ਸਿੱਖਿਆ ਦੇ ਭਾਰਤੀਕਰਨ ਦਾ ਮਸਲਾ

ਯੋਗੇਂਦਰ ਯਾਦਵ
ਪਿਛਲੇ ਚਾਰ ਸਾਲ ਅਸੀਂ ਸਿੱਖਿਆ ਦੇ ਭਾਰਤੀਕਰਨ ਦੇ ਮੁੱਦੇ ਉਪਰ ਹਨੇਰੇ ਵਿਚ ਤੀਰ ਚਲਾਏ ਹਨ। ਸਰਕਾਰ ਵਿਚ ਸ਼ਾਮਲ ਕੁਝ ਲੋਕਾਂ ਨੇ ਪਹਿਲਾਂ, ਤੇ ਹੁਣ ਹਰ ਇਕ ਨੇ ਆਪੋ-ਆਪਣੀਆਂ ਕੱਚਘਰੜ, ਅਹਿਮਕਾਨਾ ਜਾਂ ਵਿਨਾਸ਼ਕਾਰੀ ਤਜਵੀਜ਼ਾਂ ਭਾਰਤੀਕਰਨ ਦੇ ਨਾਮ ਉਪਰ ਪੇਸ਼ ਕੀਤੀਆਂ। ਅਕਾਦਮੀਸ਼ਨਾਂ, ਬੁੱਧੀਜੀਵੀਆਂ ਅਤੇ ਰਾਇ ਬਣਾਉਣ ਵਾਲਿਆਂ ਨੇ ਇਸ ਮੁੱਦੇ ਦਾ ਮਜ਼ਾਕ ਉਡਾਇਆ। ਸਰਕਾਰ ਨੇ ਕੁਝ ਦਿਖਾਵਾ ਮਾਤਰ ਤਬਦੀਲੀਆਂ ਕੀਤੀਆਂ ਅਤੇ ਬਾਅਦ ਵਿਚ ਇਸ ਨੂੰ ਭੁਲਾ ਦਿੱਤਾ।

ਆਲੋਚਕ ਵੀ ਇਸ ਮੁੱਦੇ ਨੂੰ ਭੁੱਲ ਗਏ। ਇਸ ਵੇਲੇ ਇਸ ਬਾਰੇ ਅਰਥ-ਭਰਪੂਰ ਸੰਵਾਦ ਨਹੀਂ ਰਚਾਇਆ ਜਾ ਰਿਹਾ।
ਕਿਸੇ ਵੀ ਪੜ੍ਹੇ-ਲਿਖੇ ਭਾਰਤੀ ਨਾਲ ਮਾੜੀ-ਮੋਟੀ ਗੱਲਬਾਤ ਨਾਲ ਹੀ ਇਹ ਸਮਝ ਆ ਜਾਵੇਗਾ ਕਿ ਸਿੱਖਿਆ ਦੇ ਭਾਰਤੀਕਰਨ ਦੇ ਮੁੱਦੇ ਉਪਰ ਸੰਜੀਦਾ ਬਹਿਸ ਛੇੜਨ ਦੀ ਕਿਉਂ ਲੋੜ ਹੈ। ਸਾਡੀ ਕਿਸੇ ਵੀ ਬਿਹਤਰੀਨ ਯੂਨੀਵਰਸਿਟੀ ਦੇ ਕਿਸੇ ਵੀ ਗਰੈਜੂਏਟ ਨੂੰ ਮੁਲਕ ਦੀ ਕਿਸੇ ਵੀ ਭਾਸ਼ਾ ਵਿਚ ਲਿਖਣ ਤੇ ਉਸ ਨੂੰ ਪੜ੍ਹਨ ਵਿਚ ਬਹੁਤ ਮੁਸ਼ਕਿਲ ਮਹਿਸੂਸ ਹੁੰਦੀ ਹੈ। ਉਸ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਭਾਸ਼ਾਵਾਂ ਆਧੁਨਿਕ ਸਾਹਿਤ ਨਾਲ ਕਿੰਨੀਆਂ ਮਾਲੋ-ਮਾਲ ਹਨ। ਜੇ ਤੁਸੀਂ ਕਿਸੇ ਨਾਮੀ ਬੁੱਧੀਜੀਵੀ ਨੂੰ ਇਹ ਪੁੱਛ ਲਓ ਕਿ ਉਸ ਨੇ ਅੰਗਰੇਜ਼ੀ ਛੱਡ ਕੇ ਮੁਲਕ ਦੀ ਕਿਸੇ ਵੀ ਭਾਸ਼ਾ ਦੀ ਕੋਈ ਕਿਤਾਬ ਕਦੋਂ ਪੜ੍ਹੀ ਸੀ, ਜਾਂ ਕਿਸੇ ਭਾਰਤੀ ਭਾਸ਼ਾ ਵਿਚ ਪਿਛਲੀ ਵਾਰ ਲੇਖ ਕਦੋਂ ਲਿਖਿਆ ਸੀ, ਜੁਆਬ ਬਹੁਤ ਸ਼ਰਮਿੰਦਾ ਮਹਿਸੂਸ ਕਰਾਉਣ ਵਾਲਾ ਹੋਵੇਗਾ। ਸੰਸਕ੍ਰਿਤ ਦੇ ਅਗਵਾਈ ਕਰਨ ਵਾਲੇ ਕੁਝ ਕੇਂਦਰ ਹੁਣ ਮੁਲਕ ਦੇ ਬਾਹਰ ਚੱਲ ਰਹੇ ਹਨ।
ਇਹ ਕੇਵਲ ਭਾਸ਼ਾ ਦਾ ਮਸਲਾ ਨਹੀਂ ਹੈ। ਕੋਈ ਪੜ੍ਹਿਆ-ਲਿਖਿਆ ਤੇ ਆਧੁਨਿਕ ਭਾਰਤੀ ਆਪਣੇ ਮਿਥਿਹਾਸ ਬਾਰੇ ਵੀ ਕੁਝ ਨਹੀਂ ਜਾਣਦਾ। ਕੋਈ ਸਿੱਖਿਅਤ ਐਲੋਪੈਥਿਕ ਡਾਕਟਰ ਸੋਚਦਾ ਹੈ ਕਿ ਆਯੁਰਵੇਦ ਤੇ ਯੂਨਾਨੀ ਅਰਥਹੀਣ ਹਨ। ਕਿਸੇ ਟੈਕਸਟਾਈਲ ਇੰਜਨੀਅਰ ਨੂੰ ਸਾਡੀਆਂ ਕੱਪੜਾ ਬੁਣਨ ਤੇ ਰੰਗਣ ਦੀਆਂ ਮਹਾਨ ਰਵਾਇਤਾਂ ਦੀ ਉੱਕਾ ਸੋਝੀ ਨਹੀਂ। ਸਾਡੀਆਂ ਬਿਹਤਰੀਨ ਯੂਨੀਵਰਸਿਟੀਆਂ ਤੇ ਸੰਸਥਾਵਾਂ ਦਾ ਸਿਲੇਬਸ, ਯੂਰੋਪ ਜਾਂ ਅਮਰੀਕਾ ਵਿਚ ਜੋ ਕੁਝ ਸਾਲ ਪਹਿਲਾਂ ਪੜ੍ਹਾਇਆ ਜਾਂਦਾ ਸੀ, ਦੀ ਨਕਲ ਮਾਤਰ ਹੈ। ਸਭਿਆਚਾਰਕ ਸਵੈ-ਭਰੋਸੇ ਦੀ ਘਾਟ ਅਤੇ ਵਿਦੇਸ਼ੀ ਮਾਨਤਾ ਨਾ ਹੋਣ ਕਾਰਨ ਉਪਜੀ ਨਿਰਾਸ਼ਤਾ ਕਾਰਨ ਉਹ ਅਕਸਰ ਇਹ ਪ੍ਰਾਰਥਨਾ ਕਰਦੇ ਰਹਿੰਦੇ ਹਨ ਕਿ ਕਿਸੇ ਵੀ ਭਾਰਤੀ ਚੀਜ਼ ਦੀ ਪੱਛਮੀ ਮੁਲਕ ਸ਼ਲਾਘਾ ਕਰਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਸਭਿਆਚਾਰਕ ਤੌਰ ‘ਤੇ ਅਨਪੜ੍ਹ ਭਾਰਤੀ ਪੈਦਾ ਕਰ ਰਹੀ ਹੈ।
ਇਸ ਲਈ ਅਸਲੀ ਬਹਿਸ ਇਹ ਨਹੀਂ ਕਿ ਸਾਨੂੰ ਸਿੱਖਿਆ ਦਾ ਭਾਰਤੀਕਰਨ ਕਰਨ ਦੀ ਲੋੜ ਹੈ ਜਾਂ ਨਹੀਂ; ਭਾਰਤੀ ਸਿੱਖਿਆ ਪ੍ਰਣਾਲੀ ਦਾ ਭਾਰਤੀਕਰਨ ਕਿਵੇਂ ਕਰਨਾ ਹੈ, ਉਪਰ ਬਹਿਸ ਹੋਣੀ ਚਾਹੀਦੀ ਹੈ। ਮੁਸ਼ਕਿਲ ਇਹ ਹੈ ਕਿ ਜਿਹੜੇ ਲੋਕ ਸਿੱਖਿਆ ਦੇ ਭਾਰਤੀਕਰਨ ਦੇ ਮੁੱਦੇ ਉਪਰ ਬਹੁਤ ਸ਼ੋਰ-ਸ਼ਰਾਬਾ ਕਰਦੇ ਹਨ, ਉਹ ਆਪ ਸਿੱਖਿਆ ਜਾਂ ਭਾਰਤੀ ਸਭਿਆਚਾਰ ਬਾਰੇ ਬਹੁਤਾ ਨਹੀਂ ਜਾਣਦੇ ਹੁੰਦੇ। ਉਨ੍ਹਾਂ ਨੂੰ ਅਧਿਆਪਨ-ਸ਼ਾਸਤਰ ਦਾ ਗਿਆਨ ਨਹੀਂ ਹੁੰਦਾ। ਸਾਡੀਆਂ ਸਭਿਆਚਾਰਕ ਤੇ ਬੌਧਿਕ ਰਵਾਇਤਾਂ ਬਾਰੇ ਜਾਣਕਾਰੀ ਵੀ ਸਤਹੀ ਪੱਧਰ ਦੀ ਹੁੰਦੀ ਹੈ। ਅਜਿਹੇ ਲੋਕਾਂ ਨੂੰ ਸਿੱਖਿਆ ਦਾ ਭਾਰਤੀਕਰਨ ਕਿਵੇਂ ਨਹੀਂ ਹੋਣ ਦੇਣਾ, ਪੇਸ਼ ਕਰਨ ਵਾਲੇ ਮਾਡਲ ਹੀ ਕਿਹਾ ਜਾ ਸਕਦਾ ਹੈ। ਸਾਡੀ ਸਿੱਖਿਆ ਪ੍ਰਣਾਲੀ ਦੇ ਭਾਰਤੀਕਰਨ ਦਾ ਅਰਥ ਹਰ ਭਾਰਤੀ ਚੀਜ਼ ਦੀ ਸ਼ਲਾਘਾ ਕਰਨਾ ਨਹੀਂ ਹੈ। ਇਸ ਦਾ ਅਰਥ ਇਹ ਵੀ ਨਹੀਂ ਕਿ ਅਸੀਂ ਆਪਣੀ ਸੋਚ ਦੇ ਦਰਵਾਜ਼ੇ, ਦੁਨੀਆਂ ਦੇ ਹੋਰ ਹਿੱਸਿਆਂ ਤੋਂ ਗਿਆਨ ਹਾਸਲ ਕਰਨ ਵੱਲ ਬੰਦ ਹੀ ਕਰ ਦੇਈਏ। ਤੇ, ਇਸ ਦੇ ਅਰਥ ਇਹ ਵੀ ਨਹੀਂ ਹੋ ਸਕਦੇ ਕਿ ਸਿੱਖਿਆ ਲਈ ਘੋਟਾ-ਲਾਊ ਤਰੀਕਾ ਹੀ ਅਪਣਾਇਆ ਜਾਵੇ, ਜਿਹੜਾ ਸਾਡੀਆਂ ਰਵਾਇਤਾਂ ਵਿਚ ਸਮਾਇਆ ਹੋਇਆ ਹੈ।
ਸਿੱਖਿਆ ਦੇ ਭਾਰਤੀਕਰਨ ਲਈ ਸੰਜੀਦਾ ਏਜੰਡਾ ਤਿਆਰ ਹੋਣਾ ਚਾਹੀਦਾ ਹੈ। ਇਸ ਵਿਚ ਸਭ ਤੋਂ ਪਹਿਲਾਂ ਆਪਣੀਆਂ ਭਾਸ਼ਾਵਾਂ ਉਪਰ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ। ਬੱਚੇ ਨੂੰ ਵਿਸ਼ਵ ਪੱਧਰ ਤੱਕ ਆਪਣੀ ਪ੍ਰਤਿਭਾ ਦੇ ਪ੍ਰਗਟਾਵੇ ਤੋਂ ਵਾਂਝੇ ਨਹੀਂ ਕੀਤਾ ਜਾਣਾ ਚਾਹੀਦਾ ਜਿਹੜਾ ਅੰਗਰੇਜ਼ੀ ਰਾਹੀਂ ਹੀ ਦੁਨੀਆਂ ਭਰ ਤੱਕ ਪਹੁੰਚਦਾ ਹੈ; ਪਰ ਇਹ ਨਿਆਂ ਨਹੀਂ ਕਿ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਰਾਹੀਂ ਪੜ੍ਹਾਇਆ ਜਾਵੇ। ਬੱਚਿਆਂ ਨੂੰ ਮਾਤ ਭਾਸ਼ਾ ਰਾਹੀਂ ਪੜ੍ਹਾਉਣ ਅਤੇ ਸਿਖਾਉਣ ਦਾ ਸਿਧਾਂਤ ਅਤੇ ਬਹੁਤੀਆਂ ਭਾਰਤੀ ਭਾਸ਼ਾਵਾਂ ਸਿੱਖਣ ਲਈ ਤਿੰਨ-ਭਾਸ਼ੀ ਫਾਰਮੂਲਾ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਾਮਿਲ, ਸੰਸਕ੍ਰਿਤ ਤੇ ਫਾਰਸੀ ਵਰਗੀਆਂ ਕਲਾਸੀਕਲ ਭਾਸ਼ਾਵਾਂ ਪੜ੍ਹਾਉਣ ਅਤੇ ਸਿੱਖਣ ਨੂੰ ਕੌਮੀ ਪੱਧਰ ‘ਤੇ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਆਧੁਨਿਕ ਤੇ ਵਿਗਿਆਨਕ ਗਿਆਨ ਨੂੰ ਭਾਰਤੀ ਭਾਸ਼ਾਵਾਂ ਵਿਚ ਸਮਾਉਣ ਲਈ ਕੌਮੀ ਮਿਸ਼ਨ ਅਪਣਾਉਣ ਦੀ ਲੋੜ ਹੈ।
ਸਿੱਖਿਆ ਦੇ ਭਾਰਤੀਕਰਨ ਦਾ ਭਾਵ ਭਾਰਤੀ ਬੌਧਿਕ ਪਰੰਪਰਾਵਾਂ ਤੋਂ ਜਾਣੂ ਕਰਾਉਣ ਦੀ ਸਮਰੱਥਾ ਜ਼ਰੂਰ ਹੋਣਾ ਚਾਹੀਦਾ ਹੈ। ਹਰ ਭਾਰਤੀ ਵਿਦਿਆਰਥੀ ਮੁਲਕ ਦੇ ਸਾਰੇ ਖੇਤਰਾਂ ਤੇ ਧਰਮਾਂ ਦੀਆਂ ਖਾਸੀਅਤਾਂ ਬਾਰੇ ਕੁਝ ਨਾ ਕੁਝ ਜ਼ਰੂਰ ਸਿੱਖੇ। ਵਿਦਿਆਰਥੀਆਂ ਨੂੰ ਪਿਛਲੀਆਂ ਦੋ ਸਦੀਆਂ ਦੇ ਆਧੁਨਿਕ ਭਾਰਤੀ ਵਿਚਾਰਾਂ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ, ਜਿਨ੍ਹਾਂ ਕਰ ਕੇ ਭਾਰਤੀ ਗਣਰਾਜ ਕਾਇਮ ਹੋਇਆ। ਇਸ ਤੋਂ ਇਲਾਵਾ ਇਹ ਸਭਿਆਚਾਰਕ ਸਾਖਰਤਾ, ਗਿਆਨ ਦੀ ਹਰ ਸ਼ਾਖਾ ਧਿਆਨ ਕੇਂਦਰਿਤ ਕਰੇ ਕਿ ਅਸੀਂ ਆਪਣੀ ਲਿਖਤੀ ਤੇ ਮੌਖਿਕ ਰਵਾਇਤਾਂ ਤੋਂ ਕੀ ਹਾਸਲ ਕਰ ਸਕਦੇ ਹਾਂ। ਇਸ ਦਾ ਅਰਥ ਗਿਆਨ ਤੋਂ ਸਿੱਖਣ-ਸਿਖਾਉਣ ਲਈ ਕਲਾਸ-ਰੂਮ ਦੇ ਦਾਇਰੇ ਵਿਚੋਂ ਬਾਹਰ ਤੱਕ ਪਹੁੰਚਣਾ ਹੋਵੇਗਾ। ਇੰਜੀਨੀਅਰਾਂ ਨੂੰ ਘੁਮਿਆਰਾਂ, ਜੁਲਾਹਿਆਂ, ਬੁੱਤਸਾਜ਼ਾਂ, ਖੂਹ ਤੇ ਤਾਲਾਬ ਪੁੱਟਣ ਵਾਲਿਆਂ ਨਾਲ ਬੈਠ ਕੇ ਸਿੱਖਣਾ ਹੋਵੇਗਾ। ਡਾਕਟਰਾਂ ਨੂੰ ਦਵਾਈਆਂ ਵਾਲੇ ਪੌਦੇ ਇਕੱਠੇ ਕਰਨ ਅਤੇ ਰਵਾਇਤੀ ਢੰਗ ਨਾਲ ਇਲਾਜ ਕਰ ਕੇ ਰਾਹਤ ਪਹੁੰਚਾਉਣ ਵਾਲਿਆਂ ਕੋਲੋਂ ਸਿੱਖਣ ਦੀ ਲੋੜ ਹੋਵੇਗੀ। ਖੇਤੀਬਾੜੀ ਵਿਗਿਆਨੀਆਂ ਨੂੰ ਦੇਸੀ ਬੀਜ ਇਕੱਠੇ ਕਰਨ ਅਤੇ ਦੇਸੀ ਢੰਗ ਨਾਲ ਵਧੀਆ ਉਪਰਾਲੇ ਕਰਨ ਵਾਲਿਆਂ ਕੋਲੋਂ ਸਿੱਖਣਾ ਹੋਵੇਗਾ।
ਸਮਾਜਿਕ ਵਿਗਿਆਨ ਤੇ ਮਨੁੱਖਤਾ ਸਬੰਧੀ ਖੋਜ ਹੁਣੇ ਹੀ ਸ਼ੁਰੂ ਕਰਨੀ ਪਵੇਗੀ। ਸਾਨੂੰ ਨਕਲ ਮਾਰ ਕੇ ਯੂਰੋਪੀਅਨ ਤੇ ਅਮਰੀਕਾ ਵਾਲੇ ਘਾਤਕ ਰਾਹ ਉੱਤੇ ਪੈਣ ਦੀ ਥਾਂ, ਆਪਣੇ ਵਿਲੱਖਣ ਇਤਿਹਾਸਕ ਰਾਹ ਨੂੰ ਅਰਥ-ਭਰਪੂਰ ਬਣਾਉਣਾ ਹੋਵੇਗਾ। ਸਾਡੀਆਂ ਯੂਨੀਵਰਸਿਟੀਆਂ ਨੂੰ ਸਾਡੀਆਂ ਬਿਮਾਰੀਆਂ ਦੇ ਇਲਾਜ ਲੱਭਣ, ਸਾਡੀਆਂ ਮੁਸ਼ਕਿਲਾਂ ਤੇ ਔਕੜਾਂ ਦੇ ਹੱਲ ਪਤਾ ਲਾਉਣ ਦੇ ਸਮਰੱਥ ਹੋਣਾ ਪਵੇਗਾ। ਇਹ ਹੱਲ ਸਾਡੀਆਂ ਆਪਣੀਆਂ ਲਾਚਾਰੀਆਂ ਨੂੰ ਧਿਆਨ ਵਿਚ ਰੱਖ ਕੇ ਕਰਨੇ ਪੈਣਗੇ। ਸਿੱਖਿਆ ਦੇ ਪੱਧਰ ਨੂੰ ਇਸ ਪੈਮਾਨੇ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ ਕਿ ਵਿਦੇਸ਼ੀ ਏਜੰਸੀਆਂ ਇਸ ਨੂੰ ਕਿਹੜਾ ਦਰਜਾ ਦੇ ਰਹੀਆਂ ਹਨ। ਇਸ ਪੱਧਰ ਨੂੰ ਭਾਰਤੀ ਸਮਾਜ ਦੀਆਂ ਲੋੜਾਂ ਹੱਲ ਕਰਨ ਅਤੇ ਇਸ ਦੀ ਸਮਰੱਥਾ ਦੇ ਮਾਪਦੰਡਾਂ ਰਾਹੀਂ ਮਾਪਣਾ ਹੋਵੇਗਾ। ਇਹ ਵੀ ਦੇਖਣਾ ਹੋਵੇਗਾ ਕਿ ਸਾਡੀ ਸਿੱਖਿਆ ਇਥੋਂ ਦੇ ਲੋਕਾਂ ਦੇ ਜੀਵਨ ਹਾਲਾਤ ਦੇ ਕਿੰਨੀ ਕੁ ਅਨੁਕੂਲ ਹੈ। ਇਸ ਦੀਆਂ ਧਾਰਨਾਵਾਂ ਕਿੰਨੀਆਂ ਕੁ ਬਿਹਤਰ ਹਨ। ਇਹ ਸਾਡੀਆਂ ਆਪਣੀਆਂ ਰਵਾਇਤਾਂ ਨੂੰ ਸਮਝਣ-ਸਮਝਾਉਣ ਵਿਚ ਕਿੰਨਾ ਸਹਾਈ ਹੁੰਦੀ ਹੈ। ਸਾਡੀ ਸਿੱਖਿਆ, ਸਾਡੇ ਗਿਆਨ ਤੇ ਸਰੋਤਾਂ ਨਾਲ ਜੁੜ ਕੇ ਸਾਡੀਆਂ ਲੋੜਾਂ ਦੇ ਹੱਲ ਲੱਭਣ ਦੇ ਸਮਰੱਥ ਹੋਣੀ ਚਾਹੀਦੀ ਹੈ, ਯੂਰੋਪੀਅਨ ਤੇ ਅਮਰੀਕਾ ਦੇ ਮਾਡਲਾਂ ਦੀ ਨਕਲ ‘ਤੇ ਆਧਾਰਿਤ ਨਹੀਂ। ਅੰਗਰੇਜ਼ੀ ਭਾਸ਼ਾ ਨੂੰ ਭਾਸ਼ਾ ਵਜੋਂ ਜਾਰੀ ਰੱਖਣਾ ਜਾਇਜ਼ ਹੈ, ਇਸ ਨੂੰ ਭਾਰਤੀ ਭਾਸ਼ਾਵਾਂ ਦੇ ਬਰਬਾਰ ਮਾਂ-ਬੋਲੀ ਵਾਲਾ ਸਥਾਨ ਨਹੀਂ ਦੇਣਾ ਚਾਹੀਦਾ। ਵਿਦਿਆਰਥੀ ਮਾਂ-ਬੋਲੀ ਰਾਹੀਂ ਹੀ ਪੂਰਾ ਗਿਆਨ ਪ੍ਰਾਪਤ ਕਰ ਸਕਦਾ ਹੈ।