ਪੰਜਾਬੀ ਸਭਿਆਚਾਰ ਦਾ ਸ਼ਾਹਜਹਾਂ: ਮਹਿੰਦਰ ਸਿੰਘ ਰੰਧਾਵਾ

ਗੁਲਜ਼ਾਰ ਸਿੰਘ ਸੰਧੂ
ਮਹਿੰਦਰ ਸਿੰਘ ਰੰਧਾਵਾ ਨੇ 1956 ਵਿਚ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ ਸੀ ਏ ਆਰ) ਦਾ ਮੀਤ ਪ੍ਰਧਾਨ ਬਣਦੇ ਸਾਰ ਖੇਤੀਬਾੜੀ ਦੇ ਖੋਜ ਨਤੀਜੇ ਦੇਸ਼ ਦੇ ਦੂਰ-ਦੁਰਾਡੇ ਪਿੰਡਾਂ ਵਿਚ ਪਹੁੰਚਾਉਣ ਲਈ ਕੌਂਸਲ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਚੋਣਵਾਂ ਸਾਹਿਤ ਖੇਤਰੀ ਭਾਸ਼ਾ ਵਿਚ ਛਾਪਣ ਦਾ ਫੈਸਲਾ ਕੀਤਾ। ਇਸ ਖਾਤਰ ਜੋ ਛੇ ਭਾਸ਼ਾਵਾਂ ਚੁਣੀਆਂ ਗਈਆਂ, ਉਨ੍ਹਾਂ ਵਿਚ ਬੰਗਾਲੀ, ਮਰਾਠੀ, ਤਾਮਿਲ ਤੇ ਤੇਲਗੂ ਦੇ ਨਾਲ ਨਾਲ ਉਰਦੂ ਤੇ ਪੰਜਾਬੀ ਵੀ ਸ਼ਾਮਿਲ ਸਨ। ਇਹ ਉਹੀਓ ਸੀ ਜਿਸ ਨੇ ਉਰਦੂ ਨੂੰ ਉਸ ਸਮੇਂ ਵੀ ਗਲ ਨਾਲ ਲਾਇਆ ਜਦੋਂ ਉਤਰ ਪ੍ਰਦੇਸ਼ ਵਾਲੇ ਵੀ ਉਸ ਨੂੰ ਵਿਸਾਰ ਚੁੱਕੇ ਸਨ। ਜਦੋਂ ਪੁੱਛਿਆ ਗਿਆ ਕਿ ਉਰਦੂ ਵਾਲੀ ਸਮੱਗਰੀ ਕਿਹੜੇ ਰਾਜ ਦੇ ਕੰਮ ਆਵੇਗੀ ਤਾਂ ਰੰਧਾਵਾ ਦਾ ਫੌਰੀ ਉਤਰ ਸੀ: ਜੰਮੂ ਕਸ਼ਮੀਰ।

ਉਨ੍ਹੀਂ ਦਿਨੀਂ ਡਾ. ਰੰਧਾਵਾ ਨੇ ਪੰਜਾਬ ਬਾਰੇ ਅਜਿਹੀ ਪੁਸਤਕ ਛਾਪਣ ਦਾ ਫ਼ੈਸਲਾ ਕੀਤਾ ਜੋ ਇਸ ਦੇ ਇਤਿਹਾਸ, ਮਿਥਿਹਾਸ, ਸਭਿਆਚਾਰ, ਸਾਹਿਤ ਤੇ ਕੋਮਲ ਕਲਾਵਾਂ ਬਾਰੇ ਪੂਰੀ ਜਾਣਕਾਰੀ ਦਿੰਦੀ ਹੋਵੇ। ਭਾਸ਼ਾ ਵਿਭਾਗ, ਪੰਜਾਬ ਦੇ ਅਧਿਕਾਰੀ ਇਸ ਪੁਸਤਕ ਲਈ ਚੁਣੇ ਗਏ ਵਿਸ਼ਿਆਂ ਤੇ ਉਨ੍ਹਾਂ ‘ਤੇ ਲਿਖਣ ਵਾਲੇ ਵਿਦਵਾਨਾਂ ਦੇ ਨਾਂ ਲੈ ਕੇ ਪਟਿਆਲਾ ਤੋਂ ਨਵੀਂ ਦਿੱਲੀ ਪਹੁੰਚ ਗਏ। ਸਪਤਸਿੰਧੂ ਪੰਜਾਬ ਤੋਂ ਲੈ ਕੇ ਅਜੋਕੇ ਪੰਜਾਬ ਦੀ ਦੇਣ ਤਕ ਸਾਰੇ ਵਿਸ਼ੇ ਲਏ ਜਾਣੇ ਸਨ। ਗੁਰੂ, ਸੰਤ, ਸੂਫ਼ੀ, ਇਤਿਹਾਸਕ ਤੇ ਧਾਰਮਿਕ ਸਥਾਨ, ਚਿੱਤਰਕਾਰੀ ਕਲਾ ਤੇ ਲੋਕਯਾਨ, ਮੇਲੇ-ਤਿਉਹਾਰ ਤੇ ਰਸਮ ਰਿਵਾਜ। ਮੁਲਕ ਰਾਜ ਆਨੰਦ, ਗੰਡਾ ਸਿੰਘ, ਕਿਰਪਾਲ ਸਿੰਘ ਨਾਰੰਗ, ਗਿਆਨੀ ਗੁਰਦਿੱਤ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਦੇਵਿੰਦਰ ਸਤਿਆਰਥੀ ਤੇ ਕੁਲਵੰਤ ਸਿੰਘ ਵਿਰਕ ਇਨ੍ਹਾਂ ਵਿਸ਼ਿਆਂ ਉਤੇ ਲਿਖਣ ਲਈ ਚੁਣੇ ਗਏ। ਰਸਮ ਰਿਵਾਜ ਬਾਰੇ ਲਿਖਣ ਲਈ ਕੋਈ ਨਹੀਂ ਸੀ ਲੱਭ ਰਿਹਾ। ਮੈਂ ਕੀ ਦੇਖਦਾ ਹਾਂ ਕਿ ਰੰਧਾਵਾ ਦੀ ਨਜ਼ਰ ਮੇਰੇ ਉਤੇ ਪਈ ਤੇ ਉਨ੍ਹਾਂ ਨੇ ਫਟਾਫਟ ਇਸ ਕੰਮ ਲਈ ਮੇਰਾ ਨਾਂ ਬੋਲ ਦਿੱਤਾ। ਮੈਂ ਉਨ੍ਹਾਂ ਕੋਲ ਪੰਜਾਬੀ ਦਾ ਸਬ-ਐਡੀਟਰ ਲੱਗਿਆ ਹੀ ਸਾਂ।
ਇੰਨੇ ਵੱਡੇ ਮਹਾਰਥੀਆਂ ਵਿਚ ਆਪਣਾ ਨਾਂ ਸੁਣ ਕੇ ਮੈਂ ਆਲਾ-ਦੁਆਲਾ ਦੇਖ ਰਿਹਾ ਸਾਂ ਤਾਂ ਉਨ੍ਹਾਂ ਝੱਟ ਤਿੰਨ ਵਾਕ ਬੋਲੇ- (A) ਆਪਣੀਆਂ ਤਾਈਆਂ-ਚਾਚੀਆਂ ਤੇ ਮਾਮੀਆਂ-ਮਾਸੀਆਂ ਤੋਂ ਪੁੱਛੀਂ, ਉਨ੍ਹਾਂ ਨੂੰ ਸਭ ਪਤਾ ਹੈ; (ਅ) ਵੱਡੀਆਂ ਲਾਇਬਰੇਰੀਆਂ ਵਿਚ ਅੰਗਰੇਜ਼ਾਂ ਦੇ ਲਿਖੇ ਹੋਏ ਗਜ਼ਟੀਅਰ ਪਏ ਹਨ, ਉਨ੍ਹਾਂ ਵਿਚ ਵੀ ਬਹੁਤ ਕੁਝ ਹੈ; (e) ਇਹ ਕੰਮ ਕਿਸਾਨੀ ਜੀਵਨ ਨਾਲ ਸਬੰਧ ਰੱਖਦਾ ਹੈ। ਟੂਰ ਬਣਾ ਕੇ ਮੇਰੇ ਕੋਲੋਂ ਮਨਜ਼ੂਰੀ ਲੈ ਲਈਂ। ਉਦੋਂ ਮੈਂ ਸਿਰਫ਼ 20 ਸਾਲ ਦਾ ਸਾਂ। ਡਾ. ਰੰਧਾਵਾ ਨੇ ਮੈਨੂੰ ਬੈਠੇ-ਬੈਠੇ ਨੂੰ 70-80 ਸਾਲ ਦੇ ਵਿਦਵਾਨਾਂ ਜਿੱਡਾ ਬਣਾ ਦਿੱਤਾ। ਮੈਨੂੰ ਬੜੀ ਮਿਹਨਤ ਕਰਨੀ ਪਈ, ਪਰ ਮੇਰਾ ਇਹ ਲੇਖ ਅੱਜ ਪੰਜਾਬ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਮੈਨੂੰ ਆਪਣੇ ਇਸ ਕੰਮ ‘ਤੇ ਮਾਣ ਹੈ।
ਮੈਂ ਉਨ੍ਹਾਂ ਨੂੰ ਇਕ ਸਮੇਂ ਤਿੰਨ ਮੀਟਿੰਗਾਂ ਦੀ ਪ੍ਰਧਾਨਗੀ ਕਰਦੇ ਵੇਖਿਆ ਹੈ। ਇਕ ਮੀਟਿੰਗ ਕਮਰੇ ਵਿਚ ਚੱਲ ਰਹੀ ਸੀ, ਦੂਜੀ ਮਿਆਨੀ ਵਿਚ ਤੇ ਤੀਜੀ ਛੱਤ ਉਤੇ। ਉਹ ਤਿੰਨਾਂ ਮੀਟਿੰਗਾਂ ਦੇ ਚਲਦੇ-ਫਿਰਦੇ ਪ੍ਰਧਾਨ ਸਨ।
ਡਾ. ਰੰਧਾਵਾ ਵਿਚ ਇਹ ਗੁਣ ਨਾ ਹੁੰਦਾ ਤਾਂ ਉਹ ਪਹਿਲਾਂ ਦਿੱਲੀ ਤੇ ਫਿਰ ਪੰਜਾਬ, ਹਰਿਆਣਾ ਤੇ ਹਿਮਾਚਲ ਵਿਚ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਇੰਨੀ ਛੇਤੀ ਵਸਾ ਨਹੀਂ ਸੀ ਸਕਦੇ। ਉਹ ਦਫ਼ਤਰ ਦੇ ਅੰਦਰ ਬੈਠ ਕੇ ਕੰਮ ਕਰਨ ਦੀ ਥਾਂ ਦੋ ਦੋ ਨਿਜੀ ਸਹਾਇਕ ਨਾਲ ਲੈ ਕੇ ਸ਼ਰਨਾਰਥੀਆਂ ਦੀ ਪਾਲ ਦੇ ਮੂਹਰੇ ਖਲੋ ਜਾਂਦੇ ਤੇ ਇਕ ਇਕ ਦੀ ਅਰਜ਼ੀ ਉਤੇ ਥਾਏਂ ਖੜ੍ਹੇ ਅਲਾਟਮੈਂਟ ਦੇ ਆਰਡਰ ਕਰ ਦਿੰਦੇ। ਕਿਹੜੇ ਜ਼ਿਮੀਂਦਾਰ ਨੂੰ ਕਿੰਨੀ ਜ਼ਮੀਨ, ਕਿਹੜੇ ਜ਼ਿਲ੍ਹੇ ਦੇ ਕਿਹੜੇ ਪਿੰਡ ਵਿਚ ਦਿੱਤੀ, ਦਫ਼ਤਰ ਦੀਆਂ ਕਾਪੀਆਂ ਵਿਚ ਵੀ ਦਰਜ ਹੋ ਜਾਂਦਾ ਤੇ ਅਰਜ਼ੀਆਂ ਉਤੇ ਵੀ। ਦੇਸ਼ ਵੰਡ ਕਾਰਨ ਲਾਵਾਰਸ ਹੋਈਆਂ ਜਮੀਨਾਂ ਖਸਮਾਂ ਨੂੰ ਉਡੀਕ ਰਹੀਆਂ ਸਨ। ਇੰਨੇ ਵੱਡੇ ਫੈਸਲੇ, ਏਦਾਂ ਲੈਣ ਵਾਲਾ ਉੁਨ੍ਹਾਂ ਦਿਨਾਂ ਵਿਚ ਉਹੀਓ ਸੀ। ਮਸਲਾ ਉਜੜ ਕੇ ਆਏ ਲੋਕਾਂ ਨੂੰ ਬਿਠਾਉਣ ਦਾ ਸੀ। ਮਾਪ-ਤੋਲ ਬਾਅਦ ਵਿਚ ਵੇਖੇ ਜਾ ਸਕਦੇ ਸਨ।
ਡਾ. ਰੰਧਾਵਾ ਦੀ ਸ਼ਖਸੀਅਤ ਦੀ ਵੱਡੀ ਖ਼ੂਬੀ ਵਿਕਾਸ ਲਈ ਸੁੰਦਰਤਾ ਦਾ ਮਾਰਗ ਅਪਨਾਉਣਾ ਸੀ। ਤਨ ਤੇ ਮਨ ਦੀ ਸਵੱਛਤਾ ਲਈ ਪ੍ਰਤਾਪ ਸਿੰਘ ਕੈਰੋਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਲਾਇਬਰੇਰੀਆਂ ਦਾ ਪਸਾਰ ਕਰਨ, ਲਛਮਣ ਸਿੰਘ ਗਿੱਲ ਨੂੰ ਪ੍ਰੇਰ ਕੇ ਲਿੰਕ ਰੋਡਾਂ ਦਾ ਜਾਲ ਵਿਛਾਉਣ ਅਤੇ ਪਿੰਡਾਂ ਵਿਚ ਖੇਡਾਂ-ਕੁਸ਼ਤੀਆਂ ਤੇ ਮੇਲਿਆਂ ਨੂੰ ਉਤਸ਼ਾਹਿਤ ਕਰਨ ਦਾ ਮਨੋਰਥ ਸਦਾ ਇਕ ਹੀ ਸੀ-ਲੋਕ ਤਕੜੇ ਹੋਣ ਤੇ ਸੋਹਣੇ ਸੁਪਨੇ ਲੈ ਸਕਣ।
ਪਿੰਡ ਨਿਵਾਸੀਆਂ ਦੀ ਬਿਹਤਰੀ ਬਾਰੇ ਸੋਚਣਾ ਉਨ੍ਹਾਂ ਦਾ ਨਿੱਤ-ਨੇਮ ਸੀ। ਸਵੇਰੇ-ਸ਼ਾਮ ਜਦੋਂ ਵੀ ਵਿਹਲ ਮਿਲਦੀ ਤਾਂ ਕਿਥੇ ਕੀ ਹੋ ਸਕਦਾ ਹੈ, ਨੋਟ ਕਰਦੇ ਰਹਿਣਾ। ਕਿਸ ਨੂੰ ਕਹਿ ਕੇ ਕਰਵਾਇਆ ਜਾ ਸਕਦਾ ਹੈ, ਚਿੱਠੀ ਸਵੇਰ ਦੀ ਪਹਿਲੀ ਡਾਕ ਵਿਚ ਨਿਕਲ ਜਾਂਦੀ। ਸਫ਼ਰਾਂ ਵੇਲੇ ਉਹ ਆਪਣੇ ਸਟੈਨੋ ਨੂੰ ਨਾਲ ਰੱਖਦੇ। ਕਿਹੜਾ ਫੁਰਨਾ ਕਿਸ ਵੇਲੇ ਫੁਰ ਸਕਦਾ ਹੈ ਤੇ ਉਸ ਸਬੰਧੀ ਕਿਹੜੀ ਕਾਰਗੁਜ਼ਾਰੀ ਕਿਹੜੇ ਪਾਸਿਓਂ ਕਾਰਗਰ ਹੋ ਸਕਦੀ ਹੈ, ਸਟੈਨੋ ਨੂੰ ਉਸੇ ਵੇਲੇ ਨੋਟ ਕਰਵਾ ਦਿੰਦੇ।
ਸਮੁੱਚੇ ਭਾਰਤ ਲਈ ਆਮ ਕਰ ਕੇ ਤੇ ਪੰਜਾਬ ਲਈ ਖਾਸ ਕਰ ਕੇ ਡਾ. ਰੰਧਾਵਾ ਦਾ ਯੋਗਦਾਨ ਸਦਾ ਹੀ ਚੇਤੇ ਕੀਤਾ ਜਾਵੇਗਾ। ਉਨ੍ਹਾਂ ਗਿਆਨ ਦੀ ਭਾਲ, ਸੁੰਦਰਤਾ ਦੀ ਪਰਖ ਤੇ ਸਮਾਜ ਦੇ ਵਿਕਾਸ ਦਾ ਅਜਿਹਾ ਸੁਮੇਲ ਬਣਾਈ ਰੱਖਿਆ ਕਿ ਉਨ੍ਹਾਂ ਦਾ ਸਤਿਕਾਰ ਉਚੀ ਤੋਂ ਉਚੀ ਪਦਵੀ ‘ਤੇ ਬੈਠੇ ਰਾਜਸੀ ਆਗੂਆਂ ਤੇ ਆਮ ਜਨਤਾ ਵਿਚ ਬਰਾਬਰ ਬਣਿਆ ਰਿਹਾ ਤੇ ਹਾਲੇ ਵੀ ਕਾਇਮ ਹੈ।
ਡਾ. ਰੰਧਾਵਾ ਦੀ ਸਰਕਾਰੀ ਨੌਕਰੀ ਨਵੇਂ ਸਿਰਜੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਵਜੋਂ ਸੀ। ਇਕ ਵਾਰੀ ਮੇਰੀ ਉਨ੍ਹਾਂ ਦੇ ਚੰਡੀਗੜ੍ਹ ਵਾਲੇ ਸੈਕਟਰੀ ਕੇ.ਐਲ਼ ਮਲਹੋਤਰਾ ਨਾਲ ਗੱਲ ਹੋਈ ਤਾਂ ਉਸ ਨੇ ਡਾ. ਰੰਧਾਵਾ ਦੇ ਅਕਾਲ ਚਲਾਣੇ ਪਿੱਛੋਂ ਮਿਲੀਆਂ ਸਲਾਮਾਂ ਦਾ ਜ਼ਿਕਰ ਕੀਤਾ। ਬਹੁਤਿਆਂ ਨੂੰ ਉਹ ਸੈਕਟਰੀ ਪਛਾਣਦਾ ਵੀ ਨਹੀਂ ਸੀ। ਉਹ ਮਲਹੋਤਰਾ ਨੂੰ ਰੋਕ ਕੇ ਦੱਸਦੇ ਸਨ ਕਿ ਉਨ੍ਹਾਂ ਦਾ ਫਲਾਣਾ-ਫਲਾਣਾ ਵੱਡਾ ਕੰਮ ਰੰਧਾਵਾ ਜੀ ਨੇ ਉਦੋਂ ਕੀਤਾ ਸੀ, ਜਦੋਂ ਉਹ ਉਨ੍ਹਾਂ ਦਾ ਸੈਕਟਰੀ ਸੀ। ਮਲਹੋਤਰਾ ਨੇ ਡਾ. ਰੰਧਾਵਾ ਨੂੰ ਲਾਜਵਾਬ ਹਸਤੀ ਕਿਹਾ ਤਾਂ ਮੇਰੇ ਮੂੰਹੋਂ ਸੁਤੇ ਸਿਧ ਨਿਕਲ ਗਿਆ, “ਉਹ ਸਮੇਂ ਚੰਗੇ ਸਨ। ਅੱਜ ਤਾਂ ਕੋਈ ਵੀ ਕਿਸੇ ਦੀ ਨਹੀਂ ਸੁਣਦਾ। ਕੀ ਅੱਜ ਦੇ ਸਮੇਂ ਵਿਚ ਵੀ ਰੰਧਾਵਾ ਓਨੇ ਵੱਡੇ ਕੰਮ ਕਰਦਾ?” ਮਲਹੋਤਰਾ ਨੇ ਇਕ ਅੱਧਾ ਮਿੰਟ ਰੁਕ ਕੇ ਉਤਰ ਦਿੱਤਾ, “ਮੈਂ ਉਨ੍ਹਾਂ ਨੂੰ ਬਹੁਤ ਨੇੜੇ ਤੋਂ ਜਾਣਿਆ ਹੈ। ਮੇਰਾ ਉਤਰ ‘ਹਾਂ’ ਵਿਚ ਹੈ।” ਡਾ. ਰੰਧਾਵਾ ਸੱਚਮੁੱਚ ਲਾਜਵਾਬ ਪ੍ਰਤਿਭਾ ਦਾ ਮਾਲਕ ਸੀ। ਵੱਡੇ ਬੰਦਿਆਂ ਦੀ ਰਗ ਰਗ ਤੋਂ ਜਾਣੂ ਪੰਜਾਬੀ ਲੇਖਕ ਬਲਵੰਤ ਗਾਰਗੀ, ਰੰਧਾਵਾ ਨੂੰ ‘ਪੰਜਾਬੀ ਸਭਿਆਚਾਰ ਦਾ ਸ਼ਾਹਜਹਾਂ’ ਕਹਿੰਦਾ ਸੀ।
3 ਮਾਰਚ 2018 ਨੂੰ ਮਹਿੰਦਰ ਸਿੰਘ ਰੰਧਾਵਾ ਵੱਲੋਂ ਇਸ ਧਰਤੀ ਨੂੰ ਅਲਵਿਦਾ ਆਖਿਆਂ 32 ਸਾਲ ਹੋ ਗਏ ਹਨ। ਉਨ੍ਹਾਂ ਦੀਆਂ ਅਨੇਕਾਂ ਪ੍ਰਾਪਤੀਆਂ ਵਿਚੋਂ ਇਕ ਟ੍ਰਿਬਿਊਨ ਟਰੱਸਟ ਵੱਲੋਂ ‘ਪੰਜਾਬੀ ਟ੍ਰਿਬਿਊਨ’ ਕਢਵਾਉਣਾ ਸੀ। ਇਸ ਪ੍ਰਾਜੈਕਟ ਵਿਚ ਜਾਨ ਪਾਉਣ ਵਾਲੇ ਉਹੀਓ ਸਨ। ਬਰਜਿੰਦਰ ਸਿੰਘ ‘ਅਜੀਤ’ ਵਿਚ ਚਲੇ ਜਾਣ ‘ਤੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਦਾ ਅਹੁਦਾ ਖਾਲੀ ਹੋਇਆ ਤਾਂ ਡਾ. ਰੰਧਾਵਾ ਨੇ ਮੈਨੂੰ ਸੁਨੇਹਾ ਭੇਜਿਆ। ਉਹ ਚੋਣ ਕਮੇਟੀ ਦੇ ਪ੍ਰਧਾਨ ਸਨ। ਬਾਕੀ ਦੇ ਮੈਂਬਰ ਹਾਲੇ ਮੈਨੂੰ ਟੋਹ ਹੀ ਰਹੇ ਸਨ ਕਿ ਡਾ. ਰੰਧਾਵਾ ਚੋਣ ਕਮੇਟੀ ਦੇ ਸਕੱਤਰ ਨੂੰ ਮੇਰੇ ਬੈਠਿਆਂ ਹੀ ਪੁੱਛੀ ਜਾਣ ਕਿ ਆਪਾਂ ਗੁਲਜ਼ਾਰ ਸਿੰਘ ਨੂੰ ਨਿਯੁਕਤੀ ਪੱਤਰ ਇਥੇ ਬੈਠਿਆਂ ਹੀ ਕਿਉਂ ਨਹੀਂ ਦੇ ਸਕਦੇ। ਗੱਲ ਤਾਂ ਅਜੀਬ ਹੀ ਸੀ, ਪਰ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ।
ਕੁਝ ਗੱਲਾਂ ਹੋਰ, ਜ਼ਰਾ ਹਟਵੀਆਂ
ਇਕ ਵਾਰੀ ਮੈਨੂੰ ਡਾ. ਰੰਧਾਵਾ ਨਾਲ ਲੁਧਿਆਣੇ ਯੂਨੀਵਰਸਿਟੀ ਜਾਣਾ ਪੈ ਗਿਆ। ਜਦੋਂ ਅਗਲੀ ਸਵੇਰ ਵਾਪਸ ਆਉਣਾ ਸੀ ਤਾਂ ਉਨ੍ਹਾਂ ਕੋਲੋਂ ਵਰਤੇ ਹੋਏ ਕੱਪੜੇ ਅਟੈਚੀ ਵਿਚ ਨਹੀਂ ਸਨ ਪੈ ਰਹੇ। ਮੈਨੂੰ ਵੇਖਦੇ ਸਾਰ ਉਨ੍ਹਾਂ ਨੇ ਨਾਲਾ ਫੜਾ ਕੇ ਮੈਨੂੰ ਕਿਹਾ, “ਇਸ ਨਾਲ ਬੰਨ੍ਹ ਦੇ। ਸੌਖਾ ਰਹੇਗਾ।” ਪਰਬਤ ਪਰਬਤ ਗਾਹੁਣ ਵਾਲਾ ਤੇ ਲੋਕਾਂ ਨੂੰ ਉਚੇ ਅਹੁਦਿਆਂ ਉਤੇ ਬਿਠਾਉਣ ਵਾਲਾ ਰੰਧਾਵਾ ਉਸ ਅਟੈਚੀ ਨਾਲ ਹੀ ਸੰਤੁਸ਼ਟ ਸੀ।
ਫਿਰ ਇਕ ਵਾਰੀ ਅਸੀਂ ਦੋਵੇਂ ਨੀਲੋਂ ਦੇ ਪੁਲ ਕੋਲੋਂ ਲੰਘੇ ਤਾਂ ਡਰਾਈਵਰ ਨੂੰ ਕਹਿ ਕੇ ਗੱਡੀ ਰੁਕਵਾ ਲਈ। ਆਲਾ-ਦੁਆਲਾ ਦੇਖ ਕੇ ਕਹਿਣ ਲੱਗੇ, ਪੰਜਾਬ ਦੇ ਸਾਰੇ ਲੇਖਕਾਂ ਨੂੰ ਇਥੇ ਲਿਆ ਕੇ ਇਕ-ਦੂਜੇ ਨਾਲ ਮਿਲਾਉਣਾ ਚਾਹੀਦਾ ਹੈ। ਐਵੇਂ ਇਕ-ਦੂਜੇ ਨਾਲ ਰੁੱਸੇ ਰਹਿੰਦੇ ਹਨ। ਇਸ ਘਟਨਾ ਤੋਂ ਥੋੜ੍ਹੇ ਦਿਨ ਪਿੱਛੋਂ ਉਹ ਦਿਲ ਦੇ ਦੌਰੇ ਕਾਰਨ ਚੱਲ ਵਸੇ।
ਹੁਣ ਇਕ ਉਹ ਗੱਲ ਜਿਹੜੀ ਸਿਰਫ ਮੈਂ ਹੀ ਜਾਣਦਾ ਹਾਂ। ਉਹ ਯੋਜਨਾ ਕਮਿਸ਼ਨ ਦੇ ਸਲਾਹਕਾਰ ਲੱਗੇ ਤਾਂ ਉਨ੍ਹਾਂ ਕੋਲ ਬਹੁਤ ਘੱਟ ਕੰਮ ਸੀ। ਮੇਰੇ ਕੋਲੋਂ ਗੁਰਮੁਖੀ ਲਿਖਣੀ ਸਿੱਖਣ ਲੱਗੇ। ਮੈਂ ਹਰ ਐਤਵਾਰ ਉਨ੍ਹਾਂ ਦੇ ਤੀਨ ਮੂਰਤੀ ਲੇਨ ਵਾਲੇ ਘਰ ਜਾਂਦਾ ਤਾਂ ਉਹ ਮੇਰੀਆਂ ਕੱਢੀਆਂ ਗਲਤੀਆਂ ਨੂੰ ਕਈ ਕਈ ਵਾਰ ਲਿਖ ਕੇ ਰੱਖਦੇ। ਲਗਾਂ-ਮਾਤਰਾਂ ਤੇ ਸ਼ਬਦ-ਜੋੜਾਂ ਵੱਲ ਏਦਾਂ ਧਿਆਨ ਦਿੰਦੇ ਜਿਵੇਂ ਛੋਟਾ ਬਾਲਕ। ਕਈ ਵਾਰ ਦੂਰ ਵਾਲੀ ਕੁਰਸੀ ‘ਤੇ ਬਹਿ ਕੇ ਮੁੜ ਲਿਖਦੇ ਤੇ ਮੈਨੂੰ ਇਕ ਵਾਰੀ ਫੇਰ ਵਿਖਾਉਣ ਮੇਰੇ ਕੋਲ ਏਦਾਂ ਆਉਂਦੇ ਜਿਵੇਂ ਮੇਰੇ ਵਿਦਿਆਰਥੀ ਹੋਣ।