਕੀਤੀ ਗਈ ਭੌਤਿਕਵਾਦੀ ਫਿਲਾਸਫੀ ਅਨੁਸਾਰ ਮਨੁੱਖੀ ਮਨ ਹੁਣ ਤਕ ਦੂਹਰੀ ਕਲਪਨਾ ਵਿਚ ਜਿਉਂਦਾ ਆ ਰਿਹਾ ਹੈ। ਪਹਿਲੀ ਕਲਪਨਾ, ਮਨੁੱਖੀ ਮਨ ਦਾ ਆਪਣੀ ਜੀਵੰਤ ਕੁਦਰਤੀ ਹੋਂਦ ਤੋਂ ਇਨਕਾਰੀ ਹੋ ਕੇ ਕਿਸੇ ਕਲਪਿਤ ‘ਰੱਬ’ ਰਾਹੀਂ ਬਣੀ ਆਪਣੀ ਝੂਠੀ ਹੋਂਦ ਦੇ ਭਰਮ ਵਿਚ ਜਿਉਣਾ ਹੈ ਅਤੇ ਦੂਜੀ ਕਲਪਨਾ ਆਪਣੀ ਸਦੀਵੀ ਹੋਂਦ ਦੇ ਭਰਮ ਵਿਚ ਫਸ ਕੇ ਝੂਠੇ ਨਿਜਵਾਦ ਭਾਵ ਨਿਜੀ ਜਾਇਦਾਦ ਦੇ ਰੂਪ ਵਿਚ ਮੈਂ-ਮੇਰੀ, ਮੇਰੀ ਦੌਲਤ (ਪੂੰਜੀ), ਮੇਰੀ ਜਮੀਨ, ਮੇਰੇ ਬੱਚੇ, ਮੇਰੀ ਕੋਠੀ, ਮੇਰੀ ਕਾਰ ਦੀ ਸੋਚ ਦਾ ਸ਼ਿਕਾਰ ਹੋ ਜਾਣਾ ਹੈ। ਮਾਰਕਸ ਦਾ ਇਹ ਵੀ ਕਹਿਣਾ ਹੈ ਕਿ ਨਿਜੀ ਜਾਇਦਾਦ ਦੀ ਹੋਂਦ ਨੇ ਸਾਨੂੰ ਏਨਾ ਮੂਰਖ ਅਤੇ ਇਕ ਪਾਸੜ ਸੋਚ ਦਾ ਧਾਰਨੀ ਬਣਾ ਦਿਤਾ ਹੈ ਕਿ ਅਸੀਂ ਸਮਝਦੇ ਹਾਂ ਕਿ ਕੋਈ ਵੀ ਵਸਤੂ ਸਿਰਫ ਤਾਂ ਹੀ ਸਾਡੀ ਹੈ ਜੇ ਉਹ ਸਾਡੇ ਕੋਲ ਹੈ। ਜਦੋਂ ਉਸ ਦੀ ਹੋਂਦ ਪੈਸੇ ਵਜੋਂ ਸਿਰਫ ਸਾਡੇ ਲਈ ਹੈ, ਜਾਂ ਜਦੋਂ ਉਹ ਖਾਣ ਪੀਣ ਹੰਢਾਉਣ ਅਤੇ ਰਹਿਣ ਆਦਿ ਲਈ ਸਿੱਧੀ ਸਾਡੇ ਕਬਜ਼ੇ ਵਿਚ ਹੈ। ਸੰਖੇਪ ਸ਼ਬਦਾਂ ਵਿਚ ਜਦੋਂ ਇਹ ਸਾਡੇ ਵੱਲੋਂ ਵਰਤੀ ਜਾਂਦੀ ਹੈ। ਪਰ ਕਮਿਊਨਿਜ਼ਮ ਮਨੁੱਖੀ ਸਵੈ-ਪਰਾਏਪਣ ਦੇ ਖਤਮ ਹੋਣ ਵਜੋਂ ਨਿਜੀ ਜਾਇਦਾਦ ਦੀ ਸੋਚ ਦਾ ਪੂਰਨ ਖਾਤਮਾ ਅਤੇ ਆਪਣੇ ਅਸਲੀ ਮਨੁੱਖੀ ਤਤ ਦੀ ਪ੍ਰਾਪਤੀ ਹੈ।
ਮਨੁੱਖੀ ਮਨ ਦੀ ਇਸੇ ਦੂਹਰੀ ਕਲਪਨਾ ਨੇ ਉਸ ਨੂੰ ਆਪਣੇ ਸਰੀਰ ਤੋਂ ਪਰਾਏ ਕੀਤਾ ਹੋਇਆ ਹੈ। ਆਪਣੀ ਸਰੀਰੀ ਹੋਂਦ ਤੋਂ ਪਰਾਇਆ ਹੋਇਆ ਇਹੀ ਮਨੁੱਖੀ ਮਨ ਆਪਣੀ ਜੀਵੰਤ ਕੁਦਰਤੀ ਹੋਂਦ ਪਛਾਣ ਕੇ ਆਪਣੀਆਂ ਤਰਕਸੰਗਤ ਸਰੀਰੀ ਤੇ ਜਜ਼ਬਾਤੀ ਲੋੜਾਂ ਨੂੰ ਸੁਚੇਤ ਰੂਪ ਵਿਚ ਜਾਣਨ ਅਤੇ ਉਨ੍ਹਾਂ ਦੀ ਪੂਰਤੀ ਕਰਦਿਆਂ ਭਰਵੀਂ ਮਨੁਖੀ ਜ਼ਿੰਦਗੀ ਜਿਉਣ ਦੀ ਥਾਂ ਅਜੋਕੇ ਅੰਨ੍ਹੇ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਹੋ ਗਿਆ ਹੈ। ਬੇਲੋੜੀ ਖਪਤਕਾਰੀ ਨਾਲ ਭ੍ਰਿਸ਼ਟੇ ਮਨੁੱਖੀ ਮਨ ਦਾ ਇਹੀ ਹਨੇਰਾ ਅਜੋਕੀ ਮਨੁੱਖ ਜਾਤੀ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਕਾਰਨ ਬਣਿਆ ਹੋਇਆ ਹੈ। ਸਾਮਰਾਜੀ ਖਪਤਕਾਰੀ ਨਾਲ ਭ੍ਰਿਸ਼ਟੇ ਮਨ ਦੇ ਇਸੇ ਹਨੇਰੇ ਨੂੰ ਦੂਰ ਕਰਨ ਲਈ ਇਕ ਆਤਮਿਕ ਇਨਕਲਾਬ ਦੀ ਲੋੜ ਹੈ। ਮਾਰਕਸ ਨੇ ਇਸੇ ਆਤਮਿਕ ਇਨਕਲਾਬ ਦੀ ਨਿਸ਼ਾਨਦੇਹੀ ਕੀਤੀ ਸੀ, ਪਰ ਨਾਸਤਿਕ ਕਮਿਊਨਿਸਟਾਂ ਨੇ ਇਸ ਆਤਮਿਕ ਇਨਕਲਾਬ ਨੂੰ ਅਣਗੌਲਿਆ ਕਰਕੇ ਮਾਰਕਸ ਵਲੋਂ ਮਨੁਖ ਜਾਤੀ ਦੀ ਸਦੀਵੀ ਮੁਕਤੀ ਦੇ ਮਿਥੇ ਨਿਸ਼ਾਨੇ ਨੂੰ ਤਿਲਾਂਜਲੀ ਦੇ ਦਿਤੀ ਹੈ, ਜਿਸ ਦਾ ਖਮਿਆਜਾ ਸਮੁਚੀ ਮਨੁੱਖ ਜਾਤੀ ਅਤੇ ਆਲਮੀ ਕਮਿਊਨਿਸਟ ਲਹਿਰ ਨੂੰ ਭੁਗਤਣਾ ਪੈ ਰਿਹਾ ਹੈ। ਮਾਰਕਸ ਦੇ ਇਸ ਆਤਮਿਕ ਇਨਕਲਾਬ ਨੂੰ ਤਿਲਾਂਜਲੀ ਦੇ ਕੇ ਹੀ ਅਜੋਕੀ ਆਲਮੀ ਕਮਿਊਨਿਸਟ ਲਹਿਰ ਔਝੜੇ ਪਈ ਹੋਈ ਹੈ।

*67 ਸ਼ਕਤੀ ਨਗਰ, ਜਲੰਧਰ, 144001