ਅਰਜਨਟਾਈਨਾ ‘ਚ ਹੋਇਆ ਗਿਆਰਵਾਂ ਵਿਸ਼ਵ ਕੱਪ

ਫੁੱਟਬਾਲ ਦੇ ਫੀਫਾ ਵਿਸ਼ਵ ਕੱਪ ਦੀਆਂ ਬਾਤਾਂ
ਪਰਦੀਪ, ਸੈਨ ਹੋਜੇ
ਫੋਨ: 408-540-4547
ਗਿਆਰਵਾਂ ਵਿਸ਼ਵ ਕੱਪ 1978 ਵਿਚ ਪਹਿਲੀ ਜੂਨ ਤੋਂ 25 ਜੂਨ ਤਕ ਅਰਜਨਟਾਈਨਾ ਵਿਚ ਹੋਇਆ ਜਿਸ ਵਿਚ ਅਰਜਨਟਾਈਨਾ ਨੇ ਨੀਦਰਲੈਂਡ ਨੂੰ ਇਕ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਹ 16 ਟੀਮਾਂ ਵਾਲਾ ਆਖਰੀ ਵਿਸ਼ਵ ਕੱਪ ਸੀ ਅਤੇ ਇਸ ਤੋਂ ਬਾਅਦ ਟੀਮਾਂ ਦੀ ਗਿਣਤੀ 24 ਕਰ ਦਿੱਤੀ ਗਈ ਸੀ। ਅਰਜਨਟਾਈਨਾ ਵਿਚ ਉਸ ਸਮੇਂ ਫੌਜ ਦਾ ਰਾਜ ਸੀ। ਡਿਆਗੋ ਮਾਰਾਡੋਨਾ ਇਸ ਸਮੇਂ 17 ਸਾਲ ਦੀ ਉਮਰ ਦਾ ਸੀ। ਕੋਚ ਨੇ ਘੱਟ ਉਮਰ ਕਰਕੇ ਉਸ ਨੂੰ ਟੀਮ ਵਿਚ ਸ਼ਾਮਿਲ ਨਹੀਂ ਸੀ ਕੀਤਾ।

ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਮੈਚ ਬਰਾਬਰ ਰਹਿਣ ‘ਤੇ ਪੈਨਲਟੀ ਕਿੱਕ ਦਾ ਨਿਯਮ ਲਾਗੂ ਕੀਤਾ ਗਿਆ ਪਰ ਸਾਰੇ ਮੈਚਾਂ ਦਾ ਨਿਰਧਾਰਤ ਸਮੇਂ ਵਿਚ ਫੈਸਲਾ ਹੋ ਜਾਣ ਕਰਕੇ ਇਸ ਦੀ ਲੋੜ ਨਹੀਂ ਪਈ। ਇਹ ਨਿਯਮ 1982 ਵਿਚ ਫਰਾਂਸ ਅਤੇ ਜਰਮਨੀ ਦੇ ਇਕ ਮੈਚ ਵਿਚ ਲਾਗੂ ਕੀਤਾ ਗਿਆ। ਫਰਾਂਸ ਅਤੇ ਹੰਗਰੀ ਦੀਆਂ ਜਰਸੀਆਂ ਇਕੋ ਰੰਗ ਦੀਆਂ ਹੋਣ ਕਰਕੇ ਫਰਾਂਸ ਨੂੰ ਕਿਸੇ ਹੋਰ ਦੀਆਂ ਮੰਗ ਕੇ ਪਾਉਣੀਆਂ ਪਈਆਂ ਸਨ।
12ਵਾਂ ਫੀਫਾ ਕੱਪ ਸਪੇਨ ਵਿਚ 1982 ਵਿਚ 13 ਜੂਨ ਤੋਂ 11 ਜੁਲਾਈ ਤਕ ਹੋਇਆ। ਇਟਲੀ ਨੇ ਜਰਮਨੀ ਨੂੰ 3-1 ਨਾਲ ਹਰਾ ਕੇ ਤੀਜੀ ਵਾਰ ਇਹ ਕੱਪ ਜਿਤਿਆ। ਇਟਲੀ ਦਾ ਪਾਲੋ ਰੌਸੀ ਇਸ ਟੂਰਨਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਕਈ ਵਧੀਆ ਖੇਡੇ ਗਏ ਮੈਚਾਂ ਨੇ ਇਸ ਕੱਪ ਨੂੰ ਖੂਬਸੂਰਤ ਬਣਾਇਆ, ਪਰ ਸ਼ਰਮ ਵਾਲੀਆਂ ਘਟਨਾਵਾਂ ਵੀ ਵਾਪਰੀਆਂ। ਕੁਵੈਤ ਨੇ ਪਹਿਲੀ ਵਾਰ ਵਿਸ਼ਵ ਕੱਪ ਵਿਚ ਭਾਗ ਲਿਆ ਸੀ ਅਤੇ ਉਸ ਦਾ ਇਕ ਮੈਚ ਤਾਕਤਵਰ ਫਰਾਂਸ ਦੀ ਟੀਮ ਨਾਲ ਸੀ। ਫਰਾਂਸ ਦੀ ਟੀਮ 3-1 ਨਾਲ ਅੱਗੇ ਸੀ ਅਤੇ ਉਨ੍ਹਾਂ ਇਕ ਹੋਰ ਗੋਲ ਕਰ ਦਿੱਤਾ। ਕੁਵੈਤ ਦੇ ਖਿਡਾਰੀ ਖੜ੍ਹੇ ਵੇਖਦੇ ਰਹੇ, ਉਨ੍ਹਾਂ ਨੂੰ ਲੱਗਾ ਕਿ ਰੈਫਰੀ ਨੇ ਸੀਟੀ ਮਾਰੀ ਹੈ। ਪਰ ਉਨ੍ਹਾਂ ਨੂੰ ਇਹ ਭੁਲੇਖਾ ਲੱਗਾ ਸੀ, ਰੈਫਰੀ ਨੇ ਗੋਲ ਦਾ ਫੈਸਲਾ ਦੇ ਦਿੱਤਾ।
ਕੁਵੈਤ ਦਾ ਸ਼ੇਖ ਸਟੇਡੀਅਮ ਵਿਚ ਮੈਚ ਵੇਖਦਾ ਸੀ, ਉਸ ਦੇ ਇਸ਼ਾਰੇ ‘ਤੇ ਕੁਵੈਤ ਦੀ ਟੀਮ ਬਾਹਰ ਆ ਗਈ ਅਤੇ ਬਾਕੀ ਦਾ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ। ਫਿਰ ਸ਼ੇਖ ਮੈਦਾਨ ਵਿਚ ਆਇਆ ਅਤੇ ਰੂਸ ਦੇ ਰੈਫਰੀ ਮਿਰੋਸਲਾਵ ਸਟੂਪਰ ਨਾਲ ਗੱਲ ਕੀਤੀ। ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਵਾਰ ਰੈਫਰੀ ਨੇ ਆਪਣਾ ਦਿੱਤਾ ਹੋਇਆ ਫੈਸਲਾ ਵਾਪਸ ਲੈ ਲਿਆ। ਫੀਫਾ ਨੇ ਕੁਵੈਤ ਨੂੰ ਜੁਰਮਾਨਾ ਕੀਤਾ ਅਤੇ ਰੈਫਰੀ ਨੂੰ ਕਦੀ ਵੀ ਮੁੜ ਮੌਕਾ ਨਾ ਦਿੱਤਾ। ਇਕ ਹੋਰ ਸ਼ਰਮਨਾਕ ਮੈਚ ਵੀ ਸੀ ਜਿਸ ਨੂੰ ‘ਗੇਮ ਆਫ ਸ਼ੇਮ’ ਕਰਕੇ ਜਾਣਿਆ ਜਾਂਦਾ ਹੈ। ਇਕ ਗਰੁਪ ਵਿਚ ਜਰਮਨੀ, ਆਸਟਰੀਆ, ਅਲਜ਼ੀਰੀਆ ਅਤੇ ਚਿੱਲੀ ਸਨ। ਸਾਰੇ ਮੈਚ ਹੋ ਗਏ, ਪਰ ਜਰਮਨੀ ਅਤੇ ਆਸਟਰੀਆ ਦੇ ਆਖਰੀ ਮੈਚ ਨੇ ਫੈਸਲਾ ਕਰਨਾ ਸੀ ਕਿ ਕਿਹੜੀਆਂ ਦੋ ਟੀਮਾਂ ਅੱਗੇ ਜਾਣਗੀਆਂ। ਜੇ ਆਸਟਰੀਆ ਜਿੱਤਦਾ ਜਾਂ ਬਰਾਬਰ ਰਹਿੰਦਾ ਤਾਂ ਜਰਮਨੀ ਬਾਹਰ ਸੀ ਅਤੇ ਜੇ ਜਰਮਨੀ ਦੋ ਤੋਂ ਵੱਧ ਗੋਲਾਂ ਨਾਲ ਜਿੱਤਦਾ ਤਾਂ ਆਸਟਰੀਆ ਟੂਰਨਾਮੈਂਟ ਤੋਂ ਬਾਹਰ ਸੀ। ਇਸ ਤਰ੍ਹਾਂ ਅਲਜ਼ੀਰੀਆ ਦਾ ਗਰੁਪ ਵਿਚੋਂ ਅੱਗੇ ਜਾਣਾ ਤਕਰੀਬਨ ਤੈਅ ਸੀ। ਜਰਮਨੀ ਅਤੇ ਆਸਟਰੀਆ ਵਿਚੋਂ ਇਕ ਨੇ ਬਾਹਰ ਹੋਣਾ ਸੀ। 25 ਜੂਨ ਨੂੰ ਇਸ ਫੈਸਲਾਕੁਨ ਮੈਚ ਨੂੰ ਵੇਖਣ ਲਈ 41,000 ਲੋਕ ਗਏ, ਪਰ ਉਹ ਵਿਚਾਰੇ ਨਹੀਂ ਜਾਣਦੇ ਸਨ ਕਿ ਮੈਚ ਦਾ ਫੈਸਲਾ ਤਾਂ ਇਕ ਰਾਤ ਪਹਿਲਾਂ ਹੀ ਹੋਟਲ ਵਿਚ ਹੋ ਗਿਆ ਸੀ। ਜਰਮਨੀ ਨੇ ਦਸ ਮਿੰਟ ਵਿਚ ਆਸਟਰੀਆ ਸਿਰ ਗੋਲ ਕਰ ਦਿੱਤਾ ਅਤੇ ਬਾਕੀ 80 ਮਿੰਟ ਇਕ ਦੂਜੇ ਵੱਲ ਕਿੱਕਾਂ ਮਾਰ ਕੇ ਸਮਾਂ ਪੂਰਾ ਕੀਤਾ। ਇਸ ਮਿਲ ਕੇ ਖੇਡੇ ਗਏ ਮੈਚ ਨੇ ਅਲਜ਼ੀਰੀਆ ਦੀ ਟੀਮ ਨੂੰ ਬਾਹਰ ਕੱਢ ਦਿੱਤਾ ਅਤੇ ਜਰਮਨੀ ਤੇ ਆਸਟਰੀਆ ਦੀਆਂ ਟੀਮਾਂ ਬੇਸ਼ਰਮ ਬਣ ਕੇ ਅੱਗੇ ਚਲੀਆਂ ਗਈਆਂ।
13ਵਾਂ ਫੀਫਾ ਕੱਪ: ਇਹ ਵਿਸ਼ਵ ਕੱਪ ਦਰਅਸਲ 1986 ਵਿਚ ਕੋਲੰਬੀਆ ‘ਚ ਹੋਣਾ ਸੀ ਪਰ ਉਸ ਦੀ ਆਰਥਕ ਸਥਿਤੀ ਮਾੜੀ ਹੋਣ ਕਰਕੇ ਇਹ ਟੂਰਨਾਮੈਂਟ ਮੈਕਸੀਕੋ ਨੂੰ ਸੌਂਪਿਆ ਗਿਆ। ਇਹ ਕੱਪ 31 ਮਈ ਤੋਂ 29 ਮਈ ਤਕ ਹੋਇਆ। ਮੈਕਸੀਕੋ ਵਿਚ ਇਹ ਦੂਜੀ ਵਾਰ ਹੋਇਆ ਸੀ। ਫਾਈਨਲ ਮੈਚ ਵਿਚ ਅਰਜਨਟਾਈਨਾ ਨੇ ਜਰਮਨੀ ਨੂੰ 3-2 ਨਾਲ ਹਰਾ ਕੇ ਇਸ ਕੱਪ ਨੂੰ ਦੂਜੀ ਵਾਰ ਜਿਤਿਆ ਸੀ। ਕੈਨੇਡਾ ਦੀ ਟੀਮ ਨੇ ਇਸ ਵਿਚ ਪਹਿਲੀ ਅਤੇ ਆਖਰੀ ਵਾਰ ਭਾਗ ਲਿਆ ਸੀ। ਟੂਰਨਾਮੈਂਟ ਦੇ ਇਕ ਮੈਚ ਵਿਚ ਅਰਜਨਟਾਈਨਾ ਦਾ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ ਸੀ। ਦੋਵੇਂ ਦੇਸ਼ ਆਕਲੈਂਡ ਦੀ ਜੰਗ ਕਰਕੇ ਇਕ ਦੂਜੇ ਦੇ ਦੁਸ਼ਮਣ ਸਨ। ਮੈਚ ਵਿਚ ਅਰਜਨਟਾਈਨਾ ਦੇ ਡੀਆਗੋ ਮਾਰਾਡੋਨਾ ਨੇ ਇੰਗਲੈਂਡ ਦੇ ਗੋਲਕੀਪਰ ਪੀਟਰ ਸ਼ਿਲਟਨ ਦੇ ਸਿਰ ਉਪਰ ਫੁਟਬਾਲ ਨੂੰ ਹੱਥ ਮਾਰ ਕੇ ਗੋਲ ਕਰ ਦਿੱਤਾ ਸੀ। ਇਸ ਨੂੰ 114,000 ਲੋਕਾਂ ਨਾਲ ਭਰੇ ਸਟੇਡੀਅਮ ਵਿਚ ਸਭ ਨੇ ਵੇਖਿਆ ਪਰ ਰੈਫਰੀ ਨੇ ਇਸ ਨੂੰ ਗੋਲ ਕਰਾਰ ਦਿੱਤਾ। ਬਾਅਦ ਵਿਚ ਮਾਰਾਡੋਨਾ ਨੇ ਇਸ ਨੂੰ ‘ਹੈਂਡ ਆਫ ਗਾਡ’ ਦਾ ਨਾਮ ਦਿੱਤਾ ਸੀ ਪਰ ਮਾਰਾਡੋਨਾ ਨੇ ਆਪਣੀ ਖੂਬਸੂਰਤ ਖੇਡ ਸਦਕਾ ਲੋਕਾਂ ਦੇ ਦਿਲ ਜਿੱਤ ਲਏ ਸਨ।
14ਵਾਂ ਵਿਸ਼ਵ ਕੱਪ: ਇਹ ਕੱਪ 1990 ਵਿਚ 8 ਜੂਨ ਤੋਂ 8 ਜੁਲਾਈ ਤਕ ਇਟਲੀ ਵਿਚ ਹੋਇਆ। ਜਰਮਨੀ ਨੇ ਅਰਜਨਟਾਈਨਾ ਨੂੰ 1-0 ਨਾਲ ਹਰਾ ਕੇ ਪਿਛਲੀ ਹਾਰ ਦਾ ਬਦਲਾ ਲਿਆ। ਇਹ ਜਰਮਨੀ ਦੀ ਵਿਸ਼ਵ ਕੱਪ ਵਿਚ ਤੀਜੀ ਜਿੱਤ ਸੀ। ਟੂਰਨਾਮੈਂਟ ਨੂੰ ਘੱਟ ਮਨੋਰੰਜਨ ਵਾਲਾ ਸਮਝ ਕੇ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ। ਇਸ ਕੱਪ ਦੇ ਇਕ ਕੁਆਲੀਫਾਈ ਮੈਚ ‘ਚ ਇਕ ਦਰਦਨਾਕ ਘਟਨਾ ਵਾਪਰੀ। ਨਾਈਜ਼ੀਰੀਆ ਦਾ ਸੈਮ ਉਕਵਾਰਜੀ ਇਕ ਵਧੀਆ ਫੁਟਬਾਲਰ ਹੋਣ ਦੇ ਨਾਲ ਸਕਾਲਰ ਵੀ ਸੀ। ਉਹ ਅੰਗਰੇਜ਼ੀ, ਇਟਾਲੀਅਨ, ਸਪੈਨਿਸ਼, ਜਰਮਨ, ਯੁਗੋਸਲਾਵੀਅਨ ਅਤੇ ਆਪਣੀ ਮਾਤ ਭਾਸ਼ਾ ਵੀ ਬੋਲਦਾ ਸੀ। ਉਸ ਕੋਲ ਵਕਾਲਤ ਦੀਆਂ ਦੋ ਡਿਗਰੀਆਂ ਸਨ ਅਤੇ ਪੀਐਚ. ਡੀ. ਕਰ ਰਿਹਾ ਸੀ। 12 ਅਗਸਤ 1989 ਨੂੰ ਨਾਈਜ਼ੀਰੀਆ ਦਾ ਅੰਗੋਲਾ ਨਾਲ ਮੈਚ ਸੀ। ਅਤਿ ਦੀ ਗਰਮੀ ਵਾਲੇ ਦਿਨ 60,000 ਵਾਲੇ ਸਟੇਡੀਅਮ ‘ਚ 80,000 ਲੋਕਾਂ ਦਾ ਇੱਕਠ ਸੀ। ਮੈਚ ਦੌਰਾਨ ਉਕਵਾਰਜੀ ਮੈਦਾਨ ਵਿਚ ਡਿਗ ਗਿਆ, ਉਸ ਨੂੰ ਹਸਪਤਾਲ ਲੈ ਕੇ ਗਏ। ਪਰ ਉਹ ਆਪਣੇ ਦੇਸ਼ ਦੀ ਜਰਸੀ ਪਾ ਕੇ ਪੈਰਾਂ ਵਿਚ ਬੂਟਾਂ ਸਮੇਤ ਦਮ ਤੋੜ ਗਿਆ।
15ਵਾਂ ਕੱਪ: ਇਹ ਵਿਸ਼ਵ ਕੱਪ 1994 ਵਿਚ ਅਮਰੀਕਾ ਦੀ ਧਰਤੀ ‘ਤੇ ਨੌਂ ਸ਼ਹਿਰਾਂ ਵਿਚ ਹੋਇਆ ਜੋ 17 ਜੂਨ ਤੋਂ 17 ਜੁਲਾਈ ਤੱਕ ਚਲਿਆ। ਇਹ ਪਹਿਲਾ ਵਿਸ਼ਵ ਕੱਪ ਸੀ, ਜਿਸ ਦੇ ਫਾਈਨਲ ਮੈਚ ਦਾ ਫੈਸਲਾ ਪੈਨਲਟੀ ਕਿੱਕ ਨਾਲ ਕੀਤਾ ਗਿਆ। ਬ੍ਰਾਜ਼ੀਲ ਅਤੇ ਇਟਲੀ ਦਾ ਮੈਚ ਨਿਰਧਾਰਤ ਸਮੇਂ ਵਿਚ ਬਿਨਾ ਗੋਲ ਕੀਤੇ ਖਤਮ ਹੋਣ ਕਰਕੇ ਫੈਸਲਾ ਪੈਨਲਟੀ ਕਿੱਕ ਨਾਲ ਕੀਤਾ ਗਿਆ। ਬ੍ਰਾਜ਼ੀਲ 3-2 ਦੇ ਫਰਕ ਨਾਲ ਇਹ ਕੱਪ ਜਿੱਤ ਗਿਆ। ਇਹ ਉਸ ਦੀ ਚੌਥੀ ਜਿੱਤ ਸੀ। ਇਸ ਵਿਚ ਦੋਨੋਂ ਜਰਮਨੀ ਇਕ ਟੀਮ ਵਿਚ ਖੇਡੇ ਸਨ। ਕੈਮਰੂਨ ਦਾ ਰੌਜ਼ਰ ਮਿਲਾ 42 ਸਾਲ ਦੀ ਉਮਰ ਵਿਚ ਗੋਲ ਕਰਨ ਵਾਲਾ ਇਕੋ-ਇਕ ਫੁਟਬਾਲਰ ਬਣਿਆ। ਇਸ ਟੂਰਨਾਮੈਂਟ ਵਿਚ ਜਿੱਤਣ ਵਾਲੀ ਟੀਮ ਨੂੰ ਦੋ ਦੀ ਥਾਂ ਤਿੰਨ ਅੰਕ ਦਿੱਤੇ ਜਾਣ ਲੱਗੇ। ਕੋਲੰਬੀਆ ਦੀ ਟੀਮ ਦੇ ਖਿਡਾਰੀ ਐਂਡਰੇ ਇਸਕੋਵਾਰ ਨੇ ਅਮਰੀਕਾ ਨਾਲ ਖੇਡਦਿਆਂ ਆਪਣੀ ਟੀਮ ਸਿਰ ਆਪੇ ਗੋਲ ਕਰ ਲਿਆ, ਜਿਸ ਕਰਕੇ ਕੋਲੰਬੀਆ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ। ਪੂਰੇ ਦਸ ਦਿਨ ਬਾਅਦ 2 ਜੁਲਾਈ 1994 ਨੂੰ ਉਸ ਨੂੰ ਉਸ ਦੇ ਸ਼ਹਿਰ ਮੈਡਲੇਨ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ। ਖੇਡਾਂ ਲਈ ਇਹ ਗਮ ਵਾਲਾ ਦਿਨ ਸੀ। ਜੇ ਕੋਈ ਹਾਰੇਗਾ ਨਹੀਂ ਤਾਂ ਫਿਰ ਜਿੱਤੇਗਾ ਵੀ ਕੋਈ ਨਹੀਂ।
(ਚਲਦਾ)