ਸਿਆਸਤ ਬਰਾਸਤਾ ਪੰਜਾਬ

ਬਲਕਾਰ ਸਿੰਘ ਪ੍ਰੋਫੈਸਰ
ਭਾਰਤ ਦੀ ਸਿਆਸਤ ਵਿਚ ਸਦਾ ਹੀ ਪੰਜਾਬ ਇਕ ਤੋਂ ਵੱਧ ਕਾਰਨਾਂ ਕਰਕੇ ਸੂਬਾਈ ਸਿਆਸਤ ਵਜੋਂ ਸਾਹਮਣੇ ਆਉਂਦਾ ਰਿਹਾ ਹੈ। ਪਰ ਜਿਸ ਤਰ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ, ਇਸ ਨਾਲ ਸਿੱਖ ਸਿਆਸਤ ਦੀ ਖਾਲਿਸਤਾਨੀ ਪਰਤ ਚਰਚਾ ਦੇ ਕੇਂਦਰ ਵਿਚ ਆ ਗਈ ਹੈ। ਪੰਜਾਬ ਵਿਚਲਾ ਖਾੜਕੂ ਵਰਤਾਰਾ ਬਹੁਤ ਦੇਰ ਦਾ ਹਿਜਰਤ ਕਰ ਚੁਕਾ ਹੈ ਅਤੇ ਇਸ ਦੇ ਹਵਾਲੇ ਨਾਲ ਦੇਸ ਪੰਜਾਬ ਦੀ ਗੱਲ ਕਿਸੇ ਨਾ ਕਿਸੇ ਰੂਪ ਵਿਚ ਚੱਲਦੀ ਰਹਿੰਦੀ ਹੈ। ਪ੍ਰਧਾਨ ਮੰਤਰੀ ਟਰੂਡੋ ਪੰਜਾਬ ਆਉਣ ਤੋਂ ਪਹਿਲਾਂ ਦਿੱਲੀ, ਮਹਾਂਰਾਸ਼ਟਰ, ਯੂ. ਪੀ. ਅਤੇ ਗੁਜਰਾਤ ਵਿਚ ਬਿਨਾ ਸੁਆਗਤ ਜਾ ਚੁਕਾ ਸੀ ਕਿਉਂਕਿ ਭਾਰਤੀ ਮੀਡੀਆ ਵਿਚ ਇਸ ਫੇਰੀ ਨੂੰ ‘ਖਾਲਿਸਤਾਨ ਖਾਲਿਸਤਾਨ’ ਕਿਹਾ ਜਾ ਚੁਕਾ ਸੀ।

ਕਿਸੇ ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ 2014 ਦੀ ਮੋਦੀ ਹਨੇਰੀ ਨੂੰ ਪੰਜਾਬ ਨੇ ਨੇੜੇ ਨਹੀਂ ਸੀ ਆਉਣ ਦਿੱਤਾ, ਉਸੇ ਤਰ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਵੀ ਪੰਜਾਬ ਨੇ ਸੁਤੰਤਰ ਸਿਆਸੀ ਪੈਂਤੜਾ ਲੈ ਕੇ ਦੱਸ ਦਿੱਤਾ ਹੈ ਕਿ ਪੰਜਾਬ ਪੰਜਾਬੀ ਸੂਬੇ ਦੀ ਸ਼ਕਲ ਵਿਚ ਵੀ ਦੇਸ ਪੰਜਾਬ ਦੀ ਭੂਮਿਕਾ ਨਿਭਾ ਸਕਦਾ ਹੈ। ਆਪਣੀ ਇਸ ਵਿਲੱਖਣਤਾ ਦੀ ਕੀਮਤ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਚੁਕਾਉਣੀ ਪੈਂਦੀ ਰਹੀ ਹੈ, ਉਸ ਨੂੰ ਸਿਆਸੀ ਰੋਟੀਆਂ ਸੇਕਣ ਲਈ ਜਿਸ ਬੇਦਰਦੀ ਨਾਲ ਸਿਆਸਤਦਾਨਾਂ ਵਲੋਂ ਲਗਾਤਾਰ ਵਰਤਿਆ ਜਾ ਰਿਹਾ ਹੈ, ਉਸ ਦੇ ਹਵਾਲੇ ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਨੂੰ ਸਮਝੇ ਜਾਣ ਦੀ ਲੋੜ ਹੈ।
ਭਾਰਤ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਜਿਹੋ ਜਿਹੀਆਂ ਕੂਟਨੀਤਕ ਟਿਪਣੀਆਂ ਸਾਹਮਣੇ ਆਈਆਂ, ਉਸ ਉਤੇ ਭਾਜਪਾਈ ਟਿਪਣੀ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਨਾਲ ਟਰੂਡੋ ਫੇਰੀ ਨੂੰ ਸੈਰ ਸਪਾਟਾ ਜਾਂ ਛੁੱਟੀ ਸਪਤਾਹ ਵੀ ਕਿਹਾ ਜਾ ਰਿਹਾ ਹੈ। ਕੁਝ ਵੀ ਹੋਵੇ, ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਓਹੀ ਕੀਤਾ, ਜੋ ਦੋਹਾਂ ਦੀ ਸਿਆਸਤ ਨੂੰ ਠੀਕ ਬੈਠਦਾ ਸੀ, ਪਰ ਇਸ ਨਾਲ ਖਾਲਿਸਤਾਨ ਦਾ ਮੁੱਦਾ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ। ਕਹਿਣ ਨੂੰ ਭਾਵੇਂ ਇਸ ਨੂੰ ਕੁਝ ਵੀ ਕਹੀ ਜਾਈਏ ਪਰ ਸਿੱਖ ਭਾਈਚਾਰੇ ਨੂੰ ਇਹ ਸਾਬਤ ਕਰਨ ਦਾ ਮੌਕਾ ਮਿਲ ਗਿਆ ਹੈ ਕਿ ਕਿਸੇ ਵੀ ਦੇਸ਼ ਦੀ ਵਿਧਾਨਕਤਾ ਦੇ ਮਾਣ ਸਤਿਕਾਰ ਨਾਲ ਨਿਭਣ ਦਾ ਸਲੀਕਾ ਜਿਵੇਂ ਸਿੱਖਾਂ ਨੇ ਦੁਨੀਆਂ ਭਰ ਵਿਚ ਹੰਢਾਇਆ ਤੇ ਪ੍ਰਗਟਾਇਆ ਹੈ, ਉਸ ਨੂੰ ਧਿਆਨ ਵਿਚ ਰੱਖ ਕੇ ਵੱਖਵਾਦ ਵਰਗਾ ਠੱਪਾ ਸਿੱਖ ਭਾਈਚਾਰੇ ‘ਤੇ ਨਹੀਂ ਲਾਇਆ ਜਾ ਸਕਦਾ। ਸਿੱਖਾਂ ਦੀ ਨਾਬਰੀ ਨੈਤਿਕਤਾ ਨੂੰ ਸਿੱਖ ਪ੍ਰਸੰਗ ਵਿਚੋਂ ਕੱਢ ਕੇ ਵੱਖਵਾਦੀ ਸਿਆਸਤ ਸਮਝਣ ਦੀ ਗਲਤੀ ਕਰਾਂਗੇ ਤਾਂ ਨਤੀਜੇ ਇਹੋ ਜਿਹੇ ਹੀ ਨਿਕਲਣਗੇ ਜਿਸ ਤਰ੍ਹਾਂ ਖਾਲਿਸਤਾਨੀਆਂ ਦੇ ਬਹਾਨੇ ਭਾਰਤ ਨੂੰ ਤੋੜਨ ਦੀਆਂ ਟਿੱਪਣੀਆਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ। ਅਜਿਹਾ ਕਰਨ ਵਾਲਿਆਂ ਤੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਕੈਨੇਡੀਅਨ ਵਿਧਾਨ ਵਿਚ ਖਾਲਿਸਤਾਨੀਆਂ ਬਾਰੇ ਜਿਹੋ ਜਿਹੀ ਵਿਵਸਥਾ ਹੈ, ਉਹੋ ਜਿਹੀ ਭਾਰਤੀ ਵਿਧਾਨ ਵਿਚ ਵੀ ਹੈ।
ਭਾਰਤ ਦੀ ਭਾਜਪਾਈ ਪਹੁੰਚ ਤਾਂ ਟਰੂਡੋ ਫੇਰੀ ਨੂੰ ਭਾਰਤ ਵਿਰੋਧੀ ਕਹਿਣ ਦੀ ਥਾਂ ਮੋਦੀ ਵਿਰੋਧੀ ਆਖੀ ਜਾ ਰਹੀ ਹੈ ਅਤੇ ਹਰ ਸੁਹਿਰਦ ਕੋਸ਼ਿਸ਼ ਨੂੰ ਵੀ ਗੋਂਗਲੂਆਂ ਤੋਂ ਮਿੱਟੀ ਝਾੜਨਾ ਹੀ ਕਹੀ ਜਾ ਰਹੀ ਹੈ। ਜਿਹੜੇ ਸਿਆਸਤਦਾਨ ਚੇਸ਼ਟਾ ਨੂੰ ਚੇਤਨਾ ਸਮਝਣ ਦਾ ਭਰਮ ਪਾਲ ਲੈਣਗੇ, ਉਨ੍ਹਾਂ ਨੂੰ ਤਾਂ ਏਹੀ ਲੱਗੇਗਾ ਕਿ ਟਰੂਡੋ ਫੇਰੀ ਵੱਲ ਪਿੱਠ ਕਰਕੇ ਜਿੱਤ ਦਾ ਪਰਚਮ ਲਹਿਰਾ ਦਿੱਤਾ ਗਿਆ ਹੈ।
ਮੋਦੀ ਨੂੰ ਤਾਂ ਉਸ ਦੀ ਚੜ੍ਹਤ ਵੇਲੇ 2014 ਵਿਚ ਬਹੁਤ ਸਾਰੇ ਸੂਬਿਆਂ ਨੇ ਨੇੜੇ ਨਹੀਂ ਫਟਕਣ ਦਿੱਤਾ ਸੀ, ਪਰ ਸੂਬਾਈ ਸਿਆਸਤ ਨਾਲ ਜੁੜੇ ਮੁੱਦਿਆਂ ਨੂੰ ਪੰਜਾਬ ਵਾਂਗ ਭਾਰਤ ਦੇ ਕਿਸੇ ਵੀ ਹੋਰ ਸੂਬੇ ਨੇ ਲਿਆ ਹੋਵੇ, ਕਿਧਰੇ ਨਜ਼ਰ ਨਹੀਂ ਆਉਂਦਾ। ਸੂਬਾਈ ਸਿਆਸਤ ਨੂੰ ਲੈ ਕੇ ਜੋ ਮੁੱਦਾ ‘ਅਨੰਦਪੁਰ ਸਾਹਿਬ ਦੇ ਮਤੇ’ ਰਾਹੀਂ ਪੰਜਾਬ ਨੇ ਸਾਹਮਣੇ ਲਿਆਂਦਾ ਸੀ, ਉਹ ਜੇ ਖਾਲਿਸਤਾਨੀ ਸਿਆਸਤ ਦੀ ਭੇਟ ਨਾ ਚੜ੍ਹਦਾ ਤਾਂ ਸੂਬਾਈ ਸਿਆਸਤ ਵਲੋਂ ਕੇਂਦਰੀਕਰਣ ਦੀ ਰਾਜਨੀਤੀ ਤੋਂ ਮੁਕਤੀ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋ ਸਕਦਾ ਸੀ। ਸਪਸ਼ਟ ਹੈ ਕਿ ਛਾਂਗੇ ਹੋਏ ਪੰਜਾਬ ਵਿਚ ਵੀ ਵਿਰਾਸਤੀ ਪੰਜਾਬ ਵਾਲਾ ਫਖਰ ਅੰਗੜਾਈਆਂ ਲੈਂਦਾ ਰਹਿੰਦਾ ਹੈ।
ਕੈਨੇਡੀਅਨ ਰਾਜਨੀਤੀ ਵਿਚ ਸਿੱਖ ਭੂਮਿਕਾ ਦਾ ਜੋ ਪ੍ਰਗਟਾਵਾ ਟਰੂਡੋ ਸਰਕਾਰ ਵਿਚ ਨਜ਼ਰ ਆ ਰਿਹਾ ਹੈ, ਇਸ ਨਾਲ ਸਿੱਖਾਂ ਨੂੰ ਅਜਿਹੀ ਸਿਆਸਤ ਤੋਂ ਪਾਸੇ ਹੋਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਨਾਲ ਸਿੱਖ ਭਾਈਚਾਰੇ ਨੂੰ ਇਸਲਾਮੀ ਸਿਆਸਤ ਵਾਲੇ ਰਾਹ ਪੈਣ ਤੋਂ ਰੋਕਿਆ ਜਾ ਸਕੇ। ਇਸ ਪੱਖ ਤੋਂ ਭਾਰਤ ਦੀ ਟਰੂਡੋ ਫੇਰੀ ਦੀ ਅਹਿਮੀਅਤ ਸਿੱਖ ਭਾਈਚਾਰੇ ਵਾਸਤੇ ਅਹਿਮ ਲੱਗਣ ਲੱਗ ਪਈ ਹੈ। ਹਰ ਰੰਗ ਦੇ ਸਿੱਖ, ਕੈਨੇਡੀਅਨ ਪ੍ਰਧਾਨ ਮੰਤਰੀ ਬਾਰੇ ਜੋ ਦਿੱਲੀ ਅਤੇ ਬੰਬਈ ਵਿਚ ਨਹੀਂ ਕਰ ਸਕੇ ਸਨ, ਉਹ ਪੰਜਾਬ ਵਿਚ ਹੋਇਆ ਵੇਖਣ ਦੀ ਰੀਝ ਪਾਲ ਰਹੇ ਸਨ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਮੌਕੇ ਨੂੰ ਸ਼ਾਨਾਂਮੱਤੇ ਢੰਗ ਨਾਲ ਸੰਭਾਲਣ ਦਾ ਫੈਸਲਾ ਕਰਕੇ ਦੁਨੀਆਂ ਭਰ ਦੇ ਪੰਜਾਬੀਆਂ ਦੀ ਵਾਹ ਵਾਹ ਖੱਟ ਲਈ ਹੈ। ਇਸ ਨਾਲ ਇਹ ਨੁਕਤਾ ਵੀ ਉਭਰ ਕੇ ਸਾਹਮਣੇ ਆ ਗਿਆ ਹੈ ਕਿ ਜੋ ਸਿਆਸੀ ਪੈਂਤੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਹਵਾਲੇ ਨਾਲ ਲਿਆ ਸੀ, ਉਹ ਸਿੱਖ ਸਿਆਸਤ ਵਿਚ ਖਾਲਿਸਤਾਨੀ ਦਖਲ ਦੀ ਭੂਮਿਕਾ ਨੂੰ ਸਮਝਣ ਵਾਸਤੇ ਕਿੰਨਾ ਅਹਿਮ ਸੀ। ਇਸੇ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਹੋਈ ਸੀ ਅਤੇ ਸ਼ ਸੱਜਣ ਵੀ ਉਸ ਦਾ ਹਿੱਸਾ ਸਨ। ਇਸੇ ਦੀ ਨਿਰੰਤਰਤਾ ਵਿਚ ਕੈਨੇਡੀਅਨ ਪਾਰਲੀਮੈਂਟ ਵਿਚ ਕਨਜ਼ਰਵੇਟਿਵ ਪਾਰਟੀ ਵਲੋਂ ਮਤਾ ਲਿਆਂਦਾ ਜਾ ਰਿਹਾ ਹੈ ਕਿ ਕੈਨੇਡਾ ਜਿਵੇਂ ਭਾਰਤ ਵਿਰੋਧੀ ਨਹੀਂ ਹੈ, ਉਸੇ ਤਰ੍ਹਾਂ ਖਾਲਿਸਤਾਨ ਹਮਾਇਤੀ ਵੀ ਨਹੀਂ ਹੈ।
ਖਾਲਿਸਤਾਨੀ ਸਿਆਸਤ ਦੇ ਹਵਾਲੇ ਨਾਲ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਧਰਮਾਂ ਦੇ ਪ੍ਰਸੰਗ ਵਿਚ ਸਿੱਖ ਧਰਮ ਸਦਾ ਹੀ ਲੋਕਤੰਤਰੀ ਕੀਮਤਾਂ ਦਾ ਮੁੱਦਈ ਰਿਹਾ ਹੈ। ਇਸ ਦੇ ਬਾਵਜੂਦ ਇਹ ਮੰਨ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਵਿਚੋਂ ਸ਼ੈਤਾਨੀਅਤ ਦੀ ਘੁਸਪੈਠ ਨੂੰ ਨਹੀਂ ਰੋਕਿਆ ਜਾ ਸਕਦਾ। ਸਿੱਖ ਬਹੁ ਗਿਣਤੀ ਖਾਲਿਸਤਾਨ ਬਾਰੇ ਕੁਝ ਨਹੀਂ ਜਾਣਦੀ ਅਤੇ ਜੋ ਜਾਣਦੇ ਹਨ, ਉਨ੍ਹਾਂ ਵਿਚੋਂ ਖਾਲਿਸਤਾਨੀਆਂ ਦੀ ਗਿਣਤੀ ਬਹੁਤ ਨਿਗੂਣੀ ਹੈ। ਇਸ ਹਾਲਤ ਵਿਚ ਖਾਲਿਸਤਾਨੀ ਮੁੱਦਾ ਜੇ ਜਿਉਂਦਾ ਵੀ ਰਹੇ ਤਾਂ ਵੀ ਇਸ ਨੂੰ ਸਿੱਖ ਮੁੱਦੇ ਵਜੋਂ ਮਾਨਤਾ ਨਹੀਂ ਮਿਲ ਸਕਦੀ। ਇਸ ਸਥਿਤੀ ਵਿਚ ਵੀ ਜੋ ਰੈਫਰੈਂਡਮ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਜਿਹਾ ਤਿੰਨ ਵਾਰ ਹੁੰਦਾ ਹੈ। ਪਹਿਲਾ ਵਿਧਾਨ ਸਭਾ ਚੋਣਾਂ ਵੇਲੇ, ਦੂਜਾ ਪਾਰਲੀਮੈਂਟ ਚੋਣਾਂ ਵੇਲੇ ਅਤੇ ਤੀਜਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੇਲੇ। ਸਿੱਖ ਆਮ ਕਰ ਕੇ ਅਤੇ ਪੰਜਾਬੀ ਖਾਸ ਕਰ ਕੇ ਕਿਸੇ ਵੀ ਕਿਸਮ ਦੀ ਵੱਖਵਾਦੀ ਸਿਆਸਤ ਦੇ ਵਿਰੁਧ ਭੁਗਤਦੇ ਰਹੇ ਹਨ।
ਤ੍ਰਾਸਦੀ ਇਹ ਹੈ ਕਿ ਭਾਰਤ ਵਿਚ ਸੱਚ ਦੀ ਵੀ ਸਿਆਸਤ ਹੁੰਦੀ ਰਹੀ ਹੈ ਅਤੇ ਪੰਜਾਬ ਦੀ ਖਾੜਕੂ ਲਹਿਰ ਨੂੰ ਸੰਭਾਲਣ ਦੀ ਥਾਂ ਇਸ ਨੂੰ ਬੇਲਗਾਮ ਹੋ ਜਾਣ ਵਾਲੇ ਹਾਲਾਤ ਪੈਦਾ ਕੀਤੇ ਜਾਂਦੇ ਰਹੇ ਹਨ। ਇਸ ਬਾਰੇ ਪੁਸਤਕੀ ਹਵਾਲੇ ਮਸਲੇ ਦੀ ਜੜ੍ਹ ਫੜ੍ਹਨ ਦੀ ਥਾਂ 1984 ਦੇ ਸਿੱਖ ਕਤਲੇਆਮ ਵੱਲ ਜਾਂਦੇ ਹਾਲਾਤ ਪੈਦਾ ਕਰਦੇ ਰਹੇ ਸਨ। ਇਸ ਨਾਲ ਸਿੱਖ ਭਾਈਚਾਰੇ ਦੇ ਗਲ ਵਿਚ ਅਜਿਹੇ ਮਸਲੇ ਪੈਂਦੇ ਰਹੇ ਹਨ, ਜਿਨ੍ਹਾਂ ਤੋਂ ਚਾਹੁਣ ਦੇ ਬਾਵਜੂਦ ਬਚਣਾ ਮੁਸ਼ਕਿਲ ਹੁੰਦਾ ਰਿਹਾ ਹੈ। ਇਸੇ ਦੀਆਂ ਬਹੁਤ ਸਾਰੀਆਂ ਪਰਤਾਂ ਟਰੂਡੋ ਫੇਰੀ ਨਾਲ ਇਕ ਵਾਰ ਫਿਰ ਸਾਹਮਣੇ ਆਉਣ ਲੱਗ ਪਈਆਂ ਹਨ। ਭਾਰਤੀ ਏਜੰਸੀਆਂ ਦੇ ਓਹੀ ਕਾਰਕੁਨ ਜੋ ਖਾੜਕੂ ਲਹਿਰ ਵੇਲੇ ਸ਼ਹਿ ਦੇਣ ਦੀ ਭੂਮਿਕਾ ਨਿਭਾਉਂਦੇ ਰਹੇ ਸਨ, ਟਰੂਡੋ ਫੇਰੀ ਨੂੰ ਖਾਲਿਸਤਾਨੀ ਸਿਆਸਤ ਵਿਚ ਉਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਦੀ ਸ਼ੁਰੂਆਤ ਭਾਰਤੀ ਮੀਡੀਆ ਵਿਚ ‘ਖਾਲਿਸਤਾਨ ਖਾਲਿਸਤਾਨ’ ਨਾਲ ਕੀਤੀ ਗਈ ਸੀ। ਜਿਹੋ ਜਿਹੀ ਅੰਨ੍ਹੀ ਸ਼ਰਧਾ ਵਾਲੀ ਸਿਆਸਤ ਦੀ ਲੜਾਈ ਪਾਕਿਸਤਾਨ ਸਿੱਖਾਂ ਦੇ ਗਲ ਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਸੇ ਤਰ੍ਹਾਂ ਦੀ ਸਿਆਸਤ ਜੇ ਕਿਸੇ ਵੀ ਬਹਾਨੇ ਭਾਰਤੀ ਹੁਕਮਰਾਨ ਕਰ ਰਹੇ ਹੋਣਗੇ ਤਾਂ ਨਿੱਕੀਆਂ ਪ੍ਰਾਪਤੀਆਂ ਲਈ ਵੱਡੇ ਨੁਕਸਾਨ ਕਰ ਰਹੇ ਹੋਣਗੇ।
ਹੁਣ ਤਾਂ ਅਜਿਹੇ ਹਵਾਲੇ ਵੀ ਮਿਲਣ ਲੱਗ ਪਏ ਹਨ ਕਿ ਸ਼ਾਂਤਮਈ ਸੰਘਰਸ਼ ਦੀਆਂ ਜਿਹੋ ਜਿਹੀਆਂ ਪੈੜਾਂ ਸਿੱਖਾਂ ਨੇ ਪਾਈਆਂ ਹਨ, ਉਸ ਦੀ ਰੌਸ਼ਨੀ ਵਿਚ ਖਾਲਿਸਤਾਨੀ ਠੱਪੇਬੰਦੀ ਵਾਲੀ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸ ਨੂੰ ਸਮਝਾਈਏ ਕਿ ਸਿੱਖ ਸਿਆਸਤ ਵਿਚ ਖਾਲਿਸਤਾਨੀ ਰੰਗ ਬਹੁਤ ਹੀ ਮੱਧਮ ਪੈ ਚੁਕਾ ਹੈ ਅਤੇ ਇਸ ਦੇ ਹਵਾਲੇ ਨਾਲ ਸਿੱਖਾਂ ਨੂੰ ਬਦਨਾਮ ਕਰਕੇ ਕੁੱਟਣ ਦੀ ਸਿਆਸਤ ਉਸ ਤਰ੍ਹਾਂ ਨਹੀਂ ਕਰਨੀ ਚਾਹੀਦੀ, ਜਿਸ ਤਰ੍ਹਾਂ ਟਰੂਡੋ ਫੇਰੀ ਦੇ ਹਵਾਲੇ ਨਾਲ ਹੁੰਦੀ ਨਜ਼ਰ ਆਉਣ ਲੱਗ ਪਈ ਹੈ।
ਕੈਨੇਡਾ ਵਿਚ ਸਿੱਖਾਂ ਦੀ ਗਿਣਤੀ ਉਸੇ ਤਰ੍ਹਾਂ ਬਹੁਤ ਘੱਟ ਹੈ ਜਿਵੇਂ ਭਾਰਤ ਵਿਚ ਬਹੁਤ ਘੱਟ ਹੈ। ਦੋਹਾਂ ਹੀ ਦੇਸ਼ਾਂ ਵਿਚ ਲੋਕਤੰਤਰ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਹੈ। ਇਸ ਦੇ ਕਾਰਨਾਂ ਦੇ ਵਿਸਥਾਰ ਵਿਚ ਜਾਏ ਬਿਨਾ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਨੂੰ ਹਰ ਮੈਦਾਨ ਫਤਿਹ ਗੁਰੂ ਨੇ ਬਖਸ਼ੀ ਹੋਈ ਹੈ। ਕੈਨੇਡੀਅਨ ਸਿੱਖਾਂ ਦੀ ਸਿਆਸੀ ਭੂਮਿਕਾ ਤੋਂ ਭਾਰਤੀ ਸਿੱਖਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਖਵਾਦੀ ਸਿਆਸਤ ਸਿੱਖ ਦੇ ਸੁਭਾ ਦਾ ਹਿੱਸਾ ਨਹੀਂ ਹੈ। ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਖਾਲਿਸਤਾਨੀ ਹਵਾਲੇ ਨਾਲ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਚੁਫੇਰਿਓਂ ਹੋ ਰਹੀਆਂ ਹਨ। ਇਸ ਬਾਰੇ ਸਿੱਖ ਭਾਈਚਾਰੇ ਨੂੰ ਆਪਸੀ ਸੰਵਾਦ ਛੇੜ ਕੇ ਕਿਸੇ ਸਾਂਝੀ ਸਮਝ ‘ਤੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਬਹੁਲਵਾਦ ਦੇ ਇਸ ਯੁਗ ਵਿਚ ਕਿਸੇ ਕਿਸਮ ਦੇ ਕੱਟੜਵਾਦ ਲਈ ਕੋਈ ਥਾਂ ਨਹੀਂ ਹੈ। ਇਸ ਰਾਹੇ ਪੈਣ ਵਾਲਿਆਂ ਦੇ ਉਜਾੜੇ ਸਭ ਦੇ ਸਾਹਮਣੇ ਹਨ। ਟਰੂਡੋ ਫੇਰੀ ਨਾਲ ਪੈਦਾ ਹੋਏ ਸੰਕੇਤ ਵੀ ਇਸੇ ਤਰ੍ਹਾਂ ਦੇ ਹਨ ਕਿ ਉਜਾੜੇ ਦਾ ਰਾਹ ਘਰਾਂ ਵੱਲ ਨਹੀਂ ਜਾਂਦਾ। ਦੋਖੀਆਂ ਨਾਲ ਜੂਝਣ ਵਾਸਤੇ ਆਪਣਿਆਂ ਦੀ ਬਲੀ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਨਹੀਂ ਸੰਭਲਾਂਗੇ ਤਾਂ ਇਹ ਯਾਦ ਰਹਿਣਾ ਚਾਹੀਦਾ ਹੈ:
ਦੀਵਾਰ ਕਿਆ ਗਿਰੀ ਮੇਰੇ ਖਸਤਾ ਮਕਾਨ ਕੀ
ਲੋਗੋਂ ਨੇ ਮੇਰੇ ਸਿਹਨ ਸੇ ਰਸਤੇ ਬਨਾ ਲੀਏ।