ਟਰੂਡੋ ਫੇਰੀ: ਭਾਰਤ ਨੇ ਘੜ ਲਈ ਸੀ ਕਈ ਮਹੀਨੇ ਪਹਿਲਾਂ ਰਣਨੀਤੀ

ਫੇਰੀ ਨੂੰ ਖਾਲਿਸਤਾਨੀ ਪਾਣ ਚਾੜ੍ਹਨ ਲਈ ਲਾਇਆ ਟਿੱਲ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਸੱਤ ਦਿਨਾਂ ਦੌਰੇ ਪਿੱਛੋਂ ਵਤਨ ਪਰਤ ਗਏ ਹਨ, ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਖੁੱਲ੍ਹਦਿਲੀ ਨਾਲ ਆਓ-ਭਗਤ ਤੋਂ ਪਾਸਾ ਵੱਟਣ ਅਤੇ ਟਰੂਡੋ ਸਰਕਾਰ ਨੂੰ ਅਤਿਵਾਦ ਪੱਖੀ ਪ੍ਰਚਾਰ ਕੇ ਜਿੱਚ ਕਰਨ ਵਾਲੀ ਰਣਨੀਤੀ ਅਜੇ ਵੀ ਸਵਾਲਾਂ ਦੇ ਘੇਰੇ ਵਿਚ ਹੈ। ਇਹ ਰਿਪੋਰਟਾਂ ਅੱਜ ਕੱਲ੍ਹ ਖੂਬ ਚਰਚਾ ਵਿਚ ਹਨ ਕਿ ਨਰੇਂਦਰ ਮੋਦੀ ਸਰਕਾਰ ਵੱਲੋਂ ਟਰੂਡੋ ਦੀ ਅਜਿਹੀ ‘ਮਹਿਮਾਨ ਨਿਵਾਜੀ’ ਬਾਰੇ ਰਣਨੀਤੀ ਪਹਿਲਾਂ ਹੀ ਬਣਾ ਲਈ ਸੀ।

ਇਸੇ ਰਣਨੀਤੀ ਤਹਿਤ ਮੋਦੀ ਸਰਕਾਰ ਦਾ ਸਾਰਾ ਜ਼ੋਰ ਟਰੂਡੋ ਸਰਕਾਰ ‘ਤੇ ਖਾਲਿਸਤਾਨੀ ਪੱਖੀ ਹੋਣ ਦਾ ਠੱਪਾ ਲਾਉਣ ‘ਤੇ ਲੱਗ ਗਿਆ। ਇਹ ਵੀ ਚਰਚਾ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੂਡੋ ਦੀ ਸ੍ਰੀ ਦਰਬਾਰ ਸਾਹਿਬ ਯਾਤਰਾ ਲਈ ਅੜਿੱਕੇ ਡਾਹੁਣ ਵਿਚ ਕੋਈ ਕਸਰ ਨਹੀਂ ਛੱਡੀ, ਪਰ ਟਰੂਡੋ ਨੇ ਭਾਰਤੀ ਅਧਿਕਾਰੀਆਂ ਦੀ ਪੇਸ਼ ਨਾ ਜਾਣ ਦਿੱਤੀ।
ਭਾਰਤ ਸਰਕਾਰ ਦੀ ਨੀਅਤ ‘ਤੇ ਸਭ ਤੋਂ ਵੱਧ ਸਵਾਲ ਸਾਬਕਾ ਖਾੜਕੂ ਦੱਸੇ ਜਾਂਦੇ ਜਸਪਾਲ ਅਟਵਾਲ ਦੀ ਐਨ ਮੌਕੇ ਵਾਲੀ ‘ਐਂਟਰੀ’ ਉਤੇ ਉਠ ਰਹੇ ਹਨ। ਮੋਦੀ ਨਾਲ ਟਰੂਡੋ ਦੀ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਇਹ ਰੌਲਾ ਪਾ ਦਿੱਤਾ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਕਾਲੀ ਸੂਚੀ ਵਾਲੇ ਸਿੱਖ ਵੀ ਆਏ ਹਨ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਵੱਲੋਂ ਉਸ ਦਾ ਨਾਂ ਕਾਲੀ ਸੂਚੀ ਵਿਚੋਂ ਪਿਛਲੇ ਸਾਲ ਹੀ ਕੱਢੇ ਜਾਣ ਦਾ ਬੋਲਿਆ ਝੂਠ ਵੀ ਨੰਗਾ ਹੋ ਗਿਆ ਹੈ। ਅਟਵਾਲ ਪਿਛਲੇ ਸਾਲਾਂ ਦੌਰਾਨ ਕਈ ਵਾਰ ਭਾਰਤ ਆ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਜਸਪਾਲ ਨੇ ਕਾਫੀ ਸਮਾਂ ਪਹਿਲਾਂ ਭਾਰਤੀ ਅਧਿਕਾਰੀਆਂ ਨਾਲ ਨੇੜਤਾ ਬਣਾ ਲਈ ਸੀ ਅਤੇ ਪਹਿਲੀ ਵਾਰ ਉਹ 1999 ਵਿਚ ਵੀਜ਼ਾ ਲੈ ਕੇ ਭਾਰਤ ਆਇਆ। ਇਸ ਤੋਂ ਬਾਅਦ ਮੁੜ 2002, 2007 ਅਤੇ ਫਿਰ ਅਗਸਤ 2017 ਵਿਚ ਉਹ ਭਾਰਤ ਆਇਆ। ਸੋਸ਼ਲ ਮੀਡੀਆ ਵਿਚ ਅਪਡੇਟ ਕੀਤੀਆਂ ਤਿੰਨ ਤਸਵੀਰਾਂ ਵਿਚ ਜਸਪਾਲ ਨੇ ਖੁਦ ਲਿਖਿਆ ਹੈ ਕਿ ਉਸ ਨੂੰ ਵਿੱਤ ਤੇ ਵਿਦੇਸ਼ ਮੰਤਰਾਲੇ ‘ਚ ਸ਼ਾਨਦਾਰ ਪ੍ਰਾਹੁਣਚਾਰੀ ਮਿਲੀ ਤੇ ਸਵਾਗਤ ਹੋਇਆ। ਸੈਂਟਰਲ ਸਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਅਤੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਾਲ ਰਾਤ ਦੇ ਖਾਣੇ ਦਾ ਸੱਦਾ ਅਤੇ ਮੁੰਬਈ ਵਿਚ ਸ੍ਰੀਮਤੀ ਟਰੂਡੋ ਨਾਲ ਤਸਵੀਰ ਪਹਿਲੋਂ ਹੀ ਘੜੀ ਯੋਜਨਾ ਦਾ ਹਿੱਸਾ ਸਨ, ਜਿਉਂ ਹੀ ਇਹ ਯੋਜਨਾ ਸਿਰੇ ਚੜ੍ਹੀ ਤਾਂ ਦੂਤਾਵਾਸ ਦੇ ਅਧਿਕਾਰੀ ਨਾਲ ਗਏ ਮੀਡੀਆ ਕਰਮੀ ਦੀ ਫੇਸਬੁੱਕ ਉਪਰ ਸਭ ਤੋਂ ਪਹਿਲਾਂ ਇਹ ਤਸਵੀਰ ਅਪਲੋਡ ਕੀਤੀ ਗਈ। ਇਕ ਘੰਟੇ ਵਿਚ ਜਦ ਬਹੁਤ ਸਾਰੇ ਲੋਕਾਂ ਨੇ ਇਹ ਤਸਵੀਰ ਉਤਾਰ ਲਈ ਤਾਂ ਉਕਤ ਫੇਸਬੁੱਕ ਤੋਂ ਵੀ ਮਿਟਾ ਦਿੱਤੀ ਗਈ।
ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੀ ਨਜ਼ਰ ‘ਚ ਜੇ ਅਟਵਾਲ ਖਾਲਿਸਤਾਨੀ ਖਾੜਕੂ ਸੀ ਤਾਂ ਉਹ ਜੁਲਾਈ 2017 ਤੋਂ ਪਹਿਲਾਂ ਭਾਰਤ ਕਿਵੇਂ ਆਇਆ? ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਦੂਤਾਵਾਸ ਵਿਚ ਤਾਇਨਾਤ ਇਕ ਸੀਨੀਅਰ ਅਧਿਕਾਰੀ ਟਰੂਡੋ ਫੇਰੀ ਦੌਰਾਨ ਪਰਛਾਵਾਂ ਬਣ ਕੇ ਉਨ੍ਹਾਂ ਨਾਲ ਘੁੰਮਦਾ ਰਿਹਾ। ਇਹ ਅਧਿਕਾਰੀ ਪਹਿਲਾਂ ਹੀ ਮਿਥੇ ਪ੍ਰੋਗਰਾਮ ਮੁਤਾਬਕ 10 ਫਰਵਰੀ ਨੂੰ ਇਕ ਮੀਡੀਆ ਕਰਮੀ ਤੇ ਇਕ ਭਾਰਤੀ ਰਾਜਸੀ ਪਾਰਟੀ ਦੇ ਉਥੇ ਥਾਪੇ ਆਗੂ ਨਾਲ ਭਾਰਤ ਰਵਾਨਾ ਹੋਇਆ ਸੀ। ਅਟਵਾਲ ਨੇ ਵੀ 11 ਫਰਵਰੀ ਨੂੰ ਹੀ ਭਾਰਤ ਪੁੱਜਣ ਦਾ ਦਾਅਵਾ ਕੀਤਾ ਹੈ। ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਤੇ ਅਟਵਾਲ ਦੇ ਇਕੋ ਸਮੇਂ ਦਿੱਲੀ ਪੁੱਜਣ ਨੂੰ ਮਹਿਜ਼ ਇਤਫਾਕ ਨਹੀਂ ਮੰਨਿਆ ਜਾ ਰਿਹਾ।