ਧੁੱਪ ਦੀਆਂ ਕਣੀਆਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਵਰਤਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਚੰਦ ਅਤੇ ਇਸ ਦੀ ਚਾਨਣੀ ਦੀਆਂ ਨਿਆਮਤਾਂ ਦਾ ਵਿਖਿਆਨ ਕੀਤਾ ਸੀ।

ਹਥਲੇ ਲੇਖ ਵਿਚ ਉਨ੍ਹਾਂ ਧੁੱਪ (ਚਾਨਣ) ਦੀਆਂ ਬਰਕਤਾਂ ਦਾ ਵਿਖਿਆਨ ਕੀਤਾ ਹੈ, “ਧੁੱਪ ਹੀ ਹੁੰਦੀ ਜੋ ਹਨੇਰੇ ਪਲਾਂ ਦੀ ਕੁੱਖ ਵਿਚ ਚਾਨਣ ਬੀਜਦੀ ਅਤੇ ਹਨੇਰੀਆਂ ਰਾਤਾਂ ਨੂੰ ਦਿਨਾਂ ਦਾ ਵਰਦਾਨ ਦਿੰਦੀ।…ਇਕ ਧੁੱਪ ਸਾਡੀ ਮਾਂ ਦੀ ਕੁੱਖ ਵਿਚ ਉਤਰੀ ਜੋ ਸਾਡੀ ਹੋਂਦ ਦੀ ਜਾਮਨ ਬਣੀ, ਇਕ ਧੁੱਪ ਬਾਪ ਦੀ ਫੜ੍ਹੀ ਹੋਈ ਉਂਗਲ ਰਾਹੀਂ ਸਾਡੇ ਮਸਤਕ ਵਿਚ ਉਤਰੀ ਜਿਸ ਨੇ ਸਾਨੂੰ ਸੁਪਨੇ ਦੇਖਣ ਅਤੇ ਸੁਪਨ-ਮਾਰਗ ‘ਤੇ ਤੁਰਨ ਦੀ ਤੌਫੀਕ ਬਖਸ਼ੀ।…ਇਕ ਧੁੱਪ ਬਾਹਰੀ ਹੁੰਦੀ ਜੋ ਬਾਹਰਲੀ ਦੁਨੀਆਂ ਨੂੰ ਰੌਸ਼ਨ ਕਰਦੀ ਅਤੇ ਚੌਗਿਰਦੇ ਨੂੰ ਨਿਹਾਰਨ ਦੇ ਸਮਰੱਥ ਕਰਦੀ। ਪਰ ਸਭ ਤੋਂ ਅਜ਼ੀਮ ਉਹ ਧੁੱਪ ਹੁੰਦੀ ਜੋ ਸਾਡੇ ਅੰਦਰ ਉਗਦੀ, ਅੰਤਰੀਵ ਨੂੰ ਰੁਸ਼ਨਾਉਂਦੀ, ਸੋਚ ਤੇ ਕਰਮਸਾਧਨਾ ਵਿਚ ਸੁੱਚਮ, ਸਾਦਗੀ, ਸਮਰਪਣ ਦਾ ਜਾਗ ਲਾ, ਸਾਡੀ ਝੋਲੀ ‘ਚ ਸੁਖਨ, ਸੰਤੋਖ, ਸਬਰ ਅਤੇ ਸੰਤੁਸ਼ਟੀ ਦਾ ਸ਼ਗਨ ਪਾਉਂਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਧੁੱਪ, ਧੁੱਪੀਲੇ ਪਹਿਰਾਂ ਦੀ ਜਨਮਦਾਤੀ, ਸੱਤਰੰਗੀ ਦੀ ਜਣਨਹਾਰੀ, ਜੀਵਨ-ਧੜਕਣ ਦਾ ਨਾਮ ਅਤੇ ਪੀਲੱਤਣ ਦੇ ਮੱਥੇ ‘ਤੇ ਹਰਿਆਵਲ ਕਰਨ ਦਾ ਉਦਮ।
ਧੁੱਪ, ਧਰਮ ਤੇ ਦਯਾ ਦੀ ਸੂਰਤ ਅਤੇ ਸੀਰਤ। ਹਰੇਕ ਵਿਹੜੇ ਨੂੰ ਨਿੱਘੀ ਅਪਣੱਤ ਨਾਲ ਭਰਦੀ ਅਤੇ ਹਰੇਕ ਬਨੇਰੇ ਨੂੰ ਸੂਰਜ ਵਰਦੀ।
ਧੁੱਪ, ਨਿੱਘ ਅਤੇ ਚਾਨਣ ਦਾ ਸੁਮੇਲ, ਕੋਸੇਪਣ ਦਾ ਹਰਫਨਾਮਾ, ਜਗਦੇ ਚਿਰਾਗਾਂ ਦੀ ਡਾਰ ਅਤੇ ਪੌੜੀਆਂ ਰਾਹੀਂ ਮਟਕ ਮਟਕ ਉਤਰਦੀ ਚਾਨਣ-ਰੁੱਤ। ਇਹ ਰੁੱਤ ਜੋ ਸਾਡੇ ਜੀਵਨ ਵਿਚ ਰੰਗ ਭਰਦੀ।
ਧੁੱਪ, ਚੌਗਿਰਦੇ ਵਿਚ ਰੰਗਾਂ, ਖੁਸ਼ੀਆਂ ਅਤੇ ਖੇੜਿਆਂ ਦਾ ਪਹਿਰ। ਧੁੱਪ-ਸੋਚ ਵਿਚੋਂ ਝਰਦੀ ਸੁਪਨ-ਇਨਾਇਤ, ਕਰਮਯੋਗਤਾ ਦੀ ਕਰਮਸ਼ਾਲਾ ਅਤੇ ਵਕਤ-ਵਿਹੜੇ ਹੁੰਦੀ ਤਾਰਿਆਂ ਦੀ ਬਾਰਸ਼।
ਗਾਚਣੀ ਨਾਲ ਫੱਟੀਆਂ ਪੋਚ ਕੇ ਧੁੱਪ ਵਿਚ ਸੁਕਾਉਣਾ, ਪੂਰਨੇ ਪਵਾਉਣਾ, ਪੂਰਨਿਆਂ ਰਾਹੀਂ ਲਿਖਤ ਨਿਖਾਰਨਾ ਅਤੇ ਮਾਸਟਰਾਂ ਦੀਆਂ ਨਸੀਹਤਾਂ ਤੇ ਝਿੜਕਾਂ ਵਿਚੋਂ ਜੋ ਕੁਝ ਸੋਚ-ਜੂਹੇ ਲਾਇਆ ਸੀ, ਇਹ ਸਾਡੀ ਮੌਜੂਦਾ ਸ਼ਖਸ਼ੀਅਤ ਵਿਚੋਂ ਬਾਖੂਬੀ ਝਲਕਦਾ ਏ। ਦੱਸਣ ਦੀ ਤਾਂ ਲੋੜ ਹੀ ਨਹੀਂ।
ਧੁੱਪ ਸਭ ਤੋਂ ਉਤਮ ਦਵਾਈ। ਵਿਟਾਮਿਨ ਡੀ ਦਾ ਸਰੋਤ। ਜ਼ਰਮਾਂ ਨੂੰ ਮਾਰਨ ਦੀ ਤਰਕੀਬ। ਧੁੱਪ ਵਿਚ ਤਾਂਬੇ ਵਾਂਗ ਲਿਸ਼ਕਦੇ ਜਿਸਮਾਂ ਵਿਚੋਂ ਤੰਦਰੁਸਤੀ ਨੂੰ ਅੰਤਰੀਵ ਵਿਚ ਉਤਾਰਨਾ, ਤੁਹਾਨੂੰ ਇਸ ਦੀ ਉਤਮਤਾ ਦਾ ਅਹਿਸਾਸ ਹੋ ਜਾਵੇਗਾ। ਕਈ ਦੇਸ਼ਾਂ ਵਿਚ ਸਰਦ ਮੌਸਮਾਂ ਦੀ ਮਾਰ ਹੇਠ ਆਏ ਲੋਕ ਅਕਸਰ ਹੀ ਗਰਮੀਆਂ ਵਿਚ ਨੰਗੇ ਪਿੰਡੇ ਬੈਠ, ਧੁੱਪ ਨੂੰ ਜਿਸਮ ਵਿਚ ਰਚਾਉਣ ਦੇ ਆਹਰ ਵਿਚ ਰੁੱਝੇ ਦੇਖੇ ਜਾ ਸਕਦੇ ਨੇ।
ਧੁੱਪ ਦੀਆਂ ਸਰਬ ਹਿੱਤਕਾਰੀ ਕਿਰਨਾਂ, ਮਨੁੱਖ ਲਈ ਸੰਜੀਵਨੀ। ਪਰ ਮਨੁੱਖ ਕੇਹਾ ਅਕ੍ਰਿਤਘਣ ਏ ਕਿ ਉਸ ਨੇ ਗਰੀਨ ਗੈਸਾਂ ਰਾਹੀਂ ਧਰਤੀ ਦੇ ਵਾਤਾਵਰਣੀ ਚੌਗਿਰਦੇ ਵਿਚ ਬਹੁਤ ਸਾਰੇ ਮਘੋਰੇ ਕਰ ਦਿਤੇ ਨੇ ਜਿਸ ਨਾਲ ਅਲਟਰਾ-ਵਾਇਲਟ ਕਿਰਨਾਂ ਮਨੁੱਖੀ ਜਿਸਮ ‘ਤੇ ਪੈਂਦੀਆਂ, ਮਨੁੱਖ ਨੂੰ ਚਮੜੀ ਦੇ ਕੈਂਸਰ ਨਾਲ ਪੀੜਤ ਕਰ ਰਹੀਆਂ ਨੇ। ਇਸੇ ਲਈ ਵਿਕਸਿਤ ਦੇਸ਼ਾਂ ਵਿਚ ਚਮੜੀ ਦੇ ਕੈਂਸਰ ਦੀ ਬਹੁਤਾਤ ਏ।
ਜਦ ਪੱਤੇ ਪੀਲੇ ਹੋ ਕੇ ਆਖਰੀ ਸਫਰ ਦੀ ਤਿਆਰੀ ਕਰਦੇ ਤਾਂ ਉਨ੍ਹਾਂ ਦੇ ਮਨ ਵਿਚ ਧੁੱਪ ਪ੍ਰਤੀ ਸ਼ੁਕਰਗੁਜ਼ਾਰੀ ਹੁੰਦੀ। ਪਰ ਤੇਜ ਹਵਾਵਾਂ ਦਾ ਖੌਫ ਵੀ ਹੁੰਦਾ ਕਿ ਪਤਾ ਨਹੀਂ ਇਹ ਕਿਥੇ ਉਡਾ ਕੇ ਲੈ ਜਾਵੇ? ਕੀ ਮਨੁੱਖੀ ਮਨ ਵਿਚ ਵੀ ਕਦੇ ਧੁੱਪ ਦੀ ਸ਼ੁਕਰਗੁਜ਼ਾਰੀ ਪੈਦਾ ਹੋਈ ਏ?
‘ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ’ ਗੀਤ ਵਿਚ ਪਰਮ ਸੱਚਾਈ ਸਰਬਮਾਨ ਹੈ ਜਿਸ ਤੋਂ ਅਸੀਂ ਹਰ ਵੇਲੇ ਬੇਮੁੱਖ ਹੋਏ ਰਹਿੰਦੇ ਹਾਂ।
ਧੁੱਪ ਹੀ ਹੁੰਦੀ ਜੋ ਹਨੇਰੇ ਪਲਾਂ ਦੀ ਕੁੱਖ ਵਿਚ ਚਾਨਣ ਬੀਜਦੀ ਅਤੇ ਹਨੇਰੀਆਂ ਰਾਤਾਂ ਨੂੰ ਦਿਨਾਂ ਦਾ ਵਰਦਾਨ ਦਿੰਦੀ।
ਧੁੱਪ, ਬਿਰਖਾਂ ਦੇ ਪਿੰਡਿਆਂ ‘ਤੇ ਪੈਂਦੀ ਤਾਂ ਇਹ ਪੱਤਿਆਂ ਨੂੰ ਜੀਵਨ-ਦਾਨ ਬਖਸ਼ਦੀ, ਕਦੇ ਕਦਾਈਂ ਟਹਿਣੀਆਂ ਤੋਂ ਛਣ ਕੇ ਆਉਂਦੀ ਚਿੱਤਕਬਰੀ ਛਾਂ ਅਤੇ ਹਵਾ ਵਿਚ ਤੈਰਦੇ ਕਣਾਂ ਨੂੰ ਨਿਹਾਰਨਾ, ਤੁਹਾਨੂੰ ਵਿਅਕਤਿਤਵ ਕੁਤਾਹੀਆਂ ਅਤੇ ਕਮੀਆਂ ਨਜ਼ਰ ਆਉਣਗੀਆਂ ਜੋ ਅਕਸਰ ਸਾਨੂੰ ਨਜ਼ਰ ਨਹੀਂ ਆਉਂਦੀਆਂ। ਧੁੱਪ ਹੀ ਸਾਨੂੰ ਇਨ੍ਹਾਂ ਦੇ ਰੂਬਰੂ ਕਰਦੀ।
ਧੁੱਪ, ਬਹੁਪਰਤੀ ਸਰੋਕਾਰਾਂ ਰਾਹੀਂ ਜ਼ਿੰਦਗੀ ਨੂੰ ਪ੍ਰਭਾਵਤ ਕਰਦੀ ਅਤੇ ਅਸੀਂ ਇਸ ਵਿਚੋਂ ਖੁਦ ਨੂੰ ਵਿਸਥਾਰਤ ਕਰ ਸਕਦੇ ਹਾਂ। ਯਾਦ ਰੱਖਣਾ! ਧੁੱਪ ਵਿਚ ਸਾਰੇ ਰੰਗ ਸਮੋਏ ਹੁੰਦੇ ਜੋ ਮਿਲ ਕੇ ਧੁੱਪ ਨੂੰ ਚਿੱਟਾਪਣ ਬਖਸ਼ਦੇ ਨੇ। ਇਹ ਵੱਖੋ-ਵੱਖਰੇ ਰੰਗ ਜਦ ਹਵਾ ਵਿਚ ਲਟਕਦੇ ਜਲ-ਕਣਾਂ ਵਿਚੋਂ ਆਰ-ਪਾਰ ਹੁੰਦੇ ਤਾਂ ਅੰਬਰ ਦੇ ਮੱਥੇ ‘ਤੇ ਸਤਰੰਗੀ ਉਕਰ ਜਾਂਦੇ ਜੋ ਮਨੁੱਖੀ ਜੀਵਨ ਨੂੰ ਅਨੰਦ ਨਾਲ ਭਰ ਜਾਂਦੀ। ਕੀ ਅਸੀਂ ਕਦੇ ਆਪਣੀ ਅੰਦਰਲੀ ਸੱਤਰੰਗੀ ਦੇ ਸਨਮੁੱਖ ਹੋ, ਇਸ ਦੇ ਰੰਗਾਂ ਨੂੰ ਨਿਖਾਰ ਕੇ ਮਨੁੱਖਤਾ ਦਾ ਮੁਹਾਂਦਰਾ ਲਿਸ਼ਕਾਉਣ ਦਾ ਉਪਰਾਲਾ ਕੀਤਾ ਏ?
ਧੁੱਪ ਜਦ ਕਲਮ ਦੀ ਕੁੱਖ ਵਿਚੋਂ ਪੈਦਾ ਹੁੰਦੀ ਤਾਂ ਹਰਫਾਂ ਵਿਚ ਜੁਗਨੂੰ ਟਿਮਟਮਾਉਂਦੇ, ਅਰਥਾਂ ਵਿਚ ਸਰਘੀ ਦਾ ਸੂਰਜ ਲਿਸ਼ਕਾਂ ਮਾਰਦਾ ਅਤੇ ਵਰਕੇ ‘ਤੇ ਸਵੇਰ ਦਾ ਟਿੱਕਾ ਲੱਗਦਾ। ਇਹ ਸ਼ਬਦੀ-ਸੰਵੇਦਨਾ ਵਿਚਲੀ ਧੁੱਪ ਹੀ ਹੁੰਦੀ ਜੋ ਚਾਨਣ ਅਤੇ ਨਿੱਘ ਬਣ ਕੇ ਮਨੁੱਖੀ ਸਰੋਕਾਰਾਂ ਨੂੰ ਨਵੀਨਤਮ ਪ੍ਰਵਾਜ਼ ਦਿੰਦੀ। ਧਾਰਮਿਕ ਗ੍ਰੰਥਾਂ, ਵੇਦਾਂ ਅਤੇ ਮਹਾਨ ਕਲਾ-ਕਿਰਤਾਂ ਵਿਚੋਂ ਉਜਵਲ ਹੁੰਦੀ ਧੁੱਪ, ਹਰ ਯੁੱਗ ਵਿਚ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਏ।
ਧੁੱਪ, ਧੁੱਪ ਵਰਗੇ ਮਨੁੱਖਾਂ ਦਾ ਸਾਥ ਲੋਚਦੀ, ਧੁੱਪ ਨੂੰ ਨਵੇਂ ਦਿਸਹੱਦਿਆਂ ਦਾ ਸਿਰਨਾਵਾਂ ਬਣਾਉਣਾ ਲੋਚਦੀ, ਧੁੱਪੀਲੀ ਕਰਮਯੋਗਤਾ ਦੀ ਢੁੰਡਾਓ ਅਤੇ ਧੁੱਪ ‘ਚੋਂ ਧੁੱਪ ਨੂੰ ਨਵੇਂ ਅਰਥ ਦੇਣ ਦੀ ਚਾਹਨਾ।
ਧੁੱਪ, ਸਾਡੇ ਆਲੇ-ਦੁਆਲੇ ਫੈਲੀ, ਰੋਲ-ਮਾਡਲਾਂ ਦੇ ਰੂਪ ਵਿਚ ਹਾਜ਼ਰ। ਸੂਰਜ, ਤਾਰੇ ਧੁੱਪ ਦਾ ਹੋਕਰਾ ਲਾਉਂਦੇ। ਪਰ ਅਸੀਂ ਕੇਹੇ ਨਿਕਰਮੇ ਹਾਂ ਕਿ ਧੁੱਪ ਨੂੰ ਪਿੱਠ ਕਰੀ ਬੈਠੇ ਹਾਂ ਅਤੇ ਧੁੱਪ ਨੂੰ ਝੋਲੀ ਵਿਚ ਪਾਉਣ ਤੋਂ ਨਾਬਰ।
ਧੁੱਪ ਦੇ ਨੈਣਾਂ ਵਿਚ ਖਾਰੇ ਪਾਣੀਆਂ ਦੀ ਨੈਂਅ ਵਗਦੀ ਜਦ ਮਨੁੱਖ ਨਾ-ਸ਼ੁਕਰਾ ਹੋ, ਧੁੱਪ ਦੀ ਹਾਜਰੀ ਤੋਂ ਅਣਜਾਣ ਅਤੇ ਇਸ ਦੀ ਸਾਰਥਕਤਾ ਨੂੰ ਅਪਨਾਉਣ ਤੇ ਨਿਭਾਉਣ ਤੋਂ ਆਕੀ ਹੋ ਜਾਂਦਾ। ਪਰ ਧੁੱਪ ਬਹੁਤ ਹਠੀਲੀ। ਉਹ ਬੰਦ ਮੁੱਠੀਆਂ, ਮੁੰਦ ਨੈਣਾਂ ਅਤੇ ਬੰਦ ਕਿਤਾਬਾਂ ਦੇ ਵਰਕਿਆਂ ‘ਤੇ ਵੀ ਆਪਣੀ ਦਸਤਕ ਦਿੰਦੀ ਤਾਂ ਕਿ ਅਸੀਂ ਕਿਤਾਬਾਂ ਨੂੰ ਸਿਰਫ ਧੂਫ ਦੇਣ ਤੀਕ ਹੀ ਸੀਮਤ ਨਾ ਰੱਖੀਏ। ਇਨ੍ਹਾਂ ਵਿਚ ਉਸਲਵਾਟੇ ਲੈਂਦੀ ਧੁੱਪ ਨੂੰ ਜਗਾਈਏ। ਗਲ ਨਾਲ ਲਾਈਏ ਅਤੇ ਇਸ ਦੀ ਹਮਸਫਰਤਾ ਨਾਲ ਆਪਣੇ ਰਾਹਾਂ ਨੂੰ ਰੁਸ਼ਨਾਈਏ।
ਇਕ ਧੁੱਪ ਸਾਡੀ ਮਾਂ ਦੀ ਕੁੱਖ ਵਿਚ ਉਤਰੀ ਜੋ ਸਾਡੀ ਹੋਂਦ ਦੀ ਜਾਮਨ ਬਣੀ, ਇਕ ਧੁੱਪ ਬਾਪ ਦੀ ਫੜ੍ਹੀ ਹੋਈ ਉਂਗਲ ਰਾਹੀਂ ਸਾਡੇ ਮਸਤਕ ਵਿਚ ਉਤਰੀ ਜਿਸ ਨੇ ਸਾਨੂੰ ਸੁਪਨੇ ਦੇਖਣ ਅਤੇ ਸੁਪਨ-ਮਾਰਗ ‘ਤੇ ਤੁਰਨ ਦੀ ਤੌਫੀਕ ਬਖਸ਼ੀ। ਇਕ ਧੁੱਪ ਸਾਡੇ ਅਧਿਆਪਕਾਂ ਨੇ ਜੀਵਨ-ਪੈਂਡੇ ਵਿਚ ਤਰੌਂਕੀ ਜਿਸ ਨਾਲ ਸਾਡੇ ਸੁਪਨਿਆਂ ਨੂੰ ਪ੍ਰਵਾਜ਼ ਮਿਲੀ ਅਤੇ ਅਸੀਂ ਉਨ੍ਹਾਂ ਸੁਪਨਿਆਂ ਰਾਹੀਂ ‘ਨੇਰਿਆਂ ਦੇ ਮੱਥਿਆਂ ‘ਚ ਧੁੱਪ ਉਗਾਉਣ ਦੇ ਸਮਰੱਥ ਹੋਏ।
ਘਰ ਦੇ ਵਿਹੜੇ ਵਿਚ ਜਦ ਧੁੱਪ ਉਤਰਦੀ ਸੀ ਤਾਂ ਬਜ਼ੁਰਗ ਮਾਂਵਾਂ ਸੂਰਜ ਨੂੰ ਨਮਸਕਾਰਦੀਆਂ, ਇਸ ਦੇ ਸਦਕੇ ਜਾਂਦੀਆਂ, ਧੁੱਪ ਵਿਚੋਂ ਹੀ ਆਪਣੀ ਜੀਵਨ-ਸਾਧਨਾ ਨੂੰ ਕਿਆਸਦੀਆਂ ਸਨ। ਵਿਹੜਾ ਚਾਨਣ ਨਾਲ ਭਰ ਜਾਂਦਾ ਸੀ ਅਤੇ ਇਸ ਚਾਨਣ ਵਿਚੋਂ ਨਵੀਆਂ ਉਮੰਗਾਂ ਜਨਮ ਲੈਂਦੀਆਂ ਸਨ।
ਕਦੇ ਕਦਾਈਂ ਜੋਬਨ ਰੁੱਤ ਦੀ ਤਿਖੇਰੀ ਧੁੱਪ ਅੱਖਾਂ ਚੁੰਧਿਆਉਂਦੀ ਤਾਂ ਕੁਰਾਹੀ ਪੈੜ, ਪੈਰਾਂ ਦੇ ਨਾਮ ਹੋ ਜਾਂਦੀ। ਪਰ ਜਦ ਅਜਿਹੀ ਧੁੱਪ ਦੇ ਸੱਚ, ਸੁਹਜ ਅਤੇ ਸੁੰਦਰਤਾ ਵਿਚੋਂ ਸੁਖਨ-ਸੋਚ ਅਤੇ ਸੁੱਚੀ ਸੰਵੇਦਨਾ ਨਾਮ ਹੁੰਦੀ ਤਾਂ ਸੁਗੰਧੀ ਭਰੇ ਸਾਹਾਂ ਦਾ ਸਫਰਨਾਮਾ ਜ਼ਿੰਦਗੀ ਦੇ ਨਾਮ ਹੋ ਜਾਂਦਾ।
ਧੁੱਪ ਨੂੰ ਕਦੇ ਵੀ ਅਪਾਹਜ ਜਾਂ ਕੋਹਝੀ ਨਹੀਂ ਕੀਤਾ ਜਾ ਸਕਦਾ। ਧੁੱਪ ਸਿਰਫ ਧੁੱਪ ਹੁੰਦੀ ਜਿਸ ਵਿਚੋਂ ਨਵੇਂ ਨਕਸ਼ਾਂ ਦੀ ਨਿਸ਼ਾਨਦੇਹੀ ਕਰਨਾ ਮਨੁੱਖ ਦਾ ਮਾਣ ਹੋਣਾ ਚਾਹੀਦਾ।
ਕਈ ਵਾਰ ਬਦਲੋਟੀਆਂ ਧੁੱਪ ਨੂੰ ਛੁਪਾਉਣ ਦੇ ਆਹਰ ਵਿਚ ਖੁਦ ਦੀ ਹੋਂਦ ਤੇ ਪ੍ਰਸ਼ਨ ਚਿੰਨ ਖੁਦਵਾ ਲੈਂਦੀਆਂ। ਧੁੱਪ ਨੂੰ ਕਿੰਨਾ ਵੀ ਲੁਕਾਉਣ ਦੀ ਕੋਸ਼ਿਸ ਕਰੋ, ਆਖਰ ਨੂੰ ਤਾਂ ਇਸ ਨੇ ਦਸਤਕ ਦੇਣੀ ਹੀ ਹੁੰਦੀ।
ਜਿਹੜੇ ਲੋਕ ਧੁਪੀਲੇ ਰਾਹਾਂ ਦੇ ਪਾਂਧੀ ਬਣ ਜਾਂਦੇ, ਉਨ੍ਹਾਂ ਦੇ ਰਾਹਾਂ ਵਿਚ ਦੀਵਿਆਂ ਦੀ ਲਾਮਡੋਰੀ ਕਦੇ ਨਾ ਟੁੱਟਦੀ। ਉਹ ਧੁੱਪ ਦੇ ਹਾਣੀ ਬਣ ਇਕਸੁਰਤਾ ਅਤੇ ਇਕਸਾਰਤਾ ਦਾ ਅਜਿਹਾ ਕਰਮਯੋਗ ਸਿਰਜਦੇ ਕਿ ਉਨ੍ਹਾਂ ਦੀ ਅਸੀਮਤਾ ਉਨ੍ਹਾਂ ਨੂੰ ਮੁਖਾਤਬ ਹੋਣ ਤੋਂ ਵੀ ਝਿਜਕਣ ਲੱਗਦੀ।
ਧੁੱਪ ਬਹੁਰੂਪਾਂ ਸੰਗ ਵੱਖ-ਵੱਖ ਪੜਾਵਾਂ ‘ਤੇ ਮਨੁੱਖ ਦੇ ਰੂਬਰੂ ਹੁੰਦੀ, ਕਦੇ ਬਚਪਨੇ ਦੀ ਮਾਸੂਮ ਜਿਹੀ ਕੋਸੀ ਕੋਸੀ ਧੁੱਪ, ਕਦੇ ਜਵਾਨੀ ਦੀ ਤਿੱਖੜ ਦੁਪਹਿਰ ਜਿਸ ਵਿਚ ਢਲਦੇ ਸੂਰਜਾਂ ਦਾ ਕਿਆਸ ਵੀ ਨਹੀਂ ਹੁੰਦਾ, ਕਦੇ ਢਲਦੇ ਪ੍ਰਛਾਵੇਂ ਮਨੁੱਖ ਨੂੰ ਮੁਖਾਤਬ ਹੁੰਦੇ ਅਤੇ ਉਸ ਦੇ ਅੰਦਰਲੇ ਸੇਕ ਵਿਚੋਂ ਰਿਸ਼ਮ ਅਤੇ ਨਿੱਘ ਦਾ ਸਿਰਨਾਵਾਂ ਪੁਛਦੇ।
ਧੁੱਪ ਹਰ ਵਿਹੜੇ ਅਤੇ ਦਰ ‘ਤੇ ਦਸਤਕ ਦਿੰਦੀ। ਅਸੀਂ ਹੀ ਅਣਭੋਲਪੁਣੇ ਵਿਚ ਇਸ ਨੂੰ ਅਣਗੌਲਿਆ ਕਰ ਦਿੰਦੇ। ਕਦੇ ਵੀ ਧੁੱਪ ਨੂੰ ਅਣਗੌਲਿਆ ਨਾ ਕਰੋ ਕਿਉਂਕਿ ਧੁੱਪਾਂ ਦੀ ਰੁੱਤ ਸਦੀਵ ਨਹੀਂ ਰਹਿੰਦੀ ਅਤੇ ਨਾ ਹੀ ਲਹਿੰਦੀ ਧੁੱਪ ਨੇ ਚੜ੍ਹਦੀ ਧੁੱਪ ਦਾ ਰੂਪ ਵਟਾਉਣਾ ਏ।
ਧੁੱਪ ਦਾ ਟੋਟਾ ਹਨੇਰ-ਨਗਰੀ ਦੇ ਰਾਹ ਰੁਸ਼ਨਾਵੇ, ਜੋਤਹੀਣ ਹੱਥ ਧੁੱਪ-ਡੰਗੋਰੀ ਫੜ੍ਹਾਵੇ। ਧੁੱਪ ਜਦ ਧੁੱਪ ਨੂੰ ਪਿੰਡੇ ਲਾਵੇ ਤਾਂ ਧੁੱਪ ਦੀ ਨਗਰੀ ਧੁੱਪ ਖਿੰਡਾਵੇ। ਧੁੱਪ ਦੀ ਚਾਹਨਾ ਨਿੱਘ ਦਿਲਾਸਾ, ਧੁੱਪ ਦੀ ਆਮਦ, ਮਿਟੇ ਨਿਰਾਸ਼ਾ। ਧੁੱਪ ਸੰਗ ਆੜੀ ਮਸਤਕ-ਚਿਰਾਗ, ਧੁੱਪ ‘ਚ ਬੈਠਿਆਂ ਜਾਗਣ ਭਾਗ। ਧੁੱਪ ਦੀ ਬੀਹੀ ਗੇੜਾ ਮਾਰੋ, ਦਰ-ਦਰਵਾਜੀਂ ਧੁੱਪ-ਆਰਤੀ ਉਤਾਰੋ। ਧੁੱਪ ਬਿਨਾ ਦੱਸੋ ਕਾਹਦਾ ਜੀਣਾ, ਧੁੱਪ ਨੂੰ ਪਹਿਨਣਾ ਤੇ ਧੁੱਪ ਥੀਂ ਥੀਣਾ। ਧੁੱਪ ਦੀ ਪੁਸਤਕ ਪੜ੍ਹਨ ਦੀ ਸੋਚੋ, ਅਰਥਾਂ ਵਿਚੋਂ ਲੰਘਣਾ ਲੋਚੋ। ਧੁੱਪ ‘ਚ ਧੁੱਪ ਦਾ ਨਗਮਾ ਗਾਵੋ ਅਤੇ ਰੁੱਸੇ ਹੋਠੀਂ ਧੁੱਪ ਟਿਕਾਵੋ। ਧੁੱਪ, ਧੂੜਾਂ ‘ਚ ਚਾਨਣ-ਲਾਟ, ਧੁੱਪ ਵਿਚ ਮੁੱਕੇ ਲੰਮੇਰੀ ਵਾਟ। ਧੁੱਪ ਦੇ ਬਸਤਰ ਜਿਹੜਾ ਪਾਵੇ, ਕਦੇ ਨਾ ਹੱਡੀਂ ਸਿਆਲ ਹੰਢਾਵੇ। ਧੁੱਪ ਦੀ ਬਾਣੀ, ਉਤਮ ਬਾਣੀ, ਜੀਵਨ-ਜਾਚ ਜਿਸ ਨੈਣੀਂ ਵਿਛਾਣੀ।
ਧੁੱਪ ਵਰਗਾ ਸਾਥ ਜੇ ਜੀਵਨ-ਸਾਥ ਬਣ ਜਾਵੇ ਤਾਂ ਜੀਵਨ-ਦੁਸ਼ਵਾਰੀਆਂ ਨਾਲ ਮੱਥਾ ਲਾਉਣਾ ਅਸਾਨ ਹੋ ਜਾਂਦਾ। ਤੁਸੀਂ ਸਹਿਜ ਨਾਲ ਇਨ੍ਹਾਂ ਦੇ ਮੱਥਿਆਂ ‘ਤੇ ਚਾਨਣ-ਕ੍ਰਿਤ ਦੀ ਕਲਾ-ਨਿਕਾਸ਼ੀ ਕਰ ਸਕਦੇ ਹੋ ਜਿਸ ਵਿਚੋਂ ਚਾਨਣ-ਰੱਤੇ ਰਾਹ ਨਜ਼ਰ ਆਉਂਦੇ।
ਇਕ ਧੁੱਪ ਬਾਹਰੀ ਹੁੰਦੀ ਜੋ ਬਾਹਰਲੀ ਦੁਨੀਆਂ ਨੂੰ ਰੌਸ਼ਨ ਕਰਦੀ ਅਤੇ ਚੌਗਿਰਦੇ ਨੂੰ ਨਿਹਾਰਨ ਦੇ ਸਮਰੱਥ ਕਰਦੀ। ਪਰ ਸਭ ਤੋਂ ਅਜ਼ੀਮ ਉਹ ਧੁੱਪ ਹੁੰਦੀ ਜੋ ਸਾਡੇ ਅੰਦਰ ਉਗਦੀ, ਅੰਤਰੀਵ ਨੂੰ ਰੁਸ਼ਨਾਉਂਦੀ, ਸੋਚ ਤੇ ਕਰਮਸਾਧਨਾ ਵਿਚ ਸੁੱਚਮ, ਸਾਦਗੀ, ਸਮਰਪਣ ਦਾ ਜਾਗ ਲਾ, ਸਾਡੀ ਝੋਲੀ ‘ਚ ਸੁਖਨ, ਸੰਤੋਖ, ਸਬਰ ਅਤੇ ਸੰਤੁਸ਼ਟੀ ਦਾ ਸ਼ਗਨ ਪਾਉਂਦੀ। ਅਗਰ ਮਨੁੱਖ ਦੀ ਸਭ ਤੋਂ ਪਹਿਲੀ ਤੇ ਆਖਰੀ ਇੱਛਾ ਅੰਤਰੀਵ ਨੂੰ ਰੁਸ਼ਨਾਉਣ ਤੀਕ ਫੈਲ ਜਾਵੇ ਤਾਂ ਜ਼ਿੰਦਗੀ ਦੇ ਅਰਥ ਬਦਲ ਜਾਂਦੇ ਨੇ।
ਅੰਦਰਲੀ ਧੁੱਪ ਨੂੰ ਮਾਣਨ ਖਾਤਰ ਹੀ ਬੁੱਧ ਨੇ ਬਾਦਸ਼ਾਹੀ ਤਿਆਗੀ। ਧੁੱਪ ਦਾ ਹੋਕਰਾ ਦਿੰਦਿਆ ਹੀ ਨਾਨਕ ਦਰਵੇਸ਼, ਸ਼ਾਇਰੀ ਦਾ ਮਹਾਂ-ਸਾਗਰ ਸਿਰਜ ਗਿਆ ਅਤੇ ਇਸ ਦੇ ਮੰਥਨ ਵਿਚੋਂ ਯੁੱਗਾਂ ਵਰਗੀ ਆਰਜਾ ਦਾ ਸੰਦੇਸ਼ ਅਤੇ ਸਰਬੱਤ ਦੇ ਭਲੇ ਦਾ ਪੈਗਾਮ ਮਾਨਵਤਾ ਦਾ ਸ਼ਿੰਗਾਰ ਬਣਿਆ।
ਮੱਥੇ ਵਿਚਲੀ ਧੁੱਪ ਨੂੰ ਜਗਾਉਣ ਲਈ ਇਕ ਚੰਗਿਆੜੀ ਦੀ ਲੋੜ ਹੁੰਦੀ। ਫਿਰ ਧੁੱਪ ਖੁਦ ਫੈਲਦੀ, ਰਾਹ ਰੁਸ਼ਨਾਉਂਦੀ, ਖਲਕਤ ਦੀ ਮਾਰਗ-ਦਰਸ਼ਕ ਬਣ ਜਾਂਦੀ ਏ।
ਧੁੱਪ ਨੂੰ ਕਤਲ ਨਾ ਕਰੋ। ਮਨੁੱਖ, ਰੁੱਖ ਜਾਂ ਕੁੱਖ ਦੇ ਕਤਲ ‘ਚੋਂ ਤੁਸੀਂ ਬਰੀ ਹੋ ਸਕਦੇ ਹੋ। ਪਰ ਤੁਸੀਂ ਆਤਮਾ ਦੀ ਕਚਹਿਰੀ ਵਿਚੋਂ ਖੁਦ ਦੇ ਕਤਲ ਦਾ ਇਲਜ਼ਾਮ ਕਿੰਜ ਧੋਵੋਗੇ? ਸਾਰੀ ਉਮਰ ਸੂਲੀ ‘ਤੇ ਲਟਕਦਿਆਂ ਹੀ ਬਿਤਾਉਣੀ ਪਵੇਗੀ।
ਜੇ ਹਾਲਾਤ ਵਿਚ ਬੱਝਿਆਂ ਬਾਹਰੀ ਧੁੱਪ ਨਸੀਬ ਨਾ ਹੋਵੇ ਤਾਂ ਆਪਣੇ ਅੰਦਰ ਵਿਚ ਸੂਰਜ ਬਾਲੋ। ਇਸ ਦੇ ਸੇਕ ਨਾਲ ਰਿਸ਼ਤਿਆਂ ਅਤੇ ਸਬੰਧਾਂ ਵਿਚ ਨਿੱਘ ਤਰੌਂਕੋ ਅਤੇ ਚਾਨਣ ਨਾਲ ਮਨੁੱਖੀ-ਸੋਚ ਨੂੰ ਰੁਸ਼ਨਾਉਣ ਦੇ ਸ਼ੁਭ-ਕਰਮਨ ਵਿਚ ਰੁੱਝੇ ਰਹੋ।
ਕਦੇ ਵੀ ਧੁੱਪ ਨੂੰ ਆਪਣੇ ਤੀਕ ਸੀਮਤ ਨਾ ਕਰੋ ਸਗੋਂ ਸੂਰਜ ਵਾਂਗ ਝੋਲੀਆਂ ਭਰ ਭਰ ਕੇ ਵੰਡੋ। ਤੁਹਾਨੂੰ ਧੁੱਪ ਦੇ ਅਸੀਮ ਭੰਡਾਰੇ ਪ੍ਰਾਪਤ ਹੋਣਗੇ। ਕੀ ਸੂਰਜ ਨੇ ਕਦੇ ਧੁੱਪ ਦੀ ਘਾਟ ਮਹਿਸੂਸ ਕੀਤੀ ਏ? ਗੁਰੂਆਂ, ਪੀਰਾਂ, ਸ਼ਹੀਦਾਂ, ਮਹਾਂ-ਪੁਰਖਾਂ ਦੀ ਇਹ ਨਸੀਹਤ ਹੀ ਕਿਸੇ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਏ ਜਿਸ ਨੂੰ ਮੰਨ ਕੇ ਕੌਮ ਦਾ ਵਿਗਸਣਾ ਨਿਰੰਤਰ ਜਾਰੀ ਰਹਿੰਦਾ ਏ।
ਧੁੱਪ ਵਿਚ ਕੁਕਰਮਾਂ ਦਾ ਭੇਤ ਜੱਗ ਜਾਹਰ ਹੁੰਦਾ ਜਦ ਕਿ ਚੰਗਿਆਈ ਦੀ ਬੁਲੰਦੀ ਹੋਰ ਬੁਲੰਦ ਹੁੰਦੀ। ਧੁੱਪ ਵਿਚ ਤੁਸੀਂ ਖੁਦ ਨੂੰ ਖੁਦ ਤੋਂ ਹੀ ਨਹੀਂ ਛੁਪਾ ਸਕਦੇ। ਖੁਦਾ ਤੋਂ ਤਾਂ ਦੂਰ ਦੀ ਗੱਲ ਏ।
ਯਾਦ ਰੱਖਣਾ! ਧੁੱਪ ਤੋਂ ਬਗੈਰ ਬਨਸਪਤੀ ਵਿਗਸ ਨਹੀਂ ਸਕਦੀ। ਕੁਦਰਤੀ ਪਸਾਰਾ ਪ੍ਰਫੁਲਿਤ ਨਹੀਂ ਹੋ ਸਕਦਾ। ਮਨੁੱਖੀ ਹੋਂਦ ਨੂੰ ਕਿਆਸਣਾ ਤਾਂ ਦੂਰ ਦੀ ਗੱਲ ਹੈ।
ਧੁੱਪ ਦਾ ਕੋਈ ਬਦਲ ਨਹੀਂ ਭਾਵੇਂ ਅਸੀਂ ਗਰੀਨ ਹਾਊਸਾਂ ਰਾਹੀਂ ਸਬਜ਼ੀਆਂ ਅਤੇ ਫਲ ਉਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕੁਦਰਤੀ ਰੂਪ ਵਿਚ ਉਗੀਆਂ ਅਤੇ ਪ੍ਰਵਾਨ ਹੋਈਆਂ ਨਿਆਮਤਾਂ ਦਾ ਰੀਸ ਕੌਣ ਕਰੇਗਾ?
ਫੁੱਲ ਹਮੇਸ਼ਾ ਧੁੱਪ ਵਿਚ ਹੀ ਖਿੜਦੇ ਨੇ। ਆਪਣੇ ਅੰਦਰ ਝਾਕ ਕੇ ਦੇਖਣਾ ਕਿ ਤੁਸੀਂ ਹੁਣ ਤੱਕ ਕਿੰਨੇ ਕੁ ਫੁੱਲਾਂ ਨੂੰ ਖਿੜਾ ਸਕੇ ਹੋ?
ਸ਼ਾਇਦ ਤੁਹਾਨੂੰ ਯਾਦ ਹੋਵੇ ਜਦ ਨਿਆਣੀ ਉਮਰੇ ਬਾਪ ਲੀਰਾਂ ਵਰਗੇ ਪਰਨੇ ਨਾਲ ਤਿੱਖੜ ਦੁਪਹਿਰਾਂ ਵਿਚ ਆਪਣੇ ਲਾਡਲੇ ਨੂੰ ਸੇਕ ਤੋਂ ਬਚਾਇਆ ਕਰਦਾ ਸੀ। ਕਦੇ ਉਸ ਡੱਬ-ਖੜੱਬੀ ਛਾਂ ਅਤੇ ਲੀਰਾਂ ਹੋਏ ਪਰਨੇ ਨੂੰ ਯਾਦ ਜਰੂਰ ਕਰਨਾ। ਏ. ਸੀ. ਕਾਰਾਂ ਅਤੇ ਘਰਾਂ ਵਿਚ ਬੈਠਿਆਂ ਉਹ ਸਕੂਨ ਨਹੀਂ ਆਵੇਗਾ ਜੋ ਬਾਲ ਉਮਰੇ ਬਾਪੂ ਵਲੋਂ ਕੀਤੀ ਛਾਂ ਨਾਲ ਆਇਆ ਸੀ?
ਧੁੱਪ ਦੀਆਂ ਕਣੀਆਂ ਜਦ ਚਾਨਣ ਵਿਹੂਣੀ ਅਤੇ ਯੱਖ ਸੋਚ-ਜੂਹ ‘ਤੇ ਦਸਤਕ ਦਿੰਦੀਆਂ ਤਾਂ ਚਾਨਣ ਕਾਲਖ ਪੂੰਝਦਾ, ਯੱਖ ਕੁੱਖ ਵਿਚ ਨਿੱਘ ਦੀ ਸਰਗੋਸ਼ੀ ਦੀ ਆਮਦ ਬਣਦਾ।
ਕਦੇ ਕਦਾਈਂ ਧੁੱਪ ਦੀ ਭਲਿਆਈ ਅਤੇ ਇਸ ਦੀ ਮਾਨਵੀ ਦੇਣ ਨੂੰ ਸੋਚ ਧਰਾਤਲ ‘ਤੇ ਖਿਆਲਣਾ ਅਤੇ ਇਸ ਦੀ ਅਣਹੋਂਦ ਨਾਲ ਉਭਰਨ ਵਾਲੀ ਸਰਬਨਾਸ਼ਤਾ ਨੂੰ ਕਿਆਸਣਾ, ਤੁਹਾਨੂੰ ਧੁੱਪ ਦੀ ਧਰਮ-ਬੰਦਗੀ ਅਤੇ ਧਾਰਮਿਕਤਾ ਦਾ ਅਹਿਸਾਸ ਹੋ ਜਾਵੇਗਾ ਅਤੇ ਤੁਸੀਂ ਇਸ ਦੀ ਸ਼ੁਕਰਗੁਜ਼ਾਰੀ ਨੂੰ ਨਤਮਤਸਕ ਜਰੂਰ ਹੋਵੋਗੇ!
ਧੁੱਪਾਂ ਵਰਗੇ ਪਹਿਰ ਵੇ ਰੱਬਾ ਹਰ ਝੋਲੀ ਵਿਚ ਪਾਈਂ, ਹਰ ਹਨੇਰੀ ਕੁੱਖ ਨੂੰ ਸਾਈਆਂ ਸੂਰਜ ਨਾਲ ਗਰਭਾਈਂ। ਧੁੱਪਾਂ ਵਰਗੀਆਂ ਰੁੱਤਾਂ ਬਣਨ ਹਰ ਬਨੇਰੇ ਦਾ ਮਾਣ, ਧੁੱਪਾਂ ਵਰਗੇ ਪਲਾਂ ਦਾ ਪੀਹੜਾ, ਹਰ ਵਿਹੜੇ ਦੀ ਸ਼ਾਨ। ਧੁੱਪਾਂ ਵਰਗੇ ਬਾਪੂ ਸਦਕਾ ਸਦਾ ਮਾਣੀਆਂ ਛਾਂਵਾਂ, ਧੁੱਪਾਂ ਬਣ ਕੇ, ਸੰਗ ਬੱਚਿਆਂ ਦੇ ਰਹਿਣ ਜਿਉਂਦੀਆਂ ਮਾਂਵਾਂ।
ਧੁੱਪ ਤੇ ਬਾਰਸ਼-ਬੂੰਦਾਂ ਦੀ ਸੰਗਮੀ ਸਾਂਝ, ਰੰਗ-ਬਿਰੰਗੇ ਵਰਤਾਰਿਆਂ ਦੀ ਗਵਾਹੀ ਜੋ ਸੱਤਰੰਗੀ ਨਾਲ ਅਸਮਾਨੀ ਵਿਹੜੇ ਵਿਚ ਰੰਗਾਂ ਦੀ ਛਹਿਬਰ ਲਾਉਂਦੀ।
ਕਕਰੀਲੀਆਂ ਸਵੇਰਾਂ ਵਿਚ ਚੜ੍ਹਦੀ ਧੁੱਪ ਦਾ ਕੋਸਾ ਕੋਸਾ ਅਹਿਸਾਸ, ਚਾਰੇ ਪਾਸੇ ਫੈਲੇ ਧੁੰਦ-ਪਸਾਰੇ ਦਾ ਉਡ ਜਾਣਾ ਅਤੇ ਨਿੱਘੇ ਬਜ਼ੁਰਗੀ ਹੱਥਾਂ ਵਿਚ ਸੇਕੇ ਹੋਏ ਬਚਪਨੀ ਹੱਥਾਂ ਦਾ ਸੁਖਨ ਜਦ ਚੇਤਿਆਂ ਵਿਚ ਤਰਦਾ ਤਾਂ ਧੁੱਪ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ।
ਸਰਬਗੁਣੀ ਅਤੇ ਸਰਬ-ਵਿਆਪਕ ਧੁੱਪ ਦੀ ਅਰਾਧਨਾ ਵਿਚੋਂ ਹੀ ਖੁਦ ਨੂੰ ਵਿਕਸਿਤ ਕੀਤਾ ਜਾ ਸਕਦਾ ਏ। ਅਜਿਹਾ ਕਰਨ ਦੀ ਚੇਸ਼ਟਾ ਜੇ ਮਨ ਵਿਚ ਪੈਦਾ ਹੋ ਜਾਵੇ ਤਾਂ ਧੁੱਪ ਦਾ ਧਰਮ-ਕਰਮ ਪੂਰਾ ਹੋ ਜਾਵੇਗਾ।
ਜ਼ਿੰਦਗੀ, ਧੁੱਪਾਂ ਅਤੇ ਛਾਂਵਾਂ ਦਾ ਸੁਮੇਲ। ਹਰ ਰੰਗ ਵਿਚੋਂ ਹੀ ਜ਼ਿੰਦਗੀ ਨੂੰ ਖੁਸ਼ਆਮਦੀਦ ਕਹਿਣਾ, ਮਨੁੱਖੀ ਸੋਚ ਦੀ ਪਹਿਲ। ਧੁੱਪਾਂ-ਛਾਂਵਾਂ ਸਦੀਵ ਨਹੀਂ ਰਹਿੰਦੀਆਂ, ਪਰ ਧੁੱਪਾਂ ਦਾ ਵੱਧ ਲਾਹਾ ਲੈਣ ਵਾਲੇ ਹੀ ਜੀਵਨ ਦਾ ਸੁੱਚਾ ਨਗ ਹੁੰਦੇ।
ਜ਼ਿੰਦਗੀ ਵਿਚ ਵਿਚਰਦਿਆਂ ਧੁੱਪ ਦਾ ਹੋਕਰਾ ਲਾਓ, ਧੁੱਪ ਦੀਆਂ ਰਿਸ਼ਮਾਂ ਬਰਸਾਓ ਅਤੇ ਧੁੱਪ ਦੇ ਲੰਗਰ ਲਗਾਓ। ਧੁੱਪ ਨਾਲ ਧੋਤੀਆਂ ਰਾਹਾਂ ਵਿਚ ਧੰਨਭਾਗਤਾ ਉਗੇਗੀ ਅਤੇ ਪੈਰਾਂ ਦੇ ਨਾਮ ਮੰਜ਼ਿਲ-ਮਸਤਕ ਉਕਰਨਗੀਆਂ।