ਗੁਰਦੁਆਰਾ ਚੋਣਾਂ: ਬਾਦਲਾਂ ਦਾ ਲਿਫਾਫਾ ਕਲਚਰ ਦਿੱਲੀ ਪੁੱਜਾ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਲਿਫ਼ਾਫਾ ਕਲਚਰ ਭਾਰੂ ਹੋ ਗਿਆ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਸੀਲਬੰਦ ਲਿਫ਼ਾਫ਼ੇ ਰਾਹੀਂ ਹੀ ਹੋਈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮ੍ਰਿਤਸਰ) ਦੇ ਅਹੁਦੇਦਾਰ ਹਮੇਸ਼ਾਂ ਬਾਦਲਾਂ ਦੇ ਲਿਫ਼ਾਫ਼ਿਆਂ ਵਿਚੋਂ ਹੀ ਨਿਕਲਦੇ ਸਨ। ਸਿੱਖ ਜਥੇਬੰਦੀਆਂ ਅਜਿਹੇ ਕਲਚਰ ਦੀ ਤਿੱਖੀ ਆਲੋਚਨਾ ਕਰਦੀਆਂ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਕੁੱਲ 46 ਸੀਟਾਂ ਹਨ ਜਿਨ੍ਹਾਂ ਵਿਚੋਂ 37 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈਆਂ ਸਨ। ਅਕਾਲੀ ਦਲ ਦਿੱਲੀ (ਸਰਨਾ ਧੜਾ) ਨੇ ਸਿਰਫ਼ ਅੱਠ ਸੀਟਾਂ ਜਿੱਤੀਆਂ ਸਨ। ਇਕ ਸੀਟ ਉਪਰ ਕੇਂਦਰੀ ਗੁਰੂ ਸਿੰਘ ਸਭਾ ਦੇ ਚੇਅਰਮੈਨ ਤੇ ਕਾਂਗਰਸੀ ਸਿੱਖ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਨੇ ਜਿੱਤ ਪ੍ਰਾਪਤ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਸ਼ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਲਿਫ਼ਾਫੇ ਵਿਚੋਂ ਪ੍ਰਧਾਨਗੀ ਲਈ ਮਨਜੀਤ ਸਿੰਘ ਜੀæਕੇæ ਦਾ ਨਾਂ ਨਿਕਲਿਆ। ਅਕਾਲੀ ਹਲਕਿਆਂ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਅਵਤਾਰ ਸਿੰਘ ਹਿਤ, ਉਂਕਾਰ ਸਿੰਘ ਥਾਪਰ ਅਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਦਾਅਵੇਦਾਰੀ ਜਤਾਈ ਜਾ ਰਹੀ ਸੀ, ਪਰ ਸੁਖਬੀਰ ਬਾਦਲ ਦੇ ਲਿਫ਼ਾਫੇ ਵਿਚ ਉਹ ਆਪਣਾ ਨਾਂ ਨਹੀਂ ਪੁਆ ਸਕੇ। ਇਸ ਦੇ ਨਾਲ ਹੀ ਹੋਰ ਅਹੁਦੇਦਾਰਾਂ ਅਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਵੀ ਲਿਫ਼ਾਫੇ ਵਿਚੋਂ ਨਿਕਲੇ ਨਾਂਵਾਂ ਅਨੁਸਾਰ ਹੋਈ।
ਇਸ ਚੋਣ ਲਈ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਗੁਰਦੁਆਰਾ ਰਕਾਬਗੰਜ ਸਥਿਤ ਕਮੇਟੀ ਦਫ਼ਤਰ ਵਿਖੇ ਇਕੱਤਰਤਾ ਕੀਤੀ ਗਈ। ਡਾਇਰੈਕਟਰ ਜੀæਪੀæ ਸਿੰਘ ਨੇ ਚੋਣ ਪ੍ਰਕਿਰਿਆ ਦੇ ਸੰਚਾਲਨ ਵਾਸਤੇ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੂੰ ਸੰਚਾਲਕ (ਪ੍ਰੋ-ਟੈਂਪੋ ਚੇਅਰਮੈਨ) ਥਾਪਿਆ। ਉਨ੍ਹਾਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇ ਦਿੱਤੇ ਜਿਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਵਾਲਾ ਸੀਲਬੰਦ ਲਿਫਾਫਾ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸੌਂਪ ਦਿੱਤਾ। ਉਨ੍ਹਾਂ ਲਿਫਾਫੇ ਦੀ ਸੂਚੀ ਦੇ ਆਧਾਰ ‘ਤੇ ਸਭ ਤੋਂ ਪਹਿਲਾਂ ਪ੍ਰਧਾਨ ਲਈ ਮਨਜੀਤ ਸਿੰਘ ਜੀæਕੇæ ਦਾ ਨਾਂ ਪੇਸ਼ ਕੀਤਾ ਜਿਸ ਦਾ ਕਮੇਟੀ ਮੈਂਬਰ ਸੁਰਜੀਤ ਸਿੰਘ ਚਾਂਦਨੀ ਚੌਕ ਨੇ ਸਮਰਥਨ ਕੀਤਾ। ਇਸ ਨਾਲ ਹੀ ਸ੍ਰੀ ਜੀæਕੇæ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਮਗਰੋਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਰਵਿੰਦਰ ਸਿੰਘ ਖੁਰਾਣਾ, ਜੂਨੀਅਰ ਮੀਤ ਪ੍ਰਧਾਨ ਲਈ ਤਨਵੰਤ ਸਿੰਘ, ਜਨਰਲ ਸਕੱਤਰ ਵਾਸਤੇ ਮਨਜਿੰਦਰ ਸਿੰਘ ਸਿਰਸਾ ਅਤੇ ਜਾਇੰਟ ਸਕੱਤਰ ਵਾਸਤੇ ਹਰਮੀਤ ਸਿੰਘ ਕਾਲਕਾ ਦੇ ਨਾਂਵਾਂ ਦਾ ਓਂਕਾਰ ਸਿੰਘ ਥਾਪਰ ਨੇ ਵਾਰੀ-ਵਾਰੀ ਸਮਰਥਨ ਕੀਤਾ ਤੇ ਇਹ ਸਾਰੇ ਅਹੁਦੇਦਾਰ ਵੀ ਸਰਬਸੰਮਤੀ ਨਾਲ ਚੁਣੇ ਗਏ। ਸ਼ ਹਿੱਤ ਨੇ ਐਗਜ਼ੈਕਟਿਵ ਬੋਰਡ ਵਿਚ ਸ਼ਾਮਲ ਕੀਤੇ ਗਏ 10 ਮੈਂਬਰਾਂ ਦਾ ਐਲਾਨ ਵੀ ਕੀਤਾ। ਇਨ੍ਹਾਂ ਵਿਚੋਂ ਨੌਂ ਮੈਂਬਰ ਬੀਬੀ ਦਲਜੀਤ ਕੌਰ, ਕੁਲਵੰਤ ਸਿੰਘ ਬਾਠ, ਜਤਿੰਦਰ ਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇæਪੀæ, ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ, ਚਮਨ ਸਿੰਘ ਅਤੇ ਜਸਬੀਰ ਸਿੰਘ ਜੱਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ ਜਦਕਿ ਦਸਵੇਂ ਐਗਜ਼ੈਕਟਿਵ ਮੈਂਬਰ ਦੇ ਰੂਪ ਵਿਚ ਕੇਂਦਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਰਵਾਹ ਨੂੰ ਚੁਣਿਆ ਗਿਆ।
ਐਗਜ਼ੈਕਟਿਵ ਮੈਂਬਰਾਂ ਦੀ ਚੋਣ ਦੌਰਾਨ ਸਰਨਾ ਦਲ ਦੇ ਦੋ ਮੈਂਬਰ ਤਜਿੰਦਰ ਪਾਲ ਸਿੰਘ ਭਾਟੀਆ ਤੇ ਹਰਪਾਲ ਸਿੰਘ ਕੋਛੜ ਮੌਜੂਦ ਸਨ। ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਸ ਪ੍ਰਗਟਾਈ ਕਿ ਨਵੇਂ ਪ੍ਰਬੰਧਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਸੰਜੀਦਗੀ ਨਾਲ ਕਰਨਗੇ। ਸ਼ ਓਂਕਾਰ ਸਿੰਘ ਥਾਪਰ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਲਈ ਸਰਨਾ ਭਰਾਵਾਂ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ਦੀ ਆਲੋਚਨਾ ਕੀਤੀ ਜਿਸ ‘ਤੇ ਸਰਨਾ ਦਲ ਦੇ ਮੈਂਬਰ ਤਜਿੰਦਰ ਪਾਲ ਸਿੰਘ ਭਾਟੀਆ ਵੱਲੋਂ ਸਖਤ ਇਤਰਾਜ਼ ਕੀਤਾ ਗਿਆ। ਇਸ ਕਾਰਨ ਮੀਟਿੰਗ ਵਿਚ ਤਲਖੀ ਵਾਲਾ ਮਾਹੌਲ ਪੈਦਾ ਹੋ ਗਿਆ ਜਿਸ ਨੂੰ ਤੁਰੰਤ ਸ਼ਾਂਤ ਕਰ ਦਿੱਤਾ ਗਿਆ।

Be the first to comment

Leave a Reply

Your email address will not be published.