ਅਸਤਕਾਲ ਅਤੇ ਅਸਥੀਆਂ ਦੇ ਪੈਂਦੇ ਹਿੱਸੇ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਸ ਲੇਖ ਵਿਚ ਉਨ੍ਹਾਂ ਬੜੀ ਲਾਚਾਰੀ ਦੀ ਜ਼ਿੰਦਗੀ ਜਿਉਂ ਰਹੇ ਬਜ਼ੁਰਗਾਂ ਦੀ ਵਾਰਤਾ ਛੋਹੰਦਿਆਂ ਉਸ ਮਾਰਮਿਕ ਸਥਿਤੀ ਦਾ ਜ਼ਿਕਰ ਕੀਤਾ ਹੈ

ਜਦੋਂ ਬਜ਼ੁਰਗਾਂ ਦਾ ਅੰਤਿਮ ਸਸਕਾਰ ਵੀ ਬੱਚਿਆਂ ਲਈ ਬੋਝ ਬਣ ਜਾਂਦਾ ਹੈ। ਪਰਦੇਸਾਂ ਦੀ ਜ਼ਿੰਦਗੀ ਵਿਚ ਬਜ਼ੁਰਗਾਂ ਦੀਆਂ ਅੰਤਿਮ ਰਸਮਾਂ ਤਾਂ ਹੋਰ ਵੀ ਮਹਿੰਗੀਆਂ ਹੋ ਗਈਆਂ ਭਾਸਦੀਆਂ ਹਨ। ਅਜਿਹੇ ਵਿਚ ਪ੍ਰਿੰਸੀਪਲ ਬਾਜਵਾ ਨੇ ਨਸੀਹਤ ਦਿੱਤੀ ਹੈ ਕਿ ਵਾਧੂ ਦੀਆਂ ਰਸਮਾਂ ਤੋਂ ਬਚਿਆ ਜਾਵੇ। ਬਜ਼ੁਰਗ ਆਪਣੀ ਅੰਤਿਮ ਇੱਛਾ ਵਿਚ ਅਜਿਹਾ ਕੁਝ ਦਰਜ ਵੀ ਕਰ ਸਕਦੇ ਹਨ। -ਸੰਪਾਦਕ

ਪ੍ਰਿੰ. ਬਲਕਾਰ ਸਿੰਘ ਬਾਜਵਾ
ਫੋਨ: 647-402-2170

ਬਾਪ ਦੇ ਪੂਰੇ ਹੋ ਜਾਣ ਪਿੱਛੋਂ ਇਕਲੌਤਾ ਪੁੱਤ ਆਪਣੀ ਮਾਂ ਨੂੰ ਬਿਰਧ ਘਰ ਵਿਚ ਦਾਖਲ ਕਰਾ ਸੁਰਖਰੂ ਹੋ ਬੈਠਾ। ਕਦੀ ਕਦੀ ਮਿਲ ਜ਼ਰੂਰ ਆਉਂਦਾ। ਇੱਕ ਦਿਨ ਫੋਨ ਆਇਆ, ਮਾਂ ਅੰਤਲੇ ਸਾਹਾਂ ‘ਤੇ ਹੈ, ਮਿਲ ਜਾਓ। ਕੋਲ ਖਲੋਤੇ ਪੁੱਤ ਵੱਲ ਅੱਖਾਂ ਚੁੱਕ ਮਾਂ ਕਹਿੰਦੀ, “ਪੁੱਤ ਮੇਰੇ ਪਿੱਛੋਂ ਇਥੇ ਇੱਕ ਪੱਖਾ ਜ਼ਰੂਰ ਲੁਆ ਦਈਂ।”
ਪੁੱਤ ਬੋਲਿਆ, “ਕੀ ਲੋੜ ਹੈ ਮਾਂ। ਤੂੰ ਤਾਂ ਹੁਣ ਆਖਰੀ ਸਾਹਾਂ ‘ਤੇ ਹੈਂ।”
ਮਾਂ ਦਮ ਲੈਣ ਲਈ ਥੋੜ੍ਹਾ ਰੁਕੀ ਅਤੇ ਕਿਹਾ, “ਪੁੱਤ ਜਾਨ ਕੱਢਵੀਂ ਗਰਮੀ ‘ਚ ਮੈਂ ਤਾਂ ਇੱਥੇ ਸਮਾਂ ਕੱਟ ਲਿਆ ਪਰ ਪੁੱਤ! ਜਦੋਂ ਤੇਰੇ ਬੱਚੇ ਤੈਨੂੰ ਇੱਥੇ ਛੱਡ ਗਏ, ਮੈਨੂੰ ਪਤਾ ਐ, ਤੇਰੇ ਕੋਲੋਂ ਇਹ ਗਰਮੀ ਸਹਾਰੀ ਨਹੀਂ ਜਾਣੀ।” ਏਨਾ ਕਹਿ ਮਾਂ ਸ਼ਾਂਤ ਹੋ ਗਈ ਅਤੇ ਸਦਾ ਲਈ ਅੱਖਾਂ ਮੀਟ ਗਈ।
ਲੋਕ ਤਾਂ ਹੋਰ ਵੀ ਇੱਕ ਹਿਰਦੇਵੇਦਕ ਕਥਾ ਸੁਣਾਉਂਦੇ ਹਨ: “ਪ੍ਰੇਮਿਕਾ ਦੇ ਕਹੇ ‘ਤੇ ਪੁੱਤ ਮਾਂ ਦਾ ਦਿਲ ਕੱਢ ਛੇਤੀ ਤੋਂ ਛੇਤੀ ਪ੍ਰੇਮਿਕਾ ਕੋਲ ਪਹੁੰਚਣ ਲਈ ਭੱਜਾ ਜਾ ਰਿਹਾ ਸੀ। ਤੇਜ ਭੱਜੇ ਜਾਂਦੇ ਨੂੰ ਠੇਡਾ ਲੱਗਾ, ਡਿੱਗ ਪਿਆ। ਮਾਂ ਦੇ ਦਿਲ ‘ਚੋਂ ਦਰਦਮਈ ਹੂਕ ਨਿਕਲੀ, ਮਾਂ ਸਦਕੇ, ਪੁੱਤ ਸੱਟ ਤਾਂ ਨ੍ਹੀਂ ਲੱਗੀ?”
ਏਦਾਂ ਦਾ ਹੀ ਪਾਕਿਸਤਾਨੀ ਸ਼ਾਇਰ ਅਨਵਰ ਮਸੂਦ ਦੀ ਤਨਜ਼ੀਆ ਸ਼ਾਇਰੀ ਵਿਚ ਸੁਣਾਇਆ ਕਿੱਸਾ ਦੱਸੇ ਬਿਨਾ ਗੱਲ ਅੱਗੇ ਨਈਂ ਜੇ ਤੁਰਦੀ। ਪਿਆਰੇ ਦੋਸਤੋ! ਪਿਆਰੇ ਵੀਰੋ! ਮਾਸਟਰ ਲੇਟ ਆਏ ਬਸ਼ੀਰ ਨੂੰ ਪੁੱਛਦੈ, “ਓਏ ਬਸ਼ੀਰਿਆ, ਤੂੰ ਲੇਟ ਆਉਣੋਂ ਹਟਦਾ ਨਈਂ, ਕਰਾਂ ਤੇਰੀ ਮੁਰੰਮਤ?”
“ਮਾਸਟਰ ਜੀ, ਸਜ਼ਾ ਜੋ ਮਰਜ਼ੀ ਦੇ ਲਓ, ਇੱਕ ਵਾਰੀ ਮੇਰੀ ਗੱਲ ਸੁਣ ਲਓ।” ਮੁਨਸ਼ੀ ਮਾਸਟਰ ਮਸੂਦ ਆਪ ਏ। ਬਸ਼ੀਰਾ ਬੋਲਿਆ, “ਮੁਨਸ਼ੀ ਜੀ, ਅੱਜ ਸਵੇਰੇ ਔਹ ਬੈਠੇ ਅਕਰਮ ਦੀ ਮਾਂ, ਸਾਡੇ ਘਰ ਆਈ, ਉਹਦੇ ਮੱਥੇ ‘ਤੇ ਇੱਕ ਨੀਲਾ ਰੋੜ ਉਭਰਿਆ ਹੋਇਆ ਸੀ, ਬੁੱਲ੍ਹ ਸੁੱਜੇ ਹੋਏ ਸਨ, ਤੇ ਸਿੰਮੇ ਖੂਨ ਦੇ ਨਿਸ਼ਾਨ ਸਨ, ਅੱਖਾਂ ‘ਚ ਅੱਥਰੂ, ਬਹੁਤੀ ਹੀ ਬੇਹਾਲ ਜਿਹੀ, ਰੋਂਦੀ ਹੋਈ ਕਹਿੰਦੀ, ‘ਵੇ ਬਸ਼ੀਰਿਆ, ਪੁੱਤ ਅੱਜ ਫਿਰ ਤੇਰਾ ਯਾਰ ਅਕਰਮ, ਮੇਰੇ ਨਾਲ ਲੜ ਕੇ ਸਕੂਲ ਗਿਆ ਈ, ਰੋਟੀ ਨਹੀਓਂ ਲੈ ਕੇ ਗਿਆ, ਨਕਰਮਾ। ਆਹ ਮੈਂ ਕਾਹਲੀ ਕਾਹਲੀ ‘ਚ ਪੋਣੇ ‘ਚ ਮੱਖਣ ਤੇ ਸ਼ੱਕਰ ‘ਚ ਚੂਰੀ ਗੁੰਨੀ ਈ, ਲੈ ਜਾਈਂ ਵੇ ਪੁੱਤ, ਉਹਦੀਆਂ ਤਾਂ ਭੁੱਖ ਨਾਲ ਆਂਦਰਾਂ ਲੂਸਦੀਆਂ ਹੋਣੀਆਂ ਨੇ।’ ਤਾਂ ਹੀ ਲੇਟ ਹੋਇਆਂ।”
ਵੈਸੇ ਏਥੇ ਹੀ ਸਪਸ਼ਟ ਕਰ ਦਿਆਂ। ਸਾਰੇ ਧੀਆਂ-ਪੁੱਤ ਏਦਾਂ ਦੇ ਨਹੀਂ ਹੁੰਦੇ। ਏਥੇ ਪੂਣੀ ਕੇਵਲ ਉਸ ਔਲਾਦ ਦੀ ਕੱਤ ਰਿਹਾਂ, ਜਿਸ ਹੱਥੋਂ ਅਜਿਹੇ ਕਈ ਕਿਸਮ ਦੇ ਵਰਤਾਰੇ ਸੰਵੇਦਨਸ਼ੀਲ ਬਜ਼ੁਰਗ ਹੰਢਾਉਂਦੇ ਤੇ ਬੜੀ ਸ਼ਿਦਤ ਨਾਲ ਮਹਿਸੂਸ ਕਰਦੇ ਹਨ। ਖਬਰਾਂ ਵੀ ਪੜ੍ਹੀਦੀਆਂ ਹਨ। ਇਸ ਦੇ ਬਾਵਜੂਦ ਉਹ ਆਪਣੇ ਹੱਥੀਂ ਪਾਲੇ ਦਿਲ ਜਾਨ ਤੋਂ ਪਿਆਰੇ, ਕੋਮਲ, ਮਲੂਕ ਜਿਹੇ ਬੱਚਿਆਂ ਨੂੰ ਮਹਿਸੂਸ ਨਹੀਂ ਹੋਣ ਦਿੰਦੇ। ਜਦੋਂ ਉਹ ਦਿਲਗੀਰ ਹੋਏ ਆਪਣੇ ਸਸਕਾਰ ਸਮੇਂ ਦੇ ਦ੍ਰਿਸ਼ ਬਾਰੇ ਨਿਰਾਸ਼ਾਜਨਕ ਕਿੱਸੇ ਛੋਹ ਧਰਦੇ ਹਨ। ਪਰ ਲੋਕਾਚਾਰੀ ਵਜੋਂ ਸੁਣਦੇ ਜ਼ਰੂਰ ਨੇ, “ਕਾਹਨੂੰ ਭੈੜੀਆਂ ਗੱਲਾਂ ਕਰਦੇ ਓ, ਵਾਹਿਗੁਰੂ ਵਾਹਿਗੁਰੂ ਕਰੋ, ਅਸੀਂ ਹੈਗੇ ਆਂ।”
ਕੁਝ ਪੜ੍ਹੇ-ਲਿਖੇ ਤਾਂ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਆਪਣਾ ਆਪਣਾ ਹਿੱਸਾ’ ਵਿਚਲੀ ਬੁੱਢੇ ਪਿਉ, ਭਰਾਵਾਂ ਤੇ ਭੈਣ ਦਰਮਿਆਨ ਮਾਂ ਦੇ ‘ਕੱਠ ਬਾਰੇ ਸਿਖਰ ‘ਤੇ ਪਹੁੰਚੀ ਵਾਰਤਾਲਾਪ ਛੋਹ ਧਰਦੇ ਨੇ ਜੋ ਇਉਂ ਚੱਲਦੀ ਐ: “ਮਾਂ ਦਾ ‘ਕੱਠ ਕਰਨਾ ਗੱਜ ਵੱਜ ਕੇ, ਸਾਰੇ ਅੰਗ-ਸਾਕ ਸੱਦਣੇ ਨੇ। ਬੁਢੜੀ ਕਰਮਾਂ ਆਲੀ, ਦੋਹਤਿਆਂ-ਪੋਤਿਆਂ ਵਾਲੀ ਹੋ ਕੇ, ਉਮਰ ਭੋਗ ਕੇ ਗਈ ਆ, ਉਹਨੂੰ ਵੱਡਿਆਂ ਕਰਨਾ, ਹੈਂ ਕੀ ਸਲਾਹ ਐ?”
ਬਾਪ ਬੋਲਿਆ, “ਪੁੱਤ! ਮੇਰੀ ਕੀ ਸਲਾਹ ਹੋਣੀ ਐ, ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ।”
ਭਰਾਵਾਂ ਤੇ ਭੈਣ ਵਿਚ ਚੱਲਦੀ ਠੰਡੀ-ਤੱਤੀ ਸਲਾਹ ਅਖੀਰ ਦੋਹਾਂ ਭਰਾਵਾਂ ਤੋਂ ਮਾੜੀ ਆਰਥਕ ਦਸ਼ਾ ਵਿਚ ਖੇਤੀ ਵਾਲਾ ਛੋਟਾ ਘੁੱਦੂ ਬੋਲਿਆ, “ਵੇਖੋ ਜੀ! ਤੁਹਾਡੇ ਤੋਂ ਕੋਈ ਗੁੱਝੀ-ਛਿਪੀ ਗੱਲ ਨ੍ਹੀਂ, ਆਪਾਂ ਆਂ ਮਾੜੇ, ਆਪਣੇ ਤੋਂ ਤਾਂ ਅਜੇ ਨ੍ਹੀਂ ਜੇ ਗੰਗਾ-ਗੁੰਗਾ ਪੁਗਦੀਆਂ। ਜੇ ਬਹੁਤੀ ਗੱਲ ਐ ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਆਓ, ਤੇ ਆਹ ਬੁੱਢੜਾ ਬੈਠਾ, ਤੁਹਾਡੇ ਸਾਹਮਣੇ ਜਿਉਂਦਾ ਜਾਗਦਾ, ਇਹਦੇ ਮੈਂ ‘ਕੱਲਾ ਈ ਗੰਗਾ ਪਾ ਆਊਂ। ਸੱਚੀ ਗੱਲ ਐ, ਅਜੇ ਆਪਣੀ ਪੁੱਜਤ ਨ੍ਹੀਂ, ਤੇ ਜੇ ਇਹ ਸੌਦਾ ਵੀ ਨ੍ਹੀਂ ਮਨਜ਼ੂਰ ਤਾਂ ਸਰਦਾਰ ਜੀ, ਔਹ ਕਿੱਲੀ ‘ਤੇ ਤੀਜੇ ਹਿੱਸੇ ਦੇ ਫੁੱਲ ਟੰਗ ਦਿਓ, ਜਦੋਂ ਮੇਰੀ ਪਹੁੰਚ ਪਈ, ਮੈਂ ਆਪੇ ਪਾ ਆਊਂ।” ਆਖ ਕੰਮ ਜਾ ਲੱਗਾ।
ਅਜਿਹੀਆਂ ਅਸਲੀਅਤਾਂ ਬਜ਼ੁਰਗਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਅਰਜਨ ਦੀ ਅੱਖ ਵਾਂਗ ਮੱਛੀ ਦੀ ਅੱਖ ਤੇ ਤੀਰ ਦੇ ਨਿਸ਼ਾਨੇ ਨੂੰ ਇੱਕ ਲਾਈਨ ‘ਚ ਸੇਧਤ ਹੋ ਜਾਂਦੀਆਂ ਹਨ। ਉਹ ਮੂੰਹ-ਰੱਖਣੀਆਂ ਨਾਲ ਪਸੀਜਦੇ ਨਹੀਂ, ਅਤੇ ਨਾਲੇ ਉਨ੍ਹਾਂ ਸਾਰੀ ਉਮਰ ਆਪਣੇ ਹੱਥੀਂ ਪਾਲੇ ਪਿਆਰੇ ਬੱਚਿਆਂ ‘ਤੇ ਕਦੀ ਬੋਝ ਨਹੀਂ ਪੈਣ ਦਿੱਤਾ। ਉਹ ਨਹੀਂ ਚਾਹੁੰਦੇ ਕਿ ਅੰਤ ਕਾਲ ਵੇਲੇ ਉਨ੍ਹਾਂ ਦੀਆਂ ਅਸਥੀਆਂ ਦੇ ਹਿੱਸੇ ਪੈਣ। ਉਹ ਆਪਣੇ ਅੰਤ ਕਾਲ ਦੇ ਸੰਭਾਵੀ ਬੋਝ ਨੂੰ ਇਸ ਮੰਡੀ ਸਮਾਜ ਵਿਚ ਏਨਾ ਸੁਖਾਲਾ, ਸਰਲ ਤੇ ਸਸਤਾ ਜਿਹਾ ਬਣਾ ਜਾਣਾ ਚਾਹੁੰਦੇ ਹਨ ਕਿ ਕਿਸੇ ਨੂੰ ਅਸਥੀਆਂ ਦੇ ਹਿੱਸੇ ਨਾ ਪਾਉਣੇ ਪੈਣ।
‘ਮਾਪੇ ਕਦੀ ਨਾ ਹੋਣ ਕੁਮਾਪੇ ਭਾਵੇਂ ਲੱਖ ਮੁਸੀਬਤਾਂ ਪੈਣ।’ ਅਜੋਕੀਆਂ ਪਦਾਰਥਕ ਖੁਦਗਰਜ਼ੀਆਂ ‘ਚ ਪੁੱਤ ਕਪੁੱਤ ਹੁੰਦੇ ਦੇਖੇ ਜਾ ਰਹੇ ਹਨ। ਅਨੇਕ ਕਥਾਵਾਂ ਪੜ੍ਹੀਦੀਆਂ-ਸੁਣੀਦੀਆਂ ਹਨ। ਚੰਗੇ ਮੁਰਾਤਬੇ ‘ਤੇ ਪਹੁੰਚੇ, ਕੋਠੀਆਂ ‘ਚ ਨੌਕਰਾਂ ਤੇ ਕਾਰਾਂ ਦੇ ਸੁਖ ਸਹੂਲਤਾਂ ਮਾਣਦੇ ਪੁੱਤ ਮਹੀਨਿਆਂ ਦੇ 28, 29, 30, 31 ਦਿਨਾਂ ਦੇ ਹਿਸਾਬ ਨਾਲ ਮਾਪਿਆਂ ਨੂੰ ਰੱਖਣ ਦੀਆਂ ਕਮੀਨੀਆਂ ਗੱਲਾਂ ਕਰਦੇ ਹਨ। ਦਿਨਾਂ ਦਾ ਹਿਸਾਬ ਕਰਦੇ ਆਪਣੇ ਜਨਮਦਾਤਿਆਂ ਨੂੰ ਕਈ ਵਾਰੀ ਗੇਟ ਤੋਂ ਵੀ ਅੰਦਰ ਨਹੀਂ ਵੜਨ ਦਿੰਦੇ। ਉਸ ਵੇਲੇ ਧੀਆਂ ਭਾਵੇਂ ਰੱਸੀਆਂ ਧਰ ਹਿੱਸੇ ਨਹੀਂ ਵੰਡਦੀਆਂ ਪਰ ਉਹ ਫਿਰ ਵੀ ਔਖੀ ਬਣੀ ਵੇਲੇ ਬਹੁੜਦੀਆਂ ਹਨ। ਅਜਿਹੀਆਂ ਦੁਰਗਤੀਆਂ ਦੇ ਕਿੱਸੇ ਸੁਣ ਸੁਣ ਪਸੀਨੇ ਛੁਟ ਪੈਂਦੇ ਹਨ, ਤੇ ਜਿਨ੍ਹਾਂ ਦਾ ਇਕਲੌਤਾ ਪੁੱਤ ਵੀ ਉਨ੍ਹਾਂ ਦੇ ਪੱਖ ਵਿਚ ਨਹੀਂ ਬੋਲਦਾ, ਉਨ੍ਹਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਏਦੂੰ ਵੱਧ ‘ਦੁਰਗਤੀ’ ਕੀ ਹੋਵੇਗੀ ਜਦੋਂ ਬਜ਼ੁਰਗਾਂ ਨੂੰ ਹਰ 15-16 ਦਿਨਾਂ ਪਿੱਛੋਂ ਦੂਜੇ ਕੋਲ ਛੱਡਣ ਲਈ ਘਰੋਂ ਤੋਰ ਦਿੱਤਾ ਜਾਂਦੈ।
ਕਈ ਵਾਰੀ ਪੁੱਤ ਵੱਡੀਆਂ ਅਫਸਰੀਆਂ ਮਾਣਦੇ ਹੁੰਦੇ ਨੇ ਅਤੇ ਬਾਪ ਬਿਰਧ ਆਸ਼ਰਮ ਵਿਚ ਪਹੁੰਚਾਇਆ ਹੁੰਦਾ। ਕੈਨੇਡੀਅਨ ਸਰਕਾਰ ਵੱਲੋਂ ਮਿਲਦੀ ਪੈਨਸ਼ਨ ਦੇ ਹਿੱਸੇ ਪਾਏ ਜਾਂ ਹਿੱਸਿਆਂ ਦੀਆਂ ਆਸਾਂ ਰੱਖੀਆਂ ਜਾਂਦੀਆਂ ਹਨ। ਤੇਜ਼ ਕਾਰੋਬਾਰੀ ਰੁਝੇਵਿਆਂ ਵਿਚ ਬੁੱਢੇ ਦੀ ਦੇਹ ਨੂੰ ਸੰਭਾਲਣ ਦੇ ਕਾਰਜ ਨੂੰ ‘ਕੰਮ ‘ਚ ਘੜੰਮ’ ਪਿਆ ਲੱਗਦੈ। ਫੁੱਲ ਚੁਗਣ ਵੇਲੇ ਸਿਵੇ ਦੇ ਠੰਡੇ ਹੋਣ ਦੀ ਉਡੀਕ ‘ਚ ਜੇ ਦੇਰੀ ਹੋ ਜਾਵੇ ਤਾਂ ਕੁਲੱਛਣੇ ਬੋਲ ਸੁਣਨ ਨੂੰ ਮਿਲਦੇ ਹਨ, “ਹਾਏ, ਬੁੱਢੇ ਦੀਆਂ ਹੱਡੀਆਂ ਚੁਗਣ ‘ਚ ਏਨਾ ਚਿਰ! ਕਰਨ ਵਾਲੇ ਏਨੇ ਕੰਮ ਪਏ ਨੇ, ਬੁੱਢਾ ਮਰ ਕੇ ਵੀ, ਵਖਤ ਪਾਈ ਬੈਠਾ।”
ਇਸ ਸੋਚ ਅਧੀਨ ਕੈਨੇਡੀਅਨ ਬਜ਼ੁਰਗਾਂ ਦੀਆਂ ਕਲੱਬਾਂ ਵਿਚ ਬਜ਼ੁਰਗ ਜਿੱਥੇ ਆਪਣੇ ਰੋਜ਼ਾਨਾ ਮਨਪ੍ਰਚਾਵੇ ਅਤੇ ਸਾਲਾਨਾ ਸੈਰ-ਸਪਾਟਿਆਂ ਦੀਆਂ ਸਰਗਰਮੀਆਂ ਕਰਦੇ ਰਹਿੰਦੇ ਹਨ, ਉਥੇ ਉਨ੍ਹਾਂ ਆਪਣੇ ਅੰਤ ਕਾਲ ਵੇਲੇ ਦੇ ਮਸਲਿਆਂ ਨੂੰ ਆਪ ਹੀ ਕਿਉਂਟਣ ਦੇ ਰੱਸੇ-ਪੈੜੇ ਵੱਟਣੇ ਅਰੰਭ ਦਿੱਤੇ ਹਨ। ਉਨ੍ਹਾਂ ਨੇ ਤਾਂ ਉਹ ਵੀ ਕਹਾਣੀ ਸੁਣੀ ਹੋਈ ਹੈ, ਜਦੋਂ ਅਸਤ ਹੋ ਚੁਕੀ ਪਤਨੀ ਨੂੰ ਇੱਕ ਪਤੀ ਚਿੱਠੀ ਲਿਖਦਾ ਹੈ, “ਬਲਵੰਤ ਕੁਰੇ, ਤੇਰੇ ਸਸਕਾਰ ਵੇਲੇ, ਤੇਰੇ ਲਾਡਲਿਆਂ ਨੇ ਟਾਲੇ ਵੱਟੇ ਸਨ, ਕੀ ਕੀ ਦੱਸਾਂ, ਕਾਲਜਾ ਬਾਹਰ ਨੂੰ ਆਉਂਦੈ। ਇੱਕ ਕਹਿੰਦਾ, ‘ਤੁਸੀਂ ਪ੍ਰਬੰਧ ਕਰੋ, ਮੇਰੀ ਚੰਡੀਗੜ੍ਹ ਇੱਕ ਮੀਟਿੰਗ ਏ, ਮੈਂ ਪਹੁੰਚੂੰ ਜ਼ਰੂਰ, ਪਰ ਦਾਗ ਲਾਉਣ ਵੇਲੇ।’ ਦੂਜਾ, ਜੋ ਵੱਡਾ ਕਾਰੋਬਾਰੀ ਈ, ਲਾਗਲੇ ਸ਼ਹਿਰ ਕੋਠੀ ਬਣਾ, ਭਾਈਚਾਰੇ ‘ਚ ਪੂਰਾ ਚਿੱਟ ਕੱਪੜੀਆ ਬਣਿਆ ਫਿਰਦੈ, ਮਸੀਂ ਹੀ ਤੇਰੇ ਇਸ਼ਨਾਨ ਵੇਲੇ ਪਹੁੰਚਿਆ। ਅਖੇ ਕੱਲ ਬੱਚਿਆਂ ਦੇ ਪੇਪਰ ਸਨ। ਏਦਾਂ ਹੀ ਉਨ੍ਹਾਂ ਤੇਰੇ ਭੋਗ ‘ਤੇ ਕੀਤਾ। ਐਨ ਉਦੋਂ ਪਹੁੰਚੇ ਜਦੋਂ ਭਾਈ ਅਰਦਾਸ ਕਰਨ ਉਠਿਆ। ਇਹ ਵਰਤਾਰਾ ਵੇਖਦਿਆਂ, ਮੈਂ ਤਾਂ ਬਲਵੰਤ ਕੌਰੇ, ਆਪਣਾ ਕੱਫਣ ਵੀ ਤਿਆਰ ਕਰ ਰੱਖਿਆ ਈ, ਅਰਥੀ ਦੀ ਸਜਾਵਟ ਦੀਆਂ ਝੰਡੀਆਂ ਵਗੈਰਾ ਵੀ ਲੈ ਰੱਖੀਆਂ ਹਨ, ਤੇ ਅੱਜ ਆਪਣੇ ਹੱਥੀਂ ਆਪ ਹੀ, ਭੋਗ ਵੀ ਪਵਾ ਦਿੱਤਾ ਈ, ਐਵੇਂ ਖਰਚਿਆਂ ਦੇ ਹਿੱਸੇ ਪਾਉਂਦੇ ਫਿਰਨਗੇ। ਸ਼ਰੀਕੇ ਨੂੰ ਤੇ ਸਾਰੇ ਸਾਕ-ਸਬੰਧੀਆਂ ਨੂੰ ਬੁਲਾ ਕੇ ਇੱਕ ਵੱਡੇ ‘ਕੱਠ ਵਾਲਾ ਲੈਣ-ਦੇਣ, ਤੇ ਖਾਣ-ਪੀਣ ਦੇ ਅਡੰਬਰ ਮੁਕਾ ਹੁਣ ਸੁਰਖਰੂ ਹੋ, ਹੌਲਾ ਫੁੱਲ ਮਹਿਸੂਸ ਕੀਤਾ ਈ। ਤੈਨੂੰ ਆਹ ਚਿੱਠੀ ਲਿਖ ਦਿੱਤੀ ਆ, ਤਾਂ ਜੋ ਸਨਦ ਰਹੇ, ਅਗਲੀਆਂ ਪੀੜ੍ਹੀਆਂ ਲਈ, ਆਦਿ ਇਤਿਆਦਿ। ਬੰਤ ਸਿੰਘ ਬਕਲਮਖੁਦ।”
ਜਦੋਂ ਬਜ਼ੁਰਗਾਂ ਨੇ ਆਪਣੇ ਸਸਕਾਰ ਦਾ ਅਗਾਓਂ ਪ੍ਰਬੰਧ ਕਰਨ ਦਾ ਬੀੜਾ ਚੁੱਕਿਆ ਤਾਂ ਕਈਆਂ ਨੇ ਇਹਨੂੰ ਬਦਸ਼ਗਨੀ ਕਿਹਾ। ਪਰ ਇਹ ਅੰਤ ਕਾਲ ਦੇ ਸੱਚ ਹਨ। ਸਭ ਨੂੰ ਪਤਾ ਹੈ ਇਹ ਆਖਰੀ ਵੇਲਾ ਰਾਜੇ ਰਾਣਿਆਂ ‘ਤੇ ਵੀ ਆਇਆ ਸੀ। ਉਨ੍ਹਾਂ ‘ਤੋਂ ਵੀ ਨਹੀਂ ਸੀ ਟਲਿਆ, ਜਿਨ੍ਹਾਂ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ। ਇਹਨੇ ਟਲਣਾ ਨਹੀਂ, ਕਿਸੇ ਵੇਲੇ ਵੀ ਵਾਪਰ ਸਕਦੈ, ਕਿਸੇ ‘ਤੇ ਵੀ। ਇਨ੍ਹਾਂ ਵਿਚਾਰਾਂ, ਕਿਆਸਾਂ ਤਹਿਤ ਹੋਂਦ ‘ਚ ਆਈ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਉਦਮਾਂ ਤੇ ਚਾਰਾਜੋਈਆਂ ਨੇ ਇਸ ਮਸਲੇ ‘ਤੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਮੀਟਿੰਗ ਵਿਚ ਹਾਜ਼ਰ ਸੀਨੀਅਰਜ਼ ਕਲੱਬਾਂ ਦੇ ਨੁਮਾਇੰਦਿਆਂ ਨੂੰ ਐਸੋਸੀਏਸ਼ਨ ਦੇ ਸਪੋਕਸਮੈਨ ਨੇ ਸਸਕਾਰ ਪ੍ਰਾਜੈਕਟ ਦੀ ਰਿਪੋਰਟ ਪੇਸ਼ ਕੀਤੀ ਜਿਸ ਦਾ ਸਭ ਨੇ ਇੱਕ ਵੱਡੀ ਪ੍ਰਾਪਤੀ ਵਜੋਂ ਸਵਾਗਤ ਕੀਤਾ। ਉਸ ਨੇ ਇਸ ਮੀਟਿੰਗ ਵਿਚ ਅਸਤਕਾਲ ਵੇਲੇ ਦੇ ਪ੍ਰਬੰਧ ਦਾ ਵਿਸਤ੍ਰਿਤ ਖੁਲਾਸਾ ਕੀਤਾ।
ਸੰਜਮੀ ਜੀਵਨ ਸ਼ੈਲੀ ਦੇ ਮਾਲਕ ਬਜ਼ੁਰਗਾਂ ਲਈ ਕੈਨੇਡਾ ਵਿਚ ਮਰਨ ਬਾਅਦ 15-20 ਹਜ਼ਾਰ ਡਾਲਰ ਸਸਕਾਰ ‘ਤੇ ਖਰਚਣਾ ਬੜਾ ਹੀ ਫਜ਼ੂਲ ਲੱਗਦੈ। ਭਾਵੇਂ ਉਨ੍ਹਾਂ ਦੇ ਬੱਚਿਆਂ ਲਈ ਇਹ ਖਰਚ ਪਿਤਰੀ ਮੋਹ ਦੇ ਸਾਹਮਣੇ ਕੁਝ ਵੀ ਨਾ ਲੱਗਦਾ ਹੋਵੇ, ਪਰ ਬਜ਼ੁਰਗ ਇਸ ਰਕਮ ਨੂੰ ਬਹੁਤ ਵੱਡੀ ਸਮਝਦੇ ਹਨ। ਇੰਡੀਆ ਦੇ ਰੁਪਿਆਂ ਮੁਤਾਬਕ ਕੈਨੇਡਾ ਵਿਚ ਇੱਕ ਬੰਦੇ ਦਾ ਮਰਨਾ 10-12 ਲੱਖ ‘ਚ ਪੈਂਦੈ। ਪੰਜਾਬ ਵਿਚ ਏਨੇ ਪੈਸੇ ਨਾਲ ਕੁੜੀ ਵਿਆਹੀ ਜਾ ਸਕਦੀ ਹੈ। ਇਸ ਲਈ ਐਸੋਸੀਏਸ਼ਨ ਨੇ ਸਸਕਾਰਾਂ ਵਾਸਤੇ ਇੱਕ ਸੰਜਮੀ ਰਾਹ ਤਲਾਸ਼ ਲਿਐ। ਸਸਕਾਰ ਦੋ ਕਿਸਮ ਦੇ ਹਨ। ਇੱਕ ਦਾ ਨਾਮ ਹੈ ਹਿੰਦੂ-ਸਿੱਖ ਬੇਸਿਕ ਸਸਕਾਰ ਅਤੇ ਦੂਜਾ ਹੈ, ਹਿੰਦੂ-ਸਿੱਖ ਸ਼ਾਹੀ ਸਸਕਾਰ। ਪਿਛਲੇ ਵਿਚ ਉਹ ਸਭ ਕੁਝ ਹੁੰਦਾ ਹੈ ਜੋ ਆਮ 10-12 ਹਜ਼ਾਰ ਵਾਲੇ ਸਸਕਾਰ ਵਿਚ ਹੁੰਦੈ। ਸਸਕਾਰ ਸੇਵਾਵਾਂ ਲਈ ਕੇਵਲ 100 ਡਾਲਰ ਦੀ ਅਡਵਾਂਸ ਅਦਾਇਗੀ ਨਾਲ ਬੁਕਿੰਗ ਕੀਤੀ ਜਾ ਸਕਦੀ ਹੈ। ਬੇਸਿਕ ਸਸਕਾਰ ਸਿਰਫ 1600 ਡਾਲਰ ਵਿਚ ਹੋ ਜਾਂਦੈ।
ਸ਼ਾਹੀ ਸਸਕਾਰ ਵਿਚ ਸਿਰਫ 30-35% ਵੱਧ ਖਰਚ ਹੁੰਦੈ। ਆਮ ਰਿਸ਼ਤੇਦਾਰ ਸ਼ਾਹੀ ਸਸਕਾਰ ਦੀ ਸਲਾਹ ਦਿੰਦੇ ਹਨ। ਜੇ ਤੁਸੀਂ ਇਸ ਅਡਵਾਂਸ ਦੀ ਵਰਤੋਂ ਨਹੀਂ ਕਰਦੇ ਤਾਂ ਐਗਰੀਮੈਂਟ ਚਿੱਠੀ ਐਸੋਸੀਏਸ਼ਨ ਨੂੰ ਵਾਪਸ ਕਰਕੇ ਅਡਵਾਂਸ ਵਾਪਸ ਲੈ ਸਕਦੇ ਹੋ। ਇਸ ਪੈਕੇਜ ਦਾ ਸੰਚਾਰ ਅਖਬਾਰਾਂ, ਟੀ. ਵੀ. ਅਤੇ ਰੇਡੀਓ ਰਾਹੀਂ ਕੀਤਾ ਜਾ ਰਿਹੈ। ਸਭ ਨੇ ਹੀ ਇਸ ਸੁਵਿਧਾ ਦੀ ਸ਼ਲਾਘਾ ਕੀਤੀ ਅਤੇ ਕਲੱਬਾਂ ਨੂੰ ਇਸ ਪੈਕੇਜ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ। ਸਸਤੀ ਸਸਕਾਰ ਦੀ ਜਾਣਕਾਰੀ ਦਾ ਇੱਕ ਪੈਕੇਜ ਹਾਜ਼ਰ ਕਲੱਬਾਂ ਨੂੰ ਵੰਡਣ ਲਈ ਦਿੱਤਾ ਗਿਆ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਨੂੰ ਬੜਾ ਹੁੰਗਾਰਾ ਮਿਲਿਆ।
ਜੇ ਆਮ ਸੰਗਤ ਇਸ ਨਿਵੇਕਲੇ ਤਰੀਕੇ ਸਸਕਾਰ ਕਰਨ ਦੀ ਪਿਰਤ ਪਾ ਲਵੇ ਤਾਂ ਭਾਈਚਾਰੇ ਦਾ ਲੱਖਾਂ ਡਾਲਰ ਬਚ ਸਕਦੈ। ਆਪਣੇ ਪਿਆਰੇ ਬੱਚਿਆਂ ਕੋਲੋਂ ਅਸੀਸਾਂ ਲੈਣ ਦਾ ਇਹ ਇੱਕ ਉਤਮ ਤਰੀਕਾ ਹੈ। ਆਪਣੀ ਸੰਜਮੀ ਜੀਵਨ ਜਾਚ ਦਾ ਜਾਂਦੀ ਵਾਰੀ ਵੀ ਵਿਖਾਵਾ ਕਰ ਵਿਖਾਓ। ਆਉਣ ਵਾਲੀਆਂ ਨਸਲਾਂ ਤੁਹਾਨੂੰ ਯਾਦ ਕਰਨਗੀਆਂ।
ਇਸ ਮੰਡੀ ਸਿਸਟਮ ਵਿਚ ਆਪਣੇ ਸਸਕਾਰ ਨੂੰ ਘੱਟ ਤੋਂ ਘੱਟ ਭਾਅ ‘ਤੇ ਕਿਉਂਟਣ ਲਈ ਬਜ਼ੁਰਗ ਆਖਰੀ ਸਮੇਂ ‘ਤੇ ਕਿਸੇ ਕਿਸਮ ਦਾ ਬੋਝ ਨਹੀਂ ਬਣਨਾ ਚਾਹੁੰਦੇ। ਉਹ ਆਪਣੇ ਆਪ ਆਪਣਾ ਬੋਝ ਸਮੇਟ ਰੁਖਸਤ ਹੋਣ ਦੀ ਠਾਣੀ ਬੈਠੇ ਹਨ। ਉਨ੍ਹਾਂ ਨੇ ਕਈ ਵਾਰੀ ਪਰਿਵਾਰਕ ਤਾਣੇ-ਪੇਟੇ ਦੇ ਤਣਾਅਵਾਂ ਵਿਚ ਗੁਆਚੀਆਂ ਕਦਰਾਂ ਦੇ ਬਣਦੇ ਦੁਸਹਿਰੇ ਅੱਖੀਂ ਵੇਖੇ ਹਨ। ਕਈ ਅਤਿ ਦੇ ਅਣਹੋਣੇ ਭਾਣੇ ਜੱਗ ਜ਼ਾਹਰ ਹਨ। ਅਜਿਹੇ ਵਰਤਾਰੇ ਵਿਚ ਅੰਤਲੇ ਸਮੇਂ ਹੁੰਦੀ ਖੁਆਰੀ ਤੋਂ ਬਚਣ ਲਈ ਇਸ ਪੰਜਭੂਤੀ ਦੇਹ ਨੂੰ ਕਿਉਂਟਣ ਦੇ ਪ੍ਰਬੰਧਾਂ ਨੂੰ ਅਗਾਊਂ ਤਿਆਰ ਕਰ ਲਿਐ। ਅਜਿਹੇ ਅਹਿਸਾਸ ਉਨ੍ਹਾਂ ਮਾਲੀਆਂ ਨੂੰ ਹੀ ਹੁੰਦੈ, ਜਿਨ੍ਹਾਂ ਨੇ ਆਪਣੇ ਹੱਥਾਂ ਅਤੇ ਪਲਕਾਂ ਦੇ ਸਾਏ ਹੇਠ ਆਪਣੇ ਪਰਿਵਾਰਕ ਬਾਗ ਨੂੰ ਪਾਲਿਆ ਹੁੰਦੈ।
ਬਜ਼ੁਰਗ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਰਿਵਾਰ ਅੰਤਿਮ ਰਸਮਾਂ ‘ਤੇ ਵੱਡੀਆਂ ਰਕਮਾਂ ਖਰਚਣ। ਇਸੇ ਕਰਕੇ ਮਜਬੂਰੀਵੱਸ ਕਈ ਘਰਾਂ ਵਾਲੇ ਬਜ਼ੁਰਗਾਂ ਨੂੰ ਮਰਨ ਲਈ ਪੰਜਾਬ ਭੇਜ ਦਿੰਦੇ ਹਨ। ਉਨ੍ਹਾਂ ਲਈ ਘਰ ਦੀਆਂ ਮੌਰਗੇਜਾਂ ਅਤੇ ਬੱਚਿਆਂ ਦੀ ਪੜ੍ਹਾਈ ਵਗੈਰਾ ਦੇ ਭਾਰੀ ਖਰਚੇ ਇੱਕ ਚੈਲਿੰਜ ਬਣ ਜਾਂਦੇ ਹਨ। ਲੋਕ ਸਸਕਾਰ ਵਰਗੇ ਮਹਿੰਗੇ ਫਜ਼ੂਲ ਦੇ ਖਰਚੇ ਦੇ ਬੋਝ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਕਈ ਬਜ਼ੁਰਗਾਂ ਨੇ ਤਾਂ ਆਪਣੀਆਂ ਨਿਰਜਿੰਦ ਦੇਹਾਂ ਨੂੰ ਦਾਨ ਵੀ ਕਰ ਰੱਖਿਆ ਹੋਇਐ। ਹਸਪਤਾਲ ਵਾਲੇ ਸੰਭਾਲਣ, ਖੋਜਾਂ ਕਰਨ ਤੇ ਆਉਂਦੀਆਂ ਪੁਸ਼ਤਾਂ ਦੀ ਸਿਹਤ ਲਈ ਨਵੇਂ ਗਿਆਨ ਦੀ ਖੋਜ ਕਰਨ।
ਸਾਡੇ ਧਰਮ ਵਿਚ ਮਰਨ ਪਿੱਛੋਂ ਮਹਿੰਗੇ ਤਾਬੂਤਾਂ ਵਿਚ ਰੱਖਣਾ ਸਾਡੇ ਕਿਸੇ ਵੀ ਰੀਤੀ-ਰਿਵਾਜ ਵਿਚ ਸ਼ਾਮਲ ਨਹੀਂ। ਇਹ ਪਰੰਪਰਾ ਸਿਰਫ ਸਰਮਾਏਦਾਰੀ ਸਿਸਟਮ ਦੀ ਕਾਢ ਹੈ। ਕੈਨੇਡਾ ਵਿਚ ਜਿੱਥੇ ਆਪਣੇ ਧਾਰਮਕ ਸੰਸਕਾਰਾਂ ਨੂੰ ਕਾਇਮ ਰੱਖਣ ਦੀ ਪੂਰੀ ਖੁੱਲ੍ਹ ਹੈ, ਉਥੇ ਕਿਸੇ ਵੀ ਧਰਮ ਵਾਲੇ ਨੇ ਅਜੇ ਤੱਕ ਇਹ ਖੁੱਲ੍ਹ ਲੈਣ ਦੀ ਜੁਰਅਤ ਨਹੀਂ ਕੀਤੀ ਕਿ ਅਸੀਂ ਆਪਣੇ ਮੁਰਦੇ ਨੂੰ ਮਹਿੰਗੇ ਤਾਬੂਤ ਵਿਚ ਨਹੀਂ ਰੱਖਣਾ। ਤਾਬੂਤ ਵੇਚਣ ਵਾਲਿਆਂ ਨੇ ਇਹ ਵਹਿਮ ਖਿਲਾਰ ਰੱਖਿਐ ਕਿ ਤਾਬੂਤ ਕਾਨੂੰਨ ਜ਼ਰੂਰੀ ਹੈ। ਇਸ ਤੋਂ ਬਿਨਾ ਸਸਕਾਰ ਨਹੀਂ ਹੋ ਸਕਦਾ ਪਰ ਇਹ ਨਿਰਾ ਵਪਾਰਕ ਢਕੌਂਸਲਾ ਹੈ। ਇਹ ਮਜ਼ਬੂਰੀ ਨਹੀਂ, ਇੱਕ ਭੇਡ ਚਾਲ ਹੈ। ਜਿਵੇਂ ਵਪਾਰੀ ਲੋਕਾਂ ਨੇ ਮਦਰ’ਜ਼ ਡੇ, ਫਾਦਰ’ਜ਼ ਡੇ ਅਤੇ ਹੋਰ ਖਰਚੀਲੇ ਤਿਉਹਾਰ ਜਿਵੇਂ ਹਾਲੋਵੀਨ, ਕ੍ਰਿਸਮਸ ਅਤੇ ਬੌਕਸ ਡੇਅ ਪ੍ਰਚਲਿਤ ਕਰ ਰੱਖੇ ਹਨ। ਇਸੇ ਤਰ੍ਹਾਂ ਲਿਸ਼ਕਾਂ ਮਾਰਦੇ ਵੱਡੇ ਵੱਡੇ ਹਾਲਾਂ ਵਾਲੇ ਸਸਕਾਰ ਘਰਾਂ ਵਿਚ ਸਾਧਾਰਣ ਬੰਦੇ ਦਾ ਸਸਕਾਰ ਐਸੇ ‘ਪੰਪ ਐਂਡ ਸ਼ੋਅ’ ਨਾਲ ਕਰਦੇ ਹਨ, ਜਿਵੇਂ ਉਹ ਕਿਸੇ ਸ਼ਾਹੀ ਪਰਿਵਾਰ ਦਾ ਬੰਦਾ ਹੋਵੇ। ਭਾਵੇਂ ਬੰਦੇ ਨੇ ਅੰਤ ਕਾਲ ਬਿਰਧ ਆਸ਼ਰਮ ‘ਚ ਗੁਜ਼ਾਰਿਆ ਹੋਵੇ। ਵੇਖਾ-ਵੇਖੀ ਲੋਕ ਉਸੇ ਤਰ੍ਹਾਂ ਇਸ ਭੇਡ ਚਾਲ ਦਾ ਸ਼ਿਕਾਰ ਹੋਈ ਜਾ ਰਹੇ ਹਨ, ਜਿਵੇਂ ਪੰਜਾਬ ਵਿਚ ਮੈਰਿਜ ਪੈਲੇਸਾਂ ‘ਚ ਪੰਜਾਬੀ ਗਾਇਕਾਂ ਨੂੰ ਸੱਦਣ ਲਈ ਲੱਖਾਂ ਖਰਚਦੇ ਹਨ।
ਐਸੇ ਕ੍ਰੀਮੇਸ਼ਨ ਸੈਂਟਰ ਵੀ ਹਨ ਜੋ ਇੱਕ ਗੱਤੇ ਦੇ ਡੱਬੇ ਵਿਚ ਦੇਹ ਹਸਪਤਾਲ ਤੋਂ ਪ੍ਰਾਪਤ ਕਰ ਲੈਂਦੇ ਹਨ। ਆਪਣੀ ਸਮਿਟਰੀ ਵਿਚ ਦੇਹ ਨੂੰ ਲਾਈਨ ਵਿਚ ਲਾ ਦਿੱਤਾ ਜਾਂਦੈ। ਹਫਤੇ ਦੇ ਵਿਚ ਵਿਚ ਜਿਸ ਦਿਨ ਨੰਬਰ ਲਗਣਾ ਹੋਵੇ, ਉਸ ਦਿਨ ਪਰਿਵਾਰ ਨੂੰ ਦਰਸ਼ਨ ਕਰਨ ਲਈ ਇੱਕ-ਅੱਧੇ ਘੰਟੇ ਦਾ ਸਮਾਂ ਦਿੰਦੇ ਹਨ। ਤੁਸੀਂ ਆਪਣੇ ਪਰਿਵਾਰਾਂ ਨਾਲ ਕੀਰਤਨ ਸੋਹਲਾ ਪੜ੍ਹੋ ਅਤੇ ਅੰਤਿਮ ਅਰਦਾਸ ਕਰੋ। ਗੁਰਦੁਆਰੇ ਜਾਂ ਮੰਦਿਰ ਜਾ ਕੇ ਇਕੱਠੇ ਹੋ ਅਰਦਾਸ ਕਰੋ ਤੇ ਪਬਲਿਕ ਸ਼ਰਧਾਂਜਲੀਆਂ ਦੇਵੋ। ਤੁਹਾਡਾ ਕੰਮ ਸੰਪੰਨ ਹੋ ਜਾਂਦੈ। ਸਾਰੀ ਦਿਹਾੜੀ ਕਦੇ ਸ਼ੋਇੰਗ, ਕਦੇ ਸਸਕਾਰ ਅਤੇ ਕਦੇ ਗੁਰਦੁਆਰੇ/ਮੰਦਿਰ ਵਿਚ ਅੰਤਿਮ ਅਰਦਾਸਾਂ ‘ਤੇ ਕਈ ਕਈ ਕੀਮਤੀ ਘੰਟੇ ਖਰਾਬ ਕਰਨ ਦੀ ਕੋਈ ਲੋੜ ਨਹੀਂ। ਮੌਤ ਦੇ ਸਰਟੀਫਿਕੇਟਾਂ ਦੇ ਨਾਲ ਤੁਹਾਨੂੰ ਘਰ ਬੈਠਿਆਂ ਨੂੰ ਅਸਥੀਆਂ ਭੇਜ ਦਿੱਤੀਆਂ ਜਾਂਦੀਆਂ ਹਨ ਜਾਂ ਤੁਸੀਂ ਖੁਦ ਪ੍ਰਾਪਤ ਕਰ ਸਕਦੇ ਹੋ। ਜਿਥੇ ਮਰਜ਼ੀ ਜਲ ਪ੍ਰਵਾਹ ਕਰੋ।
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀਆਂ ਕੋਸ਼ਿਸ਼ਾਂ ਨਾਲ ਪ੍ਰਾਪਤ ਹੋਏ ਪੈਕੇਜ ਤਹਿਤ ਸਸਕਾਰ ਹੋਣੇ ਅਰੰਭ ਹੋ ਗਏ ਹਨ। ਸਬੰਧਤ ਪਰਿਵਾਰਾਂ ਨੇ ਅਤਿ ਦੀ ਤਸੱਲੀ ਪ੍ਰਗਟ ਕੀਤੀ ਹੈ। ਇਹ ਤਾਂ ਹਰ ਘਰ ਦੀ ਜ਼ਰੂਰਤ ਹੈ। ਮੌਤ ਦਾ ਕੋਈ ਸਮਾਂ ਨਹੀਂ ਹੁੰਦਾ। ਇਹ ਕਿਸੇ ਵੇਲੇ, ਕਿਸੇ ‘ਤੇ ਵੀ ਵਾਪਰ ਸਕਦੈ। ਜੇ ਕਿਤੇ ਇਹ ਕਿਸੇ ਨਵੇਂ ਆਏ ‘ਤੇ ਵਾਪਰ ਜਾਏ ਤਾਂ ਵਖਤ ਪੈ ਜਾਂਦੇ ਹਨ। ਵੈਸੇ ਬਜ਼ੁਰਗਾਂ ਨੂੰ ਵੀ ਆਪਣੀ ਵਸੀਅਤ ਦੇ ਨਾਲ ਅੰਤਕਾਲ ਕਿਉਂਟਣ ਸਬੰਧੀ ਆਪਣੀ ਇੱਛਾ ਜ਼ਰੂਰ ਲਿਖ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਫਜ਼ੂਲ ‘ਕੱਠ ਕਰਨ ਦੀਆਂ ਰਸਮਾਂ ‘ਤੇ ਵੱਡੇ ਖਰਚ ਕਰਨ ਦੀ ਥਾਂ ਇਹ ਪੈਸਾ ਪਿੱਛੇ ਉਹਦੇ ਪਿੰਡ ਦੇ ਗਰੀਬ ਬੱਚਿਆਂ ਦੀਆਂ ਕਿਤਾਬਾਂ, ਕਾਪੀਆਂ, ਫੀਸਾਂ ਵਾਸਤੇ, ਪਿੰਗਲਵਾੜੇ, ਅਪਾਹਜ ਤੇ ਬਿਰਧ ਆਸ਼ਰਮਾਂ ਆਦਿ ਦੀ ਮਦਦ ਵਿਚ ਲਾਉਣ ਲਈ ਕਹਿ ਰੱਖਣਾ ਚਾਹੀਦਾ ਹੈ। ਮਰਨ ਪਿੱਛੋਂ ਬਿਸਤਰੇ, ਬਸਤਰ, ਮੰਜੇ ਦੇਣੇ ਕਰਮ-ਕਾਂਡਾਂ ਤੋਂ ਵੱਧ ਕੁਝ ਨਹੀਂ। ਗੁਰਦੁਆਰਿਆਂ ਕੋਲੋਂ ਤਾਂ ਪਹਿਲਾਂ ਹੀ ਰੁਮਾਲੇ ਨਹੀਂ ਸੰਭਾਲੇ ਜਾਂਦੇ! ਅਜਿਹੇ ਤਰੀਕਿਆਂ ਨਾਲ ਅਸਤਕਾਲ ਦੀ ਦੁਰਦਸ਼ਾ ਤੋਂ ਇਹ ਪੰਜਭੂਤੀ ਸਰੀਰ ਬਚ ਜਾਏਗਾ ਤੇ ਉਸ ਦੀ ਭਾਵਨਾ ਦਾ ਵਧੀਆ ਸਨਮਾਨ ਹੋ ਸਕੇਗਾ।