ਨਵੀਂ ਦਿੱਲੀ: ਬੈਂਕ ਘੁਟਾਲਿਆਂ ਬਾਰੇ ਧੜਾ ਧੜ ਖੁਲਾਸਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਲਪੇਟੇ ਵਿਚ ਲੈ ਲਿਆ ਹੈ। ਓਰੀਐਂਟਲ ਬੈਂਕ ਆਫ ਕਾਮਰਸ (ਓæਬੀæਸੀæ) ਵਿਚ ਤਕਰੀਬਨ 200 ਕਰੋੜ ਦੇ ਘਪਲੇ ਦਾ ਪਤਾ ਲੱਗਾ ਹੈ। ਇਸ ਘੁਟਾਲੇ ਵਿਚ ਕੈਪਟਨ ਦੇ ਜਵਾਈ ਗੁਰਪਾਲ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੈ। ਗੁਰਪਾਲ ਸਿੰਘ ਮਾਨ ਸਿੰਭੌਲੀ ਸ਼ੂਗਰਜ਼ ਮਿੱਲ ਲਿਮਟਿਡ ਦੇ ਡਿਪਟੀ ਐਮæਡੀæ ਹਨ।
ਹਾਲਾਂਕਿ ਕੈਪਟਨ ਦਾ ਕਹਿਣਾ ਹੈ ਕਿ ਸਿੰਭੌਲੀ ਸ਼ੂਗਰਜ਼ ਵਿਚ ਉਨ੍ਹਾਂ ਦੇ ਜਵਾਈ ਦੀ ਮਹਿਜ਼ 12æ5 ਫੀਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜ੍ਹਾ ਵਿਵਾਦ ਵਿਚ ਲਪੇਟਿਆ ਜਾ ਰਿਹਾ ਹੈ।
ਇਸ ਖੁਲਾਸੇ ਨੇ ਬੈਂਕ ਘੁਟਾਲਿਆਂ ਵਿਚ ਘਿਰੀ ਭਾਜਪਾ ਨੂੰ ਉਠਣ ਦਾ ਮੌਕਾ ਵੀ ਦੇ ਦਿੱਤਾ ਹੈ। ਹੁਣ ਤੱਕ ਇਸ ਘਪਲੇਬਾਜ਼ੀ ਖਿਲਾਫ ਚੁੱਪ ਬੈਠੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਖੁਲਾਸੇ ਪਿੱਛੋਂ ਕੈਪਟਨ ਨੂੰ ਘੇਰਨ ਲਈ ਇਕ ਮਿੰਟ ਵੀ ਨਾ ਲਾਇਆ ਤੇ ਆਖ ਦਿੱਤਾ ਕਿ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਸਖਤ ਮਿਹਨਤ ਦੀ ਕਮਾਈ ਆਪਣੀ ਜੇਬ ਵਿਚ ਪਾ ਲਈ ਹੈ। ਉਧਰ, ਗੁਰਪਾਲ ਸਿੰਘ ਖਿਲਾਫ ਕੇਸ ਦਰਜ ਕਰਨ ਪਿੱਛੋਂ ਕਾਂਗਰਸੀ ਹਲਕਿਆਂ ਵਿਚ ਬੇਚੈਨੀ ਹੈ। ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਤਾਜ਼ਾ ਘਟਨਾਕ੍ਰਮ ਨਾਲ ਮੁੱਖ ਮੰਤਰੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਂਜ, ਗੁਰਪਾਲ ਸਿੰਘ ਵਿਰੁਧ ਦਰਜ ਕੇਸ ਮੁੱਖ ਮੰਤਰੀ ਵਿਰੋਧੀ ਕਾਂਗਰਸੀ ਧੜਿਆਂ ਨੂੰ ਵੀ ਸ਼ਕਤੀ ਦੇਣ ‘ਚ ਸਹਾਈ ਹੋ ਸਕਦਾ ਹੈ। ਦੱਸ ਦਈਏ ਕਿ ਇਹ ਧੋਖਾਧੜੀ ਓæਬੀæਸੀæ ਦੀ ਮੇਰਠ ਬਰਾਂਚ ਵਿਚ 2011 ਵਿਚ ਤੇ ਫਿਰ 2015 ਵਿਚ ਕੀਤੀ ਗਈ। ਸਿੰਭੌਲੀ ਸ਼ੂਗਰਜ਼ ਮਿੱਲ ਦੇਸ਼ ਦੀਆਂ ਸਭ ਤੋਂ ਵੱਡੀਆਂ ਸ਼ੂਗਰ ਕੰਪਨੀਆਂ ਵਿਚੋਂ ਹੈ। ਬੈਂਕ ਦੀ ਸ਼ਿਕਾਇਤ ਹੈ ਕਿ ਸਿੰਭੌਲੀ ਸ਼ੂਗਰਜ਼ ਨੇ 2011 ਵਿਚ 148æ59 ਕਰੋੜ ਰੁਪਏ ਦਾ ਕਰਜ਼ ਲਿਆ ਸੀ। ਇਹ ਗੰਨਾ ਕਿਸਾਨਾਂ ਲਈ ਲਿਆਂਦੀ ਗਈ ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਸੀ। ਇਹ ਰਕਮ 5,762 ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇ ਰੂਪ ਵਿਚ ਵੰਡੀ ਜਾਣੀ ਸੀ, ਪਰ ਕੰਪਨੀ ਨੇ ਇਸ ਨੂੰ ਖੁਦ ਖਰਚ ਕਰ ਲਿਆ। ਇਹ ਕਰਜ਼ 31 ਮਾਰਚ 2015 ਨੂੰ ਫਸੇ ਕਰਜ਼ (ਐਨæਪੀæਏæ) ਵਿਚ ਤਬਦੀਲ ਹੋ ਗਿਆ। ਬੈਂਕ ਨੇ 97æ85 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ ਉਸੇ ਸਾਲ 13 ਮਈ ਨੂੰ ਰਿਜ਼ਰਵ ਬੈਂਕ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।