ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਗਾਇਕਾਂ ਦਾ ਫਿਲਮੀ ਪਰਦੇ ‘ਤੇ ਆਉਣਾ ਹੁਣ ਆਮ ਜਿਹੀ ਗੱਲ ਹੈ। ਕੋਈ ਪਹਿਲਾਂ-ਕੋਈ ਮਗਰੋਂ, ਗਾਇਕੀ ਵਿਚ ਪੈਰ ਜਮਾਉਣ ਵਾਲੇ ਹਰ ਗਾਇਕ ਦੀ ਅਗਲੀ ਮੰਜ਼ਿਲ ਫਿਲਮੀ ਦੁਨੀਆਂ ਹੀ ਹੁੰਦੀ ਹੈ। ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ‘ਬਿੱਲੀ ਅੱਖ’ ਗੀਤ ਨਾਲ ਚਰਚਾ ਵਿਚ ਆਈ ਗਾਇਕਾ ਸੁਨੰਦਾ ਸ਼ਰਮਾ ‘ਬੁਲਟ ਨਾਲ ਪਟਾਕੇ’ ਪਾਉਂਦੀ ਫਿਰਦੀ ਸੀ ਤੇ ਅੱਜ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਸੁਪਰ ਸਟਾਰ ਦਿਲਜੀਤ ਦੁਸਾਂਝ ਦੀ ਨਾਇਕਾ ਬਣ ਕੇ ਇਸ ਸਾਲ ਦੀ ਸਭ ਤੋਂ ਵੱਡੀ ਪੰਜਾਬੀ ਫਿਲਮ ‘ਸੱਜਣ ਸਿੰਘ ਰੰਗਰੂਟ’ ਜ਼ਰੀਏ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਪਹਿਲੀ ਵਿਸ਼ਵ ਜੰਗ ਵਿਚ ਪੰਜਾਬੀਆਂ ਦੀ ਸ਼ਹਾਦਤ ਨੂੰ ਬਿਆਨਦੀ ਨਿਰਦੇਸ਼ਕ ਪੰਕਜ ਬੱਤਰਾ ਦੀ ਇਸ ਫਿਲਮ ਵਿਚ ਗਾਇਕਾ ਸੁਨੰਦਾ ਸ਼ਰਮਾ ਦਾ ਕਿਰਦਾਰ ਸੱਜਣ ਸਿੰਘ (ਦਿਲਜੀਤ ਦੁਸਾਂਝ) ਨਾਲ ਹੈ ਜੋ ਉਸ ਦੇ ਕੈਰੀਅਰ ਗ੍ਰਾਫ ਨੂੰ ਉਚਾ ਚੁੱਕੇਗਾ। ਇਸ ਫਿਲਮ ਵਿਚਲੇ ਕਿਰਦਾਰ ਨੂੰ ਲੈ ਕੇ ਸੁਨੰਦਾ ਸ਼ਰਮਾ ਕਾਫੀ ਉਤਸਾਹਿਤ ਨਜ਼ਰ ਆ ਰਹੀ ਹੈ। ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਦਾ ਕਿਰਦਾਰ ਜੀਤੀ ਨਾਂ ਦੀ ਇਕ ਕੁੜੀ ਦਾ ਹੈ, ਜੋ ਫੌਜੀ ਸੱਜਣ ਸਿੰਘ ਦੀ ਜ਼ਿੰਦਗੀ ਦਾ ਹਿੱਸਾ ਹੈ। ਉਸ ਦਾ ਕਿਰਦਾਰ ਦਰਸ਼ਕਾਂ ਦੇ ਦਿਲਾਂ ‘ਚ ਉਤਰਨ ਦੇ ਸਮਰੱਥ ਹੈ।
ਇਸ ਫਿਲਮ ਵਿਚ ਜੰਗ ‘ਤੇ ਗਏ ਫੌਜੀਆਂ ਦੀ ਪਰਿਵਾਰਕ ਮਾਨਸਿਕਤਾ, ਦੇਸ਼ ਭਗਤੀ ਦੇ ਜਜ਼ਬੇ ਤੇ ਭਾਵੁਕਤਾ ਨੂੰ ਪਰਦੇ ‘ਤੇ ਉਤਾਰਿਆ ਗਿਆ ਹੈ। ਦੱਸਿਆ ਗਿਆ ਹੈ ਕਿ ਸਰਹੱਦ ‘ਤੇ ਲੜ ਰਹੇ ਫੌਜੀ ਦੇ ਪਿੱਛੇ ਘਰ ਬੈਠਾ ਉਸ ਦਾ ਪਰਿਵਾਰ ਸਰੀਰਕ ਰੂਪ ਦੀ ਥਾਂ ਮਾਨਸਿਕ ਤੌਰ ‘ਤੇ ਉਸ ਨਾਲ ਜੁੜਿਆ ਹੁੰਦਾ ਹੈ। ਫਿਲਮ ‘ਸੱਜਣ ਸਿੰਘ ਰੰਗਰੂਟ’ ਜਿੱਥੇ ਦਰਸ਼ਕਾਂ ਨੂੰ ਭਾਵੁਕਤਾ ਦੇ ਨਾਲ ਨਾਲ ਖੁਸ਼ੀ ਦੇ ਪਲਾਂ ਦੀ ਪੇਸ਼ਕਾਰੀ ਕਰਦਿਆਂ ਆਪਣੇ ਨਾਲ ਤੋਰਨ ਦੀ ਕਾਬਲੀਅਤ ਰੱਖਦੀ ਹੈ, ਉਥੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਪੁਰਾਤਨ ਇਤਿਹਾਸ ਨਾਲ ਵੀ ਜੋੜਨ ਦਾ ਇੱਕ ਚੰਗਾ ਉਪਰਾਲਾ ਹੈ।
ਸੁਨੰਦਾ ਸ਼ਰਮਾ ਨੇ ਦੱਸਿਆ ਕਿ ਪਹਿਲੇ ਗੀਤ ‘ਬਿੱਲੀ ਅੱਖ’ ਦੇ ਹਿੱਟ ਹੁੰਦਿਆਂ ਹੀ ਉਸ ਕੋਲ ਕਈ ਪੰਜਾਬੀ ਫਿਲਮਾਂ ਦੀਆਂ ਪੇਸ਼ਕਸਾਂ ਆਈਆਂ ਸਨ ਪਰ ਉਹ ਆਮ ਫਿਲਮਾਂ ਤੋਂ ਹਟ ਕੇ, ਇੱਕ ਵੱਡੇ ਬੈਨਰ ਦੀ ਖਾਸ ਪੇਸ਼ਕਾਰੀ ਦੀ ਉਡੀਕ ਵਿਚ ਸੀ। ਦਿਲਜੀਤ ਦੁਸਾਂਝ ਬਾਲੀਵੁੱਡ ਤੇ ਪੰਜਾਬੀ ਸਿਨਮੇ ਦੇ ਇੱਕ ਵੱਡੇ ਕਲਾਕਾਰ ਹਨ। ਉਨ੍ਹਾਂ ਨਾਲ ਇਸ ਫਿਲਮ ‘ਚ ਕੰਮ ਕਰਦਿਆਂ ਬਹੁਤ ਚੰਗਾ ਲੱਗਾ।
ਸੱਜਣ ਸਿੰਘ ਰੰਗਰੂਟ ਹੁਣ ਤੱਕ ਬਣੀਆਂ ਪੰਜਾਬੀ ਫਿਲਮਾਂ ਤੋਂ ਸਭ ਤੋਂ ਮਹਿੰਗੀ ਫਿਲਮ ਹੈ ਜਿਸ ਦੀ ਬਹੁਤੀ ਸੂਟਿੰਗ ਇੰਗਲੈਂਡ ਵਿਚ ਹੋਈ ਹੈ, ਜਿੱਥੇ 1914 ਵਿਚ ਇਹ ਪਹਿਲੀ ਵਿਸ਼ਵ ਜੰਗ ਹੋਈ। ਫਿਲਮ ‘ਚ ਦਿਖਾਈ ਗਈ ਜੰਗ ਦਰਸ਼ਕਾਂ ਨੂੰ ਹਾਲੀਵੁੱਡ ਪੱਧਰ ਦੀਆਂ ਫਿਲਮਾਂ ਦਾ ਅਹਿਸਾਸ ਕਰਵਾਏਗੀ। ਇਸ ਫਿਲਮ ਵਿਚ ਦਿਲਜੀਤ ਦੁਸਾਂਝ, ਸੁਨੰਦਾ ਸ਼ਰਮਾ, ਯੋਗਰਾਜ ਸਿੰਘ, ਜਰਨੈਲ ਸਿੰਘ, ਜਗਜੀਤ ਸੰਧੂ ਤੇ ਧੀਰਜ ਕੁਮਾਰ ਅਤੇ ਕੁਝ ਵਿਦੇਸ਼ੀ ਕਲਾਕਾਰ ਡੈਰਨ ਟੈਸ਼ਲ, ਅਲੈਕਸ, ਪੀਟਰ ਇਰਵਿਨ, ਰੀਨੋ ਕੌਸ਼ਟਾ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ਦੇ ਨਿਰਮਾਤਾ ਜੈ ਸ਼ਾਹਨੀ, ਸੋਨਾ ਸਾਹਨੀ ਤੇ ਬੌਬੀ ਬਜਾਜ ਹਨ ਜਦਕਿ ਨਿਰਦੇਸ਼ਨ ਪੰਕਜ ਬੱਤਰਾ ਨੇ ਦਿੱਤਾ ਹੈ। ਫਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਭਲੇਰੀ ਨੇ ਲਿਖੀ ਹੈ, ਸਕਰੀਨ ਪਲੇਅ ਪੰਕਜ ਬੱਤਰਾ ਨੇ ਤਿਆਰ ਕੀਤਾ ਹੈ ਤੇ ਸੰਵਾਦ ਜਤਿੰਦਰ ਲੱਲ ਨੇ ਲਿਖੇ ਹਨ। ਸੰਗੀਤ ਜਤਿੰਦਰ ਸਾਹ ਨੇ ਤਿਆਰ ਕੀਤਾ ਹੈ। 23 ਮਾਰਚ ਨੂੰ ਇਹ ਫਿਲਮ ਦੁਨੀਆਂ ਭਰ ਦੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।