ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ੱਕ ਕੇਂਦਰੀ ਰੇਲ ਬਜਟ ਦੀ ਰੱਜ ਕੇ ਆਲੋਚਨਾ ਕੀਤੀ ਗਈ ਹੈ ਪਰ ਕੇਂਦਰੀ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਨੇ ਪੰਜਾਬੀ ਹੋਣ ਦੇ ਨਾਤੇ ਪੂਰਾ ਮੁੱਲ ਮੋੜਨ ਦਾ ਯਤਨ ਕੀਤਾ ਹੈ। ਅਹਿਮ ਗੱਲ ਇਹ ਹੈ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਨੂੰ ਰੇਲ ਬਜਟ ਵਿਚ ਤਰਜੀਹ ਦਿੱਤੀ ਗਈ ਹੈ।
ਰੇਲ ਬਜਟ ਵਿਚ ਪੰਜਾਬ ਲਈ ਨਵੀਆਂ ਲਾਈਨਾਂ, ਲਾਈਨਾਂ ਦਾ ਬਿਜਲੀਕਰਨ, ਨਵੀਆਂ ਯਾਤਰੀ ਗੱਡੀਆਂ, ਨਵੀਆਂ ਲਾਈਨਾਂ ਲਈ ਸਰਵੇ, ਲਾਈਨਾਂ ਦੋਹਰਾ ਕਰਨ ਲਈ ਸਰਵੇ ਅਤੇ ਹੁਨਰ ਵਿਕਾਸ ਸੰਸਥਾ ਸ਼ਾਮਲ ਹਨ। ਪੰਜਾਬ ਨੂੰ ਐਤਕੀਂ ਰੇਲ ਬਜਟ ਵਿਚ ਪੰਜ ਐਕਸਪ੍ਰੈਸ, ਇਕ ਪੈਸੰਜਰ, ਇਕ ਡੀæਈæਐਮæਯੂæ ਰੇਲ ਤੇ ਦੋ ਨਵੇਂ ਰੇਲ ਰੂਟ ਮਿਲੇ ਹਨ। ਪੰਜਾਬ ਦੇ ਖੇਤਰਫਲ ਦੇ ਹਿਸਾਬ ਨਾਲ ਇਸ ਨੂੰ ਅਹਿਮ ਪ੍ਰਾਪਤੀ ਮੰਨਿਆ ਜਾ ਸਕਦਾ ਹੈ।
ਰੇਲ ਬਜਟ ਪੇਸ਼ ਕਰਦਿਆਂ ਰੇਲ ਮੰਤਰੀ ਸ੍ਰੀ ਬਾਂਸਲ ਨੇ ਪੰਜਾਬ ਲਈ ਦੋ ਨਵੀਆਂ ਲਾਈਨਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਰਾਮ ਮੰਡੀ ਤੋਂ ਮੌੜ ਮੰਡੀ ਵਾਇਆ ਤਲਵੰਡੀ ਸਾਬੋ ਤੇ ਦੂਜੀ ਲਾਈਨ ਫ਼ਿਰੋਜ਼ਪੁਰ ਤੋਂ ਪੱਟੀ ਲਈ ਮਨਜ਼ੂਰ ਕੀਤੀ ਗਈ ਹੈ ਜੋ ਸਰਹੱਦੀ ਲੋਕਾਂ ਲਈ ਵਰਦਾਨ ਹੋਵੇਗੀ। ਰੇਲਵੇ ਵਿਭਾਗ ਵੱਲੋਂ ਪੂਰੇ ਦੇਸ਼ ਵਿਚ ਖੋਲ੍ਹੀਆਂ ਜਾਣ ਵਾਲੀਆਂ ਹੁਨਰ ਵਿਕਾਸ ਸੰਸਥਾਵਾਂ ਅਧੀਨ ਅਜਿਹੀ ਸੰਸਥਾ ਪਠਾਨਕੋਟ ਲਈ ਮਨਜ਼ੂਰ ਕੀਤੀ ਗਈ ਹੈ। ਚੰਡੀਗੜ੍ਹ ਵਿਚ ਵੀ ਮਾਡਰਨ ਸਿਗਨਲਿੰਗ ਫ਼ੈਕਟਰੀ ਮਨਜ਼ੂਰ ਕੀਤੀ ਗਈ ਹੈ ਜੋ ਪਬਲਿਕ ਪ੍ਰਾਈਵੇਟ ਹਿੱਸੇਦਾਰੀ ਦੇ ਅਧੀਨ ਬਣਾਈ ਜਾਵੇਗੀ। ਮੌਜੂਦਾ ਲਾਈਨਾਂ ਦੇ ਬਿਜਲੀਕਰਨ ਅਧੀਨ ਪੰਜਾਬ ਦੀਆਂ ਦੋ ਲਾਈਨਾਂ ਚੁਣੀਆਂ ਹਨ ਜਿਨ੍ਹਾਂ ਵਿਚ ਜਾਖਲ-ਧੂਰੀ-ਲੁਧਿਆਣਾ ਅਤੇ ਰਾਜਪੂਰਾ-ਧੂਰੀ-ਲਹਿਰਾ ਮੁਹੱਬਤ ਲਾਈਨਾਂ ਸ਼ਾਮਲ ਹਨ।
ਇਕ ਨਵਾਂ ਰੇਲ ਰੂਟ ਤਖ਼ਤ ਦਮਦਮਾ ਸਾਹਿਬ ਲਈ ਰਾਮਾ ਮੰਡੀ ਤੇ ਮੌੜ ਮੰਡੀ ਰੇਲਵੇ ਸਟੇਸ਼ਨਾਂ ਵਿਚਾਲੇ ਹੋਏਗਾ। ਰੇਲ ਮੰਤਰਾਲਾ ਰੇਲਵੇ ਨਾਲ ਜੁੜੇ ਕਾਰੋਬਾਰਾਂ ਵਿਚ ਨੌਜਵਾਨਾਂ ਨੂੰ ਹੁਨਰ ਮੁਹੱਈਆ ਕਰਨ ਲਈ ਪੰਜਾਬ ਵਿਚ ਪਠਾਨਕੋਟ ਸਮੇਤ ਦੇਸ਼ ਵਿਚ 25 ਥਾਂਵਾਂ ‘ਤੇ ਸਿਖਲਾਈ ਦੇਵੇਗਾ। ਐਕਸਪ੍ਰੈਸ ਗੱਡੀਆਂ ਵਿਚ ਅੰਮ੍ਰਿਤਸਰ-ਲਾਲਕੂਆਂ ਐਕਸਪ੍ਰੈਸ (ਹਫਤਾਵਾਰੀ) ਵਾਇਆ ਚੰਡੀਗੜ੍ਹ, ਬਠਿੰਡਾ-ਜੰਮੂ ਤਵੀ ਐਕਸਪ੍ਰੈਸ (ਹਫਤਾਵਾਰੀ) ਵਾਇਆ ਪਟਿਆਲਾ-ਰਾਜਪੁਰਾ, ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ (ਰੋਜ਼ਾਨਾ) ਵਾਇਆ ਗਾਜ਼ਿਆਬਾਦ, ਅਜੀਤ ਸਿੰਘ ਨਗਰ ਮੁਹਾਲੀ ਤੇ ਲੁਧਿਆਣਾ, ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ (ਹਫਤਾਵਾਰੀ) ਤੇ ਊਨਾ/ਨੰਗਲ ਡੈਮ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ (ਹਫਤਾਵਾਰੀ) ਵਾਇਆ ਆਨੰਦਪੁਰ ਸਾਹਿਬ, ਮੋਰਿੰਡਾ, ਚੰਡੀਗੜ੍ਹ ਤੇ ਅੰਬਾਲਾ ਹਨ। ਇਕ ਪੈਸੰਜਰ ਰੇਲ ਗੱਡੀ ਬਠਿੰਡਾ-ਧੂਰੀ ਵਿਚਾਲੇ ਰੋਜ਼ ਚੱਲੇਗੀ। ਇਕ ਡੀਜ਼ਲ-ਇਲੈਕਟ੍ਰਿਕ ਮਲਟੀਪਲ ਯੂਨਿਟ (ਡੀਈਐਮਯੂ) ਤਰਨ ਤਾਰਨ-ਗੋਇੰਦਵਾਲ ਰੂਟ ‘ਤੇ ਚਲਾਏ ਜਾਣ ਦੀ ਤਜਵੀਜ਼ ਹੈ। ਦੱਪਰ-ਚੰਡੀਗੜ੍ਹ ਲਾਈਨ ਦੋਹਰੀ ਕੀਤੀ ਜਾਏਗੀ। ਜਾਖਲ-ਧੂਰੀ-ਲੁਧਿਆਣਾ ਤੇ ਰਾਜਪੁਰਾ-ਧੂਰੀ-ਲਹਿਰਾ ਮੁਹੱਬਤ ਰੇਲ ਰੂਟ ਬਿਜਲਈ ਕੀਤੇ ਜਾਣਗੇ। ਫਿਰੋਜ਼ਪੁਰ-ਪੱਟੀ ਸੈਕਸ਼ਨ ‘ਤੇ ਨਵੀਂ ਲਾਈਨ ਵਿਛਾਈ ਜਾਏਗੀ। ਕਈ ਰੇਲਾਂ ਦੇ ਗੇੜੇ ਵਧਾਏ ਗਏ ਹਨ ਜਿਨ੍ਹਾਂ ਵਿਚ 14037/14038 ਦਿੱਲੀ-ਪਠਾਨਕੋਟ ਐਕਸਪ੍ਰੈਸ (ਤਿੰਨ ਤੋਂ ਛੇ ਦਿਨ), 19325/19326 ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ (ਇਕ ਤੋਂ ਦੋ ਦਿਨ) ਤੇ 18309/18310 ਸੰਬਲਪੁਰ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ (ਦੋ ਤੋਂ ਤਿੰਨ ਦਿਨ) ਹੋਣਗੀਆਂ। ਰੇਲ ਮੰਤਰੀ ਨੇ ਹਰਿਆਣਾ ਤੇ ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵੱਲ ਵੀ ਧਿਆਨ ਦਿੱਤਾ ਹੈ। ਚੰਡੀਗੜ੍ਹ-ਲੁਧਿਆਣਾ ਰੇਲ ਪ੍ਰਾਜੈਕਟ ਦੇ ਦੋ ਸੈਕਸ਼ਨ ਮੋਰਿੰਡਾ-ਖਮਾਣੋਂ ਤੇ ਸਮਰਾਲਾ-ਸਾਹਨੇਵਾਲ ਇਸ ਸਾਲ 31 ਮਾਰਚ ਤਕ ਮੁਕੰਮਲ ਕਰਨ ਦਾ ਵਾਅਦਾ ਕੀਤਾ ਗਿਆ ਹੈ। ਅਹੁਦਾ ਸੰਭਾਲਣ ਤੋਂ ਥੋੜ੍ਹੇ ਦਿਨਾਂ ਦੇ ਅੰਦਰ ਹੀ ਰੇਲ ਮੰਤਰੀ ਸ੍ਰੀ ਬਾਂਸਲ ਚੰਡੀਗੜ੍ਹ-ਨਵੀਂ ਦਿੱਲੀ ਵਿਚਾਲੇ ਤੀਜੀ ਸ਼ਤਾਬਦੀ ਐਕਸਪ੍ਰੈਸ ਸ਼ੁਰੂ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਕੋਚੂਵੇਲੀ-ਚੰਡੀਗੜ੍ਹ ਐਕਸਪ੍ਰੈਸ ਤੇ ਮਦੁਰਾਇ-ਚੰਡੀਗੜ੍ਹ ਐਕਸਪ੍ਰੈਸ ਹੁਣ ਇਕ ਦੀ ਥਾਂ ਦੋ ਦਿਨ ਹਫਤੇ ਵਿਚ ਚੱਲਿਆ ਕਰਨਗੀਆਂ। ਸ੍ਰੀ ਬਾਂਸਲ ਵੱਲੋਂ ਇਸ ਖੇਤਰ ‘ਚ 5 ਨਵੀਆਂ ਰੇਲ ਲਾਈਨਾਂ 2013-14 ਦੌਰਾਨ 4 ਪ੍ਰਾਜੈਕਟਾਂ ਨੂੰ ਬਿਜਲੀਕਰਨ ਕਰਨਾ ਤੇ ਪੰਜ ਇਕਹਿਰੀਆਂ ਲਾਈਨਾਂ ਦੋਹਰੀਆਂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਵੱਲੋਂ ਤਜਵੀਜ਼ਸ਼ੁਦਾ ਨਵੀਆਂ ਲਾਈਨਾਂ ਦੇ 60 ਸਰਵੇਖਣਾਂ ਵਿਚੋਂ ਸੱਤ ਇਸ ਖੇਤਰ ਵਿਚ ਪੈਂਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਜਟ ਦੀ ਆਲੋਚਨਾ ਕਰਨ ਨੂੰ ਸਿਆਸੀ ਮਾਹਿਰਾਂ ਨੇ ਨਿਰੀ ਸਿਆਸਤ ਤੋਂ ਪ੍ਰੇਰਤ ਬਿਆਨਬਾਜ਼ੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਸ਼ ਬਾਦਲ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ; ਮਸੀਂ ਤਾਂ ਪੰਜਾਬ ਨੂੰ ਰੇਲ ਬਜਟ ਵਿਚ ਗੌਲਿਆ ਗਿਆ ਹੈ।
Leave a Reply