ਬੱਬਰ ਹਜ਼ਾਰਾ ਸਿੰਘ ਮੰਡੇਰ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬੱਬਰ ਹਜ਼ਾਰਾ ਸਿੰਘ ਪੁੱਤਰ ਸ਼ ਇੰਦਰ ਸਿੰਘ ਪਿੰਡ ਮੰਡੇਰ (ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ) ਦਾ ਰਹਿਣ ਵਾਲਾ ਸੀ। ਇਸ ਪਿੰਡ ਦੀ ਹੱਦਬਸਤ ਨੰਬਰ 28 ਅਤੇ ਰਕਬਾ 103 ਹੈਕਟੇਅਰ ਹੈ। ਇਹ ਪਿੰਡ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਵਿਚ ਖਾਸ ਥਾਂ ਰੱਖਦਾ ਹੈ, ਕਿਉਂਕਿ ਇਸ ਪਿੰਡ ਵਿਚ ਪੁਲਿਸ ਅਤੇ ਮਿਲਟਰੀ ਦੇ ਰਸਾਲੇ ਨਾਲ ਮੁਕਾਬਲਾ ਕਰਦੇ ਹੋਏ ਬੱਬਰ ਬੰਤਾ ਸਿੰਘ ਧਾਮੀਆਂ ਕਲਾਂ ਅਤੇ ਬੱਬਰ ਜੁਆਲਾ ਸਿੰਘ ਸਹੋਤਾ, ਪਿੰਡ ਫਤਿਹਪੁਰ ਕੋਠੀ ਨੇ ਸ਼ਹੀਦੀਆਂ ਪਾਈਆਂ ਅਤੇ ਬੱਬਰ ਵਰਿਆਮ ਸਿੰਘ ਧੁੱਗਾ ਅੱਧ-ਜਲਿਆ ਬਚ ਕੇ ਨਿਕਲ ਗਿਆ ਸੀ।

ਬੱਬਰ ਹਜ਼ਾਰਾ ਸਿੰਘ ਨੇ ਸੰਨ 1915 ਤੋਂ 1920 ਤਕ ਅੰਗਰੇਜ਼ੀ ਸਰਕਾਰ ਦੀ ਫੌਜ ਵਿਚ ਨੌਕਰੀ ਕੀਤੀ ਸੀ ਅਤੇ ਸੰਨ 1920 ਵਿਚ ਡਿਸਚਾਰਜ ਲੈ ਕੇ ਆਪਣੇ ਪਿੰਡ ਆ ਗਿਆ। ਉਸ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਬੜੀ ਦਿਲਚਸਪੀ ਲਈ ਅਤੇ ਗੁਰੂ ਕੇ ਬਾਗ ਮੋਰਚੇ ਵਿਚ ਪੁਲਿਸ ਹੱਥੋਂ ਬਹੁਤ ਕੁੱਟ ਖਾਧੀ ਤੇ ਨੌਂ ਮਹੀਨੇ ਦੀ ਕੈਦ ਵੀ ਕੱਟੀ। ਉਸ ਤੋਂ ਬਾਅਦ ਉਹ ਬੱਬਰ ਅਕਾਲੀ ਜਥੇ ਵਿਚ ਸ਼ਾਮਲ ਹੋ ਗਿਆ। ਉਸ ਨੇ ਇਸ ਇਲਾਕੇ ਵਿਚ ਹੋਏ ਅਕਾਲੀਆਂ ਦੇ ਹਰ ਦੀਵਾਨ ਵਿਚ ਹਾਜ਼ਰੀ ਭਰੀ। ਬੱਬਰ ਅਮਰ ਸਿੰਘ ਰਾਜੋਵਾਲ ਅਤੇ ਬੱਬਰ ਛੱਜਾ ਸਿੰਘ ਮਸਾਣੀਆਂ ਨਾਲ ਮਿਲ ਕੇ ਬੱਬਰਾਂ ਨੇ ਦੋਖੀ ਹਰਨਾਮ ਸਿੰਘ ਸਫੇਦਪੋਸ਼ ‘ਤੇ ਹਮਲਾ ਕਰ ਕੇ ਉਸ ਨੂੰ ਸਖਤ ਜ਼ਖਮੀ ਕੀਤਾ ਅਤੇ ਸੂਬੇਦਾਰ ਸੁੰਦਰ ਸਿੰਘ ਰੰਧਾਵਾ ਬਰੋਟਾ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿਚ ਵੀ ਹਿੱਸਾ ਲਿਆ।
ਬੱਬਰ ਹਜ਼ਾਰਾ ਸਿੰਘ ਨੇ ਪਹਿਲਾਂ ਮੀਆਂ ਅਬਦੁਲ ਫਤਿਹ ਮੈਜਿਸਟਰੇਟ ਦਰਜਾ ਅਵੱਲ ਜਲੰਧਰ ਸਾਹਮਣੇ 18 ਜਨਵਰੀ 1924 ਨੂੰ ਆਪਣਾ ਕਸੂਰ ਮੰਨ ਲਿਆ ਪਰ ਬਾਅਦ ਵਿਚ ਆਪਣੇ ਬਿਆਨ ਤੋਂ ਮੁਨਕਰ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਬਹੁਤ ਦਿਮਾਗੀ ਅਤੇ ਜਿਸਮਾਨੀ ਤਸੀਹੇ ਝੱਲਣੇ ਪਏ ਪਰ ਇਸ ਨਾਲ ਕਈ ਬੱਬਰ ਅਕਾਲੀਆਂ ਨੂੰ ਸਜ਼ਾਵਾਂ ਤੋਂ ਨਿਜਾਤ ਮਿਲੀ। 28 ਫਰਵਰੀ 1924 ਨੂੰ ਸਪੈਸ਼ਲ ਮੈਜਿਸਟਰੇਟ (ਲਾਹੌਰ) ਮਿਸਟਰ ਲੁਈਸ ਏ. ਬੁੱਲ ਦੀ ਅਦਾਲਤ ਵਿਚ ਸਰਕਾਰੀ ਵਕੀਲ ਦੀਵਾਨ ਪਿੰਡੀਦਾਸ ਨੇ ਬੱਬਰ ਹਜ਼ਾਰਾ ਸਿੰਘ ਤੋਂ ਸਵਾਲ ਪੁੱਛੇ:
ਸਵਾਲ: ਕੀ ਤੂੰ 21 ਜਨਵਰੀ 1924 ਨੂੰ ਜਿਨ੍ਹਾਂ ਮੁਲਜ਼ਮਾਂ ਨੇ ਤੇਰੇ ਨਾਲ ਜੁਰਮ ਕੀਤੇ ਸੀ, ਦੀ ਸ਼ਨਾਖਤ ਕੀਤੀ ਸੀ?
ਜਵਾਬ: ਮੈਨੂੰ ਪੁਲਿਸ ਨੇ ਬੇਰਹਿਮੀ ਨਾਲ ਮਾਰਿਆ-ਕੁੱਟਿਆ ਸੀ। ਉਸ ਵੇਲੇ ਮੀਆਂ ਅਬਦੁਲ ਫਤਿਹ ਮੈਜਿਸਟਰੇਟ ਵੀ ਜੇਲ੍ਹ ਵਿਚ ਹੀ ਸੀ ਅਤੇ ਪੁਲਿਸ ਨੇ ਆਪੇ ਨਾਂ ਦੱਸ ਕੇ ਉਨ੍ਹਾਂ ਚਾਰ ਆਦਮੀਆਂ ਦੀ ਸ਼ਨਾਖਤ ਕਰਵਾਈ ਸੀ। ਜਦੋਂ ਮੈਜਿਸਟਰੇਟ ਨੇ ਮੈਨੂੰ ਸ਼ਨਾਖਤ ਕਰਨ ਨੂੰ ਆਖਿਆ ਤਾਂ ਮੈਂ ਕਿਹਾ ਕਿ ਮੈਂ ਇਨ੍ਹਾਂ ਵਿਚੋਂ ਕਿਸੇ ਨੂੰ ਨਹੀਂ ਜਾਣਦਾ। ਮੈਂ ਕੋਈ ਸ਼ਨਾਖਤ ਨਹੀਂ ਸੀ ਕੀਤੀ। ਇਹ ਪੁਲਿਸ ਦੀ ਝੂਠੀ ਕਾਰਵਾਈ ਸੀ।
ਫੇਰ ਬੱਬਰ ਹਜ਼ਾਰਾ ਸਿੰਘ ਉਪਰ ਮਿਸਟਰ ਐਸ਼ ਐਸ਼ ਹੈਰੀਸਨ ਦੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ। ਅਨੂਪ ਸਿੰਘ ਤੇ ਧੰਨਾ ਸਿੰਘ, ਦੋਵੇਂ ਵਾਅਦਾ ਮੁਆਫ, ਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਹਜ਼ਾਰਾ ਸਿੰਘ ਨੂੰ ਦੋਸ਼ੀ ਮੰਨਿਆ ਗਿਆ ਅਤੇ ਉਸ ਨੂੰ ਹਰਨਾਮ ਸਿੰਘ ਸਫੇਦਪੋਸ਼ ਮਹਿਦੀਪੁਰ ‘ਤੇ ਕਾਤਲਾਨਾ ਹਮਲਾ ਕਰਨ ਦੀ ਸਜ਼ਾ ਆਈ.ਪੀ.ਸੀ. ਦੀ ਧਾਰਾ 326 ਤੇ 109 ਅਤੇ 120 ਬੀ ਅਧੀਨ 14 ਸਾਲ ਦੀ ਉਮਰ ਕੈਦ ਤੇ ਸੂਬੇਦਾਰ ਸੁੰਦਰ ਸਿੰਘ ਰੰਧਾਵਾ ਬਰੋਟਾ ਨੂੰ ਕਤਲ ਕਰਨ ਦੀ ਨਾਕਾਮਯਾਬ ਕੋਸ਼ਿਸ਼ ਲਈ ਸੈਕਸ਼ਨ 302/115 ਅਤੇ 120 ਬੀ ਅਧੀਨ ਚਾਰ ਸਾਲ ਦੀ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ। ਇਸ ਵਿਚੋਂ ਉਸ ਨੂੰ ਤਿੰਨ ਮਹੀਨੇ ਕੋਠੀ ਬੰਦ ਰੱਖਿਆ ਜਾਣਾ ਸੀ। ਕੋਠੀ ਐਨੀ ਛੋਟੀ ਹੁੰਦੀ ਸੀ ਜਿਸ ਵਿਚ ਕੈਦੀ ਨਾ ਤਾਂ ਚੰਗੀ ਤਰ੍ਹਾਂ ਸੌਂ ਸਕਦਾ ਸੀ ਅਤੇ ਨਾ ਹੀ ਇਧਰ ਉਧਰ ਘੁੰਮ ਸਕਦਾ ਸੀ।
ਬੱਬਰ ਹਜ਼ਾਰਾ ਸਿੰਘ ਮੰਡੇਰ 1929 ਵਿਚ ਮੁਲਤਾਨ ਜੇਲ੍ਹ ਵਿਚ ਕੋਠੀ ਬੰਦ ਸੀ। ਉਸ ਨਾਲ ਹੋਰ ਵੀ ਕੈਦੀ ਕੋਠੀ ਬੰਦ ਸਨ ਪਰ ਉਹ ਸਾਰੇ ਹੀ ਇਖਲਾਕੀ ਕੈਦੀ ਸਨ। ਹਜ਼ਾਰਾ ਸਿੰਘ ਨੇ ਉਨ੍ਹਾਂ ਨੂੰ ਮਨਾ ਲਿਆ ਕਿ ਆਪਾਂ ਸਾਰੇ ਸੁਰੰਗ ਪੁੱਟ ਕੇ ਫਰਾਰ ਹੋ ਜਾਈਏ। ਉਨ੍ਹਾਂ ਨੇ ਜਮਾਂਦਾਰਾਂ ਨੂੰ ਆਪਣੇ ਭਰੋਸੇ ਵਿਚ ਲਿਆ ਅਤੇ ਉਹ ਮਲ-ਮੂਤਰ ਦੇ ਨਾਲ ਸੁਰੰਗ ਦੀ ਮਿੱਟੀ ਵੀ ਡਰੰਮਾਂ ਵਿਚ ਲੈ ਜਾਂਦੇ ਰਹੇ। ਉਨ੍ਹਾਂ ਨੇ ਅੰਦਾਜ਼ਨ 75 ਫੁੱਟ ਸੁਰੰਗ ਪੁੱਟ ਕੇ ਜੇਲ੍ਹ ਦੀ ਵੱਡੀ ਦੀਵਾਰ ਤੋਂ ਪਾਰ ਹੋ ਜਾਣਾ ਸੀ। ਉਨ੍ਹਾਂ ਇਕ ਜਮਾਂਦਾਰ ਰਾਹੀਂ ਬਾਹਰ ਇਕ ਲੁਹਾਰ ਨਾਲ ਗੱਲ ਕਰ ਲਈ ਸੀ ਜੋ ਉਨ੍ਹਾਂ ਦੀਆਂ ਬੇੜੀਆਂ ਕੱਟਣ ਲਈ ਮੰਨ ਗਿਆ। ਪੰਜਾਬ ਅੰਦਰ ਇਹ ਮਨੌਤ ਹੈ ਕਿ ਜੇ ਕੋਈ ਲੁਹਾਰ ਕਿਸੇ ਦੀ ਹਥਕੜੀ ਜਾਂ ਬੇੜੀ ਨਾ ਕੱਟੇ ਤਾਂ ਉਸ ਨੂੰ ਕੋਹੜ ਹੋ ਜਾਂਦਾ ਹੈ ਅਤੇ ਜੋ ਕੱਟ ਦੇਵੇ, ਉਹ ਸਿੱਧਾ ਸਵਰਗ ਨੂੰ ਜਾਂਦਾ ਹੈ। ਕੈਦੀਆਂ ਨੇ ਮਤਾ ਪਕਾਇਆ ਹੋਇਆ ਸੀ ਕਿ ਜੇਲ੍ਹ ਵਿਚੋਂ ਨਿਕਲ ਕੇ ਸਿੱਧੇ ਹੀ ਬੁੱਚੜ ਜੇਲ੍ਹ ਸੁਪਰਡੈਂਟ ਸੋਂਧੀ ਨੂੰ ਸੋਧਾ ਲਾਉਣਾ ਹੈ।
ਬਦਕਿਸਮਤੀ ਨਾਲ ਜਿਸ ਰਾਤ ਸੁਰੰਗ ਰਾਹੀਂ ਨਿਕਲਣ ਦੀ ਵਿਉਂਤ ਸੀ, ਉਸ ਦਿਨ ਉੜਦੀ ਲੱਗ ਗਈ। ‘ਉੜਦੀ’ ਜੇਲ੍ਹ ਟਰਮ ਹੁੰਦੀ ਹੈ। ਜੇਲ੍ਹ ਦੇ ਉਚ ਅਧਿਕਾਰੀ ਕਿਸੇ ਦਿਨ ਅਚਾਨਕ ਹੀ ਕੈਦੀਆਂ ਦੀਆਂ ਕੋਠੀਆਂ ਬਦਲ ਦਿੰਦੇ ਹਨ। ਸੋ, ਕੈਦੀ ਹੱਥ ਮਲਦੇ ਰਹਿ ਗਏ, ਪਰ ਹਜ਼ਾਰਾ ਸਿੰਘ ਹਿੰਮਤ ਹਾਰਨ ਵਾਲਾ ਨਹੀਂ ਸੀ। ਉਸ ਨੇ ਫੇਰ ਸੁਰੰਗ ਪੁੱਟਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਵਿਚ ਇਸ ਨਵੀਂ ਸੁਰੰਗ ਨੂੰ ਪਹਿਲੀ ਨਾਲ ਮਿਲਾ ਲਿਆ। ‘ਉੜਦੀ’ ਕਿਤੇ ਫੇਰ ਨਾ ਲੱਗ ਜਾਵੇ, ਉਨ੍ਹਾਂ ਨੇ ਬਾਹਰ ਕਿਸੇ ਲੁਹਾਰ ਨੂੰ ਮਨਾਉਣ ਦਾ ਇੰਤਜ਼ਾਰ ਵੀ ਨਾ ਕੀਤਾ ਅਤੇ ਜਿਸ ਰਾਤ ਸੁਰੰਗ ਪੂਰੀ ਹੋਈ, ਉਹ ਸਣੇ ਬੇੜੀਆਂ ਜੇਲ੍ਹ ਵਿਚੋਂ ਬਾਹਰ ਆ ਗਏ ਅਤੇ ਬੇੜੀਆਂ ਸਮੇਤ ਟੁਰਦੇ ਟੁਰਦੇ ਤੜਕ ਸਾਰ ਛਾਂਗੇ ਮਾਂਗੇ ਦੀਆਂ ਟਾਹਲੀਆਂ ਅਤੇ ਹੋਰ ਦਰੱਖਤਾਂ ਦੀ ਸਰਕਾਰੀ ਪਨੀਰੀ ਜੋ ਕਾਫੀ ਸੰਘਣੀ ਝਿੜੀ ਸੀ, ਵਿਚ ਲੁਕ ਕੇ ਬਹਿ ਗਏ। ਸਾਰਿਆਂ ਨੇ ਦਿਨ ਭਰ ਇਥੇ ਰਹਿ ਕੇ ਅਗਲੀ ਰਾਤ ਅੱਗੇ ਚੱਲਣ ਦੀ ਸਲਾਹ ਬਣਾਈ।
ਉਧਰ, ਜੇਲ੍ਹ ਅੰਦਰ ਪਹਿਰੇਦਾਰ ਨੇ ਕੋਠੜੀਆਂ ਅੱਗੇ ਜਾ ਕੇ ਕੈਦੀ ਦਾ ਨੰਬਰ ਪੁਕਾਰ ਕੇ ਹਾਜ਼ਰੀ ਲਾਈ। ਜਦ ਅੱਗੋਂ ਕੋਈ ਆਵਾਜ਼ ਨਾ ਆਈ, ਉਸ ਨੇ ਖਤਰੇ ਦੀ ਸੀਟੀ ਵਜਾ ਦਿੱਤੀ। ਜੇਲ੍ਹ ਅੰਦਰ ਭਾਜੜਾਂ ਪੈ ਗਈਆਂ। ਪੁਲਿਸ ਨੂੰ ਫੋਨ ਕੀਤਾ ਗਿਆ। ਪੁਲਿਸ ਵਿਚ ਬੜੇ ਟਰੇਂਡ ਖੋਜੀ ਹੁੰਦੇ ਸਨ। ਪੁਲਿਸ ਉਨ੍ਹਾਂ ਦੀ ਪੈੜ ਨੱਪਦੀ ਨੱਪਦੀ ਪਨੀਰੀ ਦੀ ਝਿੜੀ ਤਕ ਪਹੁੰਚ ਗਈ। ਪੁਲਿਸ ਦੀਆਂ ਟੋਲੀਆਂ ਝਿੜੀ ਅੰਦਰ ਲੱਭਣ ਲਗੀਆਂ। ਬਾਕੀ ਕੈਦੀ ਤਾਂ ਲੱਭ ਪਏ, ਪਰ ਹਜ਼ਾਰਾ ਸਿੰਘ ਇਕੱਲਾ ਹੀ ਅੱਗੇ ਝਿੜੀ ਵਿਚ ਲੁਕਿਆ ਬੈਠਾ ਸੀ। ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅੰਗਰੇਜ਼ ਰਾਜ ਵਿਚ ਪੁਲਿਸ ਵੀ ਆਪਣੇ ਵਲੋਂ ਕਾਨੂੰਨ ਨਾਲ ਚਲਦੀ ਸੀ। ਅੱਜ ਕੱਲ੍ਹ ਦੇ ਸਮੇਂ ਤਾਂ ਪੁਲਿਸ ਵਾਲੇ ਫਰਾਰ ਕੈਦੀ ਦੇ ਗੋਲੀ ਮਾਰ ਕੇ ਉਸ ਨੂੰ ਢੇਰੀ ਕਰ ਕੇ ਉਸ ਦੇ ਹੱਥ ਕੋਈ ਨਾਜਾਇਜ਼ ਰਿਵਾਲਵਰ ਫੜਾ ਕੇ ਪੁਲਿਸ ਮੁਕਾਬਲੇ ਦਾ ਕੇਸ ਬਣਾ ਦਿੰਦੇ ਹਨ।
ਉਸ ਸਮੇਂ ਜੇਲ੍ਹ ਮੈਨੂਅਲ ਦੀ ਉਲੰਘਣਾ ਕਰਨ ਵਾਲੇ ਕੈਦੀਆਂ ਨੂੰ 30 ਬੈਂਤਾਂ ਦੀ ਸਜ਼ਾ ਸੁਣਾਈ ਜਾਂਦੀ ਸੀ। ਬੈਂਤਾਂ ਮਾਰਨ ਵਾਲੇ ਜੱਲਾਦਾਂ ਨੂੰ ਬੈਂਤਾਂ ਮਾਰਨ ਦੀ ਟਰੇਨਿੰਗ ਦਿੱਤੀ ਜਾਂਦੀ ਸੀ ਕਿ ਇਕ ਬੈਂਤ ਦੇ ਨਿਸ਼ਾਨ ਉਤੇ ਦੂਜੀ ਬੈਂਤ ਨਾ ਲੱਗੇ, ਪਰ ਜੇਲ੍ਹ ਸੁਪਰਡੈਂਟ ਸੋਂਧੀ ਨੇ ਆਪ ਬੈਠ ਕੇ ਹਜ਼ਾਰਾ ਸਿੰਘ ਨੂੰ ਇਕੋ ਸਮੇਂ ਅਸੂਲਾਂ ਦੀ ਉਲੰਘਣਾ ਕਰ ਕੇ 90 ਬੈਂਤਾਂ ਦੀ ਸਜ਼ਾ ਸੁਣਾਈ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਸਟਰੈਚਰ ‘ਤੇ ਪਾ ਕੇ ਹਸਪਤਾਲ ਲੈ ਗਏ। ਜਦੋਂ ਤਕ ਬੱਬਰ ਨੂੰ ਹੋਸ਼ ਰਹੀ, ਉਹ ਸੋਂਧੀ ਜੋ ਕੁਰਸੀ ‘ਤੇ ਬੈਠਾ ਬੱਬਰ ਨੂੰ ਤੜਫਦਾ ਦੇਖ ਕੇ ਖੁਸ਼ ਹੋ ਰਿਹਾ ਸੀ, ਨੂੰ ਮਣ ਮਣ ਪੱਕੇ ਦੀਆਂ ਗਾਲਾਂ ਕੱਢਦਾ ਰਿਹਾ।
ਦੂਜੇ ਦਿਨ ਸੋਂਧੀ, ਬੱਬਰ ਨੂੰ ਦੇਖਣ ਆਇਆ ਤੇ ਪੁੱਛਿਆ, “ਕੀ ਹਾਲ ਏ ਭਾਈ ਹਜ਼ਾਰਾ ਸਿਹਾਂ?”
“ਲਾਲਾ ਜੀ ਬੜਾ ਚੰਗਾ ਹਾਲ ਏ ਤੁਹਾਡੇ ਜੁਆਈ ਦਾ।” ਬੱਬਰ ਨੇ ਗਰਜਵੀਂ ਆਵਾਜ਼ ਵਿਚ ਜਵਾਬ ਦਿੱਤਾ। ਡਾ. ਬਖਸ਼ੀਸ਼ ਸਿੰਘ ਨਿੱਜਰ ਜਿਨ੍ਹਾਂ ‘ਬੱਬਰ ਅਕਾਲੀਆਂ ਦਾ ਇਤਿਹਾਸ’ ਕਿਤਾਬ ਲਿਖੀ ਹੈ, ਨੇ ਕਿਤਾਬ ਦੇ ਪੰਨਾ 551 ‘ਤੇ ਲਿਖਿਆ ਹੈ ਕਿ ਉਸ ਸਮੇਂ ਜੇਲ੍ਹ ਦੇ ਡਾਕਟਰ ਦਸੌਂਧਾ ਸਿੰਘ ਨੇ ਦੱਸਿਆ ਕਿ ਬੱਬਰ ਨੇ ਇਲਾਜ ਕਰਵਾਉਣ ਤੋਂ ਨਾਂਹ ਕਰ ਦਿੱਤੀ, ਭਾਵੇਂ 90 ਬੈਂਤ ਲੱਗਣ ਨਾਲ ਉਸ ਦੇ ਪੁੜਿਆਂ ਦਾ ਮਾਸ ਲੱਥ ਕੇ ਲਹੂ ਸਿੰਮ ਰਿਹਾ ਸੀ। ਉਸ ਦੀ ਹਾਲਤ ਵਿਗੜਦੀ ਦੇਖ ਕੇ ਸੋਂਧੀ ਨੂੰ ਫਿਕਰ ਹੋਇਆ ਤੇ ਉਸ ਨੇ ਬੱਬਰ ਦੀਆਂ ਮਿੰਨਤਾਂ ਕਰ ਕੇ ਉਸ ਨੂੰ ਮਨਾਇਆ ਤੇ ਅੱਗੇ ਤੋਂ ਕਿਸੇ ਵੀ ਬੱਬਰ ਕੈਦੀ ਨਾਲ ਬਦਸਲੂਕੀ ਨਾ ਕਰਨ ਦੀ ਸਹੁੰ ਖਾਧੀ।