ਮਨੁੱਖ ਕਦੇ ਚੁੱਪ ਨਹੀਂ ਰਹਿੰਦਾ-ਢਾਡੀ ਰਛਪਾਲ ਸਿੰਘ ਪਮਾਲ

ਅਸ਼ੋਕ ਭੌਰਾ
ਤਬਦੀਲੀਆਂ ਉਦੋਂ ਆਉਂਦੀਆਂ ਹਨ ਜਦੋਂ ਜਵਾਨ ਪੁੱਤ ਨਾ ਸਿਰਫ ਵਿਰਾਸਤ ਨੂੰ ਸੰਭਾਲਣ ਸਗੋਂ ਜੋਸ਼ ਅਤੇ ਹੋਸ਼ ਨਾਲ ਕਲਾ ਦੀ ਐਵਰੈਸਟ ‘ਤੇ ਝੰਡਾ ਝੁਲਾਉਣ ਲਈ ਵੀ ਨਿਕਲ ਪੈਣ। ਕਵੀਸ਼ਰ ਬਲਵੰਤ ਸਿੰਘ ਪਮਾਲ ਦਾ ਹੋਣਹਾਰ ਪੁੱਤਰ ਇਨ੍ਹੀਂ ਦਿਨੀਂ ਨਾ ਸਿਰਫ ਪਿਤਾ ਦੇ ਸਿਰਜੇ ਮਾਣ ਭਰੇ ਰਾਹਾਂ ‘ਤੇ ਚੱਲ ਰਿਹਾ ਹੈ ਸਗੋਂ ਆਪਣੀ ਕਲਾ ਵਾਲੀ ਪਰਿਵਾਰਕ ਯੋਗਤਾ ਕਰਕੇ ਵੀ ਚੌਹੀਂ ਪਾਸੇ ਸਤਿਕਾਰ ਤੇ ਇੱਜਤ ਖੱਟ ਕੇ ਢਾਡੀ ਕਲਾ ਨੂੰ ਛੋਟੀ ਛਤਰੀ ਨਾਲ ਵੱਡੀ ਛਾਂ ਦੇ ਰਿਹਾ ਹੈ।

ਮੈਂ ਉਸੇ ਢਾਡੀ ਪਮਾਲ ਦੀ ਗੱਲ ਕਰ ਰਿਹਾ ਹਾਂ, ਜਿਸ ਨੂੰ ਬੰਦ ਦਰਵਾਜੇ ਖੋਲ੍ਹਣ ਦਾ ਹੀ ਹੁਨਰ ਨਹੀਂ ਸਗੋਂ ਆਪਣੀਆਂ ਪੈੜਾਂ ਆਪ ਬਣਾ ਕੇ ਇਨ੍ਹਾਂ ਦੀ ਅਮਿੱਟ ਛਾਪ ਛੱਡਣ ਦਾ ਵੀ ਪੂਰੇ ਦਾ ਪੂਰਾ ਗਿਆਨ ਹੈ। ਅਸਲੀ ਗੱਲ ਕਰਨ ਤੋਂ ਪਹਿਲਾਂ ਨਾ ਸਿਰਫ ਤੀਜੀ ਪੀੜ੍ਹੀ ਨੂੰ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਕਹਿ ਕੇ ਸੰਬੋਧਨ ਹੋਇਆ ਜਾ ਸਕਦਾ ਹੈ ਸਗੋਂ ਝੁਕ ਕੇ ਪ੍ਰਣਾਮ ਕਰਨਾ ਵੀ ਗੁਸਤਾਖੀ ਨਹੀਂ ਸਮਝਿਆ ਜਾਵੇਗਾ।
ਦੁਨੀਆਂ ਦੀ ਬਹੁ-ਗਿਣਤੀ ਨੂੰ ਭਰਮ ਹੈ ਕਿ ਲੜਾਈਆਂ ਸ਼ਾਇਦ ਹਥਿਆਰਾਂ ਨਾਲ ਲੜੀਆਂ ਜਾਂਦੀਆਂ ਹਨ, ਜਦੋਂ ਕਿ ਸੱਚ ਇਹ ਹੈ ਕਿ ਵਿਚਾਰਾਂ ਦੀ ਲੜਾਈ ਸ਼ਬਦਾਂ ਰਾਹੀਂ ਕਦੇ ਵੀ ਨਹੀਂ ਮੁੱਕੀ ਤੇ ਜਦੋਂ ਸ਼ਬਦ ਕਲਾ ਦੇ ਸਪੁਰਦ ਕਰਕੇ ਸੰਗੀਤ ਜ਼ਰੀਏ ਕਹੇ ਜਾਣ ਤਾਂ ਇਹ ਭਾਵਪੂਰਤ ਹੀ ਨਹੀਂ ਹੁੰਦੇ ਸਗੋਂ ਤੱਥਾਂ ਦੇ ਹਵਾਲੇ ਨਾਲ ਉਹ ਜੰਗ ਜਿੱਤ ਜਾਂਦੇ ਹਨ, ਜਿਥੇ ਹਥਿਆਰਾਂ ਦਾ ਕਦੇ ਕੋਈ ਅਰਥ ਨਹੀਂ ਹੁੰਦਾ।
ਇਹ ਤਾਰੀਖ ਤੇ ਤਵਾਰੀਖ ਦਾ ਪੱਖ ਹੈ ਜਾਂ ਇਤਿਹਾਸ ਦੀ ਗਵਾਹੀ ਕਿ ਜਦੋਂ ਵੀ ਸਿੱਖਾਂ ‘ਤੇ ਭੀੜ ਪਈ, ਜਦੋਂ ਵੀ ਪੰਥ ਚੜ੍ਹਦੀ ਕਲਾ ਵੱਲ ਹੋਰ ਵਧਿਆ ਤਾਂ ਦੁਸ਼ਮਣਾਂ ਦਾ ਟਾਕਰਾ ਕਰਨ ਵੇਲੇ ਢਾਡੀਆਂ ਅਤੇ ਕਵੀਸ਼ਰਾਂ ਨੇ ਨਾ ਸਿਰਫ ਕੌਮ ਦਾ ਖੂਨ ਗਰਮਾਇਆ ਬਲਕਿ ਊਂਗਦੀ ਲੱਗਦੀ ਕੌਮ ਨੂੰ ਵੰਗਾਰਿਆ ਵੀ, ਹਲੂਣਾ ਵੀ ਦਿੱਤਾ ਤੇ ਸਮੇਂ ਸਮੇਂ ਜਾਗਣ ਦਾ ਸੰਦੇਸ਼ ਵੀ। ਜੇ ਇੱਕ ਸਤਰ ਵਿਚ ਇਸ ਗੱਲ ਨੂੰ ਕਹਿਣਾ ਹੋਵੇ ਤਾਂ ਇਉਂ ਕਿਹਾ ਜਾ ਸਕਦਾ ਹੈ ਕਿ ਜੇ ਸਿੱਖ ਕੌਮ ਦੇ ਦੁਨੀਆਂ ਵਿਚ ਝੰਡੇ ਝੂਲਦੇ ਹਨ ਜਾਂ ਖਾਲਸੇ ਦਾ ਬੋਲਬਾਲਾ ਹੈ ਤਾਂ ਇਸ ਕਰਕੇ ਕਿ ਸਿੱਖ ਕਦੇ ਵੀ ਆਪਣਾ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ, ਖੂਨੀ ਸਾਕੇ, ਸ਼ਹਾਦਤਾਂ ਤੇ ਕੁਰਬਾਨੀਆਂ, ਮਰ ਮਿਟਣ ਦਾ ਸ਼ੌਕ ਭੁੱਲੇ ਨਹੀਂ ਤੇ ਵਕਤ ਇਸ ਗੱਲ ਦੀ ਗਵਾਹੀ ਦਿੰਦਾ ਰਹੇਗਾ ਕਿ ਜੇ ਬਾਪੂ ਦੀ ਕਵੀਸ਼ਰੀ ਵਾਲੀ ਪੱਗ ਨੂੰ ਇੱਜਤ ਤੇ ਮਾਣ ਦਾ ਮਾਵਾ ਉਹਦੇ ਪੁੱਤਰ ਰਛਪਾਲ ਸਿੰਘ ਪਮਾਲ ਨੇ ਹੋਰ ਲਾਇਆ ਹੈ ਤਾਂ ਉਹ ਵੀ ਸਾਰੰਗੀ ਨਾਲ ਬਾ-ਕਮਾਲ ਪੇਸ਼ਕਾਰੀ ਕਰਨ ਦੀ ਸਮਰੱਥਾ ਰੱਖਦਾ ਹੈ।
ਪਰਿਵਾਰਕ ਗੱਲ ਤੋਰਦਿਆਂ ਇਹ ਕਹਿਣਾ ਪਵੇਗਾ ਕਿ ਢਾਡੀ ਰਛਪਾਲ ਸਿੰਘ ਦੇ ਕਵੀਸ਼ਰ ਪਿਤਾ ਗਿਆਨੀ ਬਲਵੰਤ ਸਿੰਘ ਪਮਾਲ ਨੇ ਕਵੀਸ਼ਰੀ ਕਰਦਿਆਂ ਇੱਕ ਹਜ਼ਾਰ ਦੇ ਕਰੀਬ ਜੋਸ਼ੀਲੀਆਂ ਵਾਰਾਂ ਤੇ ਕਵਿਤਾਵਾਂ ਲਿਖੀਆਂ ਤੇ ਇਹੋ ਮਾਣਮੱਤੀ ਪੈੜ ਉਸ ਦੇ ਸਪੁੱਤਰ ਤੇ ਸੰਸਾਰ ਪ੍ਰਸਿੱਧ ਗੋਲਡ ਮੈਡਲ ਜੇਤੂ ਢਾਡੀ ਰਛਪਾਲ ਸਿੰਘ ਪਮਾਲ ਨੇ ਤੈਅ ਕਰਨੀ ਅਰੰਭ ਕਰ ਦਿੱਤੀ। ਸਿਆਣੇ ਕਹਿੰਦੇ ਹਨ ਕਿ ਘਰਾਂ ਦੇ ਦਰਵਾਜਿਆਂ ਦੇ ਕਿੱਲ ਵੀ ਇਹ ਦਰਸਾਉਂਦੇ ਹਨ ਕਿ ਤੁਹਾਡਾ ਪਿਛੋਕੜ ਤੇ ਵਿਰਸਾ ਕੀ ਰਿਹਾ ਹੈ? ਇਸੇ ਲਈ ਰਛਪਾਲ ਦੇ ਸਰੀਰ ‘ਚ ਵਗਦੀਆਂ ਰਕਤ ਵਹਿਣੀਆਂ ਨੇ ਉਹਨੂੰ ਜੇ ਕਵੀਸ਼ਰੀ ਨਹੀਂ ਤਾਂ ਮੁਕੰਮਲ ਢਾਡੀ ਬਣਨ ਦਾ ਅਵਸਰ ਜ਼ਰੂਰ ਲੈ ਕੇ ਦਿੱਤਾ। ਸਿੱਖ ਪੰਥ ਦੇ ਇਸ ਨਾਮੀ ਪਰਿਵਾਰ ਵਿਚ 25 ਦਸੰਬਰ 1970 ਨੂੰ ਜਨਮੇ ਰਛਪਾਲ ਸਿੰਘ ਨੇ ਸਿੱਖਿਆ ਤਾਂ ਭਾਵੇਂ 12ਵੀਂ ਤੱਕ ਹੀ ਹਾਸਲ ਕੀਤੀ ਹੈ ਪਰ ਉਹ ਮਰਹੂਮ ਢਾਡੀ ਸੋਹਣ ਸਿੰਘ ਸੀਤਲ ਦੀਆਂ ਨਜ਼ਰਾਂ ‘ਚ ਵਿਦਵਾਨ ਢਾਡੀ ਬਣ ਕੇ ਅੱਗੇ ਨਿਕਲਿਆ ਹੈ। ਘਰ ਦੇ ਪਰਿਵਾਰਕ ਢਾਡੀ ਅਤੇ ਕਵੀਸ਼ਰੀ ਵਾਲੇ ਮਾਹੌਲ ਤੇ ਇਸ ਖੇਤਰ ਦੀਆਂ ਨਾਮੀ ਹਸਤੀਆਂ ਦੀ ਘਰ ‘ਚ ਆਮਦ ਨੇ ਉਸ ਨੂੰ ਉਂਜ ਉਮਰ ਦੇ 13ਵੇਂ ਵਰ੍ਹੇ ਵਿਚ ਇਸ ਰਾਗ ਕਲਾ ਨਾਲ ਗਹਿਗੱਚ ਕਰ ਦਿੱਤਾ ਸੀ।
ਪਹਿਲੀ ਸਿਹਤਮੰਦ ਛਾਲ ਢਾਡੀ ਰਛਪਾਲ ਸਿੰਘ ਨੇ ਫਾਈਨਟੋਨ ਕੰਪਨੀ ਦੇ ਰਜਿੰਦਰ ਸਿੰਘ ਦੀ ਹੱਲਾਸ਼ੇਰੀ ਨਾਲ ‘ਮੇਰਾ ਰੁੱਸੇ ਨਾ ਕਲਗੀਆਂ ਵਾਲਾ’ ਨਾਲ ਮਾਰੀ ਸੀ। ਦਿਨਾਂ ਵਿਚ ਹੀ ਉਹਦੀ ਵਡਿਆਈ ਦੀ ਪਹਿਲੀ ਹਵਾ ਉਹਦੇ ਹੁਨਰ ਕਰਕੇ ਵਗੀ ਤੇ ਦੂਜਾ ਸਤਿਕਾਰ ‘ਹੋਣਹਾਰ ਵਿਦਵਾਨ ਕੇ ਚਿਕਨੇ ਚਿਕਨੇ ਪਾਤ’ ਯਾਨਿ ਬਾਪੂ ਕਰਕੇ ਮਿਲ ਗਿਆ। ਪਹਿਲੇ ਹੱਲੇ ਹੀ ਉਸ ਨੇ ਢਾਡੀ ਰੰਗ ਦੀਆਂ ਕਈ ਮੰਜ਼ਿਲਾਂ ਵਾਹੋਦਾਹੀ ਤੈਅ ਕਰ ਲਈਆਂ ਸਨ ਤੇ ਇਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਰਛਪਾਲ ਦੀ ਕਲਾ ਤੇ ਸਟਾਰਡਮ ਦਾ ਤੂਫਾਨ ਹੀ ਉਠ ਖੜ੍ਹਾ ਹੋਇਆ ਸੀ।
ਜ਼ਰਾ ਧਿਆਨ ਨਾਲ ਵੇਖੋ ਕਿ 44 ਵਰ੍ਹਿਆਂ ਦੇ ਇਸ ਢਾਡੀ ਦੀ ਜੇ ਵਾਹਿਗੁਰੂ ਕਰੇ ਤਾਂ ਬੜਾ ਕੁਝ ਕਰਨ ਲਈ ਹਾਲੇ ਬੜੀ ਲੰਬੀ ਉਮਰ ਪਈ ਹੈ ਪਰ ਉਸ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਦਾ ਇੱਕ ਚਿੱਠਾ ਦੇਖੋ। ‘ਸਿੱਖੀ ਜਾਨ ਤੋਂ ਪਿਆਰੀ’, ‘ਕੌਲਾਂ ਭਗਤਣੀ’, ‘ਬੋਲ ਪਰਦੇਸੀਆ ਬੋਲ’, ‘ਪੂਰਨ ਭਗਤ’, ‘ਪੁੱਤਰ ਮਿੱਠੜੇ ਮੇਵੇ’, ‘ਬਾਬਾ ਮੱਖਣ ਸ਼ਾਹ ਲੁਬਾਣਾ’, ‘ਦੁਨੀਆਂ ਮਤਲਬ ਦੀ’, ‘ਮੇਰਾ ਐਸਾ ਸਤਿਗੁਰ’, ‘ਸ਼ਹੀਦੀ ਪਾ ਜਾਵਾਂਗੇ’, ‘ਬੋਲ ਵਾਹਿਗੁਰੂ ਬੋਲ’ ਅਤੇ ਸਿੱਖ ਪੰਥ ਦੇ ਮੌਜੂਦਾ ਸੰਘਰਸ਼ ਤੇ ਸੰਤਾਪ ਅਤੇ ‘ਘੱਲੂਘਾਰਾ 1984’, ‘ਝੂਠੇ ਪੁਲਿਸ ਮੁਕਾਬਲੇ’, ‘ਸ਼ਹੀਦ ਸੁਰਿੰਦਰ ਸਿੰਘ’ ਤੇ ‘ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ’ ਵਕਤ ਤੇ ਹਾਕਮਾਂ ਦੀ ਪਰਵਾਹ ਕੀਤੇ ਬਿਨਾ ਨਿਧੜਕ ਤੇ ਨਿਸ਼ੰਗ ਹੋ ਕੇ ਇਹ ਐਲਬਮਾਂ ਸਿੱਖ ਜਗਤ ਦੀ ਝੋਲੀ ਪਾਈਆਂ। ਲੈਰੀ ਉਮਰ ਤੋਂ ਭਰ ਜਵਾਨੀ ਦਾ ਇਹ ਜੋਸ਼ ਢਾਡੀ ਰਛਪਾਲ ਸਿੰਘ ਪਮਾਲ ਦਾ ਕਲਾ ਰਾਹੀਂ ਚਿਰਾਂ ਤੱਕ ਠਾਠਾਂ ਮਾਰਦਾ ਰਹੇਗਾ। ਊਂ ਕਹਿ ਤਾਂ ਆਪਣਾ ਝੱਟ ਦੇਣੀ ਦਿੰਦੇ ਹਾਂ ਕਿ ਬੋਹੜ ਦੀ ਥਾਂ ਬੋਹੜ ਨਹੀਂ ਲੱਗਣਾ ਪਰ ਬਾਪੂ ਵਾਂਗ ਕਲਮ ਦਾ ਧਨੀ ਜਿਵੇਂ ਰਛਪਾਲ ਹੈ ਤਾਂ ਇਹ ਸਿਫਤ ਤਾਂ ਕੀਤੀ ਜਾ ਸਕਦੀ ਹੈ ਕਿ ਉਸੇ ਬੋਹੜ ਨੂੰ ਕਰੂੰਬਲਾਂ ਫੁੱਟ ਕੇ ਹੋਰ ਮਜ਼ਬੂਤ ਟਾਹਣ ਬਣ ਗਏ ਹਨ।
ਚਲੋ ਦਿਲਬਰ ਜਾਂ ਸੀਤਲ ਬਣਨਾ ਔਖਾ ਰਾਹ ਹੈ ਪਰ ਰਛਪਾਲ ਕੋਲ ਇਤਿਹਾਸ ਨੂੰ ਵਿਉਂਤਬੱਧ ਢੰਗ ਤੇ ਅੰਦਾਜ਼ ਵਿਚ ਪੇਸ਼ ਕਰਨ ਦਾ ਆਪਣਾ ਵੱਖਰਾ ਤੇ ਨਿਵੇਕਲਾ ਹੁਨਰ ਹੈ। ਪਮਾਲ ਦਾ ਇਤਿਹਾਸ ਵਾਂਗ ਕਲਾ ਦਾ ਇੱਕ ਹੋਰ ਅੰਕੜਾ ਵੇਖੋ ਕਿ ਉਹ ਕਲ ਦੀ ‘ਤੇਰਾਂ ਤੇਰਾਂ’ ਹੀ ਨਹੀਂ ਕਰਵਾ ਰਿਹਾ ਸਗੋਂ ਤੇਰਾਂ ਵਾਰ ਅਮਰੀਕਾ ਤੇ ਕੈਨੇਡਾ ਪ੍ਰੋਗਰਾਮ ਕਰਕੇ ਸੰਗਤਾਂ ਦੇ ਦਿਲ ਜਿੱਤ ਕੇ ਇਹ ਧਾਰਨਾ ਵੀ ਪੱਕੀ ਕਰ ਆਇਆ ਹੈ ਕਿ ‘ਆਹ ਹੈ ਮਹਾਨ ਕਵੀਸ਼ਰ ਬਲਵੰਤ ਸਿੰਘ ਪਮਾਲ ਦਾ ਮਹਾਨ ਪੁੱਤਰ ਢਾਡੀ ਰਛਪਾਲ ਸਿੰਘ ਪਮਾਲ।’ ਉਹ ਆਪਣੀ ਇਸ ਮੋਹ ਤੇ ਮੁਹੱਬਤ ਭਰੀ ਘਟਨਾ ‘ਤੇ ਬਾਗੋ ਬਾਗ ਵੀ ਹੋਇਆ ਰਹਿੰਦਾ ਹੈ ਤੇ ਏਦਾਂ ਹੋਣਾ ਹੁੰਦਾ ਵੀ ਸੁਭਾਵਿਕ ਹੀ ਹੈ। ਪਰ ਆਮ ਬੋਲ-ਚਾਲ ਵਿਚ ਨਿਮਰਤਾ ਭਰੇ ਲਹਿਜੇ ਵਿਚ ਉਹ ਆਖਦਾ ਇਹੀ ਹੈ ਕਿ ਇਹ ਸਭ ‘ਵਾਹਿਗੁਰੂ ਦੀ ਮਿਹਰ ਹੈ।’ ਏਨੀ ਵਾਰੀ ਇਨ੍ਹਾਂ ਵੱਡੇ ਮੁਲਕਾਂ ਵਿਚ ਮਾਣ ਸ਼ਾਇਦ ਰਛਪਾਲ ਦੇ ਹਿੱਸੇ ਹੀ ਆਇਆ ਹੈ।
ਜਿਨ੍ਹਾਂ ਨੇ ਪਮਾਲ ਨੂੰ ਵੇਖਿਆ ਹੈ, ਸੁਣਿਆ ਹੈ, ਉਹ ਮੰਨਦੇ ਹਨ ਕਿ ਪੇਸ਼ਕਾਰੀ ਵਿਚ ਰਵਾਨਗੀ, ਤਿੱਥਾਂ ਤੇ ਤੱਥਾਂ ਨੂੰ ਨਵੇਂ ਸ਼ਬਦਾਂ ਦਾ ਪਹਿਰਾਵਾ, ਜੋਸ਼ ਵਿਚ ਉਚਾਰਣ ਉਹਨੂੰ ਪਿਆਰ ਕਰਨ ਜਾਂ ਗਲ ਨਾਲ ਲਾਉਣ ਲਈ ਆਪਣੇ ਵੱਲ ਖਿੱਚਣ ਦਾ ਕਾਰਨ ਹਨ।
ਰਛਪਾਲ ਮੰਨਦਾ ਹੈ ਕਿ ਵਿਚ ਵਿਚਾਲੇ ਢਾਡੀ ਕਲਾ ਨੂੰ ਸੰਗੀਤ ਦੇ ਵਰਤਮਾਨ ਦੌਰ ਨੇ ਇੱਕ ਤਰ੍ਹਾਂ ਨਾਲ ਹਲੂਣ ਵੀ ਦਿੱਤਾ ਸੀ ਪਰ ਜਦੋਂ ਦੁੱਖ ਤੇ ਸੰਤਾਪ ਝੱਲਣੇ ਪਏ ਤਾਂ ਇਸ ਅਣਖ ਨਾਲ ਨੱਕੋ-ਨੱਕ ਭਰੀ ਢਾਡੀ ਕਲਾ ਵੱਲ ਨੌਜਵਾਨ ਫਿਰ ਤੋਂ ਖਿੱਚ ਗਏ। ਪ੍ਰਸਾਰ ਤੇ ਪ੍ਰਚਾਰ ਮਾਧਿਅਮ ਨੇ ਪਿੱਠ ਹਟਾ ਕੇ ਇਧਰ ਮੂੰਹ ਕੀਤਾ ਤੇ ਫਿਰ ਢਾਡੀ ਕਲਾ ਬੁਲੰਦੀਆਂ ਦਾ ਸੰਖ ਵਜਾਉਣ ਲੱਗ ਪਈ। ਉਹ ਇਹ ਕਹਿਣ ਵਿਚ ਮਾਣ ਕਰਦਾ ਹੈ ਕਿ ਨਵੇਂ ਸਿੱਖ ਗੱਭਰੂਆਂ ਅੰਦਰ ਨਾ ਸਿਰਫ ਢੱਡ ਤੇ ਸਾਰੰਗੀ ਦੇ ਵਾਦਨ ਨਾਲ ਮੋਹ ਜੁੜਿਆ ਹੈ ਸਗੋਂ ਢਾਡੀ ਜਥਿਆਂ ਵਿਚ ਬਜ਼ੁਰਗ ਢਾਡੀਆਂ ਨਾਲੋਂ ਨਵੇਂ ਮੁੰਡਿਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਨਿਸ਼ਚੇ ਸ਼ੁਭ ਸ਼ਗਨ ਹੀ ਨਹੀਂ ਸਗੋਂ ਸਿੱਖ ਇਤਿਹਾਸ ਤੇ ਵਿਰਸੇ ਨੂੰ ਸੰਭਾਲਣ ਦਾ ਉਪਰਾਲਾ ਹੀ ਮੰਨਿਆ ਜਾਵੇਗਾ।
ਢਾਡੀ ਰਛਪਾਲ ਸਿੰਘ ਪਮਾਲ ਦਾ ਇੱਕ ਮਾਤਰ ਸੰਕਲਪ ਹੈ ਕਿ ਜਦੋਂ ਤੱਕ ਸਾਹ ਆਉਂਦਾ ਰਹੇਗਾ, ਉਹ ਢਾਡੀ ਕਲਾ ਜ਼ਰੀਏ ਪੰਥ ਤੇ ਪੰਥ ਦੀਆਂ ਕੁਰਬਾਨੀਆਂ ਦਾ ਗੁਣ-ਗਾਨ ਕਰਦਾ ਰਹੇਗਾ। ਇਸ ਕਰਕੇ ਵੀ ਕਿ ਇਸ ਕਲਾ ਰਾਹੀਂ ਨਾ ਸਿਰਫ ਉਸ ਨੂੰ ਸਗੋਂ ਉਸ ਦੇ ਸਾਰੇ ਜਥੇ ਨੂੰ ਸ਼ੋਹਰਤ ਤੇ ਇੱਜਤ ਦੇ ਨਾਲ ਧਨ ਵੀ ਮਿਲਿਆ ਹੈ। ਉਹਦੇ ਸਾਰੇ ਵਸੀਲਿਆਂ ਦੀ ਆਰਥਿਕਤਾ ਲਈ ਇਹੋ ਇੱਕ ਕਲਾ ਹੈ।
ਮਾਣ ਸਨਮਾਨ ਵਿਚ ਉਸ ਨੂੰ ਹੁਣ ਤੱਕ ਅਨੇਕਾਂ ਧਾਰਮਿਕ, ਸੱਭਿਆਚਾਰਕ, ਸਾਹਿਤਕ ਤੇ ਨਾਮੀ ਸਭਾਵਾਂ ਨੇ ਬਹੁਤ ਇਨਾਮ ਦਿੱਤੇ ਹਨ ਪਰ ਮੰਨਦਾ ਉਹ ਇਸ ਗੱਲ ਨੂੰ ਹੀ ਹੈ ਕਿ ਉਹ ਇਸ ਪੈਂਡੇ ਰਾਹੀਂ ਨਾ ਸਿਰਫ ਨਵੇਂ ਦਿਸਹੱਦੇ ਸਗੋਂ ਪ੍ਰਛਾਵੇਂ ਤੇ ਪੈੜਾਂ ਵੀ ਛੱਡ ਰਿਹਾ ਹੈ। ਉਂਜ 1996 ਵਿਚ ਉਸ ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਸ਼ ਸੋਭਾ ਸਿੰਘ ਫਾਊਂਡੇਸ਼ਨ ਵੱਲੋਂ ‘ਵਿਰਸੇ ਦਾ ਵਾਰਸ’, 2002 ਵਿਚ ਪ੍ਰੋ. ਮੋਹਨ ਸਿੰਘ ਮੇਲੇ ‘ਤੇ ਅਵਾਰਡ ਦੇ ਨਾਲ 2008 ਵਿਚ ਕੈਨੇਡਾ ਦੇ ਸ਼ਹਿਰ ਸੱਰੀ ਵਿਚ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿਸਾਖੀ ਨਗਰ ਕੀਰਤਨ ‘ਤੇ ਲੱਖਾਂ ਸੰਗਤਾਂ ਦੀ ਹਾਜ਼ਰੀ ਵਿਚ ਗੋਲਡ ਮੈਡਲ ਦਿੱਤਾ ਗਿਆ। ਹੁਣ ਤੱਕ ਦੇ ਆਪਣੇ ਕਲਾਤਮਕ ਜੀਵਨ ਵਿਚ ਉਹ ਇਸੇ ਘੜੀ ਨੂੰ ਸਭ ਤੋਂ ਸੁਲੱਖਣੀ ਘੜੀ ਮੰਨਦਾ ਹੈ। ਹੋਰ ਵੀ ਅਨੇਕਾਂ ਜਥੇਬੰਦੀਆਂ ਰਛਪਾਲ ਸਿੰਘ ਪਮਾਲ ਤੇ ਉਸ ਦੇ ਢਾਡੀ ਜਥੇ ਨੂੰ ਸਮੇਂ ਸਮੇਂ ਸਲਾਹੁਤਾ, ਵਡਿਆਈ ਤੇ ਮਾਣ ਦਿੰਦੀਆਂ ਰਹੀਆਂ ਹਨ।
ਆਪਣੇ ਜੀਵਨ ਦੀ ਸਭ ਤੋਂ ਅਹਿਮ, ਉਤਮ ਤੇ ਮਹਾਨ ਘਟਨਾ ਉਹ ਇਤਿਹਾਸਕ ਅੰਕੜਿਆਂ ਵਾਂਗ ਇਹ ਦੱਸਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇ ਕਿਸੇ ਢਾਡੀ ਨੂੰ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਦੀ ਸਟੇਜ ‘ਤੇ ਵਾਰਾਂ ਪੇਸ਼ ਕਰਨ ਦਾ ਅਵਸਰ ਮਿਲਿਆ ਤਾਂ ਉਹ ਰਛਪਾਲ ਸਿੰਘ ਪਮਾਲ ਹੀ ਹੈ। ਇੱਕ ਵਾਰ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ ਦੀ ਸਟੇਜ ‘ਤੇ ਉਸੇ ਦੀ ਹਾਜ਼ਰੀ ਵਿਚ ਉਸ ਦੇ ਜਥੇ ਨੇ ਸ਼ਹੀਦ ਊਧਮ ਸਿੰਘ ਦੀ ਬਹਾਦਰੀ ਦੀਆਂ ਵਾਰਾਂ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ ਸੀ।
ਢਾਡੀ ਰਛਪਾਲ ਸਿੰਘ ਪਮਾਲ ਦੀ ਰਚਨ ਸ਼ੈਲੀ ਦਾ ਇੱਕ ਨਮੂਨਾ ਮਾਤਰ ਪੇਸ਼ ਕਰ ਰਿਹਾ ਹਾਂ:
ਗੀਤਾਂ ਦੇ ਗੁੰਗੇ ਕੋਲੋਂ
ਅਰਥ ਕਰਵਾ ਤੇ ਨੇ,
ਕੋਹੜੀ ਦੇ ਦੁੱਖ ਕੱਟ ਕੇ
ਝੋਲੀ ਸੁੱਖ ਪਾ ਤੇ ਨੇ,
ਰਚਨਾ ਰਛਪਾਲ ਸਿੰਘ ਦੀ
ਉਪਮਾ ਹੈ ਬੋਲਦੀ,
ਸਤਿਗੁਰ ‘ਤੇ ਰੱਖ ਭਰੋਸਾ
ਜਿੰਦੇ ਕਿਉਂ ਡੋਲਦੀ।
ਇਸ ਵੇਲੇ ਢਾਡੀ ਰਛਪਾਲ ਸਿੰਘ ਪਮਾਲ ਦੇ ਜਥੇ ਵਿਚ ਸੁਖਪਾਲ ਸਿੰਘ ਅਜੀਤਗੜ੍ਹ, ਸਰਬਜੀਤ ਸਿੰਘ ਚੜਿੱਕ, ਪ੍ਰਭਜੋਤ ਸਿੰਘ ਅਜੀਤਗੜ੍ਹ (ਮੋਗਾ) ਸਾਥ ਨਿਭਾ ਰਹੇ ਹਨ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਮਾਲ ‘ਚ ਹੀ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਤਿੰਨ ਬੇਟੀਆਂ-ਹਰਜੋਤ ਕੌਰ, ਪ੍ਰਭਜੋਤ ਕੌਰ ਤੇ ਨਵਜੋਤ ਕੌਰ ਨਾਲ ਢਾਡੀ ਕਲਾ ਦੀ ਛਾਂ ਹੇਠ ਮਾਣ ਭਰੀ ਜ਼ਿੰਦਗੀ ਬਸਰ ਕਰ ਰਿਹਾ ਹੈ।
ਢਾਡੀ ਰਛਪਾਲ ਸਿੰਘ ਪਮਾਲ ਉਨ੍ਹਾਂ ਪੁੱਤਰਾਂ ‘ਚੋਂ ਹੈ ਜਿਨ੍ਹਾਂ ਨੇ ਆਪਣੇ ਬਾਪ ਦੀ ਪੱਗ ਨੂੰ ਹੋਰ ਮਾਣ ਦਿੱਤਾ ਹੈ ਤੇ ਸਮਾਜ ਖਾਸ ਕਰ ਪੰਥ ਅਜਿਹੇ ਪੁੱਤਰਾਂ ਨਾਲ ਸਦਾ ਲਈ ਸਬੰਧ ਸੁਖਾਵੇਂ ਬਣਾ ਕੇ ਰੱਖਦਾ ਹੈ।