ਆੜੇ ਹੱਥੀਂ ਲੈਣਾ

ਬਲਜੀਤ ਬਾਸੀ
ਪੰਜਾਬੀ ਆਲੋਚਕ ਜਲੌਰ ਸਿੰਘ ਖੀਵਾ ਗਾਹੇ ਬਗਾਹੇ ਭਾਸ਼ਾਈ ਮਸਲਿਆਂ ਬਾਰੇ ਵੀ ਲਿਖਦੇ ਰਹਿੰਦੇ ਹਨ। ਉਨ੍ਹਾਂ ਪੰਜਾਬੀ ਸ਼ਬਦਾਂ ਅਤੇ ਮੁਹਾਵਰਿਆਂ ਦੀ ਮੁਢੀ ਦਰਸਾਉਂਦੇ ਕੁਝ ਲੇਖ ਛਪਵਾਏ ਹਨ ਜਿਨ੍ਹਾਂ ਵਿਚੋਂ ਕੁਝ ਇਕ ਦਾ ਮੈਂ ਇਨ੍ਹਾਂ ਪੰਨਿਆਂ ਰਾਹੀਂ ਨੋਟਿਸ ਵੀ ਲਿਆ ਸੀ। ਵਿਉਤਪਤੀ ਮੇਰਾ ਵਿਸ਼ਾ ਹੋਣ ਕਰਕੇ ਕਿਸੇ ਵੀ ਲੇਖਕ ਦੇ ਅਜਿਹੇ ਲੇਖਾਂ ਨੂੰ ਕੁਝ ਸਿੱਖਣ ਦੇ ਇਰਾਦੇ ਨਾਲ ਮੈਂ ਗੰਭੀਰਤਾ ਅਤੇ ਪੂਰੇ ਧਿਆਨ ਨਾਲ ਪੜ੍ਹਦਾ ਹਾਂ। ਪਰ ਅਫਸੋਸ ਉਨ੍ਹਾਂ ਲੇਖਾਂ ਨੇ ਮੈਨੂੰ ਕੋਈ ਸਿੱਖਿਆ ਤਾਂ ਕੀਂ ਦੇਣੀ, ਮੇਰਾ ਦਿਮਾਗ ਹੀ ਚੱਕ ਦਿੱਤਾ ਹੈ।

ਸ਼ਬਦਾਂ ਦੀ ਵਿਉਤਪਤੀ ਖੋਜਣ ਦਾ ਕਾਰਜ ਬਹੁਤ ਤਿਲਕਵਾਂ ਹੈ ਕਿਉਂਕਿ ਕਿਸੇ ਵੀ ਇੱਕ ਸ਼ਾਬਦਿਕ ਇਕਾਈ ਜਾਂ ਮੁਹਾਵਰੇ ਬਾਰੇ ਕਈ ਦਰੁਸਤ ਜਾਪਦੀਆਂ ਵਿਆਖਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਵਿਚੋਂ ਅਕਸਰ ਬਹੁਤ ਸਾਰੀਆਂ ਮਨਘੜਤ ਤੇ ਦੰਦ ਕਥਾਵਾਂ ‘ਤੇ ਆਧਾਰਤ ਹੀ ਹੁੰਦੀਆਂ ਹਨ ਜੋ ਆਮ ਲੋਕਾਂ ਨੇ ਦੇਸ਼ ਕਾਲ ਦੇ ਪਸਾਰ ਵਿਚ ਡੂੰਘੀ ਥਾਹ ਤੱਕ ਨਾ ਉਤਰ ਕੇ ਮਨੋ ਜੋੜੀਆਂ ਹੁੰਦੀਆਂ ਹਨ। ਕੁਝ ਲੇਖਕ ਤਾਂ ਸ਼ਬਦ ਤੇ ਵਸਤੂ ਵਿਚਕਾਰ ਸੰਜੋਗੀ, ਓਪਰੀ ਅਤੇ ਵਕਤੀ ਸਾਂਝ ਨੂੰ ਦੇਖ ਕੇ ਹੀ ਤਟ-ਫਟ ਨਿਰਣੇ ‘ਤੇ ਪਹੁੰਚ ਜਾਂਦੇ ਹਨ। ਜਲੌਰ ਸਿੰਘ ਜਿਹੇ ਵਿਦਵਾਨ ਤੋਂ ਸ਼ਬਦਾਂ ਪ੍ਰਤੀ ਅਜਿਹੇ ਚਲੰਤ ਜਿਹੇ ਵਿਹਾਰ ਦੀ ਆਸ ਨਹੀਂ ਕੀਤੀ ਜਾ ਸਕਦੀ, ਹਾਲਾਂਕਿ ਉਹ ਆਪਣੇ ਯਤਨ ਨੂੰ ਬਹੁਤ ਗੰਭੀਰ ਸਮਝਦੇ ਹਨ।
ਸ਼ ਖੀਵਾ ਦੇ ਪਹਿਲਾਂ ਲਿਖੇ ਲੇਖਾਂ ਬਾਰੇ ਜਿਥੇ ਮੈਂ ‘ਹਾਸੋਹੀਣੇ’ ਸ਼ਬਦ ਵਰਤਿਆ ਸੀ, ਹੁਣ ਮੈਂ ਨਾਲ ਤਰਸਯੋਗ ਵਿਸ਼ੇਸ਼ਣ ਵੀ ਲਾਉਣਾ ਚਾਹੁੰਦਾ ਹਾਂ। ‘ਪੰਜਾਬੀ ਟ੍ਰਿਬਿਊਨ’ ਦੇ 17 ਫਰਵਰੀ 2018 ਦੇ ਅੰਕ ਵਿਚ ‘ਅਲੋਕਾਰੀ ਪੰਜਾਬੀ ਮੁਹਾਵਰੇ’ ਸਿਰਲੇਖ ਵਾਲੇ ਮਜ਼ਮੂਨ ਵਿਚ ਉਨ੍ਹਾਂ ‘ਕੁਝ ਮੁਹਾਵਰਿਆਂ ਦੇ ਸਰੋਤਾਂ ਜਾਂ ਪ੍ਰਸੰਗਾਂ ਬਾਰੇ ਖੋਜ ਕਰਦਿਆਂ’ ਹੈਰਾਨੀ ਪ੍ਰਗਟ ਕੀਤੀ ਹੈ ਕਿ ‘ਇੰਨੇ ਅਲੋਕਾਰੀ (ਵਿਸ਼ੇਸ਼) ਜੀਵਨ-ਤੱਥ ਲੋਕ-ਜੀਵਨ ਦਾ ਸਹਿਜ ਅੰਗ ਕਿਵੇਂ ਬਣ ਗਏ ਹਨ?’ ਅੱਜ ਅਸੀਂ ਲੇਖ ਵਿਚਲੇ ਪਹਿਲੇ ਮੁਹਾਵਰੇ ਨਾਲ ਹੀ ਆਢਾ ਲੈਂਦਿਆਂ ਪਾਠਕਾਂ ਨਾਲ ਆਪਣਾ ਮਨੋਰੰਜਨ ਸਾਂਝਾ ਕਰਦੇ ਹਾਂ। ਹੂਬਹੂ ਉਨ੍ਹਾਂ ਦੇ ਹੀ ਸ਼ਬਦਾਂ ਵਿਚ ਹਾਸੇ ਦਾ ਛਿੱਟਾ ਬਿਖੇਰਦੇ ਹਾਂ:
“ਕਿਸੇ ਵਿਰੋਧੀ ਦਾ ਸਖਤੀ ਨਾਲ ਮੁਕਾਬਲਾ ਜਾਂ ਵਿਰੋਧ ਕਰਨ ਦੀ ਸਥਿਤੀ ਜਾਂ ਘਟਨਾ ਨੂੰ ‘ਆੜੇ ਹੱਥੀਂ ਲੈਣਾ’ ਮੁਹਾਵਰੇ ਰਾਹੀਂ ਪ੍ਰਗਟ ਕਰਦੇ ਹਾਂ। ਦਰਅਸਲ, ਜਦੋਂ ਕੋਈ ਵਿਅਕਤੀ ਆਪਣੇ ਦੋਵਾਂ ਹੱਥਾਂ ਦੇ ਪੰਜਿਆਂ ਨੂੰ ਖੋਲ੍ਹ ਕੇ ਆਪਣੇ ਵਿਰੋਧੀ ਉਤੇ ਝਪਟਦਾ ਹੈ ਤਾਂ ਅੰਗੂਠਾ ਤੇ ਉਂਗਲਾਂ ਖੁੱਲ੍ਹੀਆਂ ਹੋਣ ਕਰਕੇ ਉਸ ਦੇ ਪੰਜੇ ਦੀ ਸ਼ਕਲ ‘ਆੜਾ’ ਅੱਖਰ ਜਿਹੀ ਬਣ ਜਾਂਦੀ ਹੈ ਜਿਸ ਕਰਕੇ ਕਿਹਾ ਜਾਂਦਾ ਹੈ ਕਿ ਫਲਾਣੇ ਨੇ ਤਾਂ ਫਲਾਣੇ ਨੂੰ ਅੱਜ ਖੂਬ ‘ਆੜੇ ਹੱਥੀਂ’ ਲਿਆ।”
ਸਹਿਜ ਬੁਧੀ ਵੀ ਮੁਹਾਵਰੇ ਦੀ ਇਸ ਵਿਆਖਿਆ ਤੋਂ ਗਦਗਦ ਹੋ ਉਠੇਗੀ। ਜੇ ਮੈਂ ਬਹੁਤੀ ਗਲਤੀ ‘ਤੇ ਨਾ ਹੋਵਾਂ ਤਾਂ ਇਹ ਕਹਿ ਦੇਵਾਂ ਕਿ ਇਹ ਮੁਹਾਵਰਾ ਕੇਵਲ ਪੰਜਾਬੀ ਵਿਚ ਹੀ ਨਹੀਂ ਬਲਕਿ ਹਿੰਦੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਇਸਤੇਮਾਲ ਹੁੰਦਾ ਹੈ ਭਾਵੇਂ ਕਿ ਪੰਜਾਬੀ ਨੇ ਵੀ ਇਸ ਦੇ ਇਸ ਰੂਪ ਨੂੰ ਅਪਨਾ ਲਿਆ ਹੈ। ਦੇਵਕੀ ਨੰਦਨ ਖਤਰੀ ਦੁਆਰਾ ਰਚਿਤ 1888 ਵਿਚ ਪ੍ਰਕਾਸ਼ਿਤ ਹਿੰਦੀ ਦੇ ਕਥਿਤ ਪਹਿਲੇ ਨਾਵਲ ‘ਚੰਦਰਕਾਂਤਾ’ ਵਿਚ ਇਸ ਮੁਹਾਵਰੇ ਦੀ ਵਰਤੋਂ ਇਸ ਪ੍ਰਕਾਰ ਹੈ, “ਇਧਰ ਬੇਚੈਨ ਤਾਰੋਂ ਕੀ ਘਬਰਾਹਟ ਦੇਖ ਅਪਨੇ ਹੁਸਨ ਔਰ ਜਮਾਲ ਪਰ ਭੂਲੀ ਹੂਈ ਖਿਲਖਿਲਾਕਰ ਹੰਸਨੇ ਵਾਲੀ ਕਲੀਓਂ ਕੋ ਸੁਬਹ ਕੀ ਠੰਡੀ ਠੰਡੀ ਹਵਾ ਨੇ ਖੂਬ ਹੀ ਆੜੇ ਹਾਥੋਂ ਲਿਯਾ ਔਰ ਮਾਰੇ ਥਪੇੜੋਂ ਕੇ ਉਨਕੇ ਉਸ ਬਨਾਵ ਕੋ ਬਿਗਾੜਨਾ ਸ਼ੁਰੂ ਕਰ ਦਿਯਾ ਜੋ ਦੋ ਹੀ ਘੰਟੇ ਪਹਿਲੇ ਪ੍ਰਕ੍ਰਿਤੀ ਕੀ ਕਿਸੀ ਭੀ ਲੌਂਡੀ ਨੇ ਦੁਰੁਸਤ ਕਰ ਦਿਯਾ ਥਾ।”
ਮੁਨਸ਼ੀ ਪ੍ਰੇਮ ਚੰਦ ਦੀਆਂ ਰਚਨਾਵਾਂ ਵਿਚ ਇਹ ਮੁਹਾਵਰਾ ਅਕਸਰ ਹੀ ਵਰਤਿਆ ਮਿਲਦਾ ਹੈ। ਉਂਜ ਖੁੱਲ੍ਹੇ ਪੰਜੇ ਦੀ ਸ਼ਕਲ ਆੜੇ ਨਾਲ ਬਹੁਤੀ ਨਹੀਂ ਮਿਲਦੀ ਬਲਕਿ ਦੇਵਨਾਗਰੀ ਦੇ ਆੜੇ ਦਾ ਮੁਹਾਂਦਰਾ ਪੰਜੇ ਨਾਲ ਵਧੇਰੇ ਮਿਲਦਾ ਹੈ ਪਰ ਇਥੇ ਦਿੱਕਤ ਹੈ ਕਿ ਹਿੰਦੀ ਵਿਚ ਇਸ ਨੂੰ ‘ਅ’ ਕਿਹਾ ਜਾਂਦਾ ਹੈ। ਨਾਲੇ ਪੰਜਾਬੀ ਜਗਤ ਵਿਚ ਇਸ ਅੱਖਰ ਦਾ ਵਧੇਰੇ ਬੋਲਿਆ ਜਾਂਦਾ ਨਾਂ ‘ਐੜਾ’ ਹੈ। ਇਸ ਤਰ੍ਹਾਂ ਮੁਹਾਵਰੇ ਦਾ ਰੂਪ ‘ਐੜੇ ਹੱਥੀਂ ਲੈਣਾ’ ਵਧੇਰੇ ਪ੍ਰਚਲਿਤ ਹੋਣਾ ਚਾਹੀਦਾ ਹੈ ਜਾਂ ਘੱਟੋ ਘੱਟ ਦਰੁਸਤ ਸਮਝਿਆ ਜਾਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਗੁਰਮੁਖੀ ਵਰਣਮਾਲਾ ਦੇ ਅੱਖਰ ‘ਅ’ ਜਾਂ ਇਸ ਦੀ ਸ਼ਕਲ ਨਾਲ ਇਸ ਮੁਹਾਵਰੇ ਵਿਚਲੇ ਸ਼ਬਦ ‘ਆੜੇ’ ਦਾ ਸਬੰਧ ਕਦਾਚਿਤ ਨਹੀਂ ਹੋ ਸਕਦਾ। ਮੇਰੇ ਖਿਆਲ ਵਿਚ ਮੁਹਾਵਰੇ ਬਾਰੇ ਸ਼ ਖੀਵਾ ਦੀ ਵਿਆਖਿਆ ਰੱਦ ਕਰਨ ਲਈ ਏਨਾ ਕੁ ਤਰਕ ਹੀ ਕਾਫੀ ਹੈ।
‘ਆੜੇ ਹੱਥੀਂ ਲੈਣਾ’ ਮੁਹਾਵਰਾ ਕਿਸੇ ਨੂੰ ਜ਼ਬਰਦਸਤ ਦਲੀਲਾਂ ਸਹਿਤ ਬੁਰੀ ਤਰ੍ਹਾਂ ਘੇਰਨ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਇਸ ਦੌਰਾਨ ਘੋਰ ਵਿਅੰਗਾਤਮਕ ਸੁਰ ਅਪਨਾਈ ਜਾਂਦੀ ਹੈ। ਅੱਜ ਕਲ੍ਹ ਸਿਆਸਤਦਾਨ ਇਕ ਦੂਜੇ ਨੂੰ ਖੂਬ ਆੜੇ ਹੱਥੀਂ ਲੈਂਦੇ ਹਨ ਤੇ ਇਸ ਦੀ ਵਰਤੋਂ ਵੀ ਬਹੁਤੀ ਇਨ੍ਹਾਂ ਦੇ ਸ਼ਬਦੀ ਹੱਲੇ ਦਰਸਾਉਣ ਲਈ ਕੀਤੀ ਜਾਂਦੀ ਹੈ। ਮੁਹਾਵਰੇ ਦਾ ਅਰਥ ਮੁਹਾਵਰੇ ਨਾਲ ਹੀ ਕਰਨਾ ਹੋਵੇ ਤਾਂ ਅਸੀਂ ਇਸ ਨੂੰ ‘ਕਰਾਰੇ ਹੱਥੀਂ ਲੈਣਾ’ ਦੇ ਬਰਾਬਰ ਖੜ੍ਹਾ ਕਰ ਸਕਦੇ ਹਾਂ। ‘ਹੱਥੀਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ’ ਵਿਚ ਵਿਦਮਾਨ ਇਹ ਉਕਤੀ ਲਾਖਣਿਕ ਨਾਲੋਂ ਯਥਾਰਥਕ ਬਿਆਨ ਵਧੇਰੇ ਹੈ।
ਪਲੈਟਸ ਦੇ ਹਿੰਦੁਸਤਾਨੀ ਕੋਸ਼ ਅਤੇ ਹੋਰਨਾਂ ਵਲੋਂ ਇਸ ਮੁਹਾਵਰੇ ਦੇ ਕਈ ਅਰਥ ਕੀਤੇ ਗਏ ਹਨ ਮਸਲਨ ਗਲਵੱਕੜੀ ਪਾਉਣਾ, ਬਾਹਵਾਂ ਵਿਚ ਲੈਣਾ; ਜਕੜਨਾ; (ਕੁਸ਼ਤੀ ਵਿਚ) ਚਿੱਤ ਕਰਨਾ; ਕਿਸੇ ਨੂੰ ਥੱਲੇ ਲਾਉਣਾ, ਪਿਟਾਈ ਕਰਨਾ, ਸ਼ਰਮਿੰਦਾ ਕਰਨਾ ਆਦਿ। ਇਥੇ ਕੁਸ਼ਤੀ ਵਿਚ ਚਿੱਤ ਕਰਨਾ, ਹਰਾ ਦੇਣਾ ਵਾਲਾ ਅਰਥ ਧਿਆਨ ਮੰਗਦਾ ਹੈ। ਸੰਭਵ ਹੈ, ਇਹ ਅਰਥ ਇਕ ਪਹਿਲਵਾਨ ਵਲੋਂ ਦੂਸਰੇ ਨੂੰ ਪਿਛਿਓਂ ਬਾਹਾਂ ਨਾਲ ਗਲਵੱਕੜੀ ਪਾ ਕੇ ਚਿੱਤ ਕਰਨ ਤੋਂ ਬਣਿਆ ਹੋਵੇ। ਇਸ ਸੂਰਤ ਵਿਚ ਇਹ ਮੁਹਾਵਰਾ ਨਹੀਂ ਬਲਕਿ ਅਸਲ ਵਰਤਾਰੇ ਦਾ ਬਿਆਨ ਹੈ। ਕੁਝ ਵੀ ਹੋਵੇ, ਪਹਿਲਵਾਨੀ ਦਾ ਇਕ ਦਾਅ ਅੜਿੰਗਾ ਕਹਾਉਂਦਾ ਹੈ ਜੋ ‘ਅੜ’ ਤੋਂ ਹੀ ਬਣਿਆ ਹੈ।
ਅਸਲ ਵਿਚ ਪੰਜਾਬੀ ਵਿਚ ਆੜਾ ਦਾ ਰੁਪਾਂਤਰ ਆਢਾ ਸ਼ਬਦ ਹੀ ਬਹੁਤਾ ਚਲਦਾ ਹੈ। ਕੁਝ ਉਪਭਾਸ਼ਾਵਾਂ ਵਿਚ ਇਸ ਦਾ ਰੂਪ ਆਡਾ ਵੀ ਹੈ। ‘ਆਢਾ ਲੈਣਾ’ ਦਾ ਮਤਲਬ ਹੈ, ਆਪਣੇ ਆਪ ਨੂੰ ਛੋਟਾ ਨਾ ਸਮਝਦਿਆਂ ਕਿਸੇ ਨਾਲ ਬਰਾਬਰ ਦੀ ਟੱਕਰ ਲੈਣੀ। ‘ਆਢਾ ਲਈ ਰੱਖਣਾ’ ਹੁੰਦਾ ਹੈ ਕਿਸੇ ਨਾਲ ਝਗੜਾ ਪਾਈ ਰੱਖਣਾ, ਅਣਬਣ ਬਣਾਈ ਰੱਖਣਾ, ਇੱਟ ਖੜਿੱਕਾ ਲਾਈ ਰੱਖਣਾ। ਵਾਰਿਸ ਸ਼ਾਹ ਦੀ ਗਵਾਹੀ ਭੁਗਤਾਉਂਦੇ ਹਾਂ,
ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ,
ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ।
ਨੀ ਤੂੰ ਕੇਹੜੀ ਗੱਲ ‘ਤੇ ਐਡ ਸ਼ੂਕੇਂ,
ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ।
ਆਢਾ ਨਾਲ ਫਕੀਰਾਂ ਦੇ ਲਾਉਂਦੀਆਂ ਨੇ,
ਖੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ।
ਵਾਰਿਸ ਸ਼ਾਹ ਤੇਰੇ ਮੂੰਹ ਨਾਲ ਮਾਰਾਂ,
ਪੰਡਾਂ ਬੰਨ੍ਹ ਕੇ ਸਭ ਭਲਿਆਈਆਂ ਦੀਆਂ।
‘ਮੇਰੇ ਗੀਤ’ ਨਾਮੀਂ ਕਵਿਤਾ ਵਿਚ ਮੋਹਨ ਸਿੰਘ ਦੇ ਤਾਂ ਗੀਤ ਵੀ ਆਢੇ ਲਾਉਂਦੇ ਹਨ:
ਇਹ ਚਾਹਣ ਨਿਕਲਣਾ ਖੁਲ੍ਹਣਾ ਹੁਣ,
ਝੱਖੜਾਂ ਦੇ ਵਾਂਗਰ ਝੁਲਣਾ ਹੁਣ,
ਤੇ ਨਾਲ ਕਿਸਮਤਾਂ ਘੁਲਣਾ ਹੁਣ,
ਅਰਸ਼ਾਂ ਨਾਲ ਆਢੇ ਲਾਉਣ ਗੀਤ।
ਮੁਹਾਵਰੇ ਵਿਚ ਆਏ ਆੜੇ/ਆਢੇ ਸ਼ਬਦ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਸ਼ਬਦ ਵਿਚ ਮੁੱਖ ਭਾਵ ਤਿਰਛਾਪਨ, ਟੇਢ, ਆਰ-ਪਾਰ ਅਤੇ ਰੋਕ, ਅਟਕਾਅ, ਵਿਰੋਧ ਦੇ ਹਨ। ਤਿਰਛੇ ਦੇ ਅਰਥਾਂ ਵਿਚ ਇਹ ਆਮ ਤੌਰ ‘ਤੇ ਆਢੇ-ਤਿਰਛੇ ਸ਼ਬਦ ਯੁਗਮ ਵਿਚ ਹੀ ਆਉਂਦਾ ਹੈ। ਉਂਜ ਕਿਧਰੇ ਕਿਧਰੇ ਆਢੇ ਰੁਖ ਸ਼ਬਦ ਚਲਦਾ ਹੈ। ਇਹ ਦੋਵੇਂ ਭਾਵ ਇਕ ਦੂਜੇ ਨਾਲ ਜੁੜਦੇ ਹਨ। ਕੋਈ ਗਤੀਸ਼ੀਲ ਵਸਤੂ ਜਿਵੇਂ ਗੱਡੇ ਆਦਿ ਅੱਗੇ ਕੋਈ ਚੀਜ਼ ਰੱਖ ਦੇਈਏ ਤਾਂ ਉਹ ਰੁਕ ਜਾਵੇਗੀ। ਚਲਦੇ ਪਹੀਏ ਦੀਆਂ ਅਰਾਂ ਦੇ ਆਰ-ਪਾਰ ਜੇ ਡੰਡਾ ਜਾਂ ਪਰੈਣ ਫਸਾ ਦੇਈਏ ਤਾਂ ਇਹ ਰੁਕ ਜਾਵੇਗੀ। ਟਾਂਗੇ ਵਾਲੇ ਟਾਂਗੇ ਦੀ ਰਫਤਾਰ ਇਸੇ ਤਰ੍ਹਾਂ ਘਟਾਉਂਦੇ ਹਨ। ਧਿਆਨ ਦਿਉ, ਅੜ ਤੋਂ ਬਣੇ ਅੜਿੱਕਾ ਸ਼ਬਦ ਵੱਲ। ਅੜਿੱਕਾ ਚਲਦੇ ਵਾਹਣ ਨੂੰ ਰੋਕਣ ਲਈ ਕਾਟਵੇਂ ਰੁੱਖ ਰੱਖਿਆ ਲੱਕੜੀ ਆਦਿ ਦਾ ਟੁਕੜਾ ਹੈ। ਹੋਰ ਸ਼ਬਦ ਹਨ-ਅੜਚਣ, ਅੜਾਉਣੀ, ਅੜਿੰਗਾ।
ਟੇਢਾ ਸ਼ਬਦ ਵਿਚ ਤਿਰਛਾ ਦੇ ਨਾਲ ਨਾਲ ਆਕ੍ਰਮਣਕ, ਗੁਸਤਾਖ ਹੋਣ ਦੇ ਭਾਵ ਵੀ ਹਨ। ਭਗਤ ਕਬੀਰ ਦੀ ‘ਟੇਢ ਪਗਰੀ’ ਵੱਲ ਗਹੁ ਕਰੋ। ਅੰਗਰੇਜ਼ੀ ਛਰੋਸਸ, ਠਹੱਅਰਟ ਸ਼ਬਦਾਂ ਵਿਚ ਟੇਢ, ਤਿਰਛਾਪਨ ਦੇ ਭਾਵ ਵੀ ਹਨ ਤੇ ਵਿਰੋਧਤਾ ਦੇ ਵੀ। ਧਿਆਨਯੋਗ ਹੈ ਕਿ ਕੁਝ ਸ਼ਬਦ ਕੁਝ ਅਰਥਾਂ ਵਿਚ ਕੇਵਲ ਕਿਸੇ ਮੁਹਾਵਰੇ ਵਿਚ ਹੀ ਕੈਦ ਹੋ ਕੇ ਰਹਿ ਜਾਂਦੇ ਹਨ, ਸੁਤੰਤਰ ਤੌਰ ‘ਤੇ ਵਰਤੇ ਨਹੀਂ ਜਾਂਦੇ। ਇਸ ਤਰ੍ਹਾਂ ਆਢਾ ਸ਼ਬਦ ਦਾ ਅਰਥ ਜਿਵੇਂ ਇਕ ਕੋਸ਼ ਨੇ ਜ਼ਿੱਦ, ਬਹਿਸ, ਝਗੜਾ, ਵਿਵਾਦ ਆਦਿ ਕੀਤਾ ਹੈ, ਯੋਗ ਨਹੀਂ।