ਪੰਜਾਬੀ ਇਸਤਰੀ ਅਤੇ ਵਰਤਮਾਨ ਚੁਣੌਤੀਆਂ

ਡਾ. ਗੁਰਨਾਮ ਕੌਰ, ਕੈਨੇਡਾ
ਸੰਨ 1966 ਵਿਚ ਅਮਰੀਕਾ ਵਿਚ ਔਰਤਾਂ ਦੇ ਹੱਕਾਂ ਲਈ ਲੜਨ ਵਾਸਤੇ ਵਾਸ਼ਿੰਗਟਨ ਡੀ. ਸੀ. ਵਿਚ ਦੋ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ 47 ਔਰਤਾਂ ਅਤੇ ਦੋ ਪੁਰਸ਼ਾਂ ਨੇ ਹਿੱਸਾ ਲਿਆ| ਇਨ੍ਹਾਂ ਮੀਟਿੰਗਾਂ ਦਾ ਮਕਸਦ ‘ਨੈਸ਼ਨਲ ਐਸੋਸੀਏਸ਼ਨ ਆਫ ਕਲਰਡ ਪੀਪਲ’ ਦੀ ਤਰਜ਼ ‘ਤੇ ਇੱਕ ਅਜਿਹੀ ਸੰਸਥਾ ਜਾਂ ਸਭਾ ਬਣਾਉਣਾ ਸੀ ਜੋ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਦੇ ਹੱਕ ਦੁਆਉਣ ਲਈ ਜਦੋਜਹਿਦ ਕਰ ਸਕੇ| ਇੰਜ ਇੱਕ ਸੰਸਥਾ ਕਾਇਮ ਕੀਤੀ ਗਈ ‘ਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਵੁਮਨ’ ਤਾਂ ਕਿ ਔਰਤਾਂ ਨੂੰ ਅਮਰੀਕਾ ਦੀ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ|

ਜੁਲਾਈ 2012 ਦੇ ਇੱਕ ਸਰਵੇਖਣ ਅਨੁਸਾਰ ਇਸ ਸੰਸਥਾ ਦੀਆਂ ਬਾਨੀ ਔਰਤਾਂ ਵਿਚੋਂ 9 ਜਿਉਂਦੀਆਂ ਸਨ ਪਰ ਇਸ ਸੰਸਥਾ ਦੇ ਵਿਕਾਸ ਅਤੇ ਕੀਤੇ ਗਏ ਕੰਮਾਂ ਨੇ ਮੁਲਕ ਵਿਚ ਔਰਤਾਂ ਦੇ ਹੱਕਾਂ ਲਈ ਇਨਕਲਾਬੀ ਤਬਦੀਲੀ ਲਿਆਂਦੀ। ਸੰਸਥਾ ਹੁਣ ਵੀ ਸੰਸਾਰ ਪੱਧਰ ‘ਤੇ ਔਰਤਾਂ ਦੇ ਹੱਕਾਂ ਲਈ ਇਨਕਲਾਬੀ ਤਬਦੀਲੀ ਲਿਆਉਣ ਲਈ ਕਾਰਜਸ਼ੀਲ ਹੈ|
ਅਮਰੀਕੀ ਸਮਾਜ ਵਿਚ ਔਰਤਾਂ ਨੇ ਸਿਆਸੀ ਕਾਰਜਾਂ ਵਿਚ ਆਪਣੀ ਸ਼ਮੂਲੀਅਤ ਵਧਾ ਲਈ ਹੈ ਪਰ ਫਿਰ ਵੀ ਪੁਰਸ਼ਾਂ ਦੇ ਬਰਾਬਰ ਜਾਣ ਲਈ ਬਹੁਤ ਕੁਝ ਕਰਨ ਵਾਲਾ ਹੈ| 1984 ਵਿਚ ਜੈਰੋਦੀਨ ਫਰਾਰੋ ਨੇ ਉਪ ਰਾਸ਼ਟਰਪਤੀ ਲਈ ਨੈਸ਼ਨਲ ਪਾਰਟੀ ਦੀ ਟਿਕਟ ਹਾਸਲ ਕਰਕੇ ਇਤਿਹਾਸ ਰਚਿਆ; 1992 ਵਿਚ ਜੈਨੇਟ ਕੀਨੋ ਪਹਿਲੀ ਇਸਤਰੀ ਅਟਾਰਨੀ ਜਨਰਲ ਬਣੀ ਅਤੇ 2002 ਵਿਚ ਨੈਂਸੀ ਪਲੋਸੀ ‘ਹਾਊਸ ਆਫ ਰਿਪਰਜੈਂਟੇਟਿਵ’ ਦੀ ਪਹਿਲੀ ਇਸਤਰੀ ਸਪੀਕਰ ਬਣੀ| ਹਾਊਸ ਅਤੇ ਸੰਸਦ-ਦੋਹਾਂ ਵਿਚ ਔਰਤਾਂ ਸ਼ਕਤੀ ਤੇ ਲੀਡਰਸ਼ਿਪ ਦੀਆਂ ਪੁਜ਼ੀਸ਼ਨਾਂ ਹਾਸਿਲ ਕਰ ਕੇ ਪਾਵਰ ਤੱਕ ਪਹੁੰਚੀਆਂ ਹਨ ਅਤੇ ਮੁੱਖ ਕਮੇਟੀਆਂ ਤੇ ਸਬ ਕਮੇਟੀਆਂ ਦੀਆਂ ਮੁਖੀ ਬਣੀਆਂ ਹਨ|
‘ਨੈਸ਼ਨਲ ਕਮਿਸ਼ਨ ਫਾਰ ਮੈਨਪਾਵਰ ਪਾਲਿਸੀ’ ਦੀ ਸਾਬਕਾ ਚੇਅਰਮੈਨ ਸਵਰਗੀ ਈਲਾਈ ਗਿਨਜ਼ਬਰਗ ਦਾ ਕਹਿਣਾ ਸੀ ਕਿ 20ਵੀਂ ਸਦੀ ਦਾ ਇੱਕੋ ਇੱਕ ਨਿਵੇਕਲਾ ਉਭਾਰੂ ਅਮਲ ਹੈ ਕਿ ਕੰਮਕਾਜੀ ਔਰਤਾਂ ਦੀ ਗਿਣਤੀ ਤੇ ਅਨੁਪਾਤ ਵਿਚ ਵਾਧਾ ਹੋਣਾ| ਬਹੁਤ ਸਾਰੇ ਲੋਕ ਸੋਚਦੇ ਹਨ ਕਿ ਅਮਰੀਕਾ ਵਿਚ ਔਰਤਾਂ ਨੇ ਆਪਣੇ ਸਾਰੇ ਟੀਚੇ ਪ੍ਰਾਪਤ ਕਰ ਲਏ ਹਨ, ਪਰ ਇਹ ਸੱਚਾਈ ਤੋਂ ਬਹੁਤ ਦੂਰ ਹੈ| ਮੁੱਖ ਮੁੱਦੇ ਜੋ ਅਮਰੀਕਾ ਵਿਚ ਸਾਡੇ ਸਨਮੁਖ ਹਨ, ਉਨ੍ਹਾਂ ਵਿਚੋਂ ਕੁਝ ਹਨ: ਗਰੀਬੀ, ਭੁੱਖ, ਬੇਘਰੇ ਹੋਣਾ; ਔਰਤਾਂ ਦੇ ਖਿਲਾਫ ਹਿੰਸਾ, ਬਲਾਤਕਾਰ, ਲਿੰਗਕ ਹਮਲੇ ਤੇ ਘਰੇਲੂ ਹਿੰਸਾ ਆਦਿ। ਇਸ ਮੁੱਦੇ ਦਾ ਇੱਕ ਹੋਰ ਪਹਿਲੂ ਹੈ, ਬਜ਼ੁਰਗ ਔਰਤਾਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਦੀ ਵਧ ਰਹੀ ਸਮੱਸਿਆ। ਅਗਲਾ ਮੁੱਦਾ ਹੈ, ਮਾਂ ਅਤੇ ਬੱਚੇ ਦੀ ਠੀਕ ਸਿਹਤ ਸੰਭਾਲ ਦਾ ਨਾ ਹੋਣਾ; ਸਿਆਸੀ ਖੇਤਰ ਵਿਚ ਔਰਤਾਂ ਦੀ ਲਗਾਤਾਰ ਘੱਟ ਨੁਮਾਇੰਦਗੀ ਜਿਵੇਂ ਸੰਸਦ ਮੈਂਬਰ, ਗਵਰਨਰ, ਮੇਅਰ ਅਤੇ ਹੋਰ ਇਸ ਕਿਸਮ ਦੇ ਅਹੁਦੇ; ਅਕਾਦਮਿਕ ਖੇਤਰ ਵਿਚ ਪੱਖਪਾਤ ਜਿਵੇਂ ਫੈਕਲਟੀ ਦੇ ਉਚ ਅਹੁਦਿਆਂ ‘ਤੇ ਨੁਮਾਇੰਦਗੀ, ਤਨਖਾਹ, ਮਾਣ-ਸਨਮਾਨ ਅਤੇ ਰੈਂਕ ਵਗੈਰਾ ਦਾ ਪੱਖਪਾਤ| ਹੋਰ ਵੀ ਮੁੱਦੇ ਹਨ ਜਿਨ੍ਹਾਂ ਦਾ ਅਮਰੀਕੀ ਔਰਤ ਨੂੰ ਹਾਲੇ ਵੀ ਸਾਹਮਣਾ ਕਰਨਾ ਪੈਂਦਾ ਹੈ|
ਪੰਜਾਬੀ ਔਰਤ ਗੁਰੂਆਂ ਦੀ ਵਰੋਸਾਈ ਉਸ ਧਰਤੀ ‘ਤੇ ਪੈਦਾ ਹੋਈ ਹੈ ਜਿੱਥੇ ਉਸ ਦੇ ਹੱਕ ਸੱਚ ਲਈ ਗੁਰੂ ਨਾਨਕ ਦੇਵ ਨੇ ਪਹਿਲੀ ਵਾਰ ਜ਼ੋਰਦਾਰ ਆਵਾਜ਼ ਉਠਾਈ ਅਤੇ ਉਸ ਨੂੰ ਪੁਰਸ਼ ਦੇ ਬਰਾਬਰ ਦੀ ਮਾਨਵ ਹੋਣ ਦਾ ਹੱਕ ਦਿੰਦਿਆਂ ਕਿਹਾ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਉਨ੍ਹਾਂ ਨੇ ਪਹਿਲੀ ਵਾਰ ਇਸਤਰੀ ਦੀ ਅਹਿਮੀਅਤ ਦਾ ਅਹਿਸਾਸ ਕਰਾਉਂਦਿਆਂ ਖੁਲਾਸਾ ਕੀਤਾ ਕਿ ਔਰਤ ਤੋਂ ਬਿਨਾ ਮਨੁੱਖੀ ਸਮਾਜ ਦਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਔਰਤ ਸਮਾਜ ਦੀ ਨੀਂਹ ਹੈ| ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਰੇ ਗੁਰੂ ਸਾਹਿਬਾਨ ਨੇ ਜਿੱਥੇ ਸਮਾਜ ਦੇ ਦੱਬੇ-ਕੁਚਲੇ ਵਰਗ ਨੂੰ ਅੱਗੇ ਲਿਆਂਦਾ ਤੇ ਸਮਾਜਕ ਬਰਾਬਰੀ ਦਾ ਦਰਜਾ ਦਿੱਤਾ, ਉਥੇ ਇਸਤਰੀ ਨੂੰ ਬਰਾਬਰ ਦਾ ਰੁਤਬਾ ਕੇਵਲ ਬਖਸ਼ਸ਼ ਹੀ ਨਹੀਂ ਕੀਤਾ ਬਲਕਿ ਇਸ ਨੂੰ ਸਥਾਪਤ ਕਰਨ ਲਈ ਲਗਾਤਾਰ ਕਾਰਜਸ਼ੀਲ ਰਹੇ|
ਅਜੋਕੇ ਸਮੇਂ ਵਿਚ ਭਾਵੇਂ ਪੰਜਾਬੀ ਔਰਤ ਨੇ ਪੜ੍ਹਾਈ-ਲਿਖਾਈ ਪੱਖੋਂ ਕਾਫੀ ਤਰੱਕੀ ਕੀਤੀ ਹੈ; 2001 ਵਿਚ ਪੰਜਾਬ ਵਿਚ ਕੁਲ ਲਿਟਰੇਸੀ ਰੇਟ 69.65% ਸੀ ਜਿਸ ਵਿਚ ਲੜਕਿਆਂ ਦਾ ਲਿਟਰੇਸੀ ਰੇਟ 75.23% ਤੇ ਲੜਕੀਆਂ ਦਾ 63.36% ਸੀ। 2011 ਵਿਚ ਕੁੱਲ ਲਿਟਰੇਸੀ ਰੇਟ 75.84% ਹੋ ਗਿਆ, ਉਥੇ ਲੜਕਿਆਂ ਦਾ ਵਧ ਕੇ 80.44% ਹੋ ਗਿਆ ਅਤੇ ਲੜਕੀਆਂ ਦਾ ਕਰੀਬ 70.43%| ਕਹਿ ਸਕਦੇ ਹਾਂ ਕਿ ਜਿੱਥੇ ਪੰਜਾਬ ਪੜ੍ਹਾਈ-ਲਿਖਾਈ ਪੱਖੋਂ ਅੱਗੇ ਵਧਿਆ, ਉਥੇ ਲੜਕੀਆਂ ਨੇ ਵੀ ਇਸ ਖੇਤਰ ਵਿਚ ਜ਼ਿਕਰਯੋਗ ਤਰੱਕੀ ਕੀਤੀ ਹੈ| ਪਰ ਫਿਰ ਵੀ ਲੜਕੀਆਂ ਕੁੱਲ ਅਬਾਦੀ ਦੇ ਹਿਸਾਬ ਨਾਲ ਪੜ੍ਹਾਈ ਦੇ ਖੇਤਰ ਵਿਚ ਮੁੰਡਿਆਂ ਤੋਂ ਅਜੇ ਵੀ ਪਿੱਛੇ ਹਨ। ਉਂਜ ਲੜਕੀਆਂ ਨੇ ਕਾਫੀ ਤਾਦਾਦ ਵਿਚ ਉਨ੍ਹਾਂ ਖੇਤਰਾਂ ਵਿਚ ਵੀ ਰਸਾਈ ਕਰ ਲਈ ਹੈ, ਜਿਨ੍ਹਾਂ ਨੂੰ ਨਿਰੋਲ ਆਦਮੀਆਂ ਲਈ ਰਾਖਵਾਂ ਖੇਤਰ ਸਮਝਿਆ ਜਾਂਦਾ ਸੀ ਜਿਵੇਂ ਤਕਨੀਕੀ ਮੁਹਾਰਤ ਅਤੇ ਪੁਲਿਸ ਤੇ ਬਾਰਡਰ ਸਿਕਿਉਰਿਟੀ ਵਰਗੇ ਅਦਾਰੇ|
ਜਿੱਥੋਂ ਤੱਕ ਮਸਲਿਆਂ ਜਾਂ ਚੁਣੌਤੀਆਂ ਦਾ ਸਬੰਧ ਹੈ, ਉਹ ਵਿੱਦਿਆ ਦਾ ਪਸਾਰ ਹੋਣ ਅਤੇ ਮੁੰਡਿਆਂ ਦੇ ਬਰਾਬਰ ਨੌਕਰੀਆਂ ਵਿਚ ਰਸਾਈ ਹੋਣ ਦੇ ਬਾਵਜੂਦ ਉਵੇਂ ਹੀ ਮੂੰਹ ਅੱਡੀ ਖੜ੍ਹੀਆਂ ਹਨ। ਨਾਲ ਹੀ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ| ਇਨ੍ਹਾਂ ਸਭ ਦਾ ਹੱਲ ਪੰਜਾਬੀ ਔਰਤ ਨੂੰ ਖੁਦ ਹੀ ਲੱਭਣਾ ਅਤੇ ਕਰਨਾ ਪੈਣਾ ਹੈ| ਜਿਨ੍ਹਾਂ ਚੁਣੌਤੀਆਂ ਦੀ ਉਪਰ ਅਮਰੀਕਨ ਔਰਤ ਦੇ ਸੰਦਰਭ ਵਿਚ ਗੱਲ ਕੀਤੀ ਗਈ ਹੈ, ਉਹ ਪੰਜਾਬੀ ਔਰਤ ਦੇ ਸਾਹਮਣੇ ਵੀ ਉਵੇਂ ਹੀ ਕਾਇਮ ਹਨ| ਮਿਸਾਲ ਵਜੋਂ ਪੰਜਾਬ ਵਿਚ ਪਿਛਲੇ ਵਰ੍ਹਿਆਂ ਦੌਰਾਨ ਭਾਵੇਂ ਵਿੱਦਿਆ ਦੇ ਖੇਤਰ ਵਿਚ, ਖਾਸ ਕਰ ਇਸਤਰੀ ਦੀ ਵਿੱਦਿਆ ਦੇ ਪੱਖੋਂ ਕਾਫੀ ਤਰੱਕੀ ਹੋਈ ਹੈ ਅਤੇ ਕੰਮਕਾਜੀ ਔਰਤਾਂ ਦੀ ਗਿਣਤੀ ਵਧੀ ਹੈ| ਪਰ ਜੇ ਔਰਤ ਦੇ ਮਾਣ-ਸਨਮਾਨ ਦੀ ਗੱਲ ਕਰੀਏ ਤਾਂ ਇਸ ਸਬੰਧੀ ਗਰਾਫ ਨੀਚੇ ਹੀ ਆਇਆ ਹੈ, ਹਾਲਾਂਕਿ ਵਿੱਦਿਆ ਦੇ ਪਸਾਰ ਨਾਲ ਉਸ ਦੇ ਮਾਣ-ਸਨਮਾਨ ਦੀ ਰੱਖਿਆ ਵਿਚ ਵੀ ਵਾਧਾ ਹੋਣਾ ਚਾਹੀਦਾ ਸੀ|
ਵਰਿੰਦਾ ਸ਼ਰਮਾ ਵੱਲੋਂ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਔਰਤਾਂ ‘ਤੇ ਸਰੀਰਕ ਹਮਲਿਆਂ, ਦਾਜ ਲਈ ਮੌਤਾਂ, ਮਾਦਾ ਭਰੂਣ ਹੱਤਿਆ ਆਦਿ ਦੇ ਮਾਮਲਿਆਂ ਵਿਚ ਸੰਨ 2008 ਤੋਂ ਵਾਧਾ ਹੋਇਆ ਹੈ| ਔਰਤਾਂ ਨੂੰ ਅਗਵਾ ਕਰਨ ਦੇ ਦਰਜ ਕੀਤੇ ਗਏ ਕੇਸਾਂ ਦੀ ਗਿਣਤੀ ਲੁਧਿਆਣਾ ਤੇ ਜਲੰਧਰ ਵਿਚ ਸਾਰੇ ਪੰਜਾਬ ਵਿਚੋਂ ਵੱਧ ਸੀ; ਬਲਾਤਕਾਰ ਦੇ ਕੇਸ ਲੁਧਿਆਣਾ ਵਿਚ ਸਭ ਤੋਂ ਵੱਧ ਦਰਜ ਹੋਏ| ਸਰੀਰਕ ਹਮਲੇ, ਬਲਾਤਕਾਰ, ਦਾਜ ਲਈ ਮੌਤਾਂ ਦੇ ਨਾਲ ਨਾਲ ਔਰਤਾਂ ਨਾਲ ਜੁੜੀ ਪੰਜਾਬ ਵਿਚ ਇੱਕ ਹੋਰ ਗੰਭੀਰ ਸਮੱਸਿਆ ਪਰਵਾਸੀ ਲਾੜਿਆਂ ਵੱਲੋਂ ਵਿਆਹ ਪਿਛੋਂ ਕੁੜੀਆਂ ਨੂੰ ਪਿੱਛੇ ਪੰਜਾਬ ਵਿਚ ਛੱਡ ਜਾਣਾ ਹੈ| ਮਾਦਾ ਭਰੂਣ ਹੱਤਿਆ ਨੂੰ ਰੋਕਣ ਲਈ ਅਲਟਰਾ ਸਾਊਂਡ ਕੇਂਦਰਾਂ ‘ਤੇ ਸ਼ਿਕੰਜਾ ਕੱਸਣ ਦੇ ਬਾਵਜੂਦ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਿਆ|
ਔਰਤਾਂ ਦੀਆਂ ਮੁਸ਼ਕਿਲਾਂ ਪ੍ਰਤੀ ਸੰਵੇਦਨਸ਼ੀਲ ਮੈਡੀਕਲ ਕਿੱਤੇ ਨਾਲ ਜੁੜੀ ਡਾ. ਹਰਸ਼ਿੰਦਰ ਕੌਰ ਵੱਲੋਂ ਸਮੇਂ ਸਮੇਂ ਨਸ਼ਰ ਹੁੰਦੇ ਅੰਕੜਿਆਂ ਤੇ ਅਖਬਾਰਾਂ ਵਿਚ ਛਪਦੀਆਂ ਖਬਰਾਂ ਬਾਰੇ ਗਾਹੇ-ਬਗਾਹੇ ਕੀਤੀ ਜਾਂਦੀ ਚਰਚਾ ਤੋਂ ਪਤਾ ਲੱਗਦਾ ਹੈ ਕਿ ਬਲਾਤਕਾਰ ਦੀ ਸਮੱਸਿਆ ਵੀ ਕੋਈ ਬਹੁਤ ਜ਼ਿਆਦਾ ਘਟੀ ਨਹੀਂ ਹੈ ਬਲਕਿ ਪਿਛਲੇ ਕੁਝ ਸਾਲਾਂ ਵਿਚ ਛੋਟੀਆਂ ਬੱਚੀਆਂ ਨੂੰ ਵੀ ਇਸ ਘਿਨੌਣੀ ਹਰਕਤ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ| ਪੰਜਾਬ ਵਿਚ ਸਥਾਪਤ ਕੀਤੇ ਬੁਢਾਪਾ ਕੇਂਦਰਾਂ ਜਾਂ ਪਿੰਗਲਵਾੜੇ ਵਿਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਵਿਚ ਔਰਤਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਹੈ, ਜਿਨ੍ਹਾਂ ਨੂੰ ਦੇਖ-ਭਾਲ ਅਤੇ ਸਹਾਰੇ ਦੀ ਜ਼ਰੂਰਤ ਹੈ|
ਇਸਤਰੀ ਦੇ ਆਪਣੇ ਸਵੈ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ, ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ, ਦੇ ਨਾਲ ਨਾਲ ਅਜਿਹੀਆਂ ਸਮਾਜਕ ਅਤੇ ਆਰਥਕ ਸਮੱਸਿਆਵਾਂ ਵੀ ਹਨ ਜੋ ਭਾਵੇਂ ਓਪਰੀ ਨਜ਼ਰੇ ਦੇਖਿਆਂ ਪੰਜਾਬੀ ਇਸਤਰੀ ਨਾਲ ਸਬੰਧਤ ਨਹੀਂ ਜਾਪਦੀਆਂ ਪਰ ਜਿਨ੍ਹਾਂ ਦਾ ਸਾਹਮਣਾ ਇਸਤਰੀ ਨੂੰ ਗੰਭੀਰ ਰੂਪ ਵਿਚ ਕਰਨਾ ਪੈ ਰਿਹਾ ਹੈ ਅਤੇ ਜਿਸ ਦਾ ਮਾਰੂ ਅਸਰ ਵੀ ਮਾਨਸਕ ਤੇ ਸਮਾਜਕ ਤੌਰ ‘ਤੇ ਸਭ ਤੋਂ ਵੱਧ ਔਰਤ ਨੂੰ ਹੀ ਝੱਲਣਾ ਪੈਂਦਾ ਹੈ| ਪਿਛਲੇ ਸਾਲਾਂ ਦੌਰਾਨ ਪੰਜਾਬ ਵਿਚ ਕਰਜੇ ਦੇ ਬੋਝ ਹੇਠ ਦਬਣ ਕਰਕੇ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋਇਆ ਹੈ; ਇਸ ਦੇ ਨਾਲ ਹੀ ਨਸ਼ਿਆਂ ਨੇ ਪੰਜਾਬ ਦੀ ਜੁਆਨੀ ਤੇ ਮਾਰੂ ਅਸਰ ਪਾਇਆ ਹੈ ਭਾਵੇਂ ਸਿਆਸਤਦਾਨ ਇਸ ਸਬੰਧੀ ਲਗਾਤਾਰ ਝੂਠ ਬੋਲਦੇ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ ਕਿ ਪੰਜਾਬ ਵਿਚ ਨਸ਼ਿਆਂ ਦੀ ਕੋਈ ਸਮੱਸਿਆ ਨਹੀਂ ਹੈ| ਗੈਂਗ ਸਭਿਆਚਾਰ ਨੇ ਅਲੱਗ ਤਰ੍ਹਾਂ ਨਾਲ ਪੰਜਾਬ ਦੇ ਸਮਾਜਕ ਤਾਣੇ-ਬਾਣੇ ਨੂੰ ਤਬਾਹ ਕੀਤਾ ਹੈ; ਬੇਰੁਜ਼ਗਾਰੀ ਦੀ ਸਰਾਲ ਪੜ੍ਹੇ-ਲਿਖੇ ਨੌਜਵਾਨਾਂ ਦਾ ਲਹੂ ਪੀ ਰਹੀ ਹੈ; ਮਿੱਟੀ, ਪਾਣੀ ਅਤੇ ਹਵਾ-ਸਭ ਵਿਚ ਪ੍ਰਦੂਸ਼ਣ ਇਸ ਹੱਦ ਤੱਕ ਫੈਲ ਗਿਆ ਹੈ ਕਿ ਹਰ ਸਾਲ ਕੈਂਸਰ ਤੇ ਡੈਂਗੂ ਜਿਹੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ|
ਇਥੇ ਹੀ ਬੱਸ ਨਹੀਂ! ਇੱਕ ਹੋਰ ਪ੍ਰਦੂਸ਼ਣ ਵੀ ਪੂਰੇ ਹਮਲਾਵਰ ਰੂਪ ਵਿਚ ਫੈਲ ਰਿਹਾ ਹੈ ਜਿਸ ਨੂੰ ਸਭਿਆਚਾਰਕ ਪ੍ਰਦੂਸ਼ਣ ਕਹਿ ਸਕਦੇ ਹਾਂ| ਇਹ ਪ੍ਰਦੂਸ਼ਣ ਫੈਲਾਉਣ ਵਿਚ ਪੈਸਾ ਕਮਾਉਣ ਦੀ ਹੋੜ ਤੇ ਦੌੜ ਦੇ ਸ਼ੈਦਾਈ ਗੀਤਕਾਰਾਂ ਅਤੇ ਗਾਇਕਾਂ ਦਾ ਵੱਡਾ ਹੱਥ ਹੈ| ਇਸ ਵਰਗ ਵਿਚਲੀ ਜੁੰਡਲੀ ਨੇ ਜਿੱਥੇ ਪੰਜਾਬੀ ਸਮਾਜ ਵਿਚ ਹਿੰਸਾ ਅਤੇ ਨਸੇ. ਫੈਲਾਏ ਹਨ, ਉਥੇ ਔਰਤ ਦੇ ਵੱਕਾਰ ਨੂੰ ਵੱਡੀ ਸੱਟ ਮਾਰੀ ਹੈ| ਲੱਚਰ ਗਾਇਕੀ ਇੱਕ ਅਲੱਗ ਕਿਸਮ ਦਾ ਕੈਂਸਰ ਹੈ ਜਿਸ ਦੀਆਂ ਜੜ੍ਹਾਂ ਸਾਡੇ ਸਭਿਆਚਾਰ ਵਿਚ ਬੁਰੀ ਤਰ੍ਹਾਂ ਫੈਲ ਗਈਆਂ ਹਨ|
ਸਵਾਲ ਹੈ ਕਿ ਇਨ੍ਹਾਂ ਸਭ ਸਮੱਸਿਆਵਾਂ ਵਿਚ ਘਿਰੀ ਪੰਜਾਬੀ ਔਰਤ ਕੀ ਕਰੇ? ਇਹ ਸਮੱਸਿਆਵਾਂ, ਜੋ ਉਸ ਦੇ ਅਖਤਿਆਰ ਤੋਂ ਬਿਲਕੁਲ ਹੀ ਬਾਹਰ ਜਾਪਦੀਆਂ ਹਨ, ਉਸ ਦੇ ਵੱਸ ਤੋਂ ਬਾਹਰੀਆਂ ਹਨ, ਉਨ੍ਹਾਂ ਨਾਲ ਕਿਵੇਂ ਜੂਝੇ? ਇਨ੍ਹਾਂ ਸਭ ਸਮੱਸਿਆਵਾਂ ਦਾ ਹੱਲ ਇਸਤਰੀ ਦੇ ਪੜ੍ਹੀ-ਲਿਖੀ ਹੋਣ ਤੇ ਸ਼ਕਤੀਸ਼ਾਲੀ ਹੋਣ ਨਾਲ ਜੁੜਿਆ ਹੋਇਆ ਹੈ| ਜਿੱਥੋਂ ਤੱਕ ਵਿੱਦਿਆ ਦਾ ਸਵਾਲ ਹੈ, ਹੁਣ ਪੰਜਾਬ ਵਿਚ ਇਸਤਰੀ ਵਿੱਦਿਆ ਦਾ ਗਰਾਫ ਕਾਫੀ ਉਚਾ ਹੋ ਗਿਆ ਹੈ| ਪਰ ਜਿਵੇਂ ਉਤੇ ਅਮਰੀਕਨ ਇਸਤਰੀ ਦੇ ਹਵਾਲੇ ਨਾਲ ਗੱਲ ਕੀਤੀ ਸੀ, ਉਵੇਂ ਹੀ ਪੰਜਾਬੀ ਇਸਤਰੀ ਨੂੰ ਵੀ ਹਾਲੇ ਪੁਰਸ਼ਾਂ ਦੇ ਬਰਾਬਰ ਆਉਣ ਲਈ ਬਹੁਤ ਕੁਝ ਕਰਨਾ ਪੈਣਾ ਹੈ| ਉਸ ਨੂੰ ਸਿਆਸੀ ਖੇਤਰ ਵਿਚ ਆਪਣੀ ਸ਼ਮੂਲੀਅਤ ਵਧਾਉਣੀ ਪੈਣੀ ਹੈ, ਕਿਉਂਕਿ ਇਸ ਖੇਤਰ ਵਿਚ ਕਾਰਜਸ਼ੀਲ ਹੋਏ ਬਿਨਾ ਉਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਣਾ ਸੰਭਵ ਨਹੀਂ ਹੈ| ਅਕਾਦਮਿਕਤਾ ਵਿਚ ਇਸਤਰੀ ਦਾ ਯੋਗਦਾਨ ਪੁਰਸ਼ਾਂ ਨਾਲੋਂ ਘੱਟ ਨਹੀਂ ਹੈ ਪਰ ਜਿੱਥੋਂ ਤੱਕ ਉਚੇ ਅਹੁਦਿਆਂ ਦਾ ਸਵਾਲ ਹੈ ਤਾਂ ਪਹਿਲ ਹਮੇਸ਼ਾ ਪੁਰਸ਼ਾਂ ਨੂੰ ਹੀ ਦਿੱਤੀ ਜਾਂਦੀ ਹੈ ਅਤੇ ਜੇ ਕੋਈ ਇਸਤਰੀ ਕਿਸੇ ਵੱਡੇ ਅਹੁਦੇ ‘ਤੇ ਆ ਵੀ ਜਾਵੇ ਤਾਂ ਉਸ ਨੂੰ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ, ਬੇਸ਼ਕ ਉਹ ਉਸ ਜਿੰਮੇਵਾਰੀ ਨੂੰ ਨਿਭਾਉਣ ਦੇ ਕਿੰਨੀ ਵੀ ਸਮਰੱਥ ਕਿਉਂ ਨਾ ਹੋਵੇ|
ਪਿੰਡ ਪੱਧਰ ਦੀ ਪੰਚਾਇਤ ਤੋਂ ਲੈ ਕੇ ਸ਼ਹਿਰ ਦੀਆਂ ਮਿਊਂਸਪਲ ਕਮੇਟੀਆਂ ਤੇ ਵਿਧਾਨ ਸਭਾ ਤੱਕ ਇਸਤਰੀ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ| ਇਹ ਭ੍ਰਿਸ਼ਟਾਚਾਰ ਜੋ ਸਿਆਸੀ ਖੇਤਰ ਤੋਂ ਲੈ ਕੇ ਸਮਾਜਕ ਅਤੇ ਸਭਿਆਚਾਰਕ ਖੇਤਰ ਵਿਚ ਜੜ੍ਹਾਂ ਤੱਕ ਫੈਲ ਗਿਆ ਹੈ, ਦਾ ਇਲਾਜ ਇਸਤਰੀ ਨੂੰ ਮਿਲ ਬੈਠ ਕੇ ਹੀ ਲੱਭਣਾ ਪੈਣਾ ਹੈ| ਸਿਆਸਤਦਾਨ ਆਪਣਾ ਤੋਰੀ ਫੁਲਕਾ ਚਲਾਉਣ ਲਈ ਅਤੇ ਤਾਕਤ ਵਿਚ ਬਣੇ ਰਹਿਣ ਲਈ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇ ਰਹੇ ਹਨ| ਅੱਜ ਜੇ ਪੰਜਾਬ ਨੂੰ ਨਸ਼ਿਆਂ ਦੀ ਮਾਰ ਝੱਲਣੀ ਪੈ ਰਹੀ ਹੈ, ਥਾਂ ਥਾਂ ਸ਼ਰਾਬ ਦੇ ਠੇਕੇ ਖੁਲ੍ਹੇ ਹੋਏ ਹਨ, ਨਸ਼ਾ ਤਸਕਰੀ ਨੂੰ ਕੋਈ ਨੱਥ ਨਹੀਂ ਪੈ ਰਹੀ, ਗੁੰਡਾ ਸਭਿਆਚਾਰ ਸਮਾਜ ਨੂੰ ਭੈ-ਭੀਤ ਕਰ ਰਿਹਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਗੈਰ-ਸਮਾਜਕ ਅਨਸਰਾਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਹੈ|
ਇਸਤਰੀ ਸ਼ਕਤੀ ਨੂੰ ਇਕੱਠਿਆਂ ਕੀਤੇ ਬਿਨਾ ਇਨ੍ਹਾਂ ਸਭ ਸਮੱਸਿਆਵਾਂ ਨਾਲ ਦੋ-ਚਾਰ ਹੋ ਸਕਣਾ ਸੰਭਵ ਨਹੀਂ ਹੈ| ਇਸ ਲਈ ਜ਼ਰੂਰੀ ਹੈ ਕਿ ਇਸਤਰੀ ਸ਼ਕਤੀ ਨੂੰ ਕਾਰਜਸ਼ੀਲ ਕਰਨ ਵਾਸਤੇ ਇਸਤਰੀ ਸੰਗਠਿਤ ਹੋਵੇ ਅਤੇ ਇਹ ਸੰਗਠਨ ਪਿੰਡ ਪੱਧਰ ਤੋਂ ਕੀਤਾ ਜਾਵੇ ਅਤੇ ਇਸਤਰੀ ਨੂੰ ਉਸ ਦੇ ਹੱਕਾਂ, ਸਮਾਜ ਦੀਆਂ ਸਮੱਸਿਆਵਾਂ ਤੇ ਇਨ੍ਹਾਂ ਸਮੱਸਿਆਵਾਂ ਨਾਲ ਸਿਝਣ ਪ੍ਰਤੀ ਚੇਤੰਨ ਕੀਤਾ ਜਾਵੇ| ਇਸ ਪਾਸੇ ਪੜ੍ਹੀ-ਲਿਖੀ ਇਸਤਰੀ ਚੰਗੀ ਭੂਮਿਕਾ ਨਿਭਾ ਸਕਦੀ ਹੈ| ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਵਿਚ ਇਸਤਰੀ ਵਿਧਾਇਕਾਂ ਦੀ ਗਿਣਤੀ ਮਹਿਜ ਛੇ ਕੁ ਹੈ| ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਆਸੀ ਖੇਤਰ ਵਿਚ ਇਸਤਰੀ ਦੀ ਕਿੰਨੀ ਕੁ ਸ਼ਮੂਲੀਅਤ ਹੈ| ਪੰਜਾਬੀ ਇਸਤਰੀ ਨੂੰ ਵੀ ਪੁਰਸ਼ਾਂ ਦੇ ਬਰਾਬਰ ਜਾਣ ਲਈ ਸਿਆਸਤ ਵਿਚ ਆਪਣੀ ਸ਼ਮੂਲੀਅਤ ਵਧਾਉਣ ਲਈ ਬਹੁਤ ਕੁਝ ਕਰਨਾ ਪੈਣਾ ਹੈ| ਅੱਜ ਦੀਆਂ ਧੀਆਂ ਆਉਣ ਵਾਲੇ ਕੱਲ ਦੀਆਂ ਮਾਂਵਾਂ ਹਨ ਅਤੇ ਵੱਧ ਚੇਤੰਨ ਵੀ ਹਨ| ਇਸ ਲਈ ਉਨ੍ਹਾਂ ਨੂੰ ਹੰਭਲਾ ਮਾਰ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆ ਦਾ ਭਵਿੱਖ ਬਣਾ ਤੇ ਬਚਾ ਸਕਣ।