ਜਦੋਂ ਸ੍ਰੀਦੇਵੀ ਕੇ. ਪੀ. ਐਸ਼ ਗਿੱਲ ਦੀ ‘ਹੀਰੋਇਨ’ ਬਣਨ ਨੂੰ ਰਾਜ਼ੀ ਹੋਈ

ਦਲਜੀਤ ਅਮੀ
“ਮੈਂ ਪਹਿਲਾਂ ਪੰਜਾਬ ਆਉਣ ਤੋਂ ਡਰਦੀ ਸੀ, ਪਰ ਇਥੇ ਆ ਕੇ ਮੇਰਾ ਸਾਰਾ ਡਰ ਨਿਕਲ ਗਿਆ ਹੈ।”
“ਜੇ ਕੇ. ਪੀ. ਐਸ਼ ਗਿੱਲ ਨਾਇਕ ਦੀ ਭੂਮਿਕਾ ਨਿਭਾਉਣ ਤਾਂ ਮੈਂ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ।”

ਮਰਹੂਮ ਸ੍ਰੀਦੇਵੀ ਦੇ ਇਹ ਬਿਆਨ ਮਾਰਚ 1993 ਵਿਚ ਪੰਜਾਬ ਦੀਆਂ ਅਖਬਾਰਾਂ ਵਿਚ ਛਪੇ ਸਨ। ‘ਅਜੀਤ’ ਅਖਬਾਰ ਵਿਚ ਸੁਰਖੀ ਸੀ: ‘ਗਿੱਲ ਨੂੰ ਆਖਰ ਸੁਪਨਿਆਂ ਦੀ ਰਾਣੀ ਮਿਲ ਹੀ ਗਈ’। ਇਸ ਸੁਰਖੀ ਦੇ ਉਸ ਵੇਲੇ ਕਈ ਮਾਅਨੇ ਨਿਕਲਦੇ ਸਨ। ਸ਼ੋਭਾ ਡੇਅ ਨੇ 25 ਅਪਰੈਲ 1993 ਦੇ ‘ਇੰਡੀਅਨ ਐਕਸਪ੍ਰੈਸ’ ਵਿਚ ਵਿਅੰਗ ਕੀਤਾ ਸੀ ਕਿ ਸ੍ਰੀਦੇਵੀ ਦੇ ਕੇ. ਪੀ. ਐਸ਼ ਗਿੱਲ ਦੀ ਫਿਲਮ ਵਿਚ ਨਾਇਕਾ ਬਣਨ ਦੀ ਖਬਰ ਸਾਡੇ ਮੁਲਕ ਖ਼ਿਲਾਫ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਦੀ ਸਾਜ਼ਿਸ਼ ਨਹੀਂ ਤਾਂ ਹੋਰ ਕੀ ਹੈ!
ਯਾਦ ਰਹੇ, ਸ੍ਰੀਦੇਵੀ ਚੰਡੀਗੜ੍ਹ ਵਿਚ ਸ਼ੂਟਿੰਗ ਲਈ ਆਈ ਸੀ। ਆਪਣੀ ਮੌਤ ਤੋਂ ਕਰੀਬ ਛੱਬੀ ਸਾਲ ਪਹਿਲਾਂ ਉਹ ਪੰਜਾਬ ਪੁਲਿਸ ਦੇ ਖਾੜਕੂ ਲਹਿਰ ਖਿਲਾਫ ਸਰਕਾਰੀ ਦਾਬੇ ਦਾ ਚਿਹਰਾ ਬਣੀ ਸੀ। ਅਹਿਮ ਖਾੜਕੂ ਜਥੇਬੰਦੀਆਂ ਦੇ ਫੈਸਲਾਕੁਨ ਨੁਕਸਾਨ ਪਿਛੋਂ ਪੰਜਾਬ ਪੁਲਿਸ ਗਾਇਕੀ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਰਾਹੀਂ ਸਰਕਾਰ ਆਪਣੀ ਜਿੱਤ ਦਾ ਐਲਾਨ ਕਰ ਰਹੀ ਸੀ। ਪੰਜਾਬ ਵਿਚ ਅਮਨ ਦੇ ਪਰਤ ਆਉਣ ਅਤੇ ਲੋਕਾਂ ਵਿਚ ਇਸ ਗੱਲ ਦੇ ਅਹਿਸਾਸ ਨੂੰ ਜਗਾਉਣ ਲਈ ਪੰਜਾਬ ਪੁਲਿਸ ਦੀ ਸਰਪ੍ਰਸਤੀ ਵਿਚ ਗਾਇਕੀ ਦੇ ਅਖਾੜੇ ਲੱਗ ਰਹੇ ਸਨ। ਸ੍ਰੀਦੇਵੀ ਚੰਡੀਗੜ੍ਹ ਵਿਚ ਸਾਵਨ ਕੁਮਾਰ ਦੀ ਫਿਲਮ ‘ਚਾਂਦ ਕਾ ਟੁਕੜਾ’ ਦੀ ਸ਼ੂਟਿੰਗ ਲਈ ਆਈ ਸੀ। ਇਸ ਫਿਲਮ ਵਿਚ ਅਹਿਮ ਕਿਰਦਾਰ ਸਲਮਾਨ ਖਾਨ, ਸ਼ਤਰੂਘਨ ਸਿਨਹਾ ਅਤੇ ਅਨੁਪਮ ਖੇਰ ਨੇ ਨਿਭਾਏ ਸਨ। ਚੰਡੀਗੜ੍ਹ ਵਿਚ ਸ੍ਰੀਦੇਵੀ ਨੇ ਉਕਤ ਬਿਆਨ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇ. ਪੀ. ਐਸ਼ ਗਿੱਲ ਦੀ ਮਹਿਮਾਨ ਨਿਵਾਜ਼ੀ ਵਿਚ ਚੋਣਵੇਂ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਵਿਚ ਦਿੱਤੇ ਸਨ।
ਇਸੇ ਚੰਡੀਗੜ੍ਹ ਦੇ ਕਰੀਬ ਦੂਜੇ ਪਾਸੇ ਬੁੜੈਲ ਕੇਂਦਰੀ ਜੇਲ੍ਹ ਹੈ। ਇਸ ਜੇਲ੍ਹ ਵਿਚ ਕੈਦ ਖਾੜਕੂ ਸ੍ਰੀਦੇਵੀ ਦੀਆਂ ਫਿਲਮਾਂ ਦੇਖਦੇ ਰਹੇ ਸਨ। ਪੰਜਾਬ ਸੰਕਟ ਦੀ ਖੂਨੀ ਲੜਾਈ ਦੌਰਾਨ ਦੋਵੇਂ ਧਿਰਾਂ ਵਿਚ ਸ੍ਰੀਦੇਵੀ ਦੇ ਕਦਰਦਾਨ ਰਹੇ ਸਨ। ਸੰਨ 1987 ਤੋਂ 1990 ਤੱਕ ਜੇਲ੍ਹਬੰਦ ਰਹੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨ ਸੁਰਿੰਦਰ ਸਿੰਘ ਕ੍ਰਿਸ਼ਨਪੁਰਾ ਨੂੰ ਸ੍ਰੀਦੇਵੀ ਦੀ ਮੌਤ ਦੀ ਖਬਰ ਉਨ੍ਹਾਂ ਦੇ ਪੁੱਤਰ ਨੇ ਸੁਣਾਈ। ਕ੍ਰਿਸ਼ਨਪੁਰਾ ਦੇ ਮੂੰਹੋਂ ਅੱਭੜਵਾਹੇ ਨਿਕਲਿਆ, “ਸ੍ਰੀਦੇਵੀ ਨਹੀਂ ਮਰ ਸਕਦੀ।” ਕ੍ਰਿਸ਼ਨਪੁਰਾ ਨੂੰ ਯਾਦ ਹੈ ਕਿ ਉਨ੍ਹਾਂ ਨੇ ਬੁੜੈਲ ਜੇਲ੍ਹ ਵਿਚ ਵੀ. ਸੀ. ਆਰ. ਨਾਲ ਟੈਲੀਵਿਜ਼ਨ ਉਤੇ ਸ੍ਰੀਦੇਵੀ ਦੀ ਫਿਲਮ ‘ਰੂਪ ਕੀ ਰਾਣੀ ਚੋਰੋਂ ਕਾ ਰਾਜਾ’ ਦੇਖੀ ਸੀ।
ਅਹਿਮ ਖਾੜਕੂਆਂ ਨੂੰ ਮਾਰਨ ਜਾਂ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਅਪਰੇਸ਼ਨ ‘ਹੀਲਿੰਗ ਟੱਚ’ ਸ਼ੁਰੂ ਕੀਤਾ ਸੀ।
ਉਨ੍ਹਾਂ ਦਿਨਾਂ ਵਿਚ ਕੇ. ਪੀ. ਐਸ਼ ਗਿੱਲ ਦੀਆਂ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਵਿਚ ਛਪਦੀਆਂ ਸਨ। ਇਕ ਉਨ੍ਹਾਂ ਦੀ ਪੰਜਾਬ ਵਿਚ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਦਿਆਂ ਜਾਂ ਖਾੜਕੂਆਂ ਦੇ ਪੀੜਤਾਂ ਨੂੰ ਮੁਆਵਜ਼ਾ ਦਿੰਦਿਆਂ ਦੀ ਤਸਵੀਰ ਹੁੰਦੀ ਸੀ। ਦੂਜੀ ਖੁੱਲ੍ਹੀ ਜੀਪ ਵਿਚ ਮਾਰਚ ਪਾਸਟ ਦੀ ਸਲਾਮੀ ਲੈਣ ਦੀ ਤਸਵੀਰ ਹੁੰਦੀ ਸੀ। ਤੀਜੀ ਪੰਜਾਬ ਤੋਂ ਬਾਹਰ ਕਿਤੇ ਸਨਮਾਨ ਲੈਣ ਦੀ ਤਸਵੀਰ ਹੁੰਦੀ ਸੀ। ਇਸ ਤੋਂ ਇਲਾਵਾ ਖਾੜਕੂਆਂ ਦੇ ਹਥਿਆਰ ਸੁੱਟਣ ਜਾਂ ਅਸਲੇ ਦੀਆਂ ਖੇਪਾਂ ਫੜ੍ਹੇ ਜਾਣ ਦੀਆਂ ਖਬਰਾਂ ਨਾਲ ਵੀ ਉਨ੍ਹਾਂ ਦੀਆਂ ਤਸਵੀਰਾਂ ਹੁੰਦੀਆਂ ਸਨ।
ਇਸ ਤਰ੍ਹਾਂ ਦੇ ਮਾਹੌਲ ਵਿਚ ਸ੍ਰੀਦੇਵੀ ਨਾਲ ਕੇ. ਪੀ. ਐਸ਼ ਗਿੱਲ ਦੀ ਤਸਵੀਰ ਛਪਣਾ ਵੀ ਬਾਕੀ ਤਸਵੀਰਾਂ ਵਾਲਾ ਹੀ ਕਾਰਜ ਸਿਰੇ ਚੜ੍ਹਾਉਂਦਾ ਸੀ। ਸਾਰੀਆਂ ਤਸਵੀਰਾਂ ਦੇ ਨਾਇਕ ਕੇ. ਪੀ. ਐਸ਼ ਗਿੱਲ ਸਨ ਅਤੇ ਇਸ ਤਸਵੀਰ ਵਿਚ ਨਾਇਕਾ ਵੀ ਸੀ। ‘ਟਾਈਮਜ਼ ਆਫ ਇੰਡੀਆ’ ਨੇ 8 ਮਾਰਚ 1993 ਨੂੰ ਲਿਖਿਆ ਸੀ, “ਉਸ (ਕੇ. ਪੀ. ਐਸ਼ ਗਿੱਲ) ਦੀ ‘ਕਾਰਗੁਜ਼ਾਰੀ’ ਅਤੇ ਉਸ (ਸ੍ਰੀਦੇਵੀ) ਦੀ ਅਦਾਕਾਰੀ ਨੇ ਉਨ੍ਹਾਂ ਨੂੰ ਇਕ-ਦੂਜੇ ਦੇ ਪ੍ਰਸ਼ੰਸਕ ਬਣਾ ਦਿੱਤਾ ਹੈ।” ਇਸ ਖਬਰ ਵਿਚ ‘ਐਨਕਾਉਂਟਰ’ ਸ਼ਬਦ ਇਕ ਪਾਸੇ ਮੁਲਾਕਾਤ ਦੀ ਬਾਤ ਪਾਉਂਦਾ ਸੀ ਅਤੇ ਦੂਜੇ ਪਾਸੇ ‘ਪੁਲਿਸ ਮੁਕਾਬਲੇ’ ਯਾਦ ਕਰਵਾਉਂਦਾ ਸੀ।
ਇਹੋ ਖੇਡ ‘ਪੰਜਾਬੀ ਟ੍ਰਿਬਿਊਨ’ ਨੇ ਸੱਤ ਮਾਰਚ ਦੇ ਅਖਬਾਰ ਵਿਚ ‘ਮੁੱਠਭੇੜ’ ਸ਼ਬਦ ਰਾਹੀਂ ਖੇਡੀ ਸੀ। ਪੁਲਿਸ ਦੀ ਸਭਿਆਚਾਰਕ ਮਸ਼ਕ ਕੇ. ਪੀ. ਐਸ਼ ਗਿੱਲ ਨੂੰ ਨਾਇਕ ਬਣਾ ਰਹੀ ਸੀ। ਸ੍ਰੀਦੇਵੀ ਦਾ ਅਦਾਕਾਰ ਵਜੋਂ ਲੋਕਾਂ ਦੇ ਦਿਲੋ-ਦਿਮਾਗ ਵਿਚ ਨਾਇਕਾ ਦਾ ਅਕਸ ਬਣਿਆ ਹੋਇਆ ਸੀ। ਇਸ ਨਾਇਕਾ ਨਾਲ ਬੈਠੇ ਕੇ. ਪੀ. ਐਸ਼ ਗਿੱਲ ਦਾ ਨਾਇਕ ਵਜੋਂ ਅਕਸ ਉਘਾੜਨ ਦਾ ਕੰਮ ਸ੍ਰੀਦੇਵੀ ਦੇ ਬਿਆਨ ਕਰਦੇ ਹਨ। ਜਦੋਂ ਕੇ. ਪੀ. ਐਸ਼ ਗਿੱਲ ਕਹਿੰਦੇ ਕਿ ਉਨ੍ਹਾਂ ਨੇ ਸ੍ਰੀਦੇਵੀ ਦੀਆਂ ਫਿਲਮਾਂ ਵੀਹ ਵੀਹ ਵਾਰ ਦੇਖੀਆਂ ਹਨ ਤਾਂ ਉਨ੍ਹਾਂ ਦਾ ਸਖਤ ਪੁਲਿਸ ਅਫਸਰ ਵਾਲਾ ਅਕਸ ਵੀ ਕੁਝ ਮੁਲਾਇਮ ਹੋ ਜਾਂਦਾ ਹੈ।
ਸੰਨ 2004 ਤੋਂ 2007 ਤੱਕ ਡੀ.ਜੀ.ਪੀ. ਰਹੇ ਜੀ. ਐਸ਼ ਔਜਲਾ ਨੇ ਤਤਕਾਲੀ ਮਾਹੌਲ ਬਾਬਤ ਦੱਸਿਆ, “ਉਸ ਵੇਲੇ ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਫਿਜ਼ਾ ਵਿਚ ਤਬਦੀਲੀ ਦਾ ਸੁਨੇਹਾ ਭਰਨ ਲਈ ਪੁਲਿਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੇ ਨਾਲ ਜੋੜਿਆ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ।” ਔਜਲਾ ਨੂੰ ਪੁਲਿਸ ਦੀ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਵਾਲੇ ਕਈ ਗਾਇਕਾਂ ਦੇ ਨਾਮ ਯਾਦ ਹਨ, ਪਰ ਉਹ ਸ੍ਰੀਦੇਵੀ ਬਾਬਤ ਕਹਿੰਦੇ ਹਨ, “ਮੈਨੂੰ ਸ੍ਰੀਦੇਵੀ ਬਾਬਤ ਕੁਝ ਯਾਦ ਨਹੀਂ, ਪਰ ਪੁਲਿਸ ਨੇ ਕਲਾਕਾਰਾਂ ਰਾਹੀਂ ਲੋਕਾਂ ਨੂੰ ਅਮਨ ਦੀ ਬਹਾਲੀ ਦਾ ਸੁਨੇਹਾ ਦੇਣ ਲਈ ਮੁਹਿੰਮ ਜ਼ਰੂਰ ਚਲਾਈ ਸੀ।”
ਪੁਲੀਟੀਕਲ ਸਾਇੰਸ ਦੇ ਕਾਲਜ ਅਧਿਆਪਕ ਡਾ. ਤਗਿੰਦਰ ਇਸ ਤਸਵੀਰ ਦੀ ਰਮਜ਼ ਇਸ ਤਰ੍ਹਾਂ ਫੜ੍ਹਦੇ ਹਨ, “ਸ੍ਰੀਦੇਵੀ ਉਸ ਵੇਲੇ ਭਾਵੇਂ ਰਸਮੀ ਤੌਰ ਉਤੇ ਪੁਲਿਸ ਦੀ ਮੁਹਿੰਮ ਦਾ ਹਿੱਸਾ ਨਾ ਵੀ ਹੋਵੇ, ਪਰ ਅਖਬਾਰ ਦੀ ਖਬਰ ਅਤੇ ਤਸਵੀਰ ਸਰਕਾਰੀ ਸਭਿਆਚਾਰਕ ਮੁਹਿੰਮ ਦੇ ਚੌਖਟੇ ਵਿਚ ਪੂਰੀ ਉਤਰਦੀ ਸੀ।”
ਪੰਜਾਬੀ ਕਵੀ ਗੁਰਭਜਨ ਗਿੱਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਉਸ ਸਮਾਗਮ ਵਿਚ ਦਰਸ਼ਕ ਵਜੋਂ ਹਾਜ਼ਰ ਸਨ ਜਿਸ ਦੇ ਸਰਪ੍ਰਸਤ ਕੇ. ਪੀ. ਐਸ਼ ਗਿੱਲ ਸਨ, ਮੁੱਖ ਮਹਿਮਾਨ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਨ ਅਤੇ ਕਲਾਕਾਰ ਸ੍ਰੀਦੇਵੀ ਸੀ। ਗੁਰਭਜਨ ਗਿੱਲ ਨੇ ਦੱਸਿਆ, “ਸ੍ਰੀਦੇਵੀ ਨੇ ਸਾਦੇ ਜਿਹੇ ਸ਼ਬਦਾਂ ਵਿਚ ਪੰਜਾਬ ਵਿਚ ਅਮਨ ਦੀ ਬਹਾਲੀ ਦਾ ਸੁਆਗਤ ਕੀਤਾ ਸੀ ਅਤੇ ਲੋਕਾਂ ਨੂੰ ਮਿਲਜੁਲ ਕੇ ਰਹਿਣ ਦੀ ਬੇਨਤੀ ਕੀਤੀ ਸੀ।”
ਉਸ ਸਮਾਗਮ ਦੇ ਪ੍ਰਬੰਧਕਾਂ ਵਿਚ ਕਾਂਗਰਸੀ ਕਾਰਕੁਨ ਅਮਰਜੀਤ ਸਿੰਘ ਟਿੱਕਾ ਨੇ ਕਿਹਾ, “ਸ੍ਰੀਦੇਵੀ ਰਾਸ਼ਟਰਵਾਦੀ ਕਲਾਕਾਰ ਸੀ ਅਤੇ ਉਹ ਪੂਰਾ ਖ਼ਤਰਾ ਸਹੇੜ ਕੇ ਲੁਧਿਆਣੇ ਆਈ ਸੀ।” ‘ਇੰਡੀਆ ਟੂਡੇ’ ਦੇ ਪੱਤਰਕਾਰ ਰਮੇਸ਼ ਵਿਨਾਇਕ ਨੇ 31 ਮਈ 1993 ਦੇ ਆਪਣੇ ਲੇਖ ਵਿਚ ਬੰਦੂਕਾਂ ਦੀ ਥਾਂ ਪੰਜਾਬ ਵਿਚ ਤੂੰਬੀਆਂ ਵੱਜਣ ਦੀ ਦਲੀਲ ਇਸ ਤਰ੍ਹਾਂ ਦਿੱਤੀ ਹੈ: “ਸੂਬਾ ਸਰਕਾਰ ਨੇ ਸਮਝ ਲਿਆ ਹੈ ਕਿ ਲੋਕਾਂ ਨੂੰ ਸਰਕਾਰੀ ਸਮਾਗਮਾਂ ਵਿਚ ਲਿਆਉਣ ਲਈ ਲੋਕ ਕਲਾਵਾਂ ਮਿਕਨਾਤੀਸੀ ਖਿੱਚ ਰੱਖਦੀਆਂ ਹਨ। ਕੁਝ ਮਹੀਨੇ ਪਹਿਲਾਂ ਸਰਕਾਰੀ ਸਰਪ੍ਰਸਤੀ ਹੇਠ ਲੱਗੇ ਮਕਬੂਲ ਗਾਇਕਾਂ ਦੇ ਅਖਾੜੇ ਇਹ ਸੁਨੇਹਾ ਦੇਣ ਵਿਚ ਕਾਮਯਾਬ ਰਹੇ ਸਨ ਕਿ ਹੁਣ ਹਾਲਾਤ ਬਦਲ ਗਏ ਹਨ।” ਇਸੇ ਲੇਖ ਵਿਚ ਸਭਿਆਚਾਰਕ ਮਾਮਲਿਆਂ ਦੇ ਤਤਕਾਲੀ ਨਿਰਦੇਸ਼ਕ ਜੇ. ਐਸ਼ ਬੀਰ ਦਾ ਬਿਆਨ ਦਰਜ ਹੈ, “ਇਨ੍ਹਾਂ ਅਖਾੜਿਆਂ ਤੋਂ ਲੋਕਾਂ ਦੇ ਰੌਂਅ ਅਤੇ ਖਾੜਕੂ ਲਹਿਰ ਦੀ ਹਾਲਤ ਦਾ ਅੰਦਾਜ਼ਾ ਹੁੰਦਾ ਹੈ।”
ਸੁਰਿੰਦਰ ਸਿੰਘ ਕ੍ਰਿਸ਼ਨਪੁਰਾ ਆਪਣੇ ਸਾਥੀਆਂ ਅਤੇ ਕੇ. ਪੀ. ਐਸ਼ ਗਿੱਲ ਦੇ ਸ੍ਰੀਦੇਵੀ ਬਾਬਤ ਝੁਕਾਅ ਵਿਚ ਫਰਕ ਕਰਦੇ ਹਨ, “ਸਿੰਘਾਂ ਨੂੰ ਸ੍ਰੀਦੇਵੀ ਦੀ ਅਦਾਕਾਰੀ ਪਸੰਦ ਸੀ, ਪਰ ਕੇ. ਪੀ. ਐਸ਼ ਗਿੱਲ ਦਾ ਸੁਭਾਅ ਕੁਝ ਹੋਰ ਤਰ੍ਹਾਂ ਦਾ ਸੀ…।” ਕ੍ਰਿਸ਼ਨਪੁਰਾ ਇਸ ਤੋਂ ਬਾਅਦ ਅੰਦਾਜ਼ਿਆਂ ਅਤੇ ਕਿਆਸਿਆਂ ਭਰੀ ਚੁੱਪ ਧਾਰ ਲੈਂਦੇ ਹਨ। ਫਿਰ ਉਹ ਆਪਣੀ ਚੁੱਪ ਨੂੰ ਤੋੜ ਕੇ ਕਹਿੰਦੇ ਹਨ, “ਉਹ ਸਾਡੀ ਚੜ੍ਹਾਈ ਦਾ ਸਮਾਂ ਸੀ ਅਤੇ ਹੁਣ ਮਾਹੌਲ ਬਦਲ ਗਿਆ।”
ਸ੍ਰੀਦੇਵੀ ਦਾ ਹੁਕਮਰਾਨ ਤੇ ਬਾਗੀਆਂ ਵਿਚਾਲੇ ਵਿਚਰਨਾ ਸਿਰਫ ਪੰਜਾਬ ਤੱਕ ਮਹਿਦੂਦ ਨਹੀਂ ਹੈ। ਜਦੋਂ ਪਾਕਿਸਤਾਨ ਵਿਚ ਫੌਜੀ ਤਾਨਾਸ਼ਾਹ ਜ਼ਿਆ ਉਲ ਹੱਕ ਨੇ ਭਾਰਤੀ ਫਿਲਮਾਂ ਦੇਖਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਤਾਂ ਕਰਾਚੀ ਦੇ ਵਿਦਿਆਰਥੀ ਹੋਸਟਲਾਂ ਵਿਚ ਬਗਾਵਤ ਦੀ ਨਿਸ਼ਾਨੀ ਵਜੋਂ ਸ੍ਰੀਦੇਵੀ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਸਨ ਅਤੇ ਖਿੜਕੀਆਂ-ਬਾਰੀਆਂ ਖੋਲ੍ਹ ਕੇ ਉਸ ਦੀਆਂ ਫਿਲਮਾਂ ਦੇਖੀਆਂ ਜਾਂਦੀਆਂ ਹਨ।
ਸ਼ਾਇਦ ਇਸੇ ਲਈ ਸ੍ਰੀਦੇਵੀ ਦੀ ਮੌਤ ਦਾ ਸੋਗ ਹੱਦਾਂ-ਬੰਨ੍ਹਿਆ ਤੋਂ ਛਲਕ ਪਿਆ ਸੀ। ਵੁਸਤ-ਉਲ੍ਹਾ ਖਾਨ ਦੀ ਲਿਖਤ ਇਹੋ ਸੁਝਾਉਂਦੀ ਜਾਪਦੀ ਹੈ ਕਿ ਸ੍ਰੀਦੇਵੀ ਦੇ ‘ਰੂਪ ਕੀ ਰਾਣੀ…’ ਹੋਣ ਬਾਬਤ ਕੋਈ ਬਹਿਸ ਨਹੀਂ ਹੈ, ਪਰ ‘ਚੋਰੋਂ ਕਾ ਰਾਜਾ’ ਦੇ ਅਰਥ ਸਮੇਂ-ਸਥਾਨ ਨਾਲ ਬਦਲਦੇ ਰਹਿਣੇ ਹਨ।