ਅਰੁਨ ਫਰੇਰਾ ਨੇ ਦਿਖਾਏ ‘ਪਿੰਜਰੇ ਦੇ ਰੰਗ’
ਜਸਵੀਰ ਸਮਰ
ਦਸਤਾਵੇਜ਼ੀ ਫ਼ਿਲਮਸਾਜ਼ ਆਨੰਦ ਪਟਵਰਧਨ ਐਮਰਜੈਂਸੀ ਦੌਰਾਨ ਸਿਆਸੀ ਕੈਦੀਆਂ ਬਾਬਤ ਬਣਾਈ ਫ਼ਿਲਮ ‘ਪ੍ਰਿਜ਼ਨਰਜ਼ ਔਫ ਕੌਨਸ਼ੈਂਸ’ (1978) ਵਿਚ ਕਹਿੰਦਾ ਹੈ: “ਜੇ ਜੇਲ੍ਹ ਦੀਆਂ ਕੰਧਾਂ ਬੋਲ ਸਕਦੀਆਂ ਹੁੰਦੀਆਂ, ਤਾਂ ਇਹ ਜ਼ਰੂਰ ਅੰਦਰ ਵਰ੍ਹਦੀ ਦਹਿਸ਼ਤ ਬਾਰੇ ਗੱਲਾਂ ਸੁਣਾਉਣਗੀਆਂ, ਪਰ ਇਸ ਦੇ ਨਾਲ ਹੀ ਇਹ ਬੁਲੰਦ ਹੌਸਲੇ ਦੀ ਬਾਤ ਵੀ ਪਾਉਣਗੀਆਂ।”
ਕੰਧਾਂ ਦੇ ਕੰਨ ਤਾਂ ਜ਼ਰੂਰ ਹੁੰਦੇ ਹੋਣਗੇ, ਜ਼ੁਬਾਨ ਨਹੀਂ ਹੁੰਦੀ; ਪਰ ਇਨ੍ਹਾਂ ਕੰਧਾਂ ਅੰਦਰ ਟੁੱਟਦੇ ਕਹਿਰ ਦੀ ਕਹਾਣੀ ਸੁਣਾਉਣ ਲਈ ਮਹਾਰਾਸ਼ਟਰੀ ਮੁੰਡਾ ਅਰੁਨ ਫਰੇਰਾ ਤਕਰੀਬਨ ਪੰਜ ਸਾਲ ਸੀਖਾਂ ਪਿੱਛੇ ਗੁਜ਼ਾਰ ਕੇ ਬਾਹਰ ਆ ਗਿਆ। ਤੇ ਜਿਹੜਾ ਕਿੱਸਾ ਉਸ ਨੇ ਆਪਣੀ ਕਿਤਾਬ ‘ਕਲਰਜ਼ ਔਫ ਦਿ ਕੇਜ: ਏ ਪ੍ਰਿਜ਼ਨ ਮੈਮਾਇਰ’ (ਇਸ ਦਾ ਪੰਜਾਬੀ ਤਰਜਮਾ ‘ਪਿੰਜਰੇ ਦੇ ਰੰਗ: ਜੇਲ੍ਹ ਯਾਦਾਂ’ ਛਪਿਆ ਹੈ) ਵਿਚ ਜੋੜਿਆ ਹੈ, ਉਹ ਐਮਰਜੈਂਸੀ ਬਾਰੇ ਲਿਖੀਆਂ ਜੇਲ੍ਹ ਯਾਦਾਂ ਤੋਂ ਐਨ ਵੱਖਰਾ ਹੈ। ਥਾਣਿਆਂ ਵਿਚ ਤਸੀਹਿਆਂ ਦੌਰਾਨ ਵੱਜਦੀਆਂ ਚੀਕਾਂ ਤਾਂ ਕਦੇ ਕਦਾਈਂ ਬਾਹਰ ਸੁਣ ਹੀ ਜਾਂਦੀਆਂ ਹਨ, ਪਰ ਜੇਲ੍ਹਾਂ ਅੰਦਰਲੀ ਕੁਰਲਾਹਟ ਬੱਸ ਅੰਦਰ ਹੀ ਦਮ ਤੋੜ ਜਾਂਦੀ ਹੈ। ਇਸ ਬੇਵਸੀ ਦਾ ਮਾਰਮਿਕ ਚਿੱਤਰ ਇਸ ਕਿਤਾਬ ਦਾ ਹਾਸਲ ਹੈ। ਕਸ਼ਮੀਰੀ ਪੱਤਰਕਾਰ ਇਫ਼ਤਿਖ਼ਾਰ ਗਿਲਾਨੀ ਵੱਲੋਂ ਆਪਣੀ ਕਿਤਾਬ ‘ਮਾਈ ਡੇਜ਼ ਇਨ ਪ੍ਰਿਜ਼ਨ’ ਅਤੇ ਹੁਣ ਨਾਗਪੁਰ ਜੇਲ੍ਹ ਵਿਚ ਬੰਦ ਦਿੱਲੀ ਦੇ ਪ੍ਰੋ. ਜੀ.ਐਨ. ਸਾਈਬਾਬਾ ਵੱਲੋਂ ਆਪਣੀ ਪਤਨੀ ਦੇ ਨਾਂ ਭੇਜੀਆਂ ਚਿੱਠੀਆਂ ਵਿਚ ਮਾਰੀਆਂ ਕੂਕਾਂ ਇਸੇ ਕੜੀ ਦੀ ਅਗਲੀ ਲੜੀ ਹਨ। ਇਹ ਬੇਵਸੀ ਦੀ ਬੇਇੰਤਹਾ ਹੈ। ਜੇਲ੍ਹਾਂ ਜਿਨ੍ਹਾਂ ਨੂੰ ਅਕਸਰ ਸੁਧਾਰਘਰਾਂ ਵਜੋਂ ਪ੍ਰਚਾਰਿਆ ਜਾਂਦਾ ਹੈ, ਕੈਦੀਆਂ, ਖ਼ਾਸ ਕਰ ਕੇ ਸਿਆਸੀ ਕੈਦੀਆਂ ਨੂੰ ਹਰ ਹੀਲੇ ਭੰਨ ਸੁੱਟਣ ਵਾਲੇ ਤਸੀਹਾ ਕੇਂਦਰ ਹਨ। ਲਾਚਾਰੀ ਦੇ ਵੱਸ ਪਏ ਬਹੁਤੇ ਕੈਦੀ ਤਾਂ ਹਫ਼ਤਿਆਂ ਵਿਚ ਹੀ ਢਹਿ ਪੈਂਦੇ ਹਨ, ਪਰ ਜੇਲ੍ਹ ਦੀਆਂ ਜ਼ਿਆਦਤੀਆਂ ਖ਼ਿਲਾਫ਼ ਅਰੁਨ ਫਰੇਰਾ ਦਾ ਸਾਥ ਟੱਬਰ ਵੱਲੋਂ ਭੇਜੀਆਂ ਕਿਤਾਬਾਂ ਨੇ ਨਿਭਾਇਆ ਅਤੇ ਸਭ ਤੋਂ ਵੱਡੀ ਗੱਲ, ਉਹਨੇ ਉਮੀਦ ਨੂੰ ਬਹੁਤ ਸਹਿਜ ਨਾਲ ਉਂਗਲੀ ਫੜਾ ਕੇ ਆਪਣੇ ਨਾਲ ਤੋਰੀ ਰੱਖਿਆ। ਇਸ ਆਸ ਨੂੰ ਉਹਨੇ ਮਰਨ ਨਹੀਂ ਦਿੱਤਾ। ਇਹੀ ਉਸ ਦੀ ਸਭ ਤੋਂ ਵੱਡੀ ਅਜ਼ਮਾਇਸ਼ ਸੀ; ਨਤੀਜੇ ਵਜੋਂ ਇਹ ਕਿਤਾਬ ਅੱਜ ਪਾਠਕਾਂ ਦੇ ਹੱਥ ਵਿਚ ਹੈ।
ਅਰੁਨ ਫਰੇਰਾ ਨੂੰ ਮਾਓਵਾਦੀ ਆਖ ਕੇ ਮਈ 2007 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉਤੇ ਮਾਓਵਾਦੀ ਪਾਰਟੀ ਦੇ ਪ੍ਰਚਾਰ ਅਤੇ ਸੰਚਾਰ ਵਿੰਗ ਦਾ ਮੁਖੀ ਹੋਣ, ਕਤਲ, ਇਰਾਦਾ ਕਤਲ, ਹਥਿਆਰ ਰੱਖਣ ਆਦਿ ਦੇ 11 ਕੇਸ ਮੜ੍ਹੇ ਗਏ ਜੋ ਬਾਅਦ ਵਿਚ ਇਕ ਇਕ ਕਰ ਕੇ ਝੂਠੇ ਸਾਬਤ ਹੋਏ। ਇਸ ਦੌਰਾਨ ਥਾਣੇ ਅਤੇ ਜੇਲ੍ਹ ਅੰਦਰ ਜੋ ਕੁਝ ਉਸ ਨਾਲ ਵਰਤਾਇਆ ਗਿਆ, ਉਸ ਦੇ ਵੇਰਵੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਹਨ। ਉਂਜ, ਜਿਸ ਕੋਣ ਤੋਂ ਅਰੁਨ ਨੇ ਇਹ ਬਿਰਤਾਂਤ ਛੇੜਿਆ ਤੇ ਨਿਭਾਇਆ ਹੈ, ਉਸ ਨਾਲ ਸੱਤ ਦਹਾਕਿਆਂ ਦੀ ਆਜ਼ਾਦੀ ਅਤੇ ਸਿਸਟਮ ਅੰਦਰਲੇ ਕੁਹਜ ਦੀ ਹਕੀਕਤ ਕਿਤਾਬ ਦੇ ਪੰਨਿਆਂ ਉਤੇ ਫੈਲ ਗਈ ਹੈ।
ਅਰੁਨ ਦੀ ਇਸ ਕਹਾਣੀ ਵਿਚੋਂ 70ਵਿਆਂ ਵਿਚ ਨਕਸਲਵਾਦੀ ਆਖ ਕੇ ਗ੍ਰਿਫ਼ਤਾਰ ਕੀਤੀ ਅੰਗਰੇਜ਼ ਕੁੜੀ ਮੇਰੀ ਟੇਲਰ ਦੀ ਕਿਤਾਬ ‘ਮਾਈ ਯੀਅਰਜ਼ ਇਨ ਐਨ ਇੰਡੀਅਨ ਪ੍ਰਿਜ਼ਨ’ ਦੇ ਝਉਲੇ ਪੈਂਦੇ ਹਨ। ਇਸ ਕੁੜੀ ਨੂੰ ਉਸ ਦੇ ਇਨਕਲਾਬਪਸੰਦ ਪਤੀ ਅਮਲੇਂਦੂ ਸੇਨ ਨਾਲ ਫੜਿਆ ਗਿਆ ਸੀ ਅਤੇ ਉਹਦੀ ਜ਼ਿੰਦਗੀ ਦੇ ਜ਼ਰਖੇਜ਼ ਵਰ੍ਹੇ ਬਿਹਾਰ ਦੀ ਜੇਲ੍ਹ ਅੰਦਰ ਦਫ਼ਨ ਕਰ ਦਿੱਤੇ ਗਏ। ਇਹ ਦੋਵੇਂ ਸੁਫ਼ਨਸਾਜ਼, ਦੱਬੇ-ਕੁਚਲਿਆਂ ਲਈ ਜੂਝਣ ਹਿੱਤ ਭਾਰਤ ਪੁੱਜੇ ਸਨ। ਮੇਰੀ ਟੇਲਰ ਦਾ ਬਿਆਨ ਦੇਖੋ: “ਜਿਥੇ ਬੱਚੇ ਹੱਥ ਵਿਚ ਠੂਠਾ ਫੜੀ ਮਿੱਟੀ ਵਿਚ ਰੀਂਗ ਰਹੇ ਹੋਣ, ਉਥੇ ਤੁਸੀਂ ਸ਼ਾਂਤ ਅਤੇ ਸਹਿਜ ਕਿਸ ਤਰ੍ਹਾਂ ਰਹਿ ਸਕਦੇ ਹੋ।” ਹੁਣ ਇਸ ਕੁੜੀ ਦੀ ਇੱਛਾ ਅਤੇ ਇਸ ਇੱਛਾ ਪਿੱਛੇ ਲੁਕਿਆ ਦਰਦ ਰਤਾ ਵਿਚਾਰੋ: “… (ਚਾਹੁੰਦੀ ਸਾਂ) ਪਿੰਡਾਂ ਵਿਚ ਸੱਤਾ ਦਾ ਸਿਸਟਮ ਉਲਟ ਜਾਵੇ ਅਤੇ ਇਸ ਦੀ ਥਾਂ ਕਿਸਾਨ ਕਮੇਟੀਆਂ ਲੈ ਲੈਣ”। ਮੇਰੀ ਟੇਲਰ ਦੀ ਇਹ ਕਿਤਾਬ 1977 ਵਿਚ ਛਪੀ ਸੀ। ਚਾਰ ਦਹਾਕਿਆਂ ਬਾਅਦ ਅਰੁਨ ਫਰੇਰਾ ਆਪਣੀ ਕਿਤਾਬ ਵਿਚ ਲਿਖਦਾ ਹੈ: “ਜਿੰਨੇ ਜ਼ਿਆਦਾ ਉਹ ਦੱਬੇ-ਕੁਚਲੇ ਸਨ, ਓਨਾ ਹੀ ਉਨ੍ਹਾਂ ਅੰਦਰ ਸਮਾਜ ਨੂੰ ਬਦਲਣ ਦੀ ਇੱਛਾ ਤੀਬਰ ਸੀ।” ਦਹਾਕਿਆਂ ਦੌਰਾਨ ਸਾਡੇ ਭਾਰਤ ਮਹਾਨ ਨੇ ਕਿੰਨੀ ਤਰੱਕੀ ਕੀਤੀ ਹੈ!
ਅਰੁਨ ਨੇ ਆਪਣਾ ਹਾਲ-ਏ-ਦਿਲ ਪਹਿਲਾਂ ਆਪਣੇ ਘਰਦਿਆਂ ਨੂੰ ਲਿਖੀਆਂ ਚਿੱਠੀਆਂ ਵਿਚ ਸੁਣਾਇਆ ਸੀ, ਜੇਲ੍ਹ ਵਿਚ ਦਰਪੇਸ਼ ਔਕੜਾਂ ਬਾਰੇ ਸਕੈੱਚ ਬਣਾਏ ਸਨ ਜੋ ਮਗਰੋਂ ‘ਪਿੰਜਰੇ ਦੇ ਰੰਗ’ ਕਿਤਾਬ ਵਿਚ ਵਟ ਗਏ। ਜ਼ੁਲਮ ਨਾਲ ਜੂਝਦਿਆਂ ਲੰਘਾਏ ਵਕਤ ਬਾਰੇ ਲਿਖਣ ਵੇਲੇ ਉਸ ਦੇ ਨਿਸ਼ਾਨੇ ਉਤੇ ਪੁਲੀਸ ਜਾਂ ਜੇਲ੍ਹ ਮੁਲਾਜ਼ਮਾਂ ਨਾਲ ਸ਼ਖ਼ਸੀ ਮੁਖ਼ਾਲਫ਼ਤ ਦੀ ਥਾਂ ਸਮੁੱਚਾ ਸਿਸਟਮ ਰਿਹਾ। ਇਸ ਸਿਸਟਮ ਦੀ ਮਾਰ ਅਤੇ ਖ਼ੋਰ ਦਾ ਪਤਾ ਜੇਲ੍ਹ ਅੰਦਰ ਬੰਦ, ਖੈਰਲਾਂਜੀ ਕਾਂਡ ਦੇ ਦੋਸ਼ੀਆਂ ਦੀ ਗੱਲਬਾਤ ਤੋਂ ਲੱਗਦਾ ਹੈ। ਇਹ ਦੋਸ਼ੀ ਬਿਨਾਂ ਕਿਸੇ ਪਛਤਾਵੇ ਦੇ ਦੱਸਦੇ ਹਨ: “ਸਾਰਾ ਕਸੂਰ ਸੁਰੇਖਾ ਭੋਤਮਾਂਗੇ ਦਾ ਸੀ। ਉਹ ਸਾਰੇ ਪਿੰਡ ਦੀ ਸ਼ਾਂਤੀ ਭੰਗ ਕਰਦੀ ਸੀ। … ਉਸ ਨੇ ਸਾਡੇ ਖ਼ਿਲਾਫ਼ ਸ਼ਿਕਾਇਤ ਕਰਨ ਦਾ ਹੌਸਲਾ ਕੀਤਾ। ਉਹ ਹੋਰ ਦਲਿਤਾਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਬੜਬੋਲੀ ਸੀ ਤੇ ਬਹਾਦਰ ਬਣਦੀ ਸੀ।” ਤੇ ਅਰੁਨ ਲਿਖਦਾ ਹੈ: “ਅਦਾਲਤ ਨੇ ਨਤੀਜਾ ਕੱਢਿਆ ਸੀ ਕਿ ਇਹ ਜਾਤੀ ਹਿੰਸਾ ਦਾ ਮਸਲਾ ਨਹੀਂ।”
ਨਿਆਂਇਕ ਢਾਂਚੇ ਦਾ ਜਦੋਂ ਸੰਸਥਾਈਕਰਨ ਹੁੰਦਾ ਹੈ ਤਾਂ ਅਨਿਆਂ ਹੋਣਾ ਤੈਅ ਹੈ। ਅਰੁਨ ਇਸ ਅਨਿਆਂ ਦੀ ਗੰਢ ਇਕ ਇਕ ਕਰ ਕੇ ਖੋਲ੍ਹਦਾ ਹੈ। ਨਤੀਜੇ ਵਜੋਂ, ਇਹ ਕਹਾਣੀ ਇਕੱਲੇ ਅਰੁਣ ਦੀ ਕਹਾਣੀ ਨਹੀਂ ਰਹਿ ਜਾਂਦੀ, ਇਹ ਉਨ੍ਹਾਂ ਨਪੀੜੀਆਂ ਜਿੰਦਾਂ ਦੀ ਕਹਾਣੀ ਵੀ ਬਣ ਜਾਂਦੀ ਹੈ ਜਿਹੜੀਆਂ ਅੱਠ ਅਠ, ਦਸ ਦਸ, ਤੇ ਕਈ ਵਾਰ ਚੌਦਾਂ ਚੌਦਾਂ ਵਰ੍ਹੇ ਜੇਲ੍ਹਾਂ ਅੰਦਰ ਸੜ ਕੇ ਆਖ਼ਰਕਾਰ ਬਰੀ ਹੁੰਦੀਆਂ ਹਨ। ਉਂਜ, ਜੇਲ੍ਹਾਂ ਵਿਚ ਸਭ ਦਾ ਹਾਲ ਅਰੁਨ ਫਰੇਰਾ ਵਰਗਾ ਵੀ ਨਹੀਂ ਹੁੰਦਾ। ਸਮਾਜਿਕ, ਆਰਥਿਕ ਜਾਂ ਸਿਆਸੀ ਪਿਛੋਕੜ ਕਾਰਨ ਜੇਲ੍ਹਾਂ ਤੁਹਾਡੇ ਲਈ ਜੰਨਤ ਵੀ ਹੋ ਸਕਦੀਆਂ ਹਨ। ਮੁਲਕ ਵਿਚ ਜੇਲ੍ਹ ਅੰਦਰਲੀਆਂ ਮੌਜਾਂ ਕਿਸੇ ਤੋਂ ਲੁਕੀਆਂ ਨਹੀਂ ਹਨ, ਪਰ ਮਾਓਵਾਦੀਆਂ ਜਾਂ ਘੱਟ-ਗਿਣਤੀਆਂ ਲਈ ਵਿਹਾਰ ਬਾਕੀ ਸਭ ਤੋਂ ਵੱਖਰਾ ਹੁੰਦਾ ਹੈ। ਦਰਅਸਲ, ਸਟੇਟ ਨੇ ਅਜਿਹੇ ਜੁਝਾਰੂ ਨੌਜਵਾਨਾਂ ਨੂੰ ਆਪਣੇ ਦੁਸ਼ਮਣ ਤਸੱਵੁਰ ਕਰ ਲਿਆ ਹੋਇਆ ਹੈ। ਹੁਣ ਰਤਾ ਇਸ ਕਿਤਾਬ ਵਿਚ ਅਰੁਨ ਦਾ ਉਲਾਂਭਾ ਪੜ੍ਹੋ: “ਹਿੰਦੂਵਾਦ ਖ਼ਿਲਾਫ਼ ਸੰਘਰਸ਼ ਕਰਦੇ ਮੁਸਲਮਾਨ ਜਹਾਦੀ ਬਣਾ ਦਿੱਤੇ ਅਤੇ ਸਾਡੇ ਵਰਗੇ ਮਾਰਕਸਵਾਦੀ ਜਿਹੜੇ ਕਬਾਇਲੀਆਂ ਨੂੰ ਜਥੇਬੰਦ ਕਰਨ, ਉਹ ‘ਖੱਬੇ-ਪੱਖੀ ਅਤਿਵਾਦੀ’ ਗਰਦਾਨ ਦਿੱਤੇ। … ਪਾਬੰਦੀ ਤੇ ਸਖ਼ਤੀ ਦਾ ਇਹੀ ਤਰੀਕਾ ਆਜ਼ਾਦੀ ਤੋਂ ਪਹਿਲਾਂ ਗੋਰੇ ਵਰਤਦੇ ਹੁੰਦੇ ਸਨ।” ਗੌਰਤਲਬ ਹੈ ਕਿ ਅੰਗਰੇਜ਼ ਸ਼ਾਸਕਾਂ ਨੇ 1894 ਦਾ ਜੇਲ੍ਹ ਐਕਟ, ਸ਼ਰਾਰਤੀ ਅਨਸਰਾਂ ਨੂੰ ਕਾਬੂ ਰੱਖਣ ਲਈ ਬਣਾਇਆ ਸੀ ਜੋ 1947 ਤੋਂ ਬਾਅਦ ਵੀ ਜੇਲ੍ਹ ਪ੍ਰਬੰਧਾਂ ਲਈ ਅਗਵਾਈ ਕਰ ਰਿਹਾ ਹੈ। ਹੁਣ ਵੀ ਇਹੀ ਐਕਟ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਿਆ ਹੋਇਆ ਹੈ। ਆਜ਼ਾਦੀ ਪ੍ਰਾਪਤ ਭਾਰਤ ਭਲਾ ਕਿਨ੍ਹਾਂ ਲੋਕਾਂ ਦਾ ਮੁਲਕ ਬਣ ਗਿਆ ਹੈ?
ਅੱਜ ਕਿੰਨੇ ਲੋਕ ਇਸ ਭਾਰਤ ਮਹਾਨ ਦੇ ਮੌਜੂਦਾ ਢਾਂਚੇ ਦਾ ਭਾਰ ਢੋਹ ਰਹੇ ਹਨ। ਅਰੁਨ ਫਰੇਰਾ ਦੀ ਸਰਗਰਮੀ ਅਤੇ ਇਸ ਕਿਤਾਬ ਦਾ ਸੁਨੇਹਾ ਪਾਠਕ ਨੂੰ ਇਸ ਭਾਰ ਦਾ ਚੇਤਾ ਕਰਵਾਉਂਦਾ ਹੈ। ਇਹ ਕਿਤਾਬ ਪਾਠਕ ਦੇ ਜ਼ਿਹਨ ਅੰਦਰਲੀ ਤਬਦੀਲੀ ਵਾਲੀ ਤਾਂਘ ਅਤੇ ਤੀਬਰਤਾ ਨੂੰ ਦੂਣ-ਸਵਾਇਆ ਕਰਦੀ ਹੈ। ਅਰੁਨ ਦੀ ਇਹ ਕਥਾ ਉਹ ਸਵਾਲ ਹੈ ਜੋ ਉਸ ਨੇ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਮੱਥੇ ਉਤੇ ਟੰਗਿਆ ਗਿਆ ਹੈ।
ਅਰੁਨ ਫਰੇਰਾ ਜ਼ਿੰਦਗੀ ਦੇ ਹਰ ਮੋੜ ਉਤੇ ਸਰਗਰਮ ਸਿਆਸੀ ਕਾਰਕੁਨ ਰਿਹਾ ਜਿਸ ਦਾ ਵਾਹ ਵਿਦਿਆਰਥੀ ਅੰਦੋਲਨਾਂ, ਉਜਾੜਾ-ਵਿਰੋਧੀ ਮੁਹਿੰਮਾਂ ਅਤੇ ਦਲਿਤ ਤੇ ਆਦਿਵਾਸੀ ਅੰਦੋਲਨਾਂ ਨਾਲ ਪਿਆ, ਪਰ ਗ੍ਰਿਫ਼ਤਾਰੀ ਵੇਲੇ ਜੇਬ੍ਹ ਵਿਚੋਂ ਮਿਲੀ ਪੈੱਨ ਡਰਾਈਵ ਨਾਲ ਉਹ ਮਾਓਵਾਦੀ ਪਾਰਟੀ ਦੇ ਪ੍ਰਚਾਰ ਤੇ ਸੰਚਾਰ ਵਿੰਗ ਦਾ ਮੁਖੀ ਹੋ ਗਿਆ। ਇਸ ਦੇ ਨਾਲ ਹੀ ਸਿਸਟਮ ਦੇ ਪਿਆਦਿਆਂ ਦਾ ਉਸ ਪ੍ਰਤੀ ਵਿਹਾਰ ਬਦਲ ਗਿਆ। ਪੰਜਾਬੀ ਸ਼ਾਇਰ ਲਾਲ ਸਿੰਘ ਦਿਲ ਨੇ ਦਲਿਤਾਂ ਨਾਲ ਹੁੰਦੇ ਮਾੜੇ ਵਿਹਾਰ ਦਾ ਜ਼ਿਕਰ ਕਰਦਿਆਂ ਆਪਣੀ ਕਵਿਤਾ ਵਿਚ ਲਿਖਿਆ ਸੀ- ‘ਜੇ ਕਿਤੇ ਇਹ ਗੱਲਾਂ ਦੂਜੇ ਨਛੱਤਰਾਂ ਦੇ ਲੋਕਾਂ ਨੂੰ ਪਤਾ ਲੱਗਣ ਤਾਂ ਪੱਥਰ ਹੋ ਜਾਵਣ’; ਅਰੁਨ ਨਾਲ ਜੋ ਕੁਝ ਹੋਇਆ, ਸੱਚਮੁੱਚ ਪੱਥਰ ਕਰ ਦੇਣ ਵਾਲਾ ਹੈ।
‘ਪਿੰਜਰੇ ਦੇ ਰੰਗ’ ਦਾ ਤਰਜਮਾ ਮਾਸਟਰ ਤਰਸੇਮ ਲਾਲ ਅਤੇ ਸੰਪਾਦਨ ਪੱਤਰਕਾਰ ਅਮਨਿੰਦਰ ਪਾਲ ਨੇ ਕੀਤਾ ਹੈ। ਇਹ ਕਿਤਾਬ ਛੇ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਕੁੱਲ 192 ਸਫ਼ਿਆਂ ਦੀ ਇਹ ਕਿਤਾਬ ‘ਜੰਗਲਨਾਮਾ’ ਦੇ ਲੇਖਕ ਸਤਨਾਮ ਦੀ ਯਾਦ ਵਿਚ ਸ਼ੁਰੂ ਹੋਏ ਸਤਨਾਮ ਜੰਗਲਨਾਮਾ ਯਾਦਗਾਰੀ ਪ੍ਰਕਾਸ਼ਨ ਨੇ ਛਾਪੀ ਹੈ। ਅੱਜ ਕੱਲ੍ਹ ਪ੍ਰਚੰਡ ਰਾਸ਼ਟਰਵਾਦ ਦੇ ਦੌਰ ਵਿਚ ਅਰੁਨ ਫਰੇਰਾ ਦੀ ਇਹ ਕਥਾ ਹਰ ਪਾੜ੍ਹੇ, ਪੁਲੀਸ ਵਾਲੇ, ਵਕੀਲ ਤੇ ਸਿਆਸਤਦਾਨ, ਸਭ ਨੂੰ ਸੁਣਾਈ ਜਾਣੀ ਚਾਹੀਦੀ ਹੈ। ਇਸ ਕਥਾ ਦੀ ਸਭ ਤੋਂ ਖੂਬਸੂਰਤ ਗੱਲ ਅਰੁਨ ਫਰੇਰਾ ਦੀ ਲਗਾਤਾਰਤਾ ਹੈ। ਉਹ ਅਨਿਆਂ ਖ਼ਿਲਾਫ਼ ਜੂਝਦਾ ਹੈ, ਤਸ਼ੱਦਦ ਸਹਾਰ ਕੇ ਇਸ ਦਾ ਮੁੱਲ ਤਾਰਦਾ ਹੈ, ਰਿਹਾਈ ਤੋਂ ਬਾਅਦ ਸੇਕ ਛੱਡਦੇ ਸ਼ਬਦਾਂ ਵਾਲਾ ਕਿੱਸਾ ਜੋੜਦਾ ਹੈ ਅਤੇ ਫਿਰ ਵਕੀਲ ਬਣ ਕੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਬਣਦਾ ਹੈ। ਅਰੁਨ ਫਰੇਰਾ ਉਨ੍ਹਾਂ ਲੋਕਾਂ ਵਿਚ ਸ਼ੁਮਾਰ ਹੋ ਗਿਆ ਹੈ ਜਿਨ੍ਹਾਂ ਦੀ ਮਿੱਟੀ, ਕੁੱਟਿਆਂ ਭੁਰਦੀ ਨਹੀਂ, ਜੁੜਦੀ ਹੈ। (ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)