ਤਾਈ ਮਹਾਕੁਰ

ਜ਼ਮਾਨਾ ਬਦਲਣ ਨਾਲ ਕਦਰਾਂ-ਕੀਮਤਾਂ ਵੀ ਬਦਲ ਗਈਆਂ ਹਨ। ਕਦੇ ਘਰ ਦੇ ਡੰਗਰ, ਪਸੂ ਆਪਣੇ ਪਰਿਵਾਰ ਦੇ ਜੀਆਂ ਵਾਂਗ ਜਾਪਦੇ ਸਨ। ਜਦੋਂ ਟਰੈਕਟਰ ਆ ਗਏ, ਘਰ ਦੇ ਬਲਦ ਵਾਧੂ ਜਾਪਣ ਲੱਗੇ ਪਰ ਬਜ਼ੁਰਗਾਂ ਦਾ ਉਨ੍ਹਾਂ ਨਾਲ ਮੋਹ ਇਸ ਕਦਰ ਸੀ ਕਿ ਉਹ ਆਪਣੀ ਜਾਨ ਨਾਲੋਂ ਵੀ ਪਿਆਰੇ ਲੱਗਦੇ। ਬੁੱਢੇ ਹੋਏ ਬਲਦ ਦਾ ਰੱਸਾ ਬੁੱਚੜਾਂ ਦੇ ਹੱਥ ਫੜ੍ਹਾਉਣਾ ਬਹੁਤ ਵੱਡਾ ਪਾਪ ਲੱਗਦਾ ਪਰ ਨਵੀਂ ਪੀੜ੍ਹੀ ਨੂੰ ਅਜਿਹਾ ਮੋਹ ਕਿੱਥੇ?

ਇਸ ਕਹਾਣੀ ਵਿਚ ਵੀ ਜਦੋਂ ਨੌਜਵਾਨ ਪੁੱਤ ਬੁੱਢੇ ਹੋਏ ਬਲਦ ਦਾ ਰੱਸਾ ਬੁੱਚੜਾਂ ਦੇ ਹੱਥ ਫੜ੍ਹਾਉਂਦਾ ਹੈ ਤਾਂ ਕਹਾਣੀ ਦੀ ਮੁੱਖ ਪਾਤਰ ਤਾਈ ਦੀ ਤਾਂ ਜਿੰਦ ਹੀ ਨਿਕਲ ਜਾਂਦੀ ਹੈ। -ਸੰਪਾਦਕ

ਮੰਗਲ ਸਿੰਘ ਬਰਾੜ

ਬਾਹਰਲਾ ਬੂਹਾ ਲੰਘ ਕੇ ਅਜੇ ਮੈਂ ਵਿਹੜੇ ‘ਚ ਥੋੜ੍ਹਾ ਹੀ ਅੱਗੇ ਗਿਆ ਸਾਂ ਕਿ ਕੰਧੋਲੀਆਂ ਦੇ ਅੰਦਰਵਾਰ ਵਾਲੇ ਪਾਸੇ ਚੌਂਤਰੇ ‘ਚੋਂ ਤਾਈ ਮਹਾਂ ਕੁਰ ਦੇ ਖਰ੍ਹਵੇ ਬੋਲ ਸੁਣਾਈ ਦਿੱਤੇ, “ਜਾਹ ਦਫਾ ਹੋ ਜਾਹ। ਖਸਮਾਂ ਦਾ ਸਿਰ ਖਾਹ…ਜਿਵੇਂ ਤੇਰਾ ਜੀਅ ਕਰਦੈ, ਕਰੀ ਚੱਲ਼..ਤੂੰ ਹੁਣ ਮਾਲਕ ਬਣ ਗਿਐਂ ਨਾ ਘਰ ਦਾ…ਮੇਰਾ ਕੀ ਐ ਏਥੇ…ਨਦੀ ਕਿਨਾਰੇ ਰੁੱਖੜਾ…।”
ਮੈਂ ਵੇਖਿਆ ਤਾਈ ਹੱਥ ‘ਚ ਖੂੰਡੀ ਫੜੀ ਮੰਜੇ ਦੀ ਦੌਣ ‘ਤੇ ਬੈਠੀ ਬੁੜ੍ਹਕ-ਬੁੜ੍ਹਕ ਤਾਂਹਾਂ ਨੂੰ ਉਠਦੀ ਸੀ ਤੇ ਕੰਧੋਲੀ ਨਾਲ ਢੋਅ ਲਾਈ ਖੜ੍ਹਾ ਬਲਦੇਵ ਵੀ ਅੱਗੋਂ ਮੋੜ ‘ਤੇ ਮੋੜ ਦੇਈ ਜਾ ਰਿਹਾ ਸੀ। ਬੜਾ ਕਸੂਤਾ ਫਸ ਗਿਆ ਸਾਂ ਮੈਂ ਵੀ…ਨਾ ਪਿਛੇ ਮੁੜਨ ਜੋਗਾ ਸਾਂ ਤੇ ਨਾ ਹੀ ਪੈਰ ਅਗਾਂਹ ਜਾਣ ਦਾ ਹੌਸਲਾ ਕਰਦੇ ਸੀ। ਸੋਚਿਆ ਸੀ, ਤਾਈ ਨੂੰ ਮਿਲ ਚੱਲੀਏ। ਪੂਰੇ ਛੇ ਮਹੀਨਿਆਂ ਤੋਂ ਪਿੰਡ ਆਇਆ ਸਾਂ। ਸੋ, ਜ਼ੇਰਾ ਕਰਕੇ ਜਾ ਪੈਰੀਂ ਹੱਥ ਲਾਏ ਤਾਈ ਦੇ। ਬਲਦੇਵ ਵੀ ਮੈਨੂੰ ਵੇਖ ਕੇ ਕੁਸ਼ ਸਹਿਮ ਜਿਹਾ ਗਿਆ। ਉਹਦੇ ਨਾਲ ਹੱਥ ਮਿਲਾ ਕੇ ਤੇ ਰਸਮੀ ਸੁੱਖ-ਸਾਂਦ ਪੁੱਛਣ ਮਗਰੋਂ ਮੈਂ ਤਾਈ ਆਲੇ ਮੰਜੇ ‘ਤੇ ਹੀ ਓਕੜੂ ਜਿਹਾ ਹੋ ਕੇ ਬੈਠ ਗਿਆ।
“ਆ ਪੁੱਤ! ਮਾਂ ਸਦਕੇ! ਕਦੋਂ ਆਇਐਂ? ਤੂੰ ਭਲਾ ਕੱਲ੍ਹ ਆਥਣੇ ਜੇ ਬੀਰੇ ਮਹਾਜਨ ਕੀ ਚੱਕੀ ਵੰਨੀ ਨ੍ਹੀਂ ਤੁਰਿਆ ਜਾਂਦਾ ਸੈਂ?” ਤਾਈ ਇਕੋ ਸਾਹੇ ਕਈ ਕੁਝ ਕਹਿ ਗਈ।
“ਹਾਂ ਤਾਈ, ਮੈਂ ਗਿਆ ਸੀ ਕੱਲ੍ਹ ਓਧਰਲੇ ਪਾਸੇ। ਆਏ ਨੂੰ ਤਾਂ ਮੈਨੂੰ ਚਾਰ ਪੰਜ ਦਿਨ ਹੋ ‘ਗੇ, ਬੱਸ ਤੈਨੂੰ ਮਿਲਣ ਆਇਆ ਈ ਨ੍ਹੀਂ ਗਿਆ। ਅੱਜ ਮੈਂ ਸੋਚਿਆ ਮਿਲ ਈ ਆਈਏ ਪਰ ਮੇਰੇ ਆਉਂਦੇ ਨੂੰ ਤੁਸੀਂ ਆਹ ਕੀ ਝੱਜੂ ਪਾਈ ਖੜ੍ਹੇ ਐਂ, ਮਾਂ-ਪੁੱਤ।”
“ਬਾਈ ਕੀ ਦੱਸਾਂ ਤੈਨੂੰ। ਬੇਬੇ ਐ ਪੁਰਾਣੇ ਖਿਆਲਾਂ ਦੀ। ਬੱਸ ਜਿਹੜੀ ਗੱਲ ਦੇ ਮਗਰ ਪੈ ਜੇ ਓਸੇ ਨੂੰ ਦੱਬੀ ਜਾਊ। ਨਾ ਅਗਲੇ ਦੀ ਸੁਣੇ, ਨਾ ਸਮਝੇ। ਤੂੰ ਆਪ ਈ ਦੱਸ, ਭਲਾ ਔਹ ਬੌਡਾ ਬਲਦ ਖੜਾ ਐ ਨਾ ਖੁਰਲੀ ‘ਤੇ…ਦੱਸ ਉਹਤੋਂ ਕੀ ਕਰਾਉਣੈਂ ਹੁਣ। ਵਾਹੀ ਦਾ ਸਾਰਾ ਕੰਮ ਟਰੈਕਟਰ ਨਾਲ ਕਰੀਦੈ। ਪੱਠੇ ਲਿਆਉਣ ਨੂੰ ਵਹਿੜਕਾ ਹੈਗਾ। ਦੱਸ ਏਹਨੂੰ ਪੱਠੇ ਪਾਉਣ ਦਾ ਕੀ ਫਾਇਦੈ। ਨਾਲੇ ਇਹ ਵਿਹਲਾ ਊਂ ਹਕਾਰ ਗਿਐ, ਜਿਹੜਾ ਕੋਈ ਬਾਹਰੋਂ ਘਰੇ ਆਉਂਦੈ ਉਹਨੂੰ ਮਾਰਨ ਪੈ ਜਾਂਦੈ। ਐਵੇਂ ਕਿਸੇ ਦਾ ਢਿੱਡ ਪਾੜ ਦੂ।” ਬਲਦੇਵ ਨੇ ਤਕਰਾਰ ਦੀ ਵਜ੍ਹਾ ਦੱਸਣੀ ਚਾਹੀ।
“ਨਾ, ਜੇ ਹੁਣ ਉਹ ਬੁੱਢਾ ਹੋ ਗਿਐ ਤਾਂ ਘਰੋਂ ਕੱਢ ਦੇਣੈਂ? ਲੋਕ ਬੁੜ੍ਹੇ-ਬੁੜ੍ਹੀਆਂ ਨੂੰ ਘਰੋਂ ਕੱਢ ਦਿੰਦੇ ਹੁੰਦੇ ਐ? ਨਾ, ਮੈਂ ਹੁਣ ਕਿਹੜਾ ਕਮਾਂਦਰਾ ਕਰਦੀ ਆਂ, ਮੈਨੂੰ ਵੀ ਵੇਚ ਦੇਹ।”
ਤੇ ਪੈਂਦੀ ਸੱਟੇ ਮੈਨੂੰ ਸੰਬੋਧਨ ਕਰਕੇ ਕਹਿਣ ਲੱਗੀ, “ਭਾਈ ਤੂੰ ਵੀ ਆਵਦਾ ਪਿਓ ਵੇਚ ਦੇ, ਉਹ ਕਿਹੜਾ ਕੰਮ ਕਰਦੈ ਕੋਈ।”
“ਲੈ ਬਾਈ ਬੇਬੇ ਤਾਂ ਪੁੱਠੀ ਊਰੀ ਐ। ਜਦੋਂ ਪੁੱਠੀ ਘੁੱਕਣ ਲੱਗ ਜੇ ਫੇਰ ਮਜਾਲ ਐ ਕੋਈ ਮੂਹਰੇ ਅੜ ਜੇ। ਮੈਂ ਕੋਈ ਮਾਂ-ਪਿਓ ਨੂੰ ਵੇਚਣ ਦੀ ਗੱਲ ਤਾਂ ਨੀ ਕਰਦਾ। ਕਿਥੇ ਮਾਂ-ਪਿਓ, ਕਿਥੇ ਬੌਡਾ ਬਲਦ। ਇਹ ਸਾਰਿਆਂ ਨੂੰ ਇਕੋ ਰੱਸੇ ਈ ਧਰ ਲੈਂਦੀ ਐ, ਜਦੋਂ ਚਲ ਪੇ।”
“ਲੈ ਵੇਖ ਲਾ, ਉਲਟਾ ਮੈਨੂੰ ਪੁੱਠੀ ਊਰੀ ਦੱਸਦੈ।” ਤਾਈ ਪਿਛੇ ਹਟਣ ਨੂੰ ਤਿਆਰ ਨਹੀਂ ਸੀ।
“ਬਲਦੇਵ ਖੜ੍ਹਾ ਰਹਿਣ ਦੇ ਯਾਰ, ਤੇਰਾ ਕੀ ਲੈਂਦੈ।” ਮੈਂ ਬਲਦੇਵ ਨੂੰ ਸਮਝਾਇਆ। “ਕਦੇ ਅੜੇ-ਥੁੜੇ ਜੋੜ ਲਿਆ ਕਰੀਂ।”
“ਇਉਂ ਬਾਈ ਮਾੜਾ ਤਾਂ ਨੀ ਇਹ। ਅਜੇ ਵੀ ਵਹਿੜਕਿਆਂ ਨਾਲੋਂ ਬਾਹਲਾ ਤੁਰਦੈ। ਅਣਖੀ ਬੜੈ। ਸੋਟੀ ਕਿਹੜਾ ਧਰਨ ਦਿੰਦੈ।”
“ਚਲ ਹੁਣ ਤੁਸੀਂ ਛੱਡੋ ਵੀ। ਘਰੇ ਬਹਿ ਕੇ ਸਲਾਹ ਕਰ ਲਓ ਜੇ ਵੇਚਣਾ ਐ ਤਾਂ, ਜੇ ਰੱਖਣਾ ਐ ਤਾਂ।” ਮੈਂ ਗੱਲ ਮੁਕਾਉਣੀ ਚਾਹੁੰਦਾ ਸਾਂ।
“ਚੰਗਾ ਭਾਈ ਤੂੰ ਬੈਠ। ਮੈਂ ਖੇਤ ਰੋਟੀ ਫੜਾ ਆਵਾਂ ਸੀਰੀ ਦੀ।”
ਤੇ ਬਲਦੇਵ ਲੱਸੀ ਵਾਲਾ ਡੋਲ ਤੇ ਰੋਟੀਆਂ ਲੈ ਕੇ ਖੇਤ ਨੂੰ ਤੁਰ ਗਿਆ।
“ਵੇਖ ਪੁੱਤ, ਜਿੱਦੇਂ ਦਾ ਤੇਰਾ ਤਾਇਆ ਤੁਰ ਗਿਆ, ਮੈਂ ਇਹਨੂੰ ਕਦੇ ਅਲਫੋਂ ਬੇ ਨੀ ਆਖੀ। ਜੋ ਮਰਜ਼ੀ ਵੇਚੇ-ਵੱਟੇ। ਸ਼ਾਹੀ ਕਰੇ ਸਫੈਦੀ ਕਰੇ, ਮੈਨੂੰ ਕੀ। ਕਦੇ ਏਹਤੋਂ ਕੁਸ਼ ਮੰਗਿਆ ਨੀਂ। ਮੇਰੀਆਂ ਦੋਵੇਂ ਧੀਆਂ ਆਵਦੇ ਆਵਦੇ ਘਰੀਂ ਮੌਜ ਕਰਦੀਐਂ। ਏਹਨੂੰ ਕਦੇ ਨੀ ਆਖਿਆ ਬਈ ਉਨ੍ਹਾਂ ਨੂੰ ਤਿੰਨ ਲੀੜੇ ਈ ਬਣਾ ਕੇ ਦੇ ਦੇਵੇ। ਮੈਂ ਆਪ ਸਾਰਾ ਦਿਨ ਖੂੰਡੀ ਫੜ੍ਹ ਕੇ ਏਹਦੇ ਘਰ ਦੀ ਰਾਖੀ ਬੈਠੀ ਰਹਿਨੀ ਆਂ। “ਓਹਨੇ ਮੁੱਕਣਾ ਸੀ ਤੇ ਮੈਂ ਆਹ ਦਿਨ ਵੇਖਣੇ ਸੀ।” ਬੀਤੇ ਦੀ ਯਾਦ ਕਰਕੇ ਤਾਈ ਦਾ ਗੱਚ ਭਰ ਆਇਆ ਸੀ। ਉਹਨੇ ਐਨਕ ਉਤਾਂਹ ਕਰਕੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀਆਂ ਤੇ ਲੰਮਾ ਸਾਹ ਲਿਆ।
“ਕੋਈ ਨੀ ਤਾਈ ਮੈਂ ਸਮਝਾਊਂ ਉਹਨੂੰ। ਅਜੇ ਬੇਸਮਝ ਹੈ। ਹਾਲੇ ਉਹਦੀ ਉਮਰ ਵੀ ਕੀ ਐ।” ਮੈਂ ਤਾਈ ਨੂੰ ਦਿਲਾਸਾ ਦਿੱਤਾ।
“ਭਲਾ ਔਹ ਗੋਰਾ ਬਲਦ ਵੇਚ ਕੇ ਇਹਦਾ ਪੂਰਾ ਪੈ ਜੂ।” ਹੱਥੀਂ ਪਾਲਿਆ ਸੀ ਮੈਂ ਇਹਨੂੰ। ਘਰ ਜੰਮ ਵਹਿੜਕਾ ਸੀ। ਤੂੰ ਆਵਦੀ ਮਾਂ ਨੂੰ ਪੁੱਛੀਂ। ਉਦੋਂ ਆਪਾਂ ‘ਕੱਠੇ ਹੁੰਦੇ ਸੀ। ਮੇਰੇ ਪਿਓ ਨੇ ਇਕ ਗਾਂ ਦਿੱਤੀ ਸੀ ਮੈਨੂੰ। ਆਂਹਦਾ ਸੀ, ਲੈ ਪੁੱਤ ਤੈਨੂੰ ਸੁਹੰਢਣੀ ਹੋਵੇ…ਰਵੇ ਦੀ ਐ…ਤੇ ਨਾਲੇ ਵੱਛੇ ਦਿੰਦੀ ਐ।”
ਤਾਈ ਨੇ ਗੱਲ ਜਾਰੀ ਰੱਖੀ, “ਆਪਣੇ ਘਰੇ ਆ ਕੇ ਪੂਰੇ ਛੀ ਸੂਏ ਸੂਈ ਸੀ ਤੇ ਤਿੰਨ ਜੋਗਾਂ ਘਰ ਦੀਆਂ ਈ ਬਣ ਗਈਆਂ ਸਨ। ਬਲਦ ਤਾਂ ਧਿਰ ਹੁੰਦੇ ਐ ਜੱਟ ਦੀ। ਜਦੋਂ ਤੇਰਾ ਤਾਇਆ ਤੇ ਤੇਰਾ ਪਿਓ ਹਰਨਾੜੀਆਂ ਲੈ ਕੇ ਪਿੰਡ ਵਿਚ ਦੀ ਖੇਤ ਨੂੰ ਜਾਂਦੇ ਤਾਂ ਸ਼ਰੀਕਾਂ ਨੇ ਢਿੱਡ ਫੜ ਲੈਣੇ। ਤੀਜਾ ਸੀਰੀ ਹੁੰਦਾ ਸੀ ਨਾਲ, ਗੈਣੇ ਕਾ ਫਗਣ। ਉਹ ਜਾਏ ਖਾਣਾ ਬੜਾ ਘੜਿੱਤੀ ਹੁੰਦਾ ਸੀ। ਜਿਥੇ ਚਾਰ ਜਣੇ ਬੈਠੇ ਹੁੰਦੈ, ਉਥੇ ਜਾ ਕੇ ਬਲਦਾਂ ਨੂੰ ਜਾਣ-ਬੁੱਝ ਕੇ ਛੇੜ ਦਿੰਦਾ ਤੇ ਨਚਾਉਂਦਾ ਈ ਜਾਂਦਾ।”
ਤਾਈ ਦੂਰ ਅਤੀਤ ਦੀਆਂ ਡੂੰਘਾਣਾਂ ਤੀਕਰ ਲਹਿ ਚੁੱਕੀ ਸੀ। ਉਸ ਨੂੰ ਆਪਣੇ ਹੱਥੀਂ ਪਾਲੇ ਗੋਰੇ ਵਹਿੜਕੇ ਨਾਲ ਜੋ ਹੁਣ ਬੁੱਢਾ ਬਲਦ ਬਣ ਚੁੱਕਾ ਸੀ, ਅੰਤਾਂ ਦਾ ਮੋਹ ਸੀ। ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਪਰ ਬਲਦੇਵ ਸੀ ਕਿ ਉਸ ਦੇ ਦਿਲ ਦੀ ਭਾਵਨਾ ਨੂੰ ਸਮਝਣ ਤੋਂ ਅਸਮਰੱਥ ਸੀ। ਉਂਜ ਭਾਵੇਂ ਉਹ ਸੁਭਾਅ ਦਾ ਨੇਕ ਸੀ ਅਤੇ ਤਾਏ ਦੀ ਮੌਤ ਪਿਛੋਂ ਉਸ ਨੇ ਘਰ ਦੀ ਕਬੀਲਦਾਰੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਸਾਂਭਿਆ ਸੀ। ਉਹ ਪੜ੍ਹਿਆ ਲਿਖਿਆ ਸੀ ਤੇ ਨਵੀਂ ਤਕਨੀਕ ਨਾਲ ਖੇਤੀ ਕਰਨ ਦਾ ਇਛੁਕ ਸੀ। ਉਹ ਨਹੀਂ ਸੀ ਚਾਹੁੰਦਾ ਕਿ ਬੇਲੋੜੇ ਡੰਗਰਾਂ ਦਾ ਖਰਚਾ ਬਰਦਾਸ਼ਤ ਕਰੇ। ਪਰ ਮਾਂ ਦੇ ਖਰ੍ਹਵੇ ਸੁਭਾਅ ਤੋਂ ਤੰਗ ਆ ਕੇ ਕਦੇ-ਕਦੇ ਤੈਸ਼ ਵਿਚ ਵੀ ਆ ਜਾਂਦਾ ਸੀ।
ਏਨੇ ਚਿਰ ਨੂੰ ਬਲਦੇਵ ਦੀ ਵਹੁਟੀ ਨੇ ਪਾਸਾ ਜਿਹਾ ਵੱਟ ਕੇ ਚਾਹ ਦਾ ਗਿਲਾਸ ਮੇਰੇ ਕੋਲ ਭੁੰਜੇ ਹੀ ਰੱਖ ਦਿੱਤਾ ਤੇ ਬੋਲੀ, “ਤੂੰ ਜੀ, ਆਵਦੇ ਭਰਾ ਨੂੰ ਸਮਝਾ ਕੁਸ਼। ਐਵੇਂ ਕਾਹਨੂੰ ਬੌਡੇ ਬਲਦ ਪਿਛੇ ਕਲੇਸ਼ ਪਾਇਐ ਘਰੇ।”
ਉਹਨੇ ਕਾਣਾ ਘੁੰਡ ਕੱਢਿਆ ਹੋਇਆ ਸੀ। ਏਨਾ ਆਖ ਕੇ ਉਹ ਫੇਰ ਚੌਂਕੇ ‘ਚ ਗਈ ਤੇ ਤਾਈ ਵਾਸਤੇ ਪਿੱਤਲ ਦੀ ਬਾਟੀ ‘ਚ ਚਾਹ ਪਾ ਲਿਆਈ।
“ਲੈ ਕਲੇਸ਼ ਦੀ ਸੁਣ ਲਾ”, ਤਾਈ ਨੇ ਪ੍ਰਸੰਗ ਉਥੋਂ ਈ ਫੇਰ ਸ਼ੁਰੂ ਕਰ ਦਿੱਤਾ, “ਮੈਂ ਆਖਿਆ ਪੂਰੇ ਵੀਹ ਸਾਲ ਕਮਾਈ ਖਾਧੀ ਐ ਗਊ ਦੇ ਜਾਏ ਦੀ ਤੇ ਹੁਣ ਆਏਂ ਘਰੋਂ ਕਿਵੇਂ ਕੱਢਿਆ ਜਾਂਦੈ। ਤੇ ਨਾਲੇ ਹੁਣ ਇਹਦਾ ਕੋਈ ਕੀ ਦੇ ਦੂ? ਤਾਂ ਪੁੱਛ ਬਹੂ ਨੂੰ, ਅੱਗੋਂ ਆਂਹਦਾ, ‘ਆਹ ਪਿੰਡ ‘ਚ ਆਉਂਦੇ ਹੁੰਦੇ ਐ ਨਾ ਕੱਟੇ ਖਰੀਦਣ ਆਲੇ, ਉਹ ਗਾਈਆਂ ਤੇ ਬੌਡੇ ਬਲਦ ਵੀ ਲੈ ਜਾਂਦੇ ਐ।’ ਬੂਹ! ਮੈਂ ਮਰਜ਼ਾਂ ਨੀ! ਇਹਨੂੰ ਭੋਰਾ ਸ਼ਰਮ ਨੀ ਆਈ ਆਂਹਦੇ ਨੂੰ ਅਖੇ ਕੱਟਿਆਂ ਆਲਿਆਂ ਨੂੰ ਦੇ ਦੂੰ। ਉਹ ਤਾਂ ਬੁੱਚੜਖਾਨੇ ਲੈ ਜਾਂਦੇ ਐ। ਮੈਂ ਆਖਿਆ ਤੂੰ ਹੱਥ ਲਾ ਕੇ ਵਿਖਾ ਤੀਹੋ ਕਾਲ ਮੈਂ ਨੀ ਵੇਚਣ ਦੇਣਾ। ਕੋਈ ਪੁੱਛੇ ਭਲਾ ਇਹਨੂੰ ਉਹਦਾ ਸਰਾਪ ਨ੍ਹੀਂ ਮਾਰ ਜੂ। ਪਤਾ ਨੀ ਵਿਚਾਰੇ ਦੀ ਸਾਲ ਛੀ ਮਹੀਨੇ ਉਮਰ ਹੈ ਵੀ ਕਿ ਨਹੀਂ। ਟੋਕਰੀ ਪੱਠਿਆਂ ਨਾਲੋਂ ਤਾਂ ਨੀ ਮਾੜਾ।” ਤਾਈ ਫੇਰ ਤਮਕ ਹੋ ਚੱਲੀ ਸੀ।
“ਖੈਰ ਤਾਈ ਹੱਥੀਂ ਪਾਲੇ ਜਾਨਵਰ ਦਾ ਮੋਹ ਤਾਂ ਪੁੱਤਾਂ ਨਾਲੋਂ ਵੀ ਬਾਹਲਾ ਹੁੰਦੈ।” ਮੈਂ ਤਾਈ ਨੂੰ ਕੁਸ਼ ਨਰਮ ਕਰਨ ਦੀ ਕੋਸ਼ਿਸ਼ ਨਾਲ ਕਿਹਾ।
“ਲੈ ਮੋਹ ਵਰਗਾ ਮੋਹ? ਪਾਲਿਆ ਵੀ ਤਾਂ ਪੁੱਤਾਂ ਨਾਲੋਂ ਵੱਧ ਸੀ। ਜਦੋਂ ਮੈਂ ਖੇਤ ਤੇਰੇ ਤਾਏ ਦੀ ਰੋਟੀ ਲੈ ਕੇ ਜਾਣੀ ਤਾਂ ਨਾਲ ਆਟਾ ਗੁੰਨ੍ਹ ਕੇ ਬਲਦਾਂ ਵਾਸਤੇ ਵੀ ਲੈ ਕੇ ਜਾਣਾ। ਤੇਰਾ ਤਾਇਆ ਰੋਟੀ ਖਾਂਦਾ ਤੇ ਮੈਂ ਆਪ ਪੇੜੇ ਵੱਟ ਕੇ ਚਾਰਦੀ। ਸਿਆਲਾਂ ‘ਚ ਸੁੱਕੀਆਂ ਜਮੀਨਾਂ ਵਾਹੁੰਦੇ ਤਾਂ ਚੜ੍ਹੇ ਸਿਆਲ ਦੋ ਪਸੇਰੀਆਂ ਘਿਓ ਚਾਰਦੀ ਤੇ ਫੇਰ ਬਲਦਾਂ ਦੇ ਪਿੰਡਿਆਂ ਤੋਂ ਜਿਵੇਂ ਮੱਖੀ ਤਿਲਕ-ਤਿਲਕ ਜਾਣੀ। ਤੇਰੇ ਤਾਏ ਨੇ ਇਕ ਹੱਥ ਨੱਥ ਨੂੰ ਪਾ ਕੇ ਦੂਜਾ ਹੱਥ ਬੰਨ੍ਹ ਉੱਤੇ ਤੇ ਫੇਰ ਪਿੰਡੇ ਉਤੇ ਦੋਵਾਂ ਬਲਦਾਂ ਦੇ ਵਾਰੀ-ਵਾਰੀ ਇਉਂ ਫੇਰਨਾ ਜਿਵੇਂ ਕੋਈ ਗਲ ਨਾਲ ਲਾ ਕੇ ਪੁੱਤਾਂ ਨੂੰ ਪਲੋਸਦੈ। ਕਈ ਵਾਰ ਉਹ ਪਹਿਲੀ ਰਾਤ ਈ ਹਲ ਜੋੜ ਲੈਂਦਾ ਤੇ ਵਹੁਲਾਂ ਵਾਲੇ ਖੇਤਾਂ ਵਿਚੋਂ ਉਹਦੀ ਕਲੀਆਂ ਲਾਉਂਦੇ ਦੀ ਹੇਕ ਵੱਡੇ ਤੜਕੇ ਘਰੇ ਪਿਆਂ ਨੂੰ ਉਵੇਂ ਜਿਵੇਂ ਸੁਣਦੀ।”
ਜ਼ਰਾ ਕੁ ਸਾਹ ਲੈ ਕੇ ਤਾਈ ਫਿਰ ਤੁਰ ਪਈ, “ਸੱਚ ਹੋਰ ਸੁਣ…ਆਹ ਪਿਛਲੀ ਮੱਸਿਆ ਸੀ ਨਾ ਸੋਮਵਾਰੀ। ਓਦਣ ਬਹੂ ਨੇ ਥੇਈ ਰੱਖੀ ਵੀ ਸੀ। ਵੱਡਾ ਤੜਕਾ। ਗੁਰਦੁਆਰੇ ਆਲਾ ਭਾਈ ਜੀ ਅਜੇ ਬੋਲਿਆ ਨੀ ਸੀ। ਮੈਂ ਜਾਗੋ ਮੀਟੀ ‘ਚ ਪਈ ਸਾਂ ਪੁੱਤ। ਤੇਰਾ ਤਾਇਆ ਵਖਾਲੀ ਦਿੱਤਾ। ਜਾਣੀ ਓਵੇਂ ਜਿਵੇਂ ਮੋਢੇ ‘ਤੇ ਸਾਫਾ ਤੇ ਹੱਥ ‘ਚ ਪਰਾਣੀ। ਆ ਕੇ ਆਂਹਦਾ, ਸੀਬੋ ਦੀ ਮਾਂ, ਗੋਰੇ ਨੂੰ ਗੁੜ ਚਾਰੀ ਰੱਖਿਆ ਕਰ। ਐਤਕੀਂ ਦਬਊ ਜਿਹਾ ਦੀਂਹਦੈ। ਪੁੱਤ ਜਾਣੀ ਉਵੇਂ ਦਿਸਿਆ ਸਾਮਰਤੱਖ ਤੇ ਮੇਰੀ ਭੜੱਕ ਦੇਣੇ ਅੱਖ ਖੁੱਲ੍ਹਗੀ। ਵਾਖਰੂ…।”
ਮੈਂ ਤਾਈ ਦੀ ਗੋਰੇ ਨਾਲ ਜਜ਼ਬਾਤੀ ਸਾਂਝ ਨੂੰ ਮਹਿਸੂਸ ਕਰਦਾ ਸਾਂ। ਮੈਂ ਆਪ ਵੀ ਸੋਚਦਾ-ਸੋਚਦਾ ਕਿਤੇ ਦੂਰ ਨਿਕਲ ਗਿਆ ਸਾਂ। ਮੇਰੇ ਆਪਣੇ ਵੇਖਣ ਦੀਆਂ ਗੱਲਾਂ ਸਨ। ਤਾਇਆ ਬੜਾ ਸ਼ੌਕੀਨ ਸੀ ਬਲਦਾਂ ਦਾ। ਜੇ ਕਦੇ ਕੜਾਪਾ ਆ ਜਾਣਾ ਉਹਨੇ ਆਪ ਭਾਵੇਂ ਰੁੱਖੀ ਮਿੱਸੀ ਖਾ ਲੈਣੀ ਪਰ ਬਲਦਾਂ ਨੂੰ ਘਿਓ ਜ਼ਰੂਰ ਦੇਣਾ, ਭਾਵੇਂ ਮੁੱਲ ਖਰੀਦ ਕੇ ਲਿਆਵੇ ਜਾਂ ਕਿਸੇ ਸਕੀਰੀ ‘ਚੋਂ। ਮੈਨੂੰ ਯਾਦ ਹੈ ਜਦੋਂ ਵੱਡੀ ਸਵਾਤ ਪਾਈ ਸੀ ਤਾਂ ਅੱਠ-ਨੌਂ ਕੋਹ ‘ਤੇ ਭੱਠਾ ਸੀ ਤੇ ਤਾਇਆ ਤਿੰਨ ਮਹੀਨੇ ਗੱਡੇ ‘ਤੇ ਇੱਟਾਂ ਢੋਂਹਦਾ ਰਿਹਾ ਸੀ। ਦਿਨੇ ਗਰਮੀ ਹੁੰਦੀ ਤਾਂ ਰਾਤ ਨੂੰ ਗੇੜਾ ਲੈ ਆਉਂਦਾ ਤੇ ਫੇਰ ਕੋਈ ਸਿਧਰੀ ਜਿਹੀ ਮਿੱਟੀ ਢੋਈ ਸੀ ਭਰਤ ਪਾਉਣ ਵਾਸਤੇ। ਬੱਸ ਗੋਰੇ ਹੁਰੀਂ ਜਾਣਨ ਤੇ ਤਾਇਆ ਜਾਣੇ। ਜੇ ਜੈਤੋ ਤੋਂ ਸ਼ਤੀਰੀਆਂ ਲਿਆਂਦੀਆਂ ਤਾਂ ਗੱਡੇ ‘ਤੇ। ਪਤਾ ਨਹੀਂ ਮੈਂ ਹੋਰ ਕਿੰਨਾ ਚਿਰ ਖਿਆਲਾਂ ‘ਚ ਡੁੱਬਿਆ ਰਹਿੰਦਾ ਜੇ ਤਾਈ ਨਾ ਬੋਲ ਉਠਦੀ,
“ਤੇ ਪੁੱਤ, ਏਹਨੂੰ ਕੀ ਪਤਾ ਐ ਜਾਨਵਰਾਂ ਦੇ ਮੋਹ ਦਾ। ਨਾ ਪਾਲਿਆ ਨਾ ਵਾਹਿਆ। ਏਹਨੂੰ ਤਾਂ ਬੱਸ ਔਹ ਟਰੈਗਟ ਦਾ ਪਤੈ। ਬਾਹਲਾ ਸਿਆਣਾ। ਅਖੇ ਬਾਹਰੋਂ ਆਏ ਓਪਰੇ ਬੰਦੇ ਨੂੰ ਖੁਰਲੀ ‘ਤੇ ਖੜ੍ਹਾ ਘੂਰਦੈ। ਲੈ ਭਲਾ ਤੇਰਾ ਕੀ ਲੈਂਦੈ। ਉਹਨੂੰ ਘਰ ਦੀ ਮੇਰ ਐ, ਉਹਨੇ ਏਸ ਘਰ ਦਾ ਲੂਣ-ਪਾਣੀ ਖਾਧੈ ਤਾਂ ਹੀ ਤਾਂ ਬੇਗਾਨਿਆਂ ਨੂੰ ਘਰੇ ਆਉਣ ‘ਤੇ ਕੌੜਦੈ।”
“ਤਾਈ ਬੰਦੇ ਵਾਂਗੂੰ ਜਾਨਵਰਾਂ ਨੂੰ ਵੀ ਸਮਝ ਤਾਂ ਬਥੇਰੀ ਹੁੰਦੀ ਐ।” ਮੈਂ ਚਾਹੁੰਦਾ ਸਾਂ ਕਿ ਤਾਈ ਆਪਣਾ ਢਿੱਡ ਮੇਰੇ ਕੋਲ ਹੀ ਹੌਲਾ ਕਰ ਲਵੇ ਤਾਂ ਚੰਗਾ ਹੈ।
“ਲੈ ਸੁੱਖਿਆ, ਏਹਨੂੰ ਕੀ ਪਤੈ ਕੱਲ੍ਹ ਦੇ ਜਵਾਕ ਨੂੰ। ਇਹ ਤਾਂ ਉਦੋਂ ਕਛਨੀ ਜਿਹੀ ਪਾ ਕੇ ਗਲੀਆਂ ‘ਚ ਸੱਕਰ-ਭਿੱਜੀ ਖੇਡਦਾ ਫਿਰਦਾ ਹੁੰਦਾ ਸੀ। ਇਕ ਵਾਰੀ ਨਾ, ਮੈਂ ਤਾਂ ਗਈ ਸਾਂ ਕਪਾਹ ਚੁਗਣ। ਤੇਰੇ ਤਾਏ ਦੀ ਪਾਣੀ ਦੀ ਵਾਰੀ ਸੀ। ਟਿੱਬਿਆਂ ਵਾਲੇ ਖੇਤ ‘ਤੇ ਆਪਣੀ ਸੀਬੋ ਘਰੇ ਸੀ ‘ਕੱਲੀ। ਚੰਦੇ ਸੂਮ ਦੀ ਕੁੜੀ ਦਾ ਵਿਆਹ ਸੀ ਉੱਦਣ। ਜੰਨ ‘ਚੋਂ ਇਕ ਬੰਦੇ ਦੀ ਸ਼ਰਾਬ ਪੀਤੀ ਵੀ ਤੇ ਮੂੰਹ ਚੱਕ ਕੇ ਸਿੱਧਾ ਘਰ ਨੂੰ ਤੁਰਿਆ ਆਵੇ। ਉਹਨੂੰ ਕਿਹੜਾ ਸੁਰਤ ਸੀ ਕੋਈ। ਅਜੇ ਬਾਹਰੋਂ ਅੰਦਰ ਈ ਹੋਇਆ ਸੀ ਕਿ ਗੋਰੇ ਨੇ ਰੱਸਾ ਤੁੜਾ ਕੇ ਢੁੱਡ ਮਾਰ ਕੇ ਹੇਠਾਂ ਸਿੱਟ ਲਿਆ। ਲੋਕਾਂ ਨੇ ਆ ਕੇ ਛੁਡਾਇਆ। ਮੈਂ ਆਖਾਂ ਹੇ ਵਾਖਰੂ! ਸ਼ੁਕਰ ਐ ਤੇਰਾ। ਤੇਰਾ ਤਾਇਆ ਆਖੇ ਅਖੇ ਇਹ ਬਲਦ ਨ੍ਹੀਂ, ਇਹ ਤਾਂ ਮੇਰਾ ਪਿਛਲੇ ਜਨਮ ਦਾ ਭਰਾ ਐ, ਜੀਹਨੇ ਮੇਰੀ ਇੱਜਤ ਬਚਾ ‘ਤੀ।…ਤੇ ਇਹ ਸਲੱਗ ਆਂਹਦੈ ਅਖੇ ਇਹ ਮੇਰੇ ਘਰੇ ਆਉਣ ਵਾਲਿਆਂ ਨੂੰ ਕੌੜਦੈ। ਨਾਲੇ ਪੱਠੇ ਪਾਉਣੇ ਪੈਂਦੇ ਐ ਵਿਹਲੇ ਨੂੰ। ‘ਗੁਣ’ ਵੀ ਕੋਈ ਚੀਜ਼ ਹੁੰਦੀ ਐ, ਪਰ ਪੁੱਤ, ਗੁਣ ਨੂੰ ਕੋਈ ਵਿਰਲਾ ਈ ਜਾਣਦੈ।”
“ਕੋਈ ਨ੍ਹੀਂ ਤਾਈ, ਤੂੰ ਫਿਕਰ ਨਾ ਕਰ। ਨਹੀਂ ਵੇਚਣ ਦਿੰਦਾ ਗੋਰਾ। ਮੈਂ ਕਹਿ ਦੂੰਗਾ ਬਲਦੇਵ ਨੂੰ।”
“ਚੰਗਾ ਪੁੱਤ ਸ਼ਾਵਾਸ਼ੇ। ਜਾਣ ਲੱਗਿਆਂ ਮਿਲ ਕੇ ਜਾਈਂ। ਕਿੰਨੇ ਕੁ ਦਿਨ ਰਹੇਂਗਾ ਹੋਰ?”
“ਅਜੇ ਲੱਗ ਜੂ ਹਫਤਾ ਕੁ ਤਾਂ।” ਤੇ ਮੈਂ ਤਾਈ ਤੋਂ ਸਿਰ ਪਲਸਾ ਕੇ ਘਰ ਆ ਗਿਆ। ਤੇ ਅਗਲੇ ਦਿਨ ਦੁਪਹਿਰ ਦੇ ਅਜੇ ਮਸਾਂ ਬਾਰ੍ਹਾਂ ਕੁ ਹੀ ਵੱਜੇ ਸਨ ਕਿ ਬਲਦੇਵ ਦੀ ਵੱਡੀ ਕੁੜੀ ਘਬਰਾਈ-ਘਬਰਾਈ ਸਾਡੇ ਘਰ ਆਈ ਤੇ ਮੇਰੀ ਪਤਨੀ ਨੂੰ ਕਹਿਣ ਲੱਗੀ, “ਤਾਈ ਜੀ, ਸਾਡੇ ਘਰੇ ਆਇਓ, ਬੇਬੇ ਨੂੰ ਪਤਾ ਨੀ ਕੀ ਹੋ ਗਿਆ।”
“ਕਿਉਂ, ਕੀ ਗੱਲ ਹੋ ਗੀ? ਬਲਦੇਵ ਨੇ ਤਾਂ ਨੀ ਆਖਿਆ ਕੁਸ਼?” ਮੈਂ ਸਿਰ ‘ਤੇ ਪੱਗ ਦੇ ਵਲ੍ਹੇਟੇ ਮਾਰਦੇ ਨੇ ਪੁੱਛਿਆ।
“ਨਹੀਂ ਜੀ, ਅੱਜ ਸਵੇਰੇ-ਸਵੇਰੇ ਕੱਟਿਆਂ ਵਾਲੇ ਆਏ ਸੀ। ਪਾਪਾ ਨੇ ਗੋਰੇ ਦਾ ਰੱਸਾ ਉਨ੍ਹਾਂ ਨੂੰ ਫੜਾ ਦਿੱਤਾ। ਬੇਬੇ ਨੇ ਬਥੇਰਾ ਰੌਲਾ ਪਾਇਆ। ਆਖੇ, ‘ਵੇ ਟੁੱਟ ਪੈਣਿਆ, ਤੈਨੂੰ ਐਡੀ ਕੀ ਕਾਹਲ ਐ, ਟੋਕਰੀ ਪੱਠੇ ਤਾਂ ਚਰ ਲੈਣ ਦੇ। ਇਹ ਕਸਾਈ ਤਾਂ ਆਪਣੇ ਫੇਰ ਆ ਜਾਣਗੇ ਓਦੋਂ ਫੜਾ ਦੇਈਂ।’ ਪਰ ਪਾਪਾ ਨਹੀਂ ਮੰਨਿਆ। ਬੇਬੇ ਨੇ ਰੋਟੀ ਵੀ ਨਹੀਂ ਖਾਧੀ ਤੇ ਅੰਦਰ ਜਾ ਕੇ ਉਤੇ ਖੇਸੀ ਲੈ ਕੇ ਪੈ ਗਈ। ਮੈਂ ਹੁਣ ਚਾਹ ਫੜਾਉਣ ਗਈ ਸਾਂ ਪਰ ਉਹ ਨਾ ਤਾਂ ਬੋਲਦੀ ਹੈ, ਨਾ ਹਿਲਦੀ ਹੈ।
“ਪਾਪਾ ਸ਼ਹਿਰ ਗਏ ਵੇ ਐ।” ਗੱਲ ਦੱਸਦਿਆਂ ਕੁੜੀ ਦਾ ਸਾਹ ਉਖੜ ਗਿਆ ਸੀ।
“ਕੋਈ ਨੀ ਬੇਟਾ, ਆਪਾ ਚਲਦੇ ਆਂ।”
…ਤੇ ਮੈਂ ਜਾ ਕੇ ਵੇਖਿਆ, ਤਾਈ ਜਾਣੀ ਕਦੋਂ ਦੀ ਸੁੱਤੀ ਪਈ ਸੀ।