ਝੱਖੜਾਂ ਦੇ ਵਿਚ ਰੱਖ ਦਿੱਤਾ ਹੈ, ਅਸੀਂ ਦੀਵਾ ਬਾਲ ਪੰਜਾਬੀ ਦਾ

ਅਵਤਾਰ ਗੋਂਦਾਰਾ
ਬਹੁਤੇ ਬੁੱਧੀਜੀਵੀਆਂ ਅਤੇ ਸੱਜਣਾਂ ਦਾ ਖਿਆਲ ਹੈ ਕਿ ਕਿਸੇ ਬੋਲੀ ਦੇ ਵਿਕਾਸ ਲਈ, ਉਸ ਦਾ ਖਿੱਤਾ ਤੇ ਬੋਲੀ ਬੋਲਣ ਵਲਿਆਂ ਦਾ ਆਪਣਾ ਰਾਜ ਭਾਗ ਹੋਣਾ ਚਾਹੀਦਾ ਹੈ। ਇਸੇ ਧਾਰਨਾ ਤਹਿਤ ‘ਪੰਜਾਬੀ ਸੂਬੇ’ ਲਈ ਸਿਆਸੀ ਸੰਘਰਸ਼ ਵਿੱਢਿਆ ਗਿਆ, ਜਿਸ ਦਾ ਸਮਰਥਨ ਪੰਜਾਬੀ ਹਿਤੈਸ਼ੀ ਲੇਖਕਾਂ ਤੇ ਸਾਹਿਤਕ ਜਥੇਬੰਦੀਆਂ ਨੇ ਵੀ ਕੀਤਾ। ਪਰ ਇਹ ਧਾਰਨਾ ਮ੍ਰਿਗਤ੍ਰਿਸ਼ਨਾ ਹੀ ਨਿਕਲੀ। ਨਾ ‘ਸਿੱਖ ਰਾਜ’ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਦੇ ਰਾਜ ਵਿਚ ਪੰਜਾਬੀ ਬੋਲੀ ਦਾ ਆਦਰ ਮਾਣ ਹੋਇਆ ਅਤੇ ਨਾ ਹੀ ‘ਪੰਜਾਬੀ ਸੂਬਾ’ ਬਣਨ ਬਾਅਦ ਇਸ ਦੀ ਪੁੱਛ ਪ੍ਰਤੀਤ ਹੋਈ। ਇੱਥੋਂ ਤੱਕ ਕਿ ਪੰਜਾਬ ਵਿਚ ਸਿੱਖ ਗੁਰੂਆਂ ਦੇ ਨਾਂ ‘ਤੇ ਚਲਦੇ ਕਈ ਪਬਲਿਕ ਸਕੂਲਾਂ ਵਿਚ ਪੰਜਾਬੀ ਬੋਲਣ ‘ਤੇ ਮਨਾਹੀ ਹੈ ਅਤੇ ਬੋਲਣ ਵਾਲੇ ਨੂੰ ਜੁਰਮਾਨਾ ਕੀਤਾ ਜਾਂਦਾ ਹੈ।

ਲੈ ਦੇ ਕੇ ਸਹੁੰ ਪਾਉਣ ਲਈ ਸਾਡੇ ਕੋਲ ਲਛਮਣ ਸਿੰਘ ਗਿੱਲ ਸਰਕਾਰ ਦੁਆਰਾ ਪਾਸ ਕੀਤਾ ਪੰਜਾਬੀ ਭਾਸ਼ਾ ਕਾਨੂੰਨ ਹੀ ਹੈ। ਇਸੇ ਇਤਿਹਾਸਕ ਪੀੜ ਨੂੰ ਬੋਲ ਦਿੰਦਿਆਂ ਪ੍ਰਸਿੱਧ ਕਵੀ ‘ਸ਼ਰਫ’ ਨੇ ਲਿਖਿਆ, “ਪੁੱਛੀ ਬਾਤ ਨਾ ਜਿਨ੍ਹਾਂ ਨੇ ‘ਸ਼ਰਫ’ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।” ਇਨ੍ਹਾਂ ਸਰੋਕਾਰਾਂ ਦੇ ਪ੍ਰਸੰਗ ਵਿਚ ਇੰਡੋ-ਯੂ. ਐਸ਼ ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ ਵਲੋਂ ਸੇਲਮ (ਕੈਲੀਫੋਰਨੀਆ) ਦੇ ਅਸ਼ੋਕਾ ਰੇਸਤਰਾਂ ਵਿਚ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੇਖਕਾਂ ਤੇ ਹਿਤੈਸ਼ੀਆਂ ਤੋਂ ਇਲਾਵਾ ਬੰਗਲਾ ਦੇਸ਼ ਦੇ ਬੁਧੀਜੀਵੀਆਂ ਨੇ ਵੀ ਸ਼ਿਰਕਤ ਕੀਤੀ।
‘ਕੌਮਾਂਤਰੀ ਮਾਂ ਬੋਲੀ ਦਿਵਸ’ ਦੇ ਹਵਾਲੇ ਨਾਲ ਕਰਾਇਆ ਗਿਆ, ਇਹ ਸਮਾਗਮ ਕਾਮਾਗਾਟਾ ਮਾਰੂ ਜਹਾਜ ਵਾਲੇ ਬਾਬਾ ਗੁਰਮੁਖ ਸਿੰਘ ਅਤੇ ਗਦਰੀ ਬਾਬਾ ਬਚਨ ਸਿੰਘ ਘੋਲੀਆ ਨੂੰ ਸਮਰਪਿਤ ਸੀ। ਸੰਸਥਾ ਦੇ ਸਕੱਤਰ ਨਿੰਦੀ ਸੰਧੂ ਨੇ ਬਾਬਾ ਗੁਰਮੁਖ ਸਿੰਘ ਦੀ ਨਿਜੀ ਜ਼ਿੰਦਗੀ ਅਤੇ ਉਨ੍ਹਾਂ ਬਾਰੇ ਲਿਖੀਆਂ ਕਿਤਾਬਾਂ ਦੀ ਜਾਣਕਾਰੀ ਦਿੱਤੀ।
ਇਸ ਦਿਨ ਦੇ ਪਿਛੋਕੜ ਦੀ ਗੱਲ ਕਰਦਿਆਂ ਉਘੇ ਕਵੀ ਤੇ ਰੇਡੀਓ ਹੋਸਟ ਸੰਤੋਖ ਮਿਨਹਾਸ ਨੇ ਦੱਸਿਆ ਕਿ ‘ਕੌਮਾਂਤਰੀ ਮਾਂ ਬੋਲੀ ਦਿਵਸ’ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਮਾਂ ਬੋਲੀ ਲਈ ਵਿੱਢੇ ਗਏ ਸੰਘਰਸ਼ ਤੋਂ ਪ੍ਰੇਰਿਤ ਹੈ, ਜਿਸ ਦੇ ਚਲਦਿਆਂ ਤਤਕਾਲੀ ਪਾਕਿਸਤਾਨੀ ਸਰਕਾਰ ਵਲੋਂ ਜਬਰੀ ਉਰਦੂ ਠੋਸਣ ਦੇ ਵਿਰੋਧ ਤੇ ਬੰਗਲਾ ਭਾਸ਼ਾ ਨੂੰ ਬਣਦਾ ਥਾਂ ਦੁਆਉਣ ਲਈ ਇਨ੍ਹਾਂ ਸੰਘਰਸ਼ਸ਼ੀਲ ਵਿਦਿਆਰਥੀਆਂ ‘ਤੇ ਹੋਏ ਜ਼ਬਰ ਨਾਲ 21 ਫਰਵਰੀ 1952 ਦੇ ਦਿਨ ਚਾਰ ਵਿਦਿਆਰਥੀ ਸ਼ਹੀਦ ਹੋਏ।
ਅਣਗੌਲੀਆਂ ਇਲਾਕਾਈ ਭਾਸ਼ਾਵਾਂ ਨੂੰ ਹੁਲਾਰਾ ਦੇਣ ਅਤੇ ਬੱਚਿਆਂ ਵਿਚ ਆਪਣੀ ਮਾਂ ਬੋਲੀ ਲਈ ਲਗਾਓ ਪੈਦਾ ਕਰਨ ਲਈ ਯੂਨੈਸਕੋ ਨੇ ਇਸ ਦਿਨ ਨੂੰ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ 1999 ਵਿਚ ਮਨਾਉਣ ਦਾ ਫੈਸਲਾ ਕੀਤਾ। ਸ਼ ਮਿਨਹਾਸ ਨੇ ਪੰਜਾਬੀ ਬੋਲੀ ਨਾਲ ਜੁੜੇ ਸਰੋਕਾਰਾਂ ਅਤੇ ਪਰਵਾਸੀਆਂ ਲਈ ਮਾਂ ਬੋਲੀ ਦੇ ਮਹੱਤਵ ਨਾਲ ਜੁੜੇ ਸੁਆਲਾਂ ‘ਤੇ ਚਰਚਾ ਕਰਨ ਲਈ ਹਾਜਰ ਵਿਦਵਾਨਾਂ ਨੂੰ ਸੱਦਾ ਦਿੱਤਾ।
ਪੰਜਾਬੀਆਂ ਕੌਮੀਅਤ ਦੇ ਮਜਹਬੀ ਡਿਸਕੋਰਸ ਵਿਚ ਰੁਲ ਜਾਣ ‘ਤੇ ਉਂਗਲ ਧਰਦਿਆਂ ਬਾਬਾ ਬਚਨ ਸਿੰਘ ਘੋਲੀਆ ਦੇ ਸਪੁੱਤਰ ਰਿਟਾ. ਕਰਨਲ ਹਰਦੇਵ ਸਿੰਘ ਗਿੱਲ ਨੇ ਕਿਹਾ ਕਿ ਗਦਰੀਆਂ ਨੂੰ ਜਿਉਂਦੇ ਜੀਅ ਤਾਂ ਮਾਣ ਸਨਮਾਨ ਕੀ ਮਿਲਣਾ ਸੀ, ਮਰਨ ਉਪਰੰਤ ਵੀ ਮਜਹਬੀ ਵੰਡੀਆਂ ਪਾ ਕੇ ਉਨ੍ਹਾਂ ਦੀ ਹੇਠੀ ਕਰਨ ਦਾ ਰੁਝਾਨ ਜਾਰੀ ਹੈ। ਮੁਲਕ ਦੀ ਵੰਡ ਵੇਲੇ ਬਾਬਾ ਬਚਨ ਸਿੰਘ ਘੋਲੀਆ ਵਲੋਂ ਮੁਸਲਮਾਨਾਂ ਦੀ ਰਾਖੀ ਜਿਹੇ ਕੰਮਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਸਾਰੇ ਗਦਰੀ ਜਾਤ ਪਾਤ ਅਤੇ ਧਰਮ ਦੇ ਬੰਧਨਾਂ ਤੋਂ ਉਪਰ ਸਨ। ਉਨ੍ਹਾਂ ਪਿੰਡ ਵਾਸੀਆਂ ਨੂੰ ਧਾਰਮਿਕ ਸਥਾਨਾਂ ਦੇ ਨਾਲ ਨਾਲ ਸਕੂਲਾਂ ਨੂੰ ਵੀ ਦਾਨ ਦੇਣ ਲਈ ਕਿਹਾ ਸੀ, ਪਰ ਕੋਈ ਅਸਰ ਨਾ ਹੋਇਆ। ਕਰਨਲ ਗਿੱਲ ਦਾ ਕਹਿਣਾ ਸੀ ਕਿ ਜੇ ਚੰਗੇ ਪ੍ਰਾਇਮਰੀ ਸਕੂਲ ਨਹੀਂ ਹੋਣਗੇ ਤਾਂ ਪੰਜਾਬੀ ਬੋਲੀ ਅਤੇ ਭਾਸ਼ਾ ਦਾ ਵਿਕਾਸ ਕਿਵੇਂ ਹੋਵੇਗਾ? ਉਨ੍ਹਾਂ ਦੇ ਪਿੰਡ ਪੰਜ ਗੁਰਦੁਆਰੇ ਹਨ, ਪਰ ਸਕੂਲ ਦੀ ਇਮਾਰਤ ਢੱਠੀ ਹੋਈ ਹੈ।
ਪੰਜਾਬੀ ਬੋਲੀ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਦਿਆਂ ਕਰਨਲ ਗਿੱਲ ਨੇ ਕਿਹਾ ਕਿ ਪੰਜਾਬੀ ਹਿਤੈਸ਼ੀਆਂ ਨੂੰ ਚਾਹੀਦਾ ਹੈ ਕਿ ਜੇ ਉਹ ਧਾਰਮਿਕ ਸਥਾਨਾਂ ਨੂੰ ਮਾਇਕ ਦਾਨ ਦਿੰਦੇ ਹਨ, ਤਾਂ ਸਕੂਲ ਲਈ ਬਣਦਾ ਹਿੱਸਾ ਵੀ ਜਰੂਰ ਦੇਣ। ਵਿਦਿਆ ਲਈ ਦਿੱਤਾ ਦਾਨ ਵੀ ਪੁੰਨ ਹੁੰਦਾ ਹੈ। ਗਦਰੀਆਂ ਨੂੰ ਹੀ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿਚ ਵੰਡਦਿਆਂ, ਪੰਜਾਬੀ ਨੂੰ ਵੀ ਸਿੱਖਾਂ ਨਾਲ ਮੜ ਦਿੱਤਾ ਗਿਆ ਹੈ।
ਬਾਬਾ ਬਚਨ ਸਿੰਘ ਘੋਲੀਆ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ, ਜਸਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇੱਕ ਸੰਸਥਾ ਸਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਆਗੂ ਪੈਦਾ ਕੀਤੇ।
ਉਕਤ ਚਰਚਾ ਵਿਚ ਪੰਜਾਬੀ ਚਿੰਤਕ ਡਾ. ਅਤਰ ਸਿੰਘ ਦਾ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ। ਉਸ ਅਨੁਸਾਰ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਪੰਜਾਬੀ ਕੌਮੀਅਤ ਦੇ ਸੁਆਲ ਦੇ ਸਿਆਸੀ ਤੇ ਫਿਰਕੂ ਰੰਗ ਫੜ੍ਹ ਜਾਣ ਨੇ ਢਾਹ ਲਾਈ। ਇੱਥੇ ਰਹਿੰਦੇ ਹਿੰਦੂ ਹਿੰਦੀ ਵੱਲ ਚਲੇ ਗਏ, ਮੁਸਲਮਾਨਾਂ ਲਈ ਉਰਦੂ ਫਾਰਸੀ ਦਾ ਹੇਜ ਜਾਗ ਪਿਆ ਤੇ ਪੰਜਾਬੀ ਸਿੱਖਾਂ ਦੇ ਹਿੱਸੇ ਆ ਗਈ। ਸਿਆਸੀ ਗਿਣਤੀਆਂ ਮਿਣਤੀਆਂ ਕਰਕੇ ਤਿੰਨਾਂ ਪੁੱਤਾਂ ਨੇ ਰਲ ਕੇ ਇਸ ਦੀ ਬਦਹਾਲੀ ਕੀਤੀ, ਜਿਸ ਦੀ ਗੱਲ ‘ਸ਼ਰਫ’ ਕਰਦਾ ਹੈ।
ਲਹਿੰਦੇ ਪੰਜਾਬ ਵਿਚ ਪੰਜਾਬੀ ਬਾਰੇ ਬੋਲਦਿਆਂ ਲਾਹੌਰ ਤੋਂ ਆਏ ਤਸੱਵਰ ਰਾਂਝਾ ਨੇ ਕਿਹਾ ਕਿ ਉਥੇ ਵੀ ਪੰਜਾਬੀ ਬੋਲੀ ਅਤੇ ਭਾਸ਼ਾ ਦਾ ਮੰਦਾ ਹਾਲ ਹੈ। ਸਰਕਾਰਾਂ ਤੇ ਸਕੂਲਾਂ ਦਾ ਕੋਈ ਰੋਲ ਨਹੀਂ। ਉਸ ਨੇ ਪੰਜਾਬੀ ਆਪਣੀ ਮਾਂ ਕੋਲੋਂ ਸਿੱਖੀ। ਲਹਿੰਦੇ ਪੰਜਾਬ ਦੇ ਵਾਸੀਆਂ ਦੀ ਮਾਂ ਬੋਲੀ ਪੰਜਾਬੀ ਹੈ, ਪਰ ਉਹ ਪੜ੍ਹਦੇ ਉਰਦੂ ਹਨ। ਉਸ ਨੂੰ ਉਹ ਥਾਂ ਨਹੀਂ ਮਿਲਿਆ ਜੋ ਪਸ਼ਤੋ ਜਾਂ ਬਲੋਚੀ ਨੂੰ ਆਪਣੇ ਸੂਬਿਆਂ ਵਿਚ ਮਿਲਿਆ ਹੈ। ਉਧਰਲੇ ਪੰਜਾਬੀ ਆਪਣੀ ਮਾਂ ਬੋਲੀ ਉਰਦੂ ਲਿਖਾਉਂਦੇ ਹਨ। ਜੇ ਚੜ੍ਹਦੇ ਪੰਜਾਬ ਦੇ ਵਾਸੀਆਂ ਦਾ ਇੱਕ ਹਿੱਸਾ ਆਪਣੀ ਮਾਂ ਬੋਲੀ ਹਿੰਦੀ ਲਿਖਾਉਂਦਾ ਹੈ ਤੇ ਲਹਿੰਦੇ ਪੰਜਾਬ ਦਾ ਉਰਦੂ ਤਾਂ ਟੇਕ ਕਿਸ ‘ਤੇ ਰੱਖੀ ਜਾਵੇ? ਬੰਗਲਾ ਦੇਸ਼ ਤੋਂ ਆਏ ਸਲਾਅਦੀਨ ਸ਼ਾਅ ਨੇ ਮਾਂ ਬੋਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਪੰਜਾਬ ਦੇ ਪਬਲਿਕ ਸਕੂਲਾਂ ਵਿਚ ਪੰਜਾਬੀ ਬੋਲਣ ‘ਤੇ ਜੁਰਮਾਨੇ ਦੇ ਹਵਾਲੇ ਨਾਲ ਫਰਿਜ਼ਨੋ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਡਾ. ਗੁਰਰੀਤ ਬਰਾੜ ਦਾ ਕਹਿਣਾ ਸੀ ਕਿ ਭਾਸ਼ਾ ਸਿਰਫ ਸੰਚਾਰ ਦਾ ਮਾਧਿਅਮ ਨਹੀਂ ਹੁੰਦੀ, ਇਹ ਨਿਜ ਦੀ ਪਰਿਭਾਸ਼ਾ ਵੀ ਹੈ। ਮਾਂ ਬੋਲੀ ਨਾਲ ਜੁੜਿਆ ਬੰਦਾ ਹੀ ਦੂਜੀਆ ਭਾਸ਼ਾਵਾਂ ਦੀਆਂ ਬਾਰੀਕੀਆਂ ਸਮਝ ਸਕਦਾ ਹੈ। ਬਹੁਤੀਆਂ ਭਾਸ਼ਾਵਾਂ ਸਿੱਖਣ ਨਾਲ ਕੌਗਨੀਟਿਵ ਯੋਗਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਨੂੰ ਭਾਸ਼ਾਈ ਵਿਰਸੇ ਦੀ ਅਮੀਰੀ ਦਾ ਪਤਾ ਲੱਗਦਾ ਹੈ। ਲੋਕ ਧਾਰਾ ਵਿਚ ਲੁਕੇ ਖੇਤੀ ਵਿਗਿਆਨ ਦੀ ਗੱਲ ਕਰਦਿਆਂ ਉਨ੍ਹਾਂ ਕੁਝ ਹਵਾਲੇ ਵੀ ਦਿੱਤੇ, ਡੱਡ ਟਪੂਸੀ ਬਾਜਰਾ, ਤਿੱਤਰ ਤੋਰ ਜਵਾਰ, ਕਣਕ ਕਮਾਦੀ ਸੰਘਣੀ, ਕਦੇ ਨਾ ਆਵੇ ਹਾਰ; ਤਿੱਲ ਵਿਰਲੇ ਵਿਰਲੇ, ਜੌਂ ਸੰਘਣੇ, ਡਾਂਗੋ ਡਾਂਗ ਕਪਾਹ; ਲੇਫ ਦੀ ਬੁੱਕਲ ਮਾਰ ਕੇ, ਮੱਕੀ ਵਿਚਦੀ ਜਾਹ।
ਚਰਚਾ ਨੂੰ ਅੱਗੇ ਤੋਰਦਿਆਂ ਡਾ. ਅਰਜਣ ਸਿੰਘ ਜੋਸਨ ਨੇ ਕਿਹਾ ਕਿ ਪੰਜਾਬੀ ਦਾ ਭਵਿੱਖ ਕੋਈ ਬਹੁਤਾ ਗੁਲਾਬੀ ਨਹੀਂ। ਰੁਜਗਾਰ ਕਰਕੇ ਹਾਸ਼ੀਏ ‘ਤੇ ਜਾ ਰਹੀ ਪੰਜਾਬੀ ਭਾਸ਼ਾ ਦਾ ਸਿਮਟਣਾ ਕੁਦਰਤੀ ਹੈ। ਇਸ ਬਾਰੇ ਕਹਾਣੀਕਾਰ ਕਰਮ ਸਿੰਘ ਮਾਨ ਨੇ ਵੀ ਕੁਝ ਸੁਝਾਅ ਦਿੱਤੇ।
ਨਵੀਂ ਗੱਲ ਇਹ ਸੀ ਕਿ ਪੰਜਾਬੀ ਭਾਸ਼ਾ ਮੁਹਾਰਤ ਵਿਚ ਸ਼ਾਮਿਲ ਹੋਣ ਆਏ ਪਰਵਾਸੀ ਬੱਚਿਆਂ ਨੂੰ ਸਭ ਨੇ ਸਾਹ ਰੋਕ ਕੇ ਸੁਣਿਆ। ਉਨ੍ਹਾਂ ਨਾਲ ਆਈ ਗੁੱਡੀ ਸਿੱਧੂ ਨੇ ਦੱਸਿਆ ਕਿ ਇਸ ਦਾ ਸਿਹਰਾ ਉਨ੍ਹਾਂ ਦੇ ਸਕੂਲ ਵਿਚ ਪੜ੍ਹਾਉਂਦੇ ਵਾਲੰਟੀਅਰ ਅਧਿਆਪਕਾਂ ਨੂੰ ਜਾਂਦਾ ਹੈ।
ਗੁਰਮੁਖੀ ਦੀ ਪੜ੍ਹਾਈ ਲਈ ਆਏ ਬੱਚਿਆਂ ਦੀ ਸ਼ਲਾਘਾ ਕਰਦਿਆਂ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ’ ਦੇ ਸਕੱਤਰ ਤੇ ਕਵੀ ਹਰਜਿੰਦਰ ਕੰਗ ਨੇ ਕਿਹਾ ਕਿ ਇਹ ਸਮਾਗਮ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਭਾਸ਼ਾ ਨੂੰ ਰੋਜੀ ਰੋਟੀ ਨਾਲ ਨਰੜ ਕਰਨ ਨੂੰ ਗਲਤ ਕਿਹਾ। ਸਿਰਫ ਸਰੀਰਕ ਜਾਂ ਪਦਾਰਥਕ ਲੋੜਾਂ ਦੀ ਪੂਰਤੀ ਤੱਕ ਭਾਸ਼ਾ ਨੂੰ ਸੀਮਿਤ ਕਰਨ ਨਾਲ ਇਸ ਦੇ ਵਿਕਾਸ ਦੀ ਗੱਲ ਗੌਣ ਹੋ ਜਾਵੇਗੀ। ਬੋਲੀ ਸਿਰਫ ਸੰਚਾਰ ਦਾ ਸਾਧਨ ਨਹੀਂ, ਇਹ ਕਿਸੇ ਕੌਮ ਦੀ ਕਲਗੀ ਹੁੰਦੀ ਹੈ। ਪੰਜਾਬੀ ਮਨ ਵਿਚ ਗੁਲਾਮੀ ਵਰਗੀ ਕਿਸੇ ਲੁਕੀ ਸ਼ੈਅ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਉਸ ‘ਚੋਂ ਨਿਕਲਣ ਦੀ ਲੋੜ ਹੈ ਤਾਂ ਜੋ ਉਹ ਆਪਣੀ ਮਾਂ ਬੋਲੀ ‘ਤੇ ਮਾਣ ਕਰ ਸਕਣ। ‘ਮਾਂ’ ਬਾਰੇ ਲਿਖੀ ਆਪਣੀ ਚਰਚਿਤ ਕਵਿਤਾ ਦੀਆਂ ਸਤਰਾਂ, ‘ਬਾਂਹ ਛੱਡ ਦਿੱਤੀ ਇਸ ਦੀ ਘਰ ਦੇ ਜੀਆਂ ਨੇ, ਮੌਤ ਕੁਲਹਿਣੀ ਦੀ ਫੜ੍ਹ ਕੇ ਇਹ ਬਾਂਹ ਬੈਠੀ ਹੈ’, ਦਾ ਹਵਾਲਾ ਦਿੰਦਿਆਂ ਉਨ੍ਹਾਂ ਹੋਕਾ ਦਿੱਤਾ ਕਿ ਹੁਣ ‘ਮਾਂ’ ਦੇ ਨਾਲ ਨਾਲ ‘ਮਾਂ ਬੋਲੀ’ ਦੀ ਬਾਂਹ ਫੜ੍ਹਨ ਦਾ ਵੇਲਾ ਹੈ।
ਕੰਗ ਦੀ ਪੁਸ਼ਟੀ ਕਰਦਿਆਂ ਜੈਨੇਟਿਕਸ ਵਿਗਿਆਨੀ ਤੇ ਕਵੀ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ’ ਦੇ ਪ੍ਰਧਾਨ ਡਾ. ਗੁਰੂਮੇਲ ਸਿੱਧੂ ਨੇ ਮਾਤ ਭਾਸ਼ਾ ਨੂੰ ਰੁਜਗਾਰ ਨਾਲ ਨੱਥੀ ਕਰਨ ਦਾ ਵਿਰੋਧ ਕਰਦਿਆਂ ਅਮਰੀਕਾ ਵਿਚ ਵੱਸਦੇ ਮਕਸੀਕਨਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਰੁਜਗਾਰ ਲਈ ਉਹ ਅੰਗਰੇਜੀ ਸਿੱਖਦੇ ਹਨ, ਪਰ ਆਪਸੀ ਅਤੇ ਪਰਿਵਾਰਕ ਗੱਲ ਬਾਤ ਲਈ ਉਹ ਸਪੈਨਿਸ਼ ਨੂੰ ਹੀ ਤਰਜੀਹ ਦਿੰਦੇ ਹਨ। ਫੜ੍ਹਾਂ ਮਾਰਨ ਵਾਲੇ ਪੰਜਾਬੀ ਸੁਭਾਅ ‘ਤੇ ਉਂਗਲੀ ਧਰਦਿਆਂ ਉਸ ਨੇ ਕਿਹਾ ਕਿ ਸਿਰਫ ਭਾਵੁਕਤਾ ਨਾਲ ਭਾਸ਼ਾਈ ਮਸਲੇ ਹੱਲ ਨਹੀਂ ਹੋਣੇ। ਇਸ ਲਈ ਗੰਭੀਰ ਵਿਚਾਰ ਚਰਚਾ ਅਤੇ ਪਹੁੰਚ ਦੀ ਲੋੜ ਹੈ। ਪੰਜਾਬੀ ਮਾਪਿਆਂ ਦੀ ਗੈਰ ਪ੍ਰਤੀਬੱਧਤਾ ਕਰਕੇ ਪਰਵਾਸੀ ਮਾਂਵਾਂ ਵੀ ਬੱਚਿਆਂ ਨਾਲ ਪੰਜਾਬੀ ‘ਚ ਗੱਲ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਭਾਸ਼ਾ ਦਾ ‘ਧੁਨੀ ਅਤੇ ਸਿਮ੍ਰਤੀ’ ਨਾਲ ਡੂੰਘਾ ਸਬੰਧ ਹੈ। ਮਾਪਿਆਂ ਤੋਂ ਸਿੱਖੀ ਭਾਸ਼ਾ ਬੱਚੇ ਦੇ ਮਨ ਵਿਚ ਸਦਾ ਲਈ ਟਿਕ ਜਾਂਦੀ ਹੈ। ਬਾਅਦ ਵਿਚ ਲਿਪੀ ਸਿੱਖਣੀ ਉਸ ਲਈ ਆਸਾਨ ਹੋ ਜਾਂਦੀ ਹੈ। ਪਰਵਾਸ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਇਹ ਟੇਢਾ ਮਸਲਾ ਹੈ। ਨਾ ਤਾਂ ਪੜ੍ਹਨ ਦੀਆਂ ਮਿਲ ਰਹੀਆਂ ਸਹੂਲਤਾਂ ਦਾ ਲਾਹਾ ਲੈਣ ਲਈ ਘੱਟੋ ਘੱਟ ਗਿਣਤੀ ਬੱਚਿਆਂ ਦੀ ਅੱਗੇ ਆਉਂਦੀ ਹੈ, ਨਾ ਹੀ ਉਨ੍ਹਾਂ ਨੂੰ ਪੜ੍ਹਾਉਣ ਲਈ ਟ੍ਰੇਂਡ ਅਧਿਆਪਕ ਮਿਲਦੇ ਹਨ।
ਇਸ ਚਰਚਾ ਵਿਚ ਕਵੀ ਅਜੇ ਤਨਵੀਰ, ਅਵਤਰ ਗਰੇਵਾਲ ਅਤੇ ਡਾ. ਚੰਦੀ ਨੇ ਆਪੋ ਆਪਣੀਆਂ ਕਵਿਤਾਵਾਂ ਨਾਲ ਹਜਾਰੀ ਲੁਆਈ। ਅਜੇ ਤਨਵੀਰ ਵਲੋਂ ਪ੍ਰਕਾਸ਼ਿਤ ਪਰਚਾ ‘ਰਾਗ’ ਵੀ ਜਾਰੀ ਕੀਤਾ ਗਿਆ। ਬੱਚਿਆਂ ਦੀ ਗੁਰਮੁਖੀ ਲਿਪੀ ਵਿਚ ਮੁਹਾਰਤ ਤੇ ਧਰਮਵੀਰ ਥਾਂਦੀ ਦੀ ਅਰਥ ਭਰਪੂਰ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਕਾਰੋਬਾਰੀ ਅਜੀਤ ਸਿੰਘ ਗਿੱਲ ਨੇ ਉਨ੍ਹਾਂ ਨੂੰ ਨਕਦ ਇਨਾਮ ਨਾਲ ਨਿਵਾਜਿਆ। ਉਸ ਨੇ ਕਿਹਾ ਕਿ ਪੰਜਾਬੀ ਬੋਲੀ ਵਿਚ ਦਿਲਚਸਪੀ ਲੈਣ ਵਾਲੇ ਬੱਚਿਆਂ ਦਾ ਉਹ ਸਨਮਾਨ ਕਰਦੇ ਰਹਿਣਗੇ। ਕੈਲੀਫਰੋਨੀਆ ਦੀ ਸੈਂਟਰਲ ਵੈਲੀ ਵਿਚ ਕਰਵਾਇਆ ਗਿਆ, ‘ਕੌਮਾਂਤਰੀ ਮਾਂ ਬੋਲੀ ਦਿਵਸ’ ਹੋਣ ਵਾਲੇ ਸਮਾਗਮਾਂ ਲਈ ਕਈ ਸੁਆਲ ਛੱਡ ਗਿਆ।
ਮਸਲਨ, ਕੀ ਪੰਜਾਬੀ ਭਾਸ਼ਾ ਦਾ ਵਿਕਾਸ ਸਿਰਫ ਇੱਕ ਧਰਮ ਜਾਂ ਖਿੱਤੇ ਨਾਲ ਬੱਝਿਆ ਹੋਇਆ ਹੈ? ਕੀ ਪੰਜਾਬੀ ਭਾਸ਼ਾ ਦਾ ਬਾਨਣੂੰ ਬਣਨ ਵਾਲੀ ਪੰਜਾਬੀ ਕੌਮੀਅਤ ਕਿਤੇ ਹੈ? ਸਿੱਖ ਕੌਮੀਅਤ ਅਤੇ ਪੰਜਾਬੀ ਕੌਮ ਦਾ ਆਪਸੀ ਕੀ ਸਬੰਧ ਹੈ? ਜੇ ਸੀਮਾ ਹੈ ਤਾਂ ਕੌਮਾਂਤਰੀ ਪੱਧਰ ‘ਤੇ ਹੁੰਦੀਆਂ ਕਾਨਫਰੰਸਾਂ ਜਾਂ ਪਰਵਾਸੀਆਂ ਵਲੋਂ ਕੀਤੇ ਯਤਨਾਂ ਦੀ ਕੀ ਤੁਕ ਹੈ? ਆਦਿ।
ਜਥੇਬੰਦੀ ਦੇ ਪ੍ਰਧਾਨ ਗੁਰਨੇਕ ਸਿੰਘ ਰਾਏ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਇਨ੍ਹਾਂ ਸੁਆਲਾਂ ਬਾਰੇ ਇਸ ਤਰ੍ਹਾਂ ਦੇ ਸਮਾਗਮ ਕਰਦੇ ਰਹਿਣਗੇ ਤਾਂ ਜੋ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਬੋਲੀ ਨਾਲ ਜੁੜੇ ਸਰੋਕਾਰਾਂ ਬਾਰੇ ਸਾਡੀ ਸਮਝ ‘ਚ ਨਿਖਾਰ ਆਵੇ।
ਐਸੋਸੀਏਸ਼ਨ ਦੇ ਪੈਟਰਨ ਪ੍ਰਿੰ. ਪ੍ਰੀਤਮ ਸਿੰਘ ਨਾਹਲ ਨੇ ਸਮਾਗਮ ਦੀ ਕਾਮਯਾਬੀ ਵਿਚ ਪਾਏ ਯੋਗਦਾਨ ਲਈ ਪ੍ਰਧਾਨ ਗੁਰਨੇਕ ਰਾਏ, ਸਕੱਤਰ ਨਿੰਦੀ ਸੰਧੂ, ਗੁਰਦੀਪ ਨਿੱਝਰ, ਚਰਨਜੀਤ ਭੰਗੂ, ਰਾਣਾ ਚਾਹਲ, ਤ੍ਰਿਲੋਕ ਮਿਨਹਾਸ, ਸੁਖਜੀਤ ਭੁੱਲਰ, ਸੰਤੋਖ ਮਿਨਹਾਸ, ਕੁਲਵੰਤ ਨਿੱਝਰ, ਡਾ. ਕੁਲਬੀਰ ਖਹਿਰਾ, ਪਾਲ ਮਾਹਲ, ਕਰਨਲ ਹਰਦੇਵ ਗਿੱਲ ਦੇ ਨਾਲ ਨਾਲ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕੀਤਾ।