ਸਭ ਤੋਂ ਮਹਿੰਗੀ ਅਦਾਕਾਰਾ

ਪ੍ਰਿਅੰਕਾ ਚੋਪੜਾ ਅੱਜ ਕੱਲ੍ਹ ਹਾਲੀਵੁੱਡ ਵਿਚ ਰੁਝੀ ਹੋਈ ਹੈ ਅਤੇ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿਚੋਂ ਇਕ ਹੈ। ਐਵਾਰਡ ਸ਼ੋਅ ਵਿਚ ਪੇਸ਼ਕਾਰੀ ਦੇਣ ਲਈ ਉਹ ਇਕ ਮਿੰਟ ਦੀ ਪੇਸ਼ਕਾਰੀ ਲਈ ਇਕ ਕਰੋੜ ਰੁਪਏ ਫੀਸ ਵਸੂਲਦੀ ਹੈ। ਸਿਰਫ ਪੰਜ ਮਿੰਟ ਦੀ ਪੇਸ਼ਕਾਰੀ ਲਈ ਉਸ ਨੂੰ ਪੰਜ ਕਰੋੜ ਰੁਪਏ ਮਿਲਦੇ ਹਨ।

ਪ੍ਰਿਅੰਕਾ ਨੇ ਆਪਣੇ ਹੁਣ ਤਕ ਦੇ ਫਿਲਮੀ ਕਰੀਅਰ ਵਿਚ ਸਭ ਤੋਂ ਉਤਮ ਅਭਿਨੇਤਰੀ ਦਾ ਰਾਸ਼ਟਰੀ ਫਿਲਮ ਐਵਾਰਡ, ਚਾਰ ਸ਼੍ਰੇਣੀਆਂ ਵਿਚ ਫਿਲਮਫੇਅਰ ਐਵਾਰਡ ਸਮੇਤ ਕਈ ਹੋਰ ਇਨਾਮ ਪ੍ਰਾਪਤ ਕੀਤੇ ਹਨ। ਉਸ ਨੇ ਆਪਣੇ ਕਰੀਅਰ ਵਿਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਘੱਟ ਅਭਿਨੇਤਰੀਆਂ ਨੂੰ ਨਸੀਬ ਹੁੰਦਾ ਹੈ। ਬਾਲੀਵੁੱਡ ਵਿਚ ਬਤੌਰ ਅਭਿਨੇਤਰੀ ਆਪਣੀ ਧਾਕ ਜਮਾਉਣ ਤੋਂ ਬਾਅਦ ਪ੍ਰਿਅੰਕਾ ਨੇ ਹਾਲੀਵੁੱਡ ਦੀ ਉੜਾਨ ਭਰੀ ਤਾਂ ਉਥੇ ਵੀ ਆਪਣੇ ਨਾਮ ਦਾ ਡੰਕਾ ਵਜਾਇਆ। ਪਹਿਲਾਂ ਸਿੰਗਲਸ, ਫਿਰ ਟੀ ਵੀ ਸੀਰੀਜ਼ ‘ਕੁਆਂਟਿਕੋ’ ਤੋਂ ਅਮਰੀਕੀ ਟੈਲੀਵੀਜ਼ਨ ਉਤੇ ਰਾਜ ਕਰਨ ਤੋਂ ਬਾਅਦ ਫਿਲਮ ‘ਬੇਅਵਾਚ’ ਤੋਂ ਉਹ ਵੱਡੇ ਪਰਦੇ ਉਤੇ ਧੁੰਮਾਂ ਪਾਉਂਦੀ ਹੋਈ ਕੌਮਾਂਤਰੀ ਸ਼ੋਅ ਬਿਜ਼ ਦਾ ਅਹਿਮ ਹਿੱਸਾ ਬਣ ਗਈ ਹੈ। ਉਸ ਦੀਆਂ ਗੱਲਾਂ ਦਾ ਖੁੱਲ੍ਹਾਪਣ ਉਸ ਦੇ ਗਲੈਮਰਸ ਅਕਸ ਨਾਲ ਮੇਲ ਖਾਂਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਪੱਛਮੀ ਮੀਡੀਆ ਵੀ ਪ੍ਰਿਅੰਕਾ ਨੂੰ ਸੁਣਾਉਣ ਅਤੇ ਦਿਖਾਉਣ ਲਈ ਬੇਤਾਬ ਰਹਿੰਦਾ ਹੈ। ਯਾਨੀ, ਇਹ ‘ਦੇਸੀ ਗਰਲ’ ਦੇਖਦਿਆਂ ਦੇਖਦਿਆਂ ਹਾਲੀਵੁੱਡ ਵਿਚ ਵੱਡੀ ਸਟਾਰ ਬਣ ਚੁੱਕੀ ਹੈ। ਪ੍ਰਿਅੰਕਾ ਦਾ ਕਹਿਣਾ ਹੈ ਕਿ ਹਿੱਟ ਹੋਣਾ ਕਦੇ ਵੀ ਉਸ ਦਾ ਟੀਚਾ ਨਹੀਂ ਸੀ।
ਦੋ ਵਾਰ ਦੀ ‘ਗੋਲਡਨ ਗਲੋਬ’ ਜੇਤੂ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਉਹ ਹਾਲੀਵੁਡ ਵਿਚ ਕੋਈ ਝੰਡਾ ਗੱਡਣ ਦੇ ਇਰਾਦੇ ਨਾਲ ਨਹੀਂ ਗਈ ਸੀ। ਉਸ ਨੂੰ ਮੌਕੇ ਮਿਲਦੇ ਗਏ ਅਤੇ ਉਹ ਪੂਰੀ ਮਿਹਨਤ ਨਾਲ ਉਨ੍ਹਾਂ ਨੂੰ ਕਰਦੀ ਗਈ, ਪਰ ਕਾਮਯਾਬੀ ਦੇ ਇਸ ਮੋੜ ਉਤੇ ਆ ਕੇ ਉਹ ਜਦੋਂ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਇੰਨੀ ਸੁੰਦਰ ਨਹੀਂ ਸੀ ਕਿ ਮਿਸ ਇੰਡੀਆ ਵਰਗਾ ਮੁਕਾਬਲਾ ਜਿੱਤ ਸਕੇ। ਇਸ ਦੇ ਬਾਵਜੂਦ ਉਸ ਦਾ ਇਹ ਵੀ ਮੰਨਣਾ ਹੈ ਕਿ ਮਨੋਰੰਜਨ ਜਗਤ ਵਿਚ ਉਸ ਦਾ ਕਰੀਅਰ ਚੁਣੌਤੀਆਂ ਭਰਿਆ ਰਿਹਾ ਹੈ। ਇਸ ਬਾਰੇ ਉਸ ਦੀ ਦਲੀਲ ਹੈ ਕਿ ਪਹਿਲਾਂ ਉਹ ਕੋਈ ਲੰਬੀ ਯੋਜਨਾ ਨਹੀਂ ਬਣਾਉਂਦੀ ਸੀ, ਕਿਉਂਕਿ ਉਹ ਫਿਲਮੀ ਪਿਛੋਕੜ ਤੋਂ ਨਹੀਂ ਹੈ। ਉਸ ਦੇ ਕਰੀਅਰ ਵਿਚ ਹਮੇਸ਼ਾ ਖ਼ਤਰਨਾਕ ਬਦਲ ਰਹੇ ਹਨ, ਪਰ ਉਸ ਨੇ ਹਮੇਸ਼ਾ ਪੱਕਾ ਫੈਸਲਾ ਹੀ ਕੀਤਾ ਹੈ। ਉਸ ਦੀ ਸਭ ਤੋਂ ਵੱਡੀ ਚੁਣੌਤੀ ਇਹ ਜਾਣਨਾ ਰਹੀ ਹੈ ਕਿ ਉਹ ਖ਼ਤਰਾ ਮੁੱਲ ਲੈ ਰਹੀ ਹੈ। ਇਸ ਵਿਚ ਦੋ ਰਾਵਾਂ ਨਹੀਂ ਕਿ ਕਰੀਅਰ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤਕ ਪ੍ਰਿਅੰਕਾ ਖ਼ਤਰੇ ਹੀ ਮੁੱਲ ਲੈ ਰਹੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਉਹ ਵੀ ਆਮ ਭਾਰਤੀ ਵਾਂਗ ਆਮਦਨ ਕਰ ਭਰਨ ਵਿਚ ਹਿੰਮਤ ਜ਼ਰੂਰ ਦਿਖਾਉਂਦੀ; ਹਾਲਾਂਕਿ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਅੱਜ ਉਸ ਉਤੇ ਨਾ ਕੇਵਲ ਟੈਕਸ ਚੋਰੀ ਦਾ ਇਲਜ਼ਾਮ ਲੱਗ ਗਿਆ ਹੈ, ਸਗੋਂ ਉਸ ਉਤੇ ਆਮਦਨ ਕਰ ਵਿਭਾਗ ਸ਼ਿਕੰਜਾ ਵੀ ਕੱਸਦਾ ਨਜ਼ਰ ਆ ਰਿਹਾ ਹੈ। ਦਰਅਸਲ, ਪ੍ਰਿਅੰਕਾ ਚੋਪੜਾ ਆਪਣੀਆਂ ਕੁਝ ਲਗਜਰੀ ਚੀਜ਼ਾਂ ਨੂੰ ਲੈ ਕੇ ਆਮਦਨ ਕਰ ਮਾਮਲੇ ਵਿਚ ਫਸ ਗਈ ਹੈ। ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਭਾਰਤੀ ਕਾਨੂੰਨ ਤਹਿਤ ਪ੍ਰਿਅੰਕਾ ਨੂੰ ਤੋਹਫੇ ਦੇ ਰੂਪ ਵਿਚ ਕੁਝ ਵੀ ਮਿਲਿਆ ਹੋਵੇ, ਪਰ ਉਸ ਨੂੰ ਲਗਜਰੀ ਦੀਆਂ ਵਸਤਾਂ ਉੱਤੇ ਟੈਕਸ ਭਰਨਾ ਲਾਜ਼ਮੀ ਹੈ। 2011 ਵਿਚ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ (ਆਈ ਟੀ ਏ ਟੀ) ਨੇ ਉਸ ਦੇ ਘਰ ਛਾਪੇ ਮਾਰੇ ਸਨ। ਉਸ ਦੇ ਘਰ ਤੋਂ ਇਕ ਲਗਜਰੀ ਘੜੀ ਅਤੇ ਇਕ ਲਗਜਰੀ ਕਾਰ ਮਿਲੀ, ਜਿਸ ਦਾ ਟੈਕਸ ਉਸ ਨੇ ਨਹੀਂ ਭਰਿਆ ਸੀ। ਪ੍ਰਿਅੰਕਾ ਚੋਪੜਾ ਤੋਂ ਜਦੋਂ ਇਨ੍ਹਾਂ ਚੀਜ਼ਾਂ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਐਲ ਵੀ ਐਮ ਐਚ-ਟੈਗ ਵਾਚ (ਕੀਮਤ ਕਰੀਬ 40 ਲੱਖ ਰੁਪਏ) ਅਤੇ ਟੋਯੋਟਾ ਦੀ ਕਾਰ (ਕੀਮਤ ਕਰੀਬ 27 ਲੱਖ ਰੁਪਏ) ਉਸ ਨੂੰ ਇਕ ਕੰਪਨੀ ਵੱਲੋਂ ਉਸ ਦੀ ਪੇਸ਼ਕਾਰੀ ਲਈ ਤੋਹਫੇ ਵਜੋਂ ਦਿੱਤੀ ਗਈ ਸੀ, ਪਰ ਆਮਦਨ ਕਰ ਵਿਭਾਗ ਉਸ ਦੀਆਂ ਇਨ੍ਹਾਂ ਦਲੀਲਾਂ ਨੂੰ ਨਾ ਕੇਵਲ ਖਾਰਜ ਕਰ ਰਿਹਾ ਹੈ, ਸਗੋਂ ਉਸ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਆਮਦਨ ਕਰ ਨਿਯਮ ਤਹਿਤ ਪੇਸ਼ੇਵਾਰਾਨਾ ਤੌਰ ਉਤੇ ਮਿਲੇ ਤੋਹਫੇ ਉਤੇ ਵੀ ਉਸ ਨੂੰ ਸਰਕਾਰ ਨੂੰ ਟੈਕਸ ਚੁਕਾਉਣਾ ਪਵੇਗਾ।