ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਮੋਦੀ ਦਾ ਸਖਤ ਸੁਨੇਹਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਦ੍ਰਿੜ੍ਹ ਸੁਨੇਹਾ ਦਿੰਦਿਆਂ ਆਖਿਆ ਕਿ ਭਾਰਤ ਦੀ ਪ੍ਰਭੂਤਾ ਤੇ ਏਕਤਾ ਲਈ ਚੁਣੌਤੀ ਪੈਦਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਟਿੱਪਣੀ ਨੂੰ ਕੈਨੇਡਾ ਦੇ ਖਾਲਿਸਤਾਨੀਆਂ ਪ੍ਰਤੀ ਨਰਮ ਰੁਖ ‘ਤੇ ਤਿੱਖੀ ਚੋਟ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਵੱਖ-ਵੱਖ ਮੁੱਦਿਆਂ ‘ਤੇ ਵਿਆਪਕ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਵਿਚ ਸ੍ਰੀ ਟਰੂਡੋ ਦਾ ਰਸਮੀ ਸਵਾਗਤ ਕੀਤਾ ਗਿਆ, ਜਿਸ ਦੌਰਾਨ ਸ੍ਰੀ ਮੋਦੀ ਨੇ ਉਨ੍ਹਾਂ ਦਾ ਗਲਵੱਕੜੀ ਪਾ ਕੇ ਨਿੱਘਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਆਖਿਆ, ‘‘ਧਰਮ ਨੂੰ ਸਿਆਸੀ ਟੀਚਿਆਂ ਲਈ ਵਰਤਣ ਤੇ ਫੁੱਟ ਪਾਉਣ ਵਾਲਿਆਂ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਜੋ ਵੀ ਸਾਡੇ ਮੁਲਕਾਂ ਦੀ ਪ੍ਰਭੂਤਾ, ਏਕਤਾ ਤੇ ਅਖੰਡਤਾ ਨੂੰ ਵੰਗਾਰਨਗੇ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਗੱਲਬਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਊਰਜਾ, ਸੂਚਨਾ ਤਕਨਾਲੋਜੀ, ਵਪਾਰ, ਸਾਇੰਸ ਤੇ ਖੇਡਾਂ ਆਦਿ ਵਿਚ ਸਹਿਯੋਗ ਵਧਾਉਣ ਲਈ ਛੇ ਸਮਝੌਤਿਆਂ ਉਤੇ ਵੀ ਸਹੀ ਪਾਈ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਤੇ ਸ੍ਰੀ ਟਰੂਡੋ ਦਰਮਿਆਨ ਦਹਿਸ਼ਤਗਰਦੀ ਤੇ ਵੱਖਵਾਦ ਦੇ ਟਾਕਰੇ ਲਈ ਰਜ਼ਾਮੰਦੀ ਬਣੀ ਹੈ। ਦੋਵਾਂ ਮੁਲਕਾਂ ਦੇ ਕੌਮੀ ਸਲਾਮਤੀ ਸਲਾਹਕਾਰਾਂ ਨੇ ‘ਦਹਿਸ਼ਤਗਰਦੀ ਅਤੇ ਹਿੰਸਕ ਵੱਖਵਾਦ ਦੇ ਟਾਕਰੇ ਲਈ ਸਹਿਯੋਗ ਸਬੰਧੀ ਰੂਪ-ਰੇਖਾ’ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਦਸਤਾਵੇਜ਼ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ, ਸਿੱਖ ਯੂਥ ਫੈਡਰੇਸ਼ਨ ਤੋਂ ਇਲਾਵਾ ਲਸ਼ਕਰੇ-ਤੋਇਬਾ ਅਤੇ ਆਧਾਰਤ ਜੈਸ਼-ਏ-ਮੁਹੰਮਦ ਆਦਿ ਤੋਂ ਦਰਪੇਸ਼ ਦਹਿਸ਼ਤੀ ਖਤਰਿਆਂ ਨੂੰ ਨਾਕਾਮ ਕਰਨ ਦਾ ਅਹਿਦ ਕੀਤਾ ਹੈ। ਇਸ ਦੌਰਾਨ ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੀ ਖੁਫ਼ੀਆ ਏਜੰਸੀ ਨੂੰ ਜਸਪਾਲ ਅਟਵਾਲ ਵੱਲੋਂ ਸ੍ਰੀ ਟਰੂਡੋ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੇ ਜਾਣ ਦੇ ਮਾੜੇ ਸਿੱਟਿਆਂ ਬਾਰੇ ਖਬਰਦਾਰ ਕੀਤਾ ਗਿਆ ਸੀ।
____________________
ਵਪਾਰ ਤੇ ਸਾਈਬਰ ਸੁਰੱਖਿਆ ਸਬੰਧੀ ਰਿਸ਼ਤੇ ਮਜ਼ਬੂਤ ਕਰਨ ਦਾ ਫੈਸਲਾ
ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਨੇ ਉਚ ਪੱਧਰੀ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਸਾਈਬਰ ਸੁਰੱਖਿਆ ਸਬੰਧੀ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੈਨੇਡਾ ਦੀ ਹਮਰੁਤਬਾ ਕ੍ਰਿਸਟੀਆ ਫ੍ਰੀਲੈਂਡ ਨਾਲ ਦੁਵੱਲੀ ਮੁਲਾਕਾਤ ਦੌਰਾਨ ਵਪਾਰ, ਨਿਵੇਸ਼, ਸੁਰੱਖਿਆ, ਸਾਈਬਰ ਸੁਰੱਖਿਆ, ਊਰਜਾ, ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਸਣੇ ਵੱਖ-ਵੱਖ ਮੁੱਦਿਆਂ ਉਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਗੱਲਬਾਤ ਕੀਤੀ।
____________________
ਖਾਲਿਸਤਾਨੀ ਨੂੰ ਡਿਨਰ ਦੇ ਸੱਦੇ ਤੋਂ ਵਿਵਾਦ
ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸ੍ਰੀ ਟਰੂਡੋ ਦੇ ਦਫਤਰ ਅਤੇ ਮੋਦੀ ਸਰਕਾਰ ਨੂੰ ਉਦੋਂ ਨਮੋਸ਼ੀ ਝੱਲਣੀ ਪਈ ਜਦੋਂ ਸਾਹਮਣੇ ਆਇਆ ਕਿ ਮਹਿਮਾਨ ਵਫਦ ਦੇ ਅਧਿਕਾਰਤ ਸਮਾਗਮਾਂ ਵਿਚ ਕੈਨੇਡਾ ਤੋਂ ਪੁੱਜਾ ਹੋਇਆ ਇਕ ਸਜ਼ਾਯਾਫਤਾ ਖਾਲਿਸਤਾਨੀ ਵੀ ਹਿੱਸਾ ਲੈ ਰਿਹਾ ਹੈ। ਜਸਪਾਲ ਅਟਵਾਲ ਨਾ ਸਿਰਫ ਮੁੰਬਈ ਵਿੱਚ ਕੈਨੇਡੀਅਨ ਵਫਦ ਦੇ ਸਮਾਗਮਾਂ ਵਿਚ ਸ਼ਾਮਲ ਸੀ, ਸਗੋਂ ਕੈਨੇਡੀਅਨ ਹਾਈ ਕਮਿਸ਼ਨ ਵਿਚ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਸ੍ਰੀ ਟਰੂਡੋ ਦੇ ਮਾਣ ਵਿਚ ਦਿੱਤੇ ਰਾਤਰੀ ਭੋਜ ਲਈ ਵੀ ਉਸ ਨੂੰ ਸੱਦਾ ਦਿੱਤਾ ਗਿਆ ਸੀ। ਵਿਵਾਦ ਪੈਦਾ ਹੋਣ ‘ਤੇ ਇਹ ਸੱਦਾ ਰੱਦ ਕਰ ਦਿੱਤਾ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਆਉਣ ਲਈ ਵੀਜ਼ਾ ਕਿਵੇਂ ਜਾਰੀ ਹੋਇਆ।