ਅੰਦਰਲਾ ਇਸ਼ਨਾਨ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਚਾਹ ਵਿਚ ਕੋਈ ਨਸ਼ਾ ਹੁੰਦਾ ਹੈ, ਇਸ ਗੱਲ ਦਾ ਮੈਨੂੰ ਪਤਾ ਨਹੀਂ ਕਿਉਂਕਿ ਪੂਰਾ ਜੱਗ ਭਰ ਕੇ ਪੀਣ ਪਿਛੋਂ ਵੀ ਮੈਂ ਕਦੀ ਆਊਟ ਨਹੀਂ ਹੋਇਆ| ਇਹਨੂੰ ਆਦਤ ਤਾਂ ਕਹਿ ਸਕਦੇ ਹਾਂ ਪਰ ਚੰਗੀ ਹੈ ਕਿ ਮਾੜੀ, ਚਾਹ ਦਾ ਇਉਂ ਕਿਸੇ ਸਦਾਚਾਰ ਨਾਲ ਕੋਈ ਤਾਅਲੁਕ ਨਹੀਂ| ਤਕੜੇ ਪ੍ਰਹੇਜ਼ਗਾਰ ਦੁੱਧ ਦਾ ਗਲਾਸ ਕੱਪੜੇ ਨਾਲ ਫੜ੍ਹਦੇ ਦੇਖੇ ਹਨ| ਇਸ ਕਰਕੇ ਨਹੀਂ ਕਿ ਦੁੱਧ ਗਰਮ ਸੀ ਸਗੋਂ ਇਸ ਕਰਕੇ ਕਿ ਅਜਿਹਾ ਕਰਨਾ ਪਵਿੱਤਰ ਹੁੰਦਾ ਹੈ| ਅਜਿਹੇ ਧਰਮੀ ਜੀਉੜੇ ਚਾਹ ਪੀਣਿਆਂ ਦਾ ਤ੍ਰਿਸਕਾਰ ਕਰਨ ਦੇ ਪੂਰੇ ਹੱਕਦਾਰ ਹਨ|

ਮੈਨੂੰ ਇੱਕ ਵਾਰ ਨਾਗਸੈਨ ਨੇ ਕਿਹਾ ਸੀ ਕਿ ਜਿਹੜੇ ਬੰਦੇ ਪੂਰੇ ਪ੍ਰਹੇਜ਼ਗਾਰ ਹੋਣ, ਨਾ ਝੂਠ ਬੋਲਣ, ਨਾ ਚੋਰੀ ਕਰਨ ਯਾਨਿ ਜਿਨ੍ਹਾਂ ਵਿਚ ਕੋਈ ਕਮਜ਼ੋਰੀ ਨਹੀਂ ਹੁੰਦੀ, ਉਨ੍ਹਾਂ ਤੋਂ ਬਚ ਕੇ ਰਹੀਂ ਕਿਉਂਕਿ ਉਹ ਮਾਫ ਨਹੀਂ ਕਰਦੇ, ਉਹ ਦੋਸਤ ਨਹੀਂ ਹੋਇਆ ਕਰਦੇ| ਮਾੜੀ ਮੋਟੀ ਭੁਲ ਚੁਕ ਕਰਨ ਵਾਲੇ ਬੰਦੇ ਬੜੇ ਕੰਮ ਆਉਂਦੇ ਹਨ|
ਗੱਲ ਕਰ ਰਹੇ ਸਾਂ ਚਾਹ ਦੀ, ਪਰ ਤੁਰ ਹੋਰ ਪਾਸੇ ਗਈ| ਅੱਜ ਕੱਲ੍ਹ ਖੋਖਿਆਂ ਵਾਲੇ ਚੁਪਕੇ ਜਿਹੇ ਚਾਹ ਦੇ ਕੱਪ ਧਰ ਜਾਂਦੇ ਹਨ| ਇੱਕ ਜ਼ਮਾਨਾ ਸੀ ਜਦੋਂ ਦੋਹਾਂ ਹੱਥਾਂ ਵਿਚ ਦੋ ਪਿੱਤਲ ਦੇ ਤੂੰਬੇ ਫੜ੍ਹ ਕੇ ਹਲਵਾਈ ਦੋ ਦੋ ਗਜ਼ ਦੇ ਲੰਮੇ ਤਰੜੇ ਦਿਆ ਕਰਦੇ ਸਨ| ਇੱਕ ਚਾਹ ਪੀਣੇ ਨੇ ਹਲਵਾਈ ਦੇ ਖੂੰਡਾ ਜੜ ਦਿੱਤਾ ਸੀ, ਕਾਰਨ ਇਹ ਕਿ ਨਾਲ ਵਾਲੇ ਗਾਹਕ ਦੀ ਚਾਹ ਨੂੰ ਪੂਰਾ ਤਰੜਾ ਦਿੱਤਾ, ਪਰ ਖੂੰਡੇਮਾਰ ਦੀ ਚਾਹ ਕੇਵਲ ਗਿੱਠ ਕੁ ਤੋਂ ਤਰੜਾਈ| ਇਹਦੇ ਵਿਚ ਨਸ਼ਾ ਸੁਆਹ ਰਹਿ ਗਿਆ ਫੇਰ? ਜਦੋਂ ਪੈਸੇ ਪੂਰੇ ਦੇਣੇ ਨੇ ਫੇਰ ਲੰਡੂ ਚਾਹ ਕਿਉਂ ਪਿਆਉਂਦੈ ਇਹ?
ਚੰਡੀਗੜ੍ਹ ਦਾ ਉਸਰੱਈਆ ਲੀ ਕਾਰਬੂਜ਼ੀਅਰ ਆਪਣੇ ਵਕਤ ਸੰਸਾਰ ਦੇ ਉਚਕੋਟੀ ਦੇ ਭਵਨ ਨਿਰਮਾਤਿਆਂ ਵਿਚੋਂ ਸੀ| ਇਹ ਸੋਚ ਕੇ ਕਿ ਨਵਾਂ ਉਸਰ ਰਿਹਾ ਸੋਵੀਅਤ ਦੇਸ਼ ਉਸ ਦੀ ਕਦਰ ਪਾਏਗਾ, ਰੂਸ ਵੀ ਗਿਆ ਸੀ ਪਰ ਉਥੋਂ ਦੀ ਨੌਕਰਸ਼ਾਹੀ ਤੋਂ ਤੰਗ ਆ ਕੇ ਪਰਤ ਆਇਆ| ਉਸ ਦੇ ਨਕਸ਼ਿਆਂ ਨੂੰ ਬੁਰਜੁਆ ਰੁਚੀਆਂ ਵਾਲੇ ਆਖ ਕੇ ਰੱਦ ਕੀਤਾ ਜਾਂਦਾ ਸੀ| ਜਦੋਂ ਕੰਮ ਕਰਦਾ ਕਰਦਾ ਥੱਕ ਜਾਂਦਾ, ਉਹ ਉਸਰ ਰਹੇ ਚੰਡੀਗੜ੍ਹ ਦੇ ਖੋਖੇ ਦਾ ਗੇੜਾ ਲਾਉਣ ਕੇਵਲ ਇਸ ਕਰਕੇ ਜਾਇਆ ਕਰਦਾ ਸੀ ਕਿ ਚਾਹ, ਲੱਸੀ ਤੇ ਦੁੱਧ ਦੇ ਏਨੇ ਲੰਮੇ ਤਰੜੇ ਉਸ ਨੇ ਕਿਧਰੇ ਦੇਖੇ ਨਹੀਂ ਸਨ| ਉਹ ਹੱਸ-ਹੱਸ ਲੋਟ-ਪੋਟ ਹੋਈ ਜਾਂਦਾ, ਆਖਿਆ ਕਰਦਾ, “ਪੂਰੀ ਜ਼ਾਹਰਾ ਕਰਾਮਾਤ ਹੈ, ਇੱਕ ਬੂੰਦ ਨਹੀਂ ਡੁੱਲ੍ਹਣ ਦਿੰਦੇ, ਗਜ਼ਬ।” ਕਦੀ ਕਦੀ ਤਾਂ ਇਉਂ ਵੀ ਹੁੰਦਾ ਕਿ ਜੇ ਕੋਈ ਗਾਹਕ ਨਹੀਂ, ਚਾਹ ਵਾਲਾ ਵਿਹਲਾ ਬੈਠਾ ਹੈ, ਉਹ ਆਪਣੇ ਕੋਲੋਂ ਪੈਸੇ ਖਰਚ ਕੇ ਮਜਦੂਰਾਂ ਨੂੰ ਚਾਹ ਪਿਲਾਉਂਦਾ ਤਾਂ ਕਿ ਤਰੜਿਆਂ ਦਾ ਜ਼ਾਇਕਾ ਲੈ ਸਕੇ| ਹੋ ਸਕਦੈ ਉਸ ਨੇ ਕਦੀ ਖੁਦ ਇਹ ਤਜਰਬਾ ਕਰਨ ਦਾ ਯਤਨ ਵੀ ਕੀਤਾ ਹੋਵੇ|
ਸਰਕਸ ਦੇਖ ਕੇ ਨਿਆਣੇ ਜਦੋਂ ਘਰ ਆਉਂਦੇ ਹਨ ਤਾਂ ਸਰਕਸ ਦੇ ਕਲਾਕਾਰਾਂ ਦੀ ਨਕਲ ਕਰਕੇ ਲੱਤ ਬਾਂਹ ਵੀ ਤੁੜਵਾ ਬੈਠਦੇ ਹਨ| ਸਪਾਈਡਰਮੈਨ ਬਣੇ ਇੱਕ ਬੱਚੇ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ ਸੀ| ਸਰਦੀਆਂ ਦੀ ਸਵੇਰ ਖੇਸੀ ਦੇ ਪੱਲੇ ਨਾਲ ਪਿੱਤਲ ਦਾ ਚਾਹ ਵਾਲਾ ਗਲਾਸ ਫੜ੍ਹ ਕੇ ਦਰਵਾਜੇ ਅੱਗੇ ਖਲੋ ਜਾਣਾ, ਇਧਰ-ਉਧਰ ਦੀਆਂ ਗੱਲਾਂ ਵੀ ਹੁੰਦੀਆਂ ਤੇ ਸੁੜਾਕੇ ਮਾਰ ਮਾਰ ਚਾਹ ਵੀ ਛਕਣੀ, ਇਹ ਨਜ਼ਾਰੇ ਹੁਣ ਨਹੀਂ ਦਿਸਦੇ|
ਸੁੜਾਕੇ ਤੋਂ ਯਾਦ ਆਈ ਗੱਲ| ਪਾਕਿਸਤਾਨੀ ਸੀਰੀਅਲ ‘ਸੋਨਾ-ਚਾਂਦੀ’ ਵਿਚ ਇੱਕ ਰਈਸ ਪਰਿਵਾਰ ਦੀ ਬੀਵੀ ਤੇ ਖਾਵੰਦ ਵੱਡੀ ਹਵੇਲੀ ਦੇ ਹਰੇ ਕਚੂਰ ਵਿਹੜੇ ਵਿਚ ਸਵੇਰ ਦੀ ਚਾਹ ਦਾ ਅਨੰਦ ਲੈ ਰਹੇ ਹਨ| ਬੀਵੀ ਦੀ ਸ਼ਕਲ, ਸੂਰਤ, ਰੁਅਬਦਾਬ ਵਾਲੀ ਨਿਗਾਹ-ਸਭ ਸਾਬਤ ਕਰ ਰਹੇ ਹਨ ਕਿ ਜਗੀਰਦਾਰ ਅਜਿਹੇ ਹੁੰਦੇ ਹਨ| ਮਾਲਕ ਨੂੰ ਸੁੜਾਕਾ ਮਾਰ ਕੇ ਚਾਹ ਪੀਣ ਦੀ ਆਦਤ ਹੈ ਜੋ ਬੀਵੀ ਨੂੰ ਪਸੰਦ ਨਹੀਂ| ਸੁੜਾਕੇ ਦੀ ਆਵਾਜ਼ ਸੁਣਦਿਆਂ ਉਹ ਟੇਢੀ ਤੇ ਗੁਸੈਲ ਨਜ਼ਰ ਨਾਲ ਖਾਵੰਦ ਵਲ ਦੇਖਦਿਆਂ ਆਖਦੀ ਹੈ, “ਤਮੀਜ਼ ਨਾਲ, ਸਲੀਕੇ ਨਾਲ| ਸਮਝੇ?” ਅੱਗੇ ਵੀ ਕਈ ਵਾਰ ਹੋ ਚੁਕੀ ਹੈ ਗੱਲ| ਖਾਵੰਦ ਧੀਰਜਵਾਨ ਹੈ, ਆਖਦਾ ਹੈ, “ਬੇਗਮ ਸਾਹਿਬਾ, ਕੀ ਫਰਕ ਪੈਂਦੈ ਆਖਰ? ਜਿਵੇਂ ਮਰਜੀ ਕੋਈ ਖਾਏ, ਜਿਵੇਂ ਮਰਜ਼ੀ ਪੀਏ| ਮੌਜ ਲਵੇ|” ਬੇਗਮ ਫਿਰ ਗੁੱਸੇ ਨਾਲ ਆਖਦੀ ਹੈ, “ਮੁਝੇ ਬਹਿਸ ਪਸੰਦ ਨਹੀਂ|” ਮਾਲਕ ਬੋਲਦਾ ਹੈ, “ਤੁਮ੍ਹੇਂ ਬਹਿਸ ਪਸੰਦ ਕਰਨੀ ਚਾਹੀਏ ਭੀ ਨਹੀਂ ਕਿਉਂਕਿ ਅਕਸਰ ਹਾਰਤੀ ਹੋ|”
ਜਪਾਨ ਦਾ ਸ਼ਾਇਰ ਤੇ ਫਿਲਾਸਫਰ ਸੀ, ਕਾਕੂਜ਼ੋ ਓਕਾਕੁਰਾ| ਪ੍ਰੋ. ਪੂਰਨ ਸਿੰਘ ਦਾ ਦੋਸਤ| ਉਸ ਨੇ ਚਾਹ ਉਤੇ ਹੀ ਕਿਤਾਬ ਲਿਖ ਮਾਰੀ, ਬੁੱਕ ਆਫ ਟੀ| ਚਾਹ ਦਾ ਅਜਿਹਾ ਮੁਰੀਦ ਮੈਂ ਨਹੀਂ ਦੇਖਿਆ| ਲੈਲਾ ਵਾਸਤੇ ਮਜਨੂੰ ਏਨਾ ਪਾਗਲ ਨਹੀਂ ਸੀ, ਜਿੰਨਾ ਕਾਕੂਜ਼ੋ ਚਾਹ ਵਾਸਤੇ| ਲਿਖਦਾ ਹੈ: ਚਾਹ ਦਾ ਬੂਟਾ ਕਿਥੇ ਉਗਿਆ, ਪਹਿਲੀ ਵਾਰ ਇਸ ਨੂੰ ਕਿਸ ਨੇ ਪਛਾਣਿਆ, ਪਤਾ ਕਰੀਏ| ਕਿਸੇ ਵਣ ਵਿਗਿਆਨੀ ਤੋਂ ਪਤਾ ਨਾ ਲੱਗਾ, ਕਿਸੇ ਇਤਿਹਾਸਕਾਰ ਨੇ ਦੱਸ ਨਾ ਪਾਈ| ਜਦੋਂ ਵਿਦਵਾਨ ਫੇਲ੍ਹ ਹੋ ਜਾਣ, ਬੰਦਾ ਫਿਰ ਸਾਧ ਦੀ ਤਲਾਸ਼ ਕਰਦਾ ਹੈ| ਮੈਂ ਕਿਸੇ ਮਹਾਨ, ਤਪੱਸਵੀ ਸਾਧੂ ਦੀ ਤਲਾਸ਼ ਵਿਚ ਘਰ ਬਾਰ ਛੱਡ ਦਿੱਤਾ| ਦਿਨਾਂ, ਮਹੀਨਿਆਂ ਸਾਲਾਂ ਦੀ ਖੋਜ ਬਾਅਦ ਮਹਾਮੁਨੀ ਦੇ ਦੀਦਾਰ ਹੋਏ, ਸਮਾਧੀ ਵਿਚ ਸਨ, ਚੇਲਿਆਂ ਨੇ ਦੱਸਿਆ ਜਦੋਂ ਸਮਾਧੀ ਖੁਲ੍ਹੇਗੀ, ਉਦੋਂ ਪੁਛ ਲੈਣਾ ਜੋ ਪੁਛਣਾ ਹੋਵੇ| ਕਈ ਦਿਨਾਂ ਬਾਅਦ ਸਮਾਧੀ ਖੁੱਲ੍ਹੀ| ਹੱਥ ਜੋੜ ਕੇ ਪੁਛਿਆ, “ਮਹਾਰਾਜ ਚਾਹ ਦੇ ਬੂਟੇ ਦਾ ਇਤਿਹਾਸ ਪੁੱਛਣ ਆਇਆਂ| ਕਿਰਪਾ ਕਰੋ|”
ਸਾਧੂ ਮੁਸਕਰਾਇਆ, “ਤੇਰੇ ਵਰਗਾ ਇੱਕ ਜੁਆਨ ਇਥੇ ਮੇਰੀ ਨਿਗਰਾਨੀ ਵਿਚ ਬੰਦਗੀ ਕਰਿਆ ਕਰਦਾ ਸੀ| ਬੰਦਗੀ ਕਰਦਿਆਂ ਉਸ ਨੂੰ ਅਕਸਰ ਨੀਂਦ ਆ ਜਾਂਦੀ| ਇੱਕ ਵਾਰ, ਦੋ ਵਾਰ-ਜਦੋਂ ਅਜਿਹਾ ਹੁੰਦਾ ਰਿਹਾ, ਗੁੱਸੇ ਵਿਚ ਆ ਕੇ ਉਸ ਨੇ ਛੁਰੀ ਚੁੱਕੀ ਤੇ ਆਪਣੀਆਂ ਅੱਖਾਂ ਦੀਆਂ ਪਲਕਾਂ ਕੱਟ ਕੇ ਅਹੁ ਸਾਹਮਣੇ ਘਾਟੀ ਵਿਚ ਵਗਾਹ ਦਿੱਤੀਆਂ| ਜਿਥੇ ਪਲਕਾਂ ਡਿੱਗੀਆਂ, ਉਥੋਂ ਚਾਹ ਦੇ ਬੂਟੇ ਉਗੇ| ਦੇਖ ਲੈ ਬੇਸ਼ਕ| ਚਾਹ ਦੀਆਂ ਪੱਤੀਆਂ ਅੱਖਾਂ ਦੀਆਂ ਪਲਕਾਂ ਵਰਗੀਆਂ ਨੇ| ਇਸ ਤਰ੍ਹਾਂ ਹੇ ਜਗਿਆਸੂ, ਕੋਈ ਕੋਈ ਨੇਕ ਬੰਦਾ ਕਸ਼ਟ ਕਰਦਾ ਹੈ ਤੇ ਉਸ ਦੀ ਬਦੌਲਤ ਹੁਣ ਪੜ੍ਹਾਕੂਆਂ ਨੂੰ ਚਾਹ ਪੀ ਕੇ ਨੀਂਦ ਨਹੀਂ ਆਉਂਦੀ|”
ਪ੍ਰੋ. ਪੂਰਨ ਸਿੰਘ ਨੇ ਘਰ ਅਖੰਡ ਪਾਠ ਸ਼ੁਰੂ ਕਰਵਾਇਆ| ਪਾਠੀ ਸਿੰਘ ਬਹੁਤ ਸਵਖਤੇ ਪੂਰਨ ਸਿੰਘ ਨੂੰ ਜਗਾ ਕੇ ਪੁੱਛਣ ਲੱਗਾ, “ਜੀ ਇਸ਼ਨਾਨ ਕਰਨ ਲਈ ਜਗ੍ਹਾ ਕਿਧਰ ਹੈ?” ਪ੍ਰੋ. ਪੂਰਨ ਸਿੰਘ ਨੂੰ ਏਨੀ ਛੇਤੀ ਉਠਣ ਦੀ ਆਦਤ ਨਹੀਂ ਸੀ, ਗੁੱਸੇ ਵਿਚ ਕਿਹਾ, “ਪਹਿਲਾਂ ਅੰਦਰਲਾ ਇਸ਼ਨਾਨ ਕਰੀਦਾ ਹੈ, ਭਾਈ ਸਾਹਿਬ! ਸਮਝੇ?”
ਭਾਈ ਚਲਾ ਗਿਆ| ਕਿਸੇ ਹੋਰ ਤੋਂ ਥਾਂ ਪੁੱਛ ਕੇ ਇਸ਼ਨਾਨ ਕਰ ਲਿਆ| ਦਿਨ ਵਿਚ ਦੋ ਤਿੰਨ ਹੋਰ ਪਾਠੀ ਸਿੰਘਾਂ ਨੂੰ ਨਾਲ ਲਿਜਾ ਕੇ ਨਿਮਰਤਾ ਸਹਿਤ ਪੁੱਛਣ ਲੱਗਾ, “ਜੀ ਤੁਸੀਂ ਗੁਣੀ ਵਿਦਵਾਨ ਹੋ| ਸਵੇਰੇ ਅੰਦਰਲੇ ਇਸ਼ਨਾਨ ਬਾਬਤ ਆਪ ਨੇ ਹੁਕਮ ਕੀਤਾ ਸੀ| ਸਾਨੂੰ ਇਸ ਦਾ ਪਤਾ ਨਹੀਂ ਕਿਵੇਂ ਕਰੀਦਾ ਹੈ| ਕਿਰਪਾ ਕਰਕੇ ਦੱਸਣਾ ਜੀ|”
ਪ੍ਰੋ. ਪੂਰਨ ਸਿੰਘ ਨੇ ਕਿਹਾ, “ਚਾਹ ਪੀਓ, ਹੋਰ ਕਿਵੇਂ ਹੁੰਦੈ, ਅੰਦਰਲਾ ਇਸ਼ਨਾਨ? ਏਨਾ ਤਾਂ ਸੌਖਾ ਕੰਮ ਐਂ ਇਹ|”
ਆਪਣੇ ਵਕੀਲ ਨਾਲ ਮੈਂ ਹਾਈ ਕੋਰਟ ਵਿਚ ਬੈਠਾ ਸਾਂ ਤਾਂ ਚਾਹ ਆ ਗਈ| ਡਿੱਪ ਟੀ| ਮੈਂ ਕੁਝ ਝਿਜਕਦਿਆਂ ਵਕੀਲ ਨੂੰ ਪੁੱਛਿਆ, “ਜੇ ਕੋਈ ਇਤਰਾਜ਼ ਨਾ ਹੋਵੇ ਤਾਂ ਚੁਟਕੀ ਨਾਲ ਮੈਂ ਆਪਣੀ ਚਾਹ ਦੀ ਪੋਟਲੀ ਨਿਚੋੜ ਲਵਾਂ?” ਵਕੀਲ ਬੋਲਿਆ, “ਇਸ ਵਿਚ ਇਤਰਾਜ਼ ਦੀ ਕੀ ਗੱਲ? ਮੈਂ ਵੀ ਨਿਚੋੜਿਆ ਕਰਦਾਂ|” ਮੈਂ ਦੱਸਿਆ ਕਿ ਪਟਿਆਲੇ ਯੂਨੀਵਰਸਿਟੀ ਵਿਚ ਮੇਰਾ ਦੋਸਤ ਗਰੇਵਾਲ ਮੇਰੀ ਇਸ ਹਰਕਤ ਦਾ ਬੁਰਾ ਮਨਾਉਂਦੈ|
ਵਕੀਲ ਨੇ ਕਿਹਾ, “ਉਹਨੇ ਲਾਅ ਨ੍ਹੀਂ ਪੜ੍ਹਿਆ| ਰੁਪਏ ਤੂੰ ਖਰਚੇ ਨੇ| ਕਾਨੂੰਨਨ ਤੈਨੂੰ ਕੋਈ ਬੰਦਾ ਜਾਂ ਸੰਸਥਾ ਪੋਟਲੀ ਨਿਚੋੜਨ ਤੋਂ ਨਹੀਂ ਰੋਕ ਸਕਦੇ| ਸਗੋਂ ਕਾਨੂੰਨ ਤਾਂ ਇਹ ਵੀ ਆਗਿਆ ਦਿੰਦੈ ਕਿ ਪੋਟਲੀ ਤੂੰ ਘਰ ਲੈ ਜਾ ਬੇਸ਼ਕ| ਅਗੋਂ ਨੂੰ ਕੋਈ ਰੋਕੇ ਮੈਨੂੰ ਦੱਸੀਂ, ਮੈਂ ਪਟੀਸ਼ਨ ਦਾਇਰ ਕਰ ਦਿਆਂਗਾ|”
ਸ਼ਾਇਰ ਖੁਮਾਰ ਕੋਲ ਬੈਠਾ ਚਾਹ ਪੀਣ ਲੱਗਾ| ਚੀਨੀ ਵੱਖ ਹੁੰਦੀ| ਗੱਲਾਂ ਸੁਣਦਾ ਰਿਹਾ ਤੇ ਕੱਪ ਵਿਚ ਚਮਚਾ ਹਿਲਾ ਕੇ ਚੀਨੀ ਘੋਲਦਾ ਰਿਹਾ| ਗੁੱਸੇ ਨਾਲ ਕਹਿਣ ਮੈਨੂੰ ਲੱਗਾ, “ਮੱਖਣ ਕੱਢੇਂਗਾ ਇਹਦੇ ਵਿਚੋਂ? ਪੀਤੀ ਨ੍ਹੀਂ ਜਾਂਦੀ ਅਰਾਮ ਨਾਲ?”
ਬੇਆਰਾਮ ਕਰਕੇ ਕਹਿੰਦੇ ਨੇ ਆਰਾਮ ਨਾਲ ਚਾਹ ਪੀਉ|