ਨਿਗਮ ਚੋਣਾਂ: ਕਾਂਗਰਸ ਦੀ ਦਸ ਸਾਲ ਪਿੱਛੋਂ ਲੁਧਿਆਣੇ ਵਾਪਸੀ

ਲੁਧਿਆਣਾ: ਨਗਰ ਨਿਗਮ ਲੁਧਿਆਣਾ ਵਿਚ ਦਸ ਸਾਲਾਂ ਪਿੱਛੋਂ ਕਾਂਗਰਸ ਦੀ ਵਾਪਸੀ ਹੋਈ ਹੈ। ਨਿਗਮ ਚੋਣਾਂ ਵਿਚ ਕਾਂਗਰਸ ਨੂੰ ਦੋ-ਤਿਹਾਈ ਦੇ ਕਰੀਬ ਬਹੁਮਤ ਮਿਲਿਆ ਹੈ। ਪਾਰਟੀ ਨੇ ਕੁੱਲ 95 ਸੀਟਾਂ ਵਿਚੋਂ 62 ਜਿੱਤੀਆਂ। ਅਕਾਲੀ-ਭਾਜਪਾ ਗੱਠਜੋੜ 21 ਸੀਟਾਂ ‘ਤੇ ਜੇਤੂ ਰਿਹਾ। ਸੱਤ ਸੀਟਾਂ ਉਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਜਿੱਤੀ ਅਤੇ ਇਕ ਉਤੇ ਉਸ ਦੀ ਸਹਿਯੋਗੀ ਪਾਰਟੀ ਆਮ ਆਦਮੀ ਪਾਰਟੀ (ਆਪ)। ਚਾਰ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਨੂੰ ਵੱਧ ਧੱਕਾ ਲੱਗਿਆ। ਪਿਛਲੀ ਵਾਰ ਇਸ ਦੇ 27 ਮੈਂਬਰ ਸਨ। ਇਸ ਵਾਰ ਇਹ ਪਾਰਟੀ ਸਿਰਫ 11 ਵਾਰਡਾਂ ਵਿਚ ਜੇਤੂ ਰਹੀ।

ਚੋਣਾਂ ਦੌਰਾਨ ਖਾਸ ਗੱਲ ਇਹ ਰਹੀ ਕਿ ਕਾਂਗਰਸ ਦੇ ਜ਼ਿਆਦਾਤਰ ਉਮੀਦਵਾਰ ਵੱਡੀ ਲੀਡ ਨਾਲ ਜਿੱਤੇ ਜਦਕਿ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੀ ਜਿੱਤ ਦਾ ਅੰਤਰ 14 ਤੋਂ 20 ਵੋਟਾਂ ਤੱਕ ਦਾ ਰਿਹਾ। ਸੂਬੇ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ 39 ਵਾਰਡਾਂ ਵਿਚ ਚੋਣ ਲੜੀ ਤੇ ਸਿਰਫ ਇਕ ਉਤੇ ਹੀ ਜਿੱਤ ਹਾਸਲ ਕੀਤੀ ਹੈ। ਸ਼ਹਿਰ ਦੇ 95 ਵਾਰਡਾਂ ਵਿਚ ਗੱਠਜੋੜ ਨਾਲ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਤੇ ਆਪ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਇਹ ਦੋਵੇਂ ਪਾਰਟੀਆਂ ਆਪਣੀ ਵਿਧਾਨ ਸਭਾ ਵਿਚ ਮਿਲੀਆਂ ਵੋਟਾਂ ਦੀ ਫੀਸਦੀ ਨੂੰ ਵੀ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੀਆਂ। ਵਿਧਾਇਕ ਬੈਂਸ ਭਰਾਵਾਂ ਦੇ ਹਲਕਿਆਂ ਵਿਚ 24 ਵਾਰਡ ਆਉਂਦੇ ਸਨ ਜਿਨ੍ਹਾਂ ਵਿਚ ਸਿਰਫ 7 ਉਤੇ ਉਹ ਜਿੱਤ ਹਾਸਲ ਕਰ ਸਕੇ ਜਦਕਿ ਬਾਕੀ ਹਲਕਿਆਂ ਵਿਚ ਵਿਧਾਇਕ ਬੈਂਸ ਭਰਾਵਾਂ ਦਾ ਖਾਤਾ ਵੀ ਖੁੱਲ੍ਹ ਨਹੀਂ ਸਕਿਆ।
ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬੈਂਸ ਭਰਾਵਾਂ ਦੇ ਕੁਝ ਨਜ਼ਦੀਕੀਆਂ ਨੂੰ ਤੋੜ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਨਤੀਜੇ ਸਾਹਮਣੇ ਆ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਇਨਸਾਫ ਪਾਰਟੀ ਨੇ ਸ਼ਹਿਰ ਦੇ ਚਾਰ ਹਲਕਿਆਂ ਵਿਚ ਚੋਣ ਲੜੀ ਸੀ ਤੇ ਹਰ ਵਾਰਡ ਵਿਚ ਚੰਗੀ ਲੀਡ ਮਿਲੀ ਸਨ, ਪਰ ਨਿਗਮ ਚੋਣਾਂ ਵਿਚ ਉਹ ਆਪਣਾ ਵੋਟ ਬੈਂਕ ਵੀ ਨਹੀਂ ਬਚਾ ਸਕੀ। ਲੁਧਿਆਣਾ ਵਿਚ ‘ਆਪ’ ਦਾ ਗ੍ਰਾਫ ਇਕ ਸਾਲ ਵਿਚ ਪੂਰੀ ਤਰ੍ਹਾਂ ਡਿੱਗ ਗਿਆ। 2014 ਦੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਉਮੀਦਵਾਰ ਐਚæਐਸ਼ ਫੂਲਕਾ 2æ80 ਲੱਖ ਵੋਟਾਂ ਲੈ ਕੇ ਦੂਸਰੇ ਸਥਾਨ ਉਤੇ ਰਹੇ ਸਨ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੇ ਸ਼ਹਿਰ ਦੇ ਦੋ ਹਲਕਿਆਂ ਵਿਚ ਚੋਣ ਲੜੀ ਸੀ ਤੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ। ਲੁਧਿਆਣਾ ਪੂਰਬੀ ਤੋਂ ਦਲਜੀਤ ਭੋਲਾ ਤੇ ਲੁਧਿਆਣਾ ਪੱਛਮੀ ਤੋਂ ਅਹਿਬਾਬ ਗਰੇਵਾਲ, ਦੋਵੇਂ ਹੀ ਦੂਸਰੇ ਸਥਾਨ ਉਤੇ ਆਏ ਸਨ, ਪਰ ਇਕ ਸਾਲ ਬਾਅਦ ਨਿਗਮ ਚੋਣਾਂ ਵਿਚ ਲੋਕਾਂ ਨੇ ‘ਆਪ’ ਨੂੰ ਬਿਲਕੁਲ ਨਾਕਾਰ ਦਿੱਤਾ। ‘ਆਪ’ ਦੇ ਕਈ ਉਮੀਦਵਾਰਾਂ ਦੀਆਂ ਜ਼ਮਾਨਤ ਵੀ ਜ਼ਬਤ ਹੋ ਗਈਆਂ। ਕਈ ਵਾਰਡ ਅਜਿਹੇ ਹਨ, ਜਿਥੇ ‘ਆਪ’ ਉਮੀਦਵਾਰ ਤੋਂ ਵੱਧ ਆਜ਼ਾਦ ਉਮੀਦਵਾਰ ਵੋਟਾਂ ਲੈ ਗਏ।
__________________________
ਜ਼ਿਮਨੀ ਚੋਣਾਂ ਵਿਚ ਵੀ ਕਾਂਗਰਸ ਦੀ ਝੰਡੀ
ਚੰਡੀਗੜ੍ਹ: ਲੁਧਿਆਣਾ ਨਗਰ ਨਿਗਮ ਚੋਣ ਦੇ ਨਾਲ ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ, ਦੀਨਾਨਗਰ, ਪਠਾਨਕੋਟ ਦੇ ਸੁਜਾਨਪੁਰ, ਫਾਜ਼ਿਲਕਾ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਇਕ-ਇਕ ਵਾਰਡ ‘ਚ ਹੋਈ ਜ਼ਿਮਨੀ ਚੋਣ ਵਿਚ ਵੀ ਕਾਂਗਰਸੀ ਉਮੀਦਵਾਰਾਂ ਦੀ ਝੰਡੀ ਰਹੀ। ਗੁਰਦਾਸਪੁਰ ਦੇ ਵਾਰਡ ਨੰਬਰ 22 ਤੋਂ ਸੁਨੀਤਾ, ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ ਇਕ ਤੋਂ ਮਨਦੀਪ ਕੌਰ ਤੇ ਦੀਨਾਨਗਰ ਦੇ ਵਾਰਡ ਨੰਬਰ ਸੱਤ ਤੋਂ ਆਸ਼ਾ ਰਾਣੀ ਜੇਤੂ ਰਹੇ। ਤਿੰਨੇ ਮਹਿਲਾ ਉਮੀਦਵਾਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਪਠਾਨਕੋਟ ਦੇ ਸੁਜਾਨਪੁਰ ਵਿਚ ਵਾਰਡ ਨੰਬਰ ਪੰਜ ਦੇ ਨੁਮਾਇੰਦੇ ਚੁਣਨ ਲਈ ਹੋਈ ਜ਼ਿਮਨੀ ਚੋਣ ਵਿਚ ਵੀ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ।